''ਮੇਰੇ ਦਾਦੇ ਕੋਲ਼ 300 ਊਠ ਸਨ। ਹੁਣ ਮੇਰੇ ਕੋਲ਼ ਸਿਰਫ਼ 40 ਹੀ ਬਚੇ ਨੇ। ਬਾਕੀ ਸਭ ਮਰ ਗਏ... ਦਰਅਸਲ ਉਨ੍ਹਾਂ ਨੂੰ ਸਮੁੰਦਰ ਅੰਦਰ ਜਾਣ ਦੀ ਆਗਿਆ ਨਹੀਂ ਸੀ,'' ਜੇਠਾਭਾਈ ਰਬਾੜੀ ਹਿਰਖੇ ਮਨ ਨਾਲ਼ ਕਹਿੰਦੇ ਹਨ।  ਉਹ ਖੰਭਾਲਿਆ ਤਾਲੁਕਾ ਦੇ ਬਹਿ ਪਿੰਡ ਵਿਖੇ ਸਮੁੰਦਰ ਵਿੱਚ ਤੈਰਨ ਵਾਲ਼ੇ ਇਨ੍ਹਾਂ ਊਠਾਂ ਨੂੰ ਪਾਲ਼ਦੇ ਹਨ। ਇਹ ਊਠ ਲੁਪਤ ਹੋਣ ਦੀ ਕਗਾਰ 'ਤੇ ਪਹੁੰਚ ਚੁੱਕੀ ਖਾਰਾਈ ਨਸਲ ਦੇ ਹਨ ਜੋ ਗੁਜਰਾਤ ਦੇ ਤਟਵਰਤੀ ਵਾਤਾਵਰਣ ਵਿੱਚ ਰਹਿਣ ਦੇ ਆਦੀ ਹਨ। ਕੱਛ ਦੀ ਖਾੜੀ ਵਿਖੇ ਸਥਿਤ ਮੈਂਗ੍ਰੋਵ ਦੇ ਜੰਗਲਾਂ ਵਿੱਚ ਭੋਜਨ ਦੀ ਭਾਲ਼ ਵਿੱਚ ਇਹ ਊਠ ਘੰਟਿਆਂ-ਬੱਧੀ ਤੈਰਦੇ ਰਹਿੰਦੇ ਹਨ।

ਖਾੜੀ ਦੇ ਦੱਖਣੀ ਸਿਰੇ 'ਤੇ, 17ਵੀਂ ਸਦੀ ਤੋਂ ਹੀ ਫਕੀਰਾਨੀ ਜਾਟ ਤੇ ਭੋਪਾ ਰਬਾੜੀ ਭਾਈਚਾਰੇ ਦੇ ਆਜੜੀ ਖਾਰਾਈ ਊਠਾਂ ਨੂੰ ਪਾਲ਼ਦੇ ਰਹੇ ਹਨ। ਇਸੇ ਦੱਖਣੀ ਸਿਰ 'ਤੇ ਹੁਣ ਸਮੁੰਦਰੀ ਰਾਸ਼ਟਰੀ ਪਾਰਕ ਤੇ ਸੈਂਚੂਰੀ ਦੇ ਅੰਦਰ ਊਠਾਂ ਨੂੰ ਚਰਾਉਣ ਲਿਜਾਣ 'ਤੇ ਪਾਬੰਦੀ ਲਾ ਦਿੱਤੀ ਗਈ ਹੈ, ਉਦੋਂ ਤੋਂ ਹੀ ਊਠਾਂ ਤੇ ਉਨ੍ਹਾਂ ਦੇ ਆਜੜੀਆਂ ਦਾ ਵਜੂਦ ਖ਼ਤਰੇ ਵਿੱਚ ਆ ਗਿਆ ਹੈ।

ਜੇਠਾਭਾਈ ਕਹਿੰਦੇ ਹਨ ਕਿ ਇਨ੍ਹਾਂ ਊਠਾਂ ਨੂੰ ਚੇਰ (ਮੈਂਗ੍ਰੋਵ) ਦੀ ਲੋੜ ਪੈਂਦੀ ਹੈ। ਮੈਂਗ੍ਰੋਵ ਪੱਤੇ ਉਨ੍ਹਾਂ ਲਈ ਲਾਜ਼ਮੀ ਖ਼ੁਰਾਕ ਹਨ। ਜੇਠਾਭਾਈ ਸਵਾਲ ਪੁੱਛਦੇ ਹਨ,''ਜੇ ਉਨ੍ਹਾਂ ਨੂੰ ਪੱਤੇ ਹੀ ਨਾ ਖਾਣ ਦਿੱਤੇ ਗਏ ਤਾਂ ਕੀ ਉਹ ਮਰ ਨਹੀਂ ਜਾਣਗੇ?'' ਪਰ ਫਿਰ ਵੀ ਜੇਕਰ ਇਹ ਊਠ ਸਮੁੰਦਰ ਅੰਦਰ ਚਲੇ ਵੀ ਜਾਂਦੇ ਹਨ, ਜੇਠਾਭਾਈ ਗੱਲ ਜਾਰੀ ਰੱਖਦਿਆਂ ਕਹਿੰਦੇ ਹਨ,''ਸਮੁੰਦਰੀ ਪਾਰਕ ਦੇ ਅਧਿਕਾਰੀ ਸਾਡੇ 'ਤੇ ਜੁਰਮਾਨਾ ਠੋਕਦੇ ਹਨ ਤੇ ਸਾਡੇ ਊਠਾਂ ਨੂੰ ਫੜ੍ਹ ਕੇ ਬੰਦਕ ਬਣਾ ਲੈਂਦੇ ਹਨ।

ਇਸ ਵੀਡਿਓ ਵਿੱਚ ਅਸੀਂ ਊਠਾਂ ਨੂੰ ਮੈਂਗ੍ਰੋਵ ਪੱਤਿਆਂ ਦੀ ਭਾਲ਼ ਵਿੱਚ ਤੈਰਦਿਆਂ ਦੇਖਦੇ ਹਾਂ। ਆਜੜੀ ਇਨ੍ਹਾਂ ਊਠਾਂ ਨੂੰ ਜਿਊਂਦੇ ਰੱਖਣ ਵਿੱਚ ਦਰਪੇਸ਼ ਆਉਂਦੀਆਂ ਮੁਸ਼ਕਲਾਂ ਬਿਆਨ ਕਰ ਰਹੇ ਹਨ।

ਫ਼ਿਲਮ ਦੇਖੋ: ਸਮੁੰਦਰ ਵਿੱਚ ਤੈਰਨ ਵਾਲ਼ੇ ਊਠ

ਫ਼ਿਲਮ ਨਿਰਦੇਸ਼ਕ : ਊਰਜਾ

ਕਵਰ ਫ਼ੋਟੋ: ਰਿਤਾਯਨ ਮੁਖਰਜੀ

ਇਹ ਵੀ ਪੜ੍ਹੋ : ਜਾਮਨਗਰ ਦੇ ' ਤੈਰਾਕ ਊਠ ' ਭੁੱਖ ਮਿਟਾਉਣ ਲਈ ਡੂੰਘੇ ਪਾਣੀ ਲੱਥਦੇ ਹੋਏ

ਤਰਜਮਾ: ਕਮਲਜੀਤ ਕੌਰ

ਉਰਜਾ, ਪੀਪਲਜ਼ ਆਰਕਾਈਵ ਆਫ ਰੂਰਲ ਇੰਡੀਆ ਵਿਖੇ ਵੀਡੀਓ-ਸੀਨੀਅਰ ਅਸਿਸਟੈਂਟ ਐਡੀਟਰ ਹਨ। ਉਹ ਇੱਕ ਦਸਤਾਵੇਜ਼ੀ ਫਿਲਮ ਨਿਰਮਾਤਾ ਹਨ ਅਤੇ ਸ਼ਿਲਪਕਾਰੀ, ਰੋਜ਼ੀ-ਰੋਟੀ ਅਤੇ ਵਾਤਾਵਰਣ ਦੇ ਮੁੱਦਿਆਂ ਨੂੰ ਕਵਰ ਕਰਨ ਵਿੱਚ ਦਿਲਚਸਪੀ ਰੱਖਦੀ ਹਨ। ਊਰਜਾ ਪਾਰੀ ਦੀ ਸੋਸ਼ਲ ਮੀਡੀਆ ਟੀਮ ਨਾਲ ਵੀ ਕੰਮ ਕਰਦੀ ਹਨ।

Other stories by Urja
Translator : Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਬਤੌਰ ‘ਟ੍ਰਾਂਸਲੇਸ਼ਨ ਐਡੀਟਰ: ਪੰਜਾਬੀ’ ਕੰਮ ਕਰਦੀ ਹੈ ਤੇ ਇੱਕ ਸਮਾਜਿਕ ਕਾਰਕੁੰਨ ਵੀ ਹੈ।

Other stories by Kamaljit Kaur