"ਇਹ ਸੰਘਰਸ਼ ਇਕੱਲੇ ਕਿਸਾਨਾਂ ਦਾ ਹੀ ਨਹੀਂ, ਸਗੋਂ ਖੇਤ ਮਜ਼ਦੂਰਾਂ ਦਾ ਵੀ ਹੈ," ਰੇਸ਼ਮ ਅਤੇ ਬੇਅੰਤ ਕੌਰ ਕਹਿੰਦੀਆਂ ਹਨ। "ਜੇਕਰ ਇਹ ਕਨੂੰਨ ਲਾਗੂ ਹੁੰਦੇ ਹਨ ਤਾਂ ਇਨ੍ਹਾਂ ਦਾ ਅਸਰ ਨਾ ਸਿਰਫ਼ ਕਿਸਾਨਾਂ 'ਤੇ ਸਗੋਂ ਸਾਡੇ ਜਿਹੇ ਖੇਤ ਮਜ਼ਦੂਰਾਂ 'ਤੇ ਵੀ ਪਵੇਗਾ।"
ਇਸੇ ਮਕਸਦ ਲਈ 7 ਜਨਵਰੀ ਦੀ ਦੁਪਹਿਰ ਨੂੰ, ਇਹ ਦੋਵੇਂ ਭੈਣਾਂ ਪੰਜਾਬ ਦੇ ਮੁਕਤਸਰ ਜ਼ਿਲ੍ਹੇ ਤੋਂ ਸਫ਼ਰ ਕਰਕੇ ਰਾਸ਼ਟਰੀ ਰਾਜਧਾਨੀ ਦੇ ਬਾਹਰਵਾਰ ਚੱਲ ਰਹੇ ਕਿਸਾਨਾਂ ਦੇ ਪ੍ਰਦਰਸ਼ਨ ਵਿੱਚ ਸ਼ਰੀਕ ਹੋਈਆਂ।
ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ 1500 ਲੋਕਾਂ ਨੂੰ ਢੋਹਣ ਵਾਸਤੇ ਘੱਟੋਘੱਟ 20 ਬੱਸਾਂ ਲਾਈਆਂ ਗਈਆਂ, ਜੋ ਉਸੇ ਰਾਤ ਪੱਛਮੀ ਦਿੱਲੀ ਦੇ ਟੀਕਰੀ ਬਾਰਡਰ 'ਤੇ ਅੱਪੜੀਆਂ, ਇਹ ਸਥਲ ਵੀ ਨਵੇਂ ਖੇਤੀ ਕਨੂੰਨਾਂ ਦੇ ਵਿਰੋਧ ਸਥਲਾਂ ਵਿੱਚੋਂ ਇੱਕ ਹੈ। ਇਹ ਹਜ਼ੂਮ ਬਠਿੰਡਾ, ਫਰੀਦਕੋਟ, ਜਲੰਧਰ, ਮੋਗਾ, ਮੁਕਤਸਰ, ਪਟਿਆਲਾ ਅਤੇ ਸੰਗਰੂਰ ਜ਼ਿਲ੍ਹਿਆਂ ਵਿੱਚੋਂ ਆਇਆ। ਰੇਸ਼ਮ ਅਤੇ ਬੇਅੰਤ ਮੁਕਤਸਰ ਜ਼ਿਲ੍ਹੇ ਵਿੱਚ ਪੈਂਦੇ ਉਨ੍ਹਾਂ ਦੇ ਪਿੰਡ ਚੁੰਨੂ ਨੇੜਲੀ ਤੈਅ ਥਾਂ 'ਤੇ ਮੌਜੂਦ ਬੱਸਾਂ ਵਿੱਚੋਂ ਇੱਕ ਬੱਸ ਵਿੱਚ ਸਵਾਰ ਹੋਈਆਂ।
ਬਹੁਤ ਸਾਰੇ ਕਿਸਾਨ 26 ਨਵੰਬਰ ਤੋਂ ਹੀ ਦਿੱਲੀ ਦੇ ਚੁਫੇਰੇ ਟੀਕਰੀ ਅਤੇ ਹੋਰ ਧਰਨਾ-ਸਥਲਾਂ 'ਤੇ ਬੈਠੇ ਪ੍ਰਦਰਸ਼ਨ ਕਰ ਰਹੇ ਹਨ, ਜਦੋਂਕਿ ਕੁਝ ਕਿਸਾਨਾਂ ਥੋੜ੍ਹੇ ਦਿਨਾਂ ਲਈ ਹੀ ਸ਼ਾਮਲ ਹੁੰਦੇ ਹਨ ਅਤੇ ਫਿਰ ਆਪਣੇ ਪਿੰਡੀਂ ਮੁੜ ਜਾਂਦੇ ਹਨ ਅਤੇ ਉੱਥੋਂ ਦੇ ਲੋਕਾਂ ਨੂੰ ਪ੍ਰਦਰਸ਼ਨ ਬਾਰੇ ਸੂਚਿਤ ਕਰਦੇ ਹਨ। "ਸਾਡੇ ਪਿੰਡ ਦੇ ਕਈ ਲੋਕ ਇਹ ਸਮਝ ਨਹੀਂ ਪਾਉਂਦੇ ਕਿ ਇਹ ਕਨੂੰਨ ਖੇਤ ਮਜ਼ਦੂਰਾਂ ਨੂੰ ਕਿਵੇਂ ਪ੍ਰਭਾਵਤ ਕਰਨਗੇ," 24 ਸਾਲਾ ਰੇਸ਼ਮ ਦਾ ਕਹਿਣਾ ਹੈ। "ਦਰਅਸਲ, ਸਾਡੇ ਪਿੰਡ ਵਿੱਚ ਆਉਣ ਵਾਲੇ ਨਿਊਜ ਚੈਨਲ ਕਹਿੰਦੇ ਹਨ ਕਿ ਇਹ ਕਨੂੰਨ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਵਾਸਤੇ ਲਾਹੇਵੰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਨ੍ਹਾਂ ਕਨੂੰਨਾਂ ਦੇ ਆਉਣ ਨਾਲ਼ ਖੇਤ ਮਜ਼ਦੂਰਾਂ ਨੂੰ ਪਹਿਲਾਂ ਦੇ ਮੁਕਾਬਲੇ ਵਧੇਰੇ ਵਧੀਆ ਸੁਵਿਧਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ।"
ਉਹ ਤਿੰਨੋਂ ਖੇਤੀ ਬਿੱਲਾਂ ਨੂੰ ਪਹਿਲੀ ਵਾਰ 5 ਜੂਨ 2020 ਨੂੰ ਇੱਕ ਆਰਡੀਨੈਂਸ ਦੇ ਰੂਪ ਵਿੱਚ ਜਾਰੀ ਕੀਤਾ, ਫਿਰ 14 ਸਤੰਬਰ ਨੂੰ ਸੰਸਦ ਵਿੱਚ ਖੇਤੀ ਬਿੱਲ ਦੇ ਰੂਪ ਵਿੱਚ ਪੇਸ਼ ਕੀਤਾ ਅਤੇ ਉਸੇ ਮਹੀਨੇ ਦੀ 20 ਤਰੀਕ ਦਿਨ ਤੱਕ ਉਨ੍ਹਾਂ ਨੂੰ ਐਕਟ ਬਣਾ ਦਿੱਤਾ ਗਿਆ। ਇਹ ਤਿੰਨ ਖੇਤੀ ਕਨੂੰਨ ਹਨ: ਕਿਸਾਨ ਉਪਜ ਵਪਾਰ ਅਤੇ ਵਣਜ (ਪ੍ਰੋਤਸਾਹਨ ਅਤੇ ਸਰਲੀਕਰਣ) ਬਿੱਲ, 2020; ਕਿਸਾਨ (ਸ਼ਕਤੀਕਰਣ ਅਤੇ ਸੁਰੱਖਿਆ) ਕੀਮਤ ਭਰੋਸਾ ਅਤੇ ਖੇਤੀ ਸੇਵਾ 'ਤੇ ਕਰਾਰ ਬਿੱਲ, 2020; ਅਤੇ ਲਾਜ਼ਮੀ ਵਸਤਾਂ (ਸੋਧ) ਬਿੱਲ, 2020 । ਇਨ੍ਹਾਂ ਕਨੂੰਨਾਂ ਦੀ ਇਸਲਈ ਵੀ ਅਲੋਚਨਾ ਕੀਤੀ ਜਾ ਰਹੀ ਹੈ ਕਿਉਂਕਿ ਇਹ ਭਾਰਤ ਦੇ ਸੰਵਿਧਾਨ ਦੀ ਧਾਰਾ 32 ਨੂੰ ਕਮਜ਼ੋਰ ਕਰਦਿਆਂ ਸਾਰੇ ਨਾਗਰਿਕਾਂ ਦੇ ਕਨੂੰਨੀ ਉਪਚਾਰ ਅਧਿਕਾਰਾਂ ਨੂੰ ਅਯੋਗ ਕਰਨ ਕਰਦੇ ਹਨ।




