ਰਾਧਾ ਦੇ ਪਾਲ਼ੇ ਹੋਏ ਕੁੱਤਿਆਂ ਨੂੰ ਉਨ੍ਹਾਂ ਦੀ ਹਿੰਮਤ ਦੀ ਕੀਮਤ ਚਕਾਉਣੀ ਪਈ। ਇੱਕ ਕੁੱਤੇ ਦਾ ਸਿਰ ਧੜੋਂ ਲਾਹ ਸੁੱਟਿਆ ਗਿਆ, ਦੂਜੇ ਨੂੰ ਜ਼ਹਿਰ ਦੇ ਦਿੱਤਾ ਗਿਆ ਅਤੇ ਤੀਜਾ ਗਾਇਬ ਹੋ ਗਿਆ ਅਤੇ ਚੌਥੇ ਨੂੰ ਰਾਧਾ ਦੀਆਂ ਅੱਖਾਂ ਸਾਹਮਣੇ ਮਾਰ ਮੁਕਾਇਆ ਗਿਆ। ''ਮੇਰਾ ਇਹ ਹਾਲ ਕਰਨ ਕਾਰਨ ਮੇਰੇ ਪਿੰਡ ਦੇ ਚਾਰੋ ਦੇ ਚਾਰੋ ਤਾਕਤਵਰ ਵਿਅਕਤੀ ਜੇਲ੍ਹ ਵਿੱਚ ਹਨ,'' ਉਹ ਕਹਿੰਦੀ ਹਨ। ''ਬਲਾਤਕਾਰ ਦੇ ਮਾਮਲੇ ਨੂੰ ਰਫ਼ਾ-ਦਫ਼ਾ ਨਾ ਕਰਨ ਕਾਰਨ ਉਹ ਮੈਨੂੰ ਨਫ਼ਰਤ ਕਰਦੇ ਹਨ।''
ਕਰੀਬ ਛੇ ਸਾਲ ਪਹਿਲਾਂ ਚਾਰ ਵਿਅਕਤੀਆਂ ਨੇ ਰਾਧਾ (ਅਸਲੀ ਨਾਮ ਨਹੀਂ) ਦਾ ਜਿਣਸੀ ਸ਼ੋਸ਼ਣ ਕੀਤਾ ਸੀ। ਜਦੋਂ ਉਹ ਬੀਡ ਜ਼ਿਲ੍ਹੇ ਵਿੱਚ ਸਥਿਤ ਆਪਣੇ ਪਿੰਡ ਤੋਂ ਕਰੀਬ 100 ਕਿਲੋਮੀਟਰ ਦੂਰ ਬੀਡ ਸ਼ਹਿਰ ਜਾ ਰਹੀ ਸਨ, ਉਦੋਂ ਹੀ ਇੱਕ ਨਿੱਜੀ ਵਾਹਨ ਚਾਲਕ ਨੇ ਲਿਫ਼ਟ ਦੇਣ ਬਹਾਨੇ ਉਨ੍ਹਾਂ ਦਾ ਅਪਹਰਣ ਕਰ ਲਿਆ ਸੀ। ਉਸ ਤੋਂ ਬਾਅਦ ਉਹਦੇ (ਵਾਹਨ ਚਾਲਕ) ਦੇ ਤਿੰਨ ਹੋਰਨਾਂ ਦੋਸਤਾਂ ਨੇ ਮਿਲ਼ ਕੇ ਰਾਧਾ ਦਾ ਬਲਾਤਕਾਰ ਕੀਤਾ।
40 ਸਾਲਾ ਰਾਧਾ ਆਪਣੀ ਮਾਨਸਿਕ ਅਤੇ ਸਰੀਰਕ ਸੱਟ ਬਾਰੇ ਜ਼ਿਕਰ ਕਰਦਿਆਂ ਕਹਿੰਦੀ ਹਨ,''ਉਸ ਘਟਨਾ ਤੋਂ ਬਾਅਦ ਮੈਂ ਹਫ਼ਤਿਆਂ ਤੱਕ ਪਰੇਸ਼ਾਨ ਰਹੀ। ਮੈਂ ਉਨ੍ਹਾਂ ਨੂੰ ਕਨੂੰਨ ਦੁਆਰਾ ਸਜ਼ਾ ਦਵਾਉਣਾ ਦਾ ਫ਼ੈਸਲਾ ਕੀਤਾ ਅਤੇ ਪੁਲਿਸ ਵਿੱਚ ਸ਼ਿਕਾਇਤ ਦਰਜ਼ ਕਰਾਈ।''
ਉਸ ਹਿੰਸਕ ਹਮਲੇ ਦੇ ਸਮੇਂ, ਰਾਧਾ ਆਪਣੇ ਪਤੀ ਅਤੇ ਬੱਚਿਆਂ ਦੇ ਨਾਲ਼ ਬੀਡ ਸ਼ਹਿਰ ਵਿੱਚ ਰਹਿੰਦੀ ਸਨ। ਉਹ ਕਹਿੰਦੀ ਹਨ,''ਮੇਰੇ ਪਤੀ ਉੱਥੇ ਇੱਕ ਫ਼ਾਈਨਾਂਸ਼ ਏਜੰਸੀ ਵਿੱਚ ਕੰਮ ਕਰਦੇ ਸਨ। ਮੈਂ ਆਪਣੇ ਖੇਤ ਦੀ ਦੇਖਭਾਲ਼ ਕਰਨ ਵਾਸਤੇ ਕਦੇ-ਕਦਾਈਂ ਪਿੰਡ ਆਉਂਦੀ ਜਾਂਦੀ ਰਹਿੰਦੀ ਸਾਂ।''
ਸ਼ਿਕਾਇਤ ਦਰਜ਼ ਕਰਾਉਣ ਤੋਂ ਬਾਅਦ, ਰਾਧਾ 'ਤੇ ਕੇਸ ਵਾਪਸ ਲੈਣ ਦਾ ਕਾਫ਼ੀ ਦਬਾਅ ਪਾਇਆ ਗਿਆ। ਉਹ ਦੱਸਦੀ ਹਨ ਕਿ ਅਪਰਾਧੀਆਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਦੇ ਗ੍ਰਾਮ ਪੰਚਾਇਤ ਮੈਂਬਰਾਂ ਅਤੇ ਪਿੰਡ ਦੇ ਪ੍ਰਭਾਵਸ਼ਾਲੀ ਲੋਕਾਂ ਨਾਲ਼ ਕਾਫ਼ੀ ਚੰਗੇ ਤਾਅਲੁਕਾਤ ਹਨ। ਰਾਧਾ ਮੁਤਾਬਕ,''ਮੈਂ ਕਾਫ਼ੀ ਦਬਾਅ ਮਹਿਸੂਸ ਕੀਤਾ। ਪਰ ਮੈਂ ਪਿੰਡ ਤੋਂ ਦੂਰ ਰਹਿੰਦੀ ਸਾਂ। ਸ਼ਹਿਰ ਵਿੱਚ ਮੇਰੀ ਮਦਦ ਕਰਨ ਵਾਲ਼ੇ ਕਈ ਲੋਕ ਸਨ। ਮੈਂ ਕਾਫ਼ੀ ਹੱਦ ਤੱਕ ਸੁਰੱਖਿਅਤ ਅਤੇ ਭਰੋਸੇ ਨਾਲ਼ ਭਰੀ ਸਾਂ।''
ਪਰ ਮਾਰਚ 2020 ਵਿੱਚ ਕੋਵਿਡ-19 ਨਾਲ਼ ਮੱਚੀ ਤਬਾਹੀ ਤੋਂ ਬਾਅਦ ਉਨ੍ਹਾਂ ਦੀ ਸੁਰੱਖਿਆ ਦੇ ਇਸ ਪਰਦੇ ਦੀ ਬੋਟੀ ਬੋਟੀ ਲੱਥ ਗਈ। ਦੇਸ਼-ਵਿਆਪੀ ਤਾਲਾਬੰਦੀ ਦੇ ਐਲਾਨ ਤੋਂ ਫ਼ੌਰਾਨ ਬਾਅਦ, ਉਨ੍ਹਾਂ ਦੇ ਪਤੀ ਮਨੋਜ (ਅਸਲੀ ਨਾਮ ਨਹੀਂ) ਦੀ ਨੌਕਰੀ ਖੁੱਸ ਗਈ। ਰਾਧਾ ਕਹਿੰਦੀ ਹਨ,''ਉਹ 10,000 ਰੁਪਏ ਪ੍ਰਤੀ ਮਹੀਨਾ ਕਮਾਉਂਦੇ ਸਨ ਅਤੇ ਅਸੀਂ ਕਿਰਾਏ ਦੇ ਫ਼ਲੈਟ ਵਿੱਚ ਰਹਿੰਦੇ ਸਾਂ, ਪਰ ਮਨੋਜ ਦੀ ਬੇਰੁਜ਼ਗਾਰ ਹੋਣ ਤੋਂ ਬਾਅਦ ਅਸੀਂ ਕਿਰਾਇਆ ਨਾ ਦੇ ਸਕੇ। ਇਸ ਤੋਂ ਬਾਅਦ, ਸਾਡੇ ਵਾਸਤੇ ਢਿੱਡ ਭਰਨਾ ਵੀ ਇੱਕ ਮਸਲਾ ਬਣ ਗਿਆ।''
ਜਦੋਂ ਕੋਈ ਚਾਰਾ ਹੀ ਨਾ ਰਿਹਾ ਤਾਂ ਰਾਧਾ, ਮਨੋਜ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਪਿੰਡ ਦਾ ਰਾਹ ਫੜ੍ਹਨਾ ਪਿਆ-ਉਹੀ ਥਾਂ ਜਿੱਥੇ ਰਾਧਾ ਦਾ ਬਲਾਤਕਾਰ ਹੋਇਆ ਸੀ। ਉਹ ਕਹਿੰਦੀ ਹਨ,''ਇੱਥੇ ਸਾਡੇ ਕੋਲ਼ ਤਿੰਨ ਏਕੜ ਜ਼ਮੀਨ ਹੈ, ਇਸਲਈ ਅਸੀਂ ਇੱਥੇ ਰਹਿਣ ਆ ਗਏ। ਅਸੀਂ ਕਿਸੇ ਹੋਰ ਵਿਕਲਪ ਦੇ ਬਾਰੇ ਸੋਚ ਤੱਕ ਨਹੀਂ ਸਕਦੇ ਸਾਂ।'' ਉਨ੍ਹਾਂ ਦਾ ਪਰਿਵਾਰ ਹੁਣ ਉਸੇ ਜ਼ਮੀਨ 'ਤੇ ਬਣੀ ਝੌਂਪੜੀ ਵਿੱਚ ਰਹਿੰਦਾ ਹੈ ਅਤੇ ਉੱਥੇ ਰਾਧਾ ਨਰਮਾ ਅਤੇ ਜਵਾਰ ਉਗਾਉਂਦੀ ਹਨ।
ਜਿਓਂ ਹੀ ਉਹ ਪਿੰਡ ਵਾਪਸ ਮੁੜੀ, ਅਪਰਾਧੀਆਂ ਦੇ ਪਰਿਵਾਰ ਵਾਲ਼ਿਆਂ ਨੇ ਜਿਵੇਂ ਰਾਧਾ 'ਤੇ ਨਿਸ਼ਾਨਾ ਹੀ ਸਾਧ ਲਿਆ। ਉਹ ਕਹਿੰਦੀ ਹਨ,''ਕੇਸ ਚੱਲ ਰਿਹਾ ਸੀ। ਉਹਨੂੰ ਵਾਪਸ ਲੈਣ ਦਾ ਦਬਾਅ ਵੱਧਦਾ ਚਲਾ ਗਿਆ।'' ਪਰ ਜਦੋਂ ਉਨ੍ਹਾਂ ਨੇ ਹੱਥ ਪਿਛਾਂਹ ਖਿੱਚਣ ਤੋਂ ਮਨ੍ਹਾ ਕਰ ਦਿੱਤਾ ਤਾਂ ਦਬਾਅ ਧਮਕੀਆਂ ਦਾ ਰੂਪ ਲੈਂਦਾ ਚਲਾ ਗਿਆ। ਰਾਧਾ ਮੁਤਾਬਕ,''ਪਿੰਡ ਮੁੜਨ ਤੋਂ ਬਾਅਦ ਮੈਂ ਉਨ੍ਹਾਂ ਦੇ ਐਨ ਸਾਹਮਣਾ ਮੌਜੂਦ ਸਾਂ। ਹੁਣ ਉਨ੍ਹਾਂ ਲਈ ਮੈਨੂੰ ਧਮਕਾਉਣਾ ਅਤੇ ਪਰੇਸ਼ਾਨ ਕਰਨਾ ਸੌਖ਼ਾ ਕੰਮ ਹੋ ਗਿਆ ਸੀ।'' ਪਰ ਰਾਧਾ ਨੇ ਆਪਣੇ ਹੱਥ ਪਿਛਾਂਹ ਨਾ ਖਿੱਚੇ।




