ਉਸ ਰਾਤ ਜਦੋਂ ਵਿਕਰਮ ਘਰ ਨਾ ਮੁੜਿਆ ਤਾਂ ਉਸ ਦੀ ਮਾਂ ਪ੍ਰਿਆ ਨੂੰ ਕੋਈ ਬਹੁਤੀ ਫਿਕਰ ਨਹੀਂ ਸੀ। ਉਹ ਕਮਾਠੀਪੁਰਾ ਦੀ ਦੂਜੀ ਗਲੀ ਵਿੱਚ ਇੱਕ ‘ਘਰਵਾਲੀ’ ਦੇ ਘਰ ਕੰਮ ਕਰ ਰਿਹਾ ਸੀ ਅਤੇ ਆਮ ਤੌਰ 'ਤੇ ਸਵੇਰੇ 2 ਵਜੇ ਘਰ ਮੁੜਦਾ ਜਾਂ ਕਦੇ-ਕਦਾਈਂ ਦਿਨ ਚੜ੍ਹੇ ਵੀ ਮੁੜ ਪੈਂਦਾ ਉਦੋਂ ਉਹ ਆਪਣੇ ਕੰਮ ਵਾਲੀ ਥਾਂ 'ਤੇ ਸੌਂ ਜਾਂਦਾ ਹੁੰਦਾ ਸੀ।
ਉਸਨੇ ਉਸਨੂੰ ਫੋਨ ਵੀ ਕੀਤਾ, ਪਰ ਕੋਈ ਜਵਾਬ ਨਹੀਂ ਆਇਆ। ਜਦੋਂ ਉਹ 8 ਅਗਸਤ ਦੀ ਅਗਲੀ ਸ਼ਾਮ ਤੱਕ ਵੀ ਨਾ ਆਇਆ ਤਾਂ ਉਹ ਬੇਚੈਨ ਹੋ ਗਈ। ਉਸਨੇ ਸੈਂਟਰਲ ਮੁੰਬਈ ਦੇ ਨੇੜੇ ਨਾਗਪਾੜਾ ਪੁਲਿਸ ਸਟੇਸ਼ਨ ਵਿੱਚ ਗੁਮਸ਼ੁਦਾ ਦੀ ਸ਼ਿਕਾਇਤ ਦਰਜ ਕਰਵਾਈ। ਅਗਲੀ ਸਵੇਰ ਪੁਲਿਸ ਨੇ ਸੀ.ਸੀ.ਟੀ.ਵੀ. ਫੁਟੇਜ ਦੀ ਜਾਂਚ ਸ਼ੁਰੂ ਕਰ ਦਿੱਤੀ। "ਉਸਨੂੰ ਮੁੰਬਈ ਸੈਂਟਰਲ ਦੇ ਇੱਕ ਫੁੱਟਬ੍ਰਿਜ ਦੇ ਕੋਲ, ਇੱਕ ਮਾਲ ਦੇ ਨੇੜੇ ਦੇਖਿਆ ਗਿਆ ਸੀ,"ਪ੍ਰਿਆ ਆਖਦੀ ਹੈ।
ਉਸ ਦੀ ਚਿੰਤਾ ਵਧ ਗਈ। “ਜੇ ਉਹਨੂੰ ਕੋਈ ਲੈ ਗਿਆ ਫੇਰ? ਉਹਨੂੰ ਇਹ ‘ਨਵੀਂ ਬਿਮਾਰੀ’ [ਕੋਵਿਡ] ਤਾਂ ਨਹੀਂ ਚਿੰਬੜ ਗਈ?” ਉਹ ਡਰ ਗਈ ਸੀ। "ਕਿਸੇ ਨੂੰ ਕੋਈ ਪਰਵਾਹ ਨਹੀਂ ਕਿ ਇਸ ਇਲਾਕੇ ਵਿੱਚ ਕਿਸੇ ਨਾਲ ਕੀ-ਕੀ ਹੁੰਦੈ," ਉਹ ਕਹਿੰਦੀ ਹੈ।
ਹਾਲਾਂਕਿ ਵਿਕਰਮ ਆਪਣੇ ਸਫ਼ਰ 'ਤੇ ਸੀ, ਜੋ ਉਹਨੇ ਪਹਿਲਾਂ ਹੀ ਮਿਥ ਲਿਆ ਸੀ। ਉਸਦੀ ਮਾਂ, ਜੋ ਆਪਣੀ ਉਮਰ ਦੇ 30ਵਿਆਂ ਵਿੱਚ ਇੱਕ ਸੈਕਸ ਵਰਕਰ ਹੈ, ਤਾਲਾਬੰਦੀ ਦੌਰਾਨ ਕੰਮ ਨਹੀਂ ਕਰ ਸਕੀ ਸੀ ਅਤੇ ਉਹ ਉਸਦੀ ਵਿੱਤੀ ਹਾਲਤ ਨੂੰ ਢਹਿ-ਢੇਰੀ ਹੁੰਦਿਆਂ ਅਤੇ ਕਰਜ਼ੇ ਨੂੰ ਵਧਦਿਆਂ ਵੇਖ ਰਿਹਾ ਸੀ। ਉਸਦੀ ਨੌਂ ਸਾਲਾ ਭੈਣ ਰਿਧੀ ਮਦਨਪੁਰਾ ਦੇ ਨੇੜੇ ਪੈਂਦੇ ਆਪਣੇ ਹੋਸਟਲ ਤੋਂ ਘਰ ਵਾਪਸ ਆ ਗਈ ਸੀ ਅਤੇ ਪਰਿਵਾਰ ਗੈਰ ਸਰਕਾਰੀ ਸੰਸਥਾਵਾਂ ਵੱਲੋਂ ਵੰਡੀਆਂ ਗਈਆਂ ਰਾਸ਼ਨ ਕਿੱਟਾਂ ਸਹਾਰੇ ਗੁਜ਼ਾਰਾ ਕਰ ਰਿਹਾ ਸੀ। (ਇਸ ਕਹਾਣੀ ਵਿੱਚ ਸਾਰੇ ਨਾਂ ਬਦਲ ਦਿੱਤੇ ਗਏ ਹਨ।)
ਅਤੇ ਮਾਰਚ ਵਿੱਚ ਤਾਲਾਬੰਦੀ ਦੇ ਨਾਲ ਹੀ, ਬਾਈਕੂਲਾ ਵਿੱਚ ਮਿਉਂਸਪਲ ਸਕੂਲ ਵੀ ਬੰਦ ਹੋ ਗਿਆ ਸੀ, ਜਿੱਥੇ ਵਿਕਰਮ ਦੀ ਪੜ੍ਹਦਾ ਸੀ। ਸੋ 15 ਵਰ੍ਹਿਆਂ ਦੇ ਵਿਕਰਮ ਨੇ ਛੋਟੇ-ਮੋਟੇ ਕੰਮ ਕਰਨੇ ਸ਼ੁਰੂ ਕਰ ਦਿੱਤੇ।
ਪਰਿਵਾਰ ਨੂੰ ਖਾਣਾ ਪਕਾਉਣ ਲਈ ਹਰ ਰੋਜ਼ ਮਿੱਟੀ ਦੇ ਤੇਲ ਲਈ 60-80 ਰੁਪਈਆਂ ਦੀ ਲੋੜ ਸੀ। ਉਹ ਕਮਾਠੀਪੁਰਾ ਵਿੱਚ ਆਪਣੇ ਛੋਟੇ ਜਿਹੇ ਕਮਰੇ ਦਾ ਕਿਰਾਇਆ ਦੇਣ ਲਈ ਵੀ ਘਾਲਣਾ ਘਾਲ ਰਹੇ ਸਨ। ਉਨ੍ਹਾਂ ਨੂੰ ਦਵਾਈਆਂ ਲਈ ਅਤੇ ਪੁਰਾਣੇ ਕਰਜ਼ਿਆਂ ਦੀ ਅਦਾਇਗੀ ਲਈ ਪੈਸੇ ਦੀ ਲੋੜ ਸੀ। ਪ੍ਰਿਆ ਆਪਣੇ ਗਾਹਕਾਂ ਜਾਂ ਸਥਾਨਕ ਲੋਕਾਂ ਤੋਂ ਹੋਰ ਕਰਜ਼ ਲੈਂਦੀ ਰਹੀ। ਕੁਝ ਸਾਲਾਂ ਵਿੱਚ, ਇੱਕ ਸ਼ਾਹੂਕਾਰ ਦਾ ਕਰਜ਼ਾ, ਵਿਆਜ ਸਮੇਤ, ਵੱਧ ਕੇ 62,000 ਰੁਪਏ ਹੋ ਗਿਆ ਸੀ ਅਤੇਉਹ ਸਿਰਫ ਅੱਧਾ ਹਿੱਸਾ ਦੇਣ ਜੋਗੀ ਸੀ, ਇਸ ਤੋਂ ਇਲਾਵਾ, ਉਸਨੇ ਘਰਵਾਲੀ (ਮਕਾਨ ਮਾਲਕਣ ਤੇ ਚਕਲੇ ਵਾਲੀ) ਨੂੰ ਛੇ ਮਹੀਨਿਆਂ ਦਾ ਕਿਰਾਇਆ (6,000 ਰੁਪਏ ਮਹੀਨਾ) ਦੇਣਾ ਸੀ, ਤੇ ਤਕਰੀਬਨ 7000 ਰੁਪਏ ਉਸ ਤੋਂ ਉਧਾਰ ਵੀ ਲਏ ਸਨ।











