11ਵੀਂ ਜਮਾਤ ਦਾ ਗੁਰਪ੍ਰਤਾਪ ਸਿੰਘ ਅਤੇ 13 ਸਾਲਾ ਉਹਦਾ ਚਚੇਰਾ ਭਰਾ ਸੁਖਬੀਰ ਜਮਾਤ 7ਵੀਂ ਦਾ ਵਿਦਿਆਰਥੀ ਹੈ। ਦੋਵੇਂ ਹੀ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਰਹਿਣ ਵਾਲ਼ੇ ਹਨ। ਇਸ ਸਮੇਂ ਦੋਵੇਂ ਹੀ ਸਕੂਲ ਤੋਂ ਦੂਰ ਹਨ, ਪਰ ਇੱਕ ਵੱਖਰੀ ਹੀ ਤਰ੍ਹਾਂ ਦੀ ਵਿੱਦਿਆ ਵਿੱਚ ਮਸ਼ਗੂਲ ਹਨ।
"ਅਸੀਂ ਇੱਥੇ ਕਿਸਾਨਾਂ ਦੇ ਇਸ ਖੇਮੇ ਦੀ ਰਾਖੀ ਕਰ ਰਹੇ ਹਾਂ ਅਤੇ ਅਸੀਂ ਕਰਦੇ ਰਹਾਂਗੇ," ਸੋਨੀਪਤ-ਹਰਿਆਣਾ ਦੇ ਦਿੱਲੀ-ਸਿੰਘੂ ਬਾਰਡਰ 'ਤੇ ਤੈਨਾਤ 17 ਸਾਲ ਦੇ ਗੁਰਪ੍ਰਤਾਪ ਨੇ ਮੈਨੂੰ ਕਿਹਾ।
ਦਿੱਲੀ ਦੀਆਂ ਇਨ੍ਹਾਂ ਸੀਮਾਵਾਂ 'ਤੇ ਇਕੱਠੇ ਹੋਏ ਸੈਂਕੜੇ ਹਜ਼ਾਰਾਂ ਦੇ ਇਸ ਹਜ਼ੂਮ ਵਿੱਚ ਬਹੁਤੇਰੇ ਲੋਕ ਕਿਸਾਨ ਪਰਿਵਾਰਾਂ ਵਿੱਚੋਂ ਹਨ। ਕੁਝ ਪਰਿਵਾਰ ਦੋ ਹਫ਼ਤੇ ਪਹਿਲਾਂ ਰਾਜਧਾਨੀ ਵਿੱਚ ਦਾਖ਼ਲ ਹੋ ਗਏ ਅਤੇ ਉਨ੍ਹਾਂ ਨੇ ਉੱਤਰੀ-ਦਿੱਲੀ ਦੇ ਬੁੜਾਰੀ ਵਿਖੇ ਕੈਂਪ ਲਾਇਆ ਹੋਇਆ ਹੈ।
ਸਾਰੇ ਧਰਨਾਂ ਸਥਲਾਂ 'ਤੇ ਮੌਜੂਦ ਪੂਰੇ ਦੇ ਪੂਰੇ ਹਜ਼ੂਮ ਅਤੇ ਸ਼ਾਂਤੀਮਈ ਪ੍ਰਦਰਸ਼ਨਕਾਰੀਆਂ ਵੱਲੋਂ ਇੱਕੋ ਮੰਗ ਕੀਤੀ ਜਾ ਰਹੀ ਹੈ, ਉਹ ਹੈ ਇਨ੍ਹਾਂ ਤਿੰਨਾਂ ਖ਼ੇਤੀ ਕਾਨੂੰਨਾਂ ਦਾ ਵਾਪਸ ਲਿਆ ਜਾਣਾ। ਯਾਦ ਰਹੇ ਇਹ ਕਾਨੂੰਨ ਇਸੇ ਸਾਲ ਸਤੰਬਰ ਮਹੀਨੇ ਵਿੱਚ ਸੰਸਦ ਦੁਆਰਾ ਪਾਸ ਕੀਤੇ ਗਏ ਅਤੇ ਜਿਨ੍ਹਾਂ ਦੇ ਰੱਦ ਹੋਣ ਦਾ ਕੋਈ ਸੰਕੇਤ ਨਹੀਂ ਮਿਲ਼ ਰਿਹਾ। ਅਤੇ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਇੱਕ ਲੰਬੀ ਲੜਾਈ ਲੜਨ ਲਈ ਦ੍ਰਿੜ-ਸੰਕਲਪ ਹਨ।
ਦੇਰ ਸ਼ਾਮ ਦਾ ਸਮਾਂ ਹੈ, ਸਿੰਘੂ ਅਤੇ ਬੁੜਾਰੀ ਵਿਖੇ ਕਿਸਾਨਾਂ ਵੱਲੋਂ ਸਥਾਪਤ ਕੀਤੇ ਇਨ੍ਹਾਂ ਕੈਂਪਾਂ ਵਿੱਚੋਂ ਹੋ ਕੇ ਲੰਘਦਾ ਹੋਇਆ ਮੈਂ ਦੇਖਦਾ ਹਾਂ ਕਿ ਕੁਝ ਕੁ ਜਣੇ ਸੌਣ ਦੀ ਤਿਆਰੀ ਕਰ ਰਹੇ ਹਨ। ਕੁਝ ਕਿਸਾਨ ਆਪਣੇ ਟਰੱਕਾਂ ਵਿੱਚ ਠਹਿਰ ਰਹੇ ਹਨ, ਕੁਝ ਪੈਟਰੋਲ ਪੰਪਾਂ 'ਤੇ ਸੌਂ ਰਹੇ ਹਨ ਕੁਝ ਕੁ ਟੋਲੇ ਅਜਿਹੇ ਵੀ ਹਨ ਜੋ ਗੀਤ ਗਾ-ਗਾ ਕੇ ਰਾਤ ਬਿਤਾਉਂਦੇ ਹਨ। ਨਿੱਘੀ ਸਾਥੀ-ਭਾਵਨਾ, ਸੰਕਲਪ-ਸ਼ਕਤੀ ਅਤੇ ਵਿਰੋਧ ਕਰਨ ਦੀ ਇਹ ਭਾਵਨਾ ਇਨ੍ਹਾਂ ਸਮੂਹਾਂ ਵਿੱਚੋਂ ਹੀ ਆਉਂਦੀ ਹੈ।
ਕਿਸਾਨ ਇਨ੍ਹਾਂ ਤਿੰਨ ਕਾਨੂੰਨਾਂ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਹਨ: ਦਿ ਫਾਰਮਰਸ ਪ੍ਰੋਡਿਉਸ ਟਰੇਡ ਐਂਡ ਕਾਮਰਸ (ਪ੍ਰਮੋਸ਼ਨ ਐਂਡ ਫੈਸੀਲਿਏਸ਼ਨ) ਬਿੱਲ, 2020; ਦਿ ਫਾਰਮਰਸ (ਇੰਪਾਵਰਮੈਂਟ ਐਂਡ ਪ੍ਰੋਟੈਕਸ਼ਨ) ਐਗਰੀਮੈਂਟ ਆਫ਼ ਪ੍ਰਾਇਸ ਇੰਸ਼ਿਉਰੈਂਸ ਐਂਡ ਫਾਰਮ ਸਰਵਿਸਸ ਬਿੱਲ 2020; ਅਤੇ ਜ਼ਰੂਰੀ ਵਸਤਾਂ (ਸੋਧ) ਬਿੱਲ 2020
ਉਹ ਇਨ੍ਹਾਂ ਕਾਨੂੰਨਾਂ ਨੂੰ ਲਾਜ਼ਮੀ ਰੂਪ ਵਿੱਚ ਖੇਤੀ ਵਿੱਚ ਕਿਸਾਨਾਂ ਦੇ ਅਧਿਕਾਰ ਅਤੇ ਹਿੱਸੇਦਾਰੀ ਨੂੰ ਦੇਸ਼ ਦੇ ਸਭ ਤੋਂ ਸ਼ਕਤੀਸ਼ਾਲੀ ਕਾਰਪੋਰੇਟਾਂ ਦੇ ਹੱਥ ਸੌਂਪੇ ਜਾਣ ਦੇ ਰੂਪ ਵਿੱਚ ਦੇਖਦੇ ਹਨ, ਜੋ ਉਨ੍ਹਾਂ (ਕਿਸਾਨਾਂ) ਨੂੰ ਇਨ੍ਹਾਂ ਵੱਡੇ ਕਾਰੋਬਾਰੀਆਂ ਦੇ ਰਹਿਮ 'ਤੇ ਛੱਡੇ ਜਾਣਾ ਤੈਅ ਕਰਦੇ ਹਨ। "ਜੇਕਰ ਇਹ ਧੋਖਾ ਨਹੀਂ, ਤਾਂ ਹੋਰ ਕੀ ਹੈ?" ਹਨ੍ਹੇਰੇ ਵਿੱਚੋਂ ਇੱਕ ਅਵਾਜ਼ ਪੁੱਛਦੀ ਹੈ।
"ਸਾਡਾ ਕਿਸਾਨਾਂ ਦਾ ਇਨ੍ਹਾਂ ਕਾਰਪੋਰੇਟਾਂ ਨਾਲ਼ ਪਹਿਲਾਂ ਵੀ ਵਾਹ ਪੈ ਚੁੱਕਿਆ ਹੈ- ਅਤੇ ਅਸੀਂ ਇਨ੍ਹਾਂ 'ਤੇ ਭਰੋਸਾ ਨਹੀਂ ਕਰਦੇ। ਉਨ੍ਹਾਂ ਨੇ ਪਹਿਲਾਂ ਵੀ ਸਾਨੂੰ ਧੋਖਾ ਦਿੱਤਾ ਹੈ ਅਤੇ ਅਸੀਂ ਮੂਰਖ ਨਹੀਂ ਹਾਂ। ਅਸੀਂ ਆਪਣੇ ਅਧਿਕਾਰਾਂ ਬਾਰੇ ਜਾਣਦੇ ਹਾਂ," ਕਈ ਅਵਾਜ਼ਾਂ ਨੇ ਇੱਕੋ ਸਾਂਝੇ ਸੁਰ ਵਿੱਚ ਕਿਹਾ, ਜਦੋਂ ਦੇਰ ਸ਼ਾਮ ਮੈਂ ਸਿੰਘੂ ਵਿਖੇ ਸਥਾਪਤ ਇਨ੍ਹਾਂ ਕੈਂਪਾਂ ਵਿੱਚੋਂ ਦੀ ਲੰਘਿਆ।
ਕੀ ਉਹ ਇੱਥੇ ਉਪਜੀ ਖੜ੍ਹੋਤ ਨੂੰ ਲੈ ਕੇ ਚਿੰਤਤ ਨਹੀਂ ਹਨ, ਜਦੋਂ ਸਰਕਾਰ ਸਪੱਸ਼ਟ ਤੌਰ 'ਤੇ ਇਨ੍ਹਾਂ ਨੂੰ ਰੱਦ ਕੀਤੇ ਜਾਣ ਦੀ ਕਿਸੇ ਵੀ ਸੰਭਾਵਨਾ ਨੂੰ ਮੂਲ਼ੋਂ ਨਕਾਰ ਰਹੀ ਹੈ? ਕੀ ਉਹ ਅੰਦੋਲਨ ਟਿਕਾਈ ਰੱਖਣਗੇ?
"ਅਸੀਂ ਤਾਕਤਵਰ ਹਾਂ," ਪੰਜਾਬ ਤੋਂ ਆਇਆ ਦੂਜਾ ਕਿਸਾਨ (ਕਾਸ਼ਤਕਾਰ) ਕਹਿੰਦਾ ਹੈ। "ਅਸੀਂ ਆਪਣਾ ਖਾਣਾ ਆਪ ਹੀ ਬਣਾ ਰਹੇ ਹਾਂ ਅਤੇ ਦੂਸਰਿਆਂ ਨੂੰ ਵੰਡ ਰਹੇ ਹਾਂ। ਅਸੀਂ ਕਿਸਾਨ ਹਾਂ, ਅਸੀਂ ਬਾਖ਼ੂਬੀ ਜਾਣਦੇ ਹਾਂ ਕਿ ਤਾਕਤਵਰ ਕਿਵੇਂ ਰਹੀਦਾ ਹੈ।"












