ਨਾਲੰਮਾ ਸੀਵਰੇਜ ਦੇ ਖੜੇ ਪਾਣੀ ਨੂੰ ਪਾਰ ਕਰ ਦੋ ਪੱਕੇ ਘਰਾਂ ਵਿੱਚੋਂ ਲੰਘਦੇ ਧੂੜ ਭਰੇ ਰਾਸਤੇ ‘ਤੇ ਤੁਰੀ ਜਾ ਰਹੀ ਹੈ, ਜਿਸ ਦੇ ਦੋਵੇਂ ਪਾਸੇ ਬਾਲਣ ਵਾਲੀਆਂ ਲੱਕੜਾਂ ਦੀ ਚਿਣਤੀ ਲੱਗੀ ਹੋਈ ਹੈ। ਅਕਸਰ ਹੀ ਵਰਤੋਂ ਵਿੱਚ ਰਹਿਣ ਵਾਲੇ ਉਸ ਰਾਹ ‘ਤੇ ਨਾਲੰਮਾ ਫੁੱਲਾਂ ਦੇ ਛਾਪੇ ਵਾਲੀ ਸ਼ਿਫ਼ਾਨ ਦੀ ਨੀਲੀ ਸਾੜੀ ਪਹਿਨੀ ਨੰਗੇ ਪੈਰੀਂ ਤੁਰੀ ਜਾ ਰਹੀ ਹੈ।
ਅਸੀਂ ਇੱਕ ਖੁੱਲੀ ਜਗਾਹ ‘ਤੇ ਪਹੁੰਚਦੇ ਹਾਂ ਜੋ ਝਾੜੀਆਂ, ਸੁੱਕੇ ਘਾਹ ਅਤੇ ਕੂੜੇ ਕਰਕਟ ਨਾਲ ਭਰੀ ਹੋਈ ਹੈ। “ਸਾਨੂੰ ਜਿੱਥੇ ਵੀ ਥਾਂ ਮਿਲਦੀ ਹੈ ਅਸੀਂ ਬੈਠ ਜਾਂਦੇ ਹਾਂ (ਮਲ ਤਿਆਗ ਕਰਨ ਲਈ),” ਨਾਲੰਮਾ ਕਹਿੰਦੀ ਹੈ ਤੇ ਜਿੰਨ੍ਹਾਂ ਘਰਾਂ ਕੋਲੋਂ ਅਸੀਂ ਗੁਜ਼ਰ ਕੇ ਆਏ ਸਾਂ, ਉਹ ਉਨ੍ਹਾਂ ਵੱਲ ਇਸ਼ਾਰਾ ਕਰਦਿਆਂ ਕਹਿੰਦੀ ਹੈ, “ਇੱਥੇ ਕਿਸੇ ਵੀ ਘਰ ਵਿੱਚ ਪਖਾਨਾ ਨਹੀਂ ਹੈ। ਭਾਵੇਂ ਕਿਸੇ ਅੋਰਤ ਦਾ ਵੱਡਾ ਆਪਰੇਸ਼ਨ ਹੋਇਆ ਹੋਵੇ (ਬੱਚੇ ਦੇ ਜਨਮ ਲਈ), ਗਰਭਵਤੀ ਹੋਵੇ ਜਾਂ ਮਾਹਵਾਰੀ ਦੇ ਦਿਨਾਂ ਵਿੱਚ ਵੀ ਸਾਨੂੰ ਇੱਥੇ ਹੀ ਆਉਣਾ ਪੈਂਦਾ ਹੈ।”
ਕਾਫ਼ੀ ਸਾਲਾਂ ਤੋਂ ਇੰਟੀ ਵੇਨੂਕਾ (ਘਰ ਦੇ ਪਿੱਛੇ), ਖੁੱਲ੍ਹੇ ਵਿੱਚ ਸ਼ੌਚ ਕਰਨ ਦੀ ਪੱਕੀ ਥਾਂ ਬਣ ਚੁੱਕਿਆ ਹੈ। “ਸਾਡੀ ਗਲੀ ਦੀ ਹਰ ਅੋਰਤ ਇੱਥੇ ਹੀ ਆਉਂਦੀ ਹੈ। ਮਰਦਾਂ ਲਈ ਗਲੀ ਦੇ ਪਰਲੇ ਪਾਰ ਇਹੋ ਜਿਹੀ ਹੀ ਹੋਰ ਥਾਂ ਬਣੀ ਹੋਈ ਹੈ,” ਨਾਲੰਮਾ ਵਿਸਥਾਰ ਨਾਲ ਦੱਸਦੀ ਹੈ।
ਕੁਰਨੂਲ ਜਿਲ੍ਹੇ ਦੇ ਯੇਮੀਗਾਨੁਰ ਬਲਾਕ ਦੇ ਪਿੰਡ ਗੁੜੀਕਲ ਦੀ ਆਬਾਦੀ 11,213 ਹੈ (ਮਰਦਮਸ਼ੁਮਾਰੀ 2011)। ਸਾਲ 2019 ਵਿੱਚ ਇਸ ਪਿੰਡ ਨੂੰ ਪਹਿਲਾਂ ਕੇਂਦਰ ਸਰਕਾਰ ਨੇ ਅਤੇ ਫਿਰ ਰਾਜ ਸਰਕਾਰ ਨੇ ਖੁੱਲ੍ਹੇ ਵਿੱਚ ਸ਼ੌਚ ਤੋਂ ਮੁਕਤ ਘੋਸ਼ਿਤ ਕੀਤਾ ਸੀ। ਪਰ ਗੁੜੀਕਲ ਦੇ ਤੀਜੇ ਵਾਰਡ, ਜਿੱਥੇ ਨਾਲੰਮਾ ਰਹਿੰਦੀ ਹੈ, ਦੇ ਵਾਸੀਆਂ ਦਾ ਕਹਿਣਾ ਹੈ ਕਿ ਇਹ ਵਾਰਡ ਖੁੱਲ੍ਹੇ ਵਿੱਚ ਸ਼ੌਚ ਤੋਂ ਮੁਕਤ ਬਿਲਕੁਲ ਵੀ ਨਹੀਂ ਹੈ। ਨਾਲੰਮਾ ਦਾ ਇੱਥੋਂ ਤੱਕ ਦੱਸਣਾ ਹੈ ਕਿ ਅੱਠ ਵਿੱਚੋਂ ਛੇ ਵਾਰਡਾਂ ਵਿੱਚ ਪਖਾਨੇ ਦੀ ਸਹੂਲਤ ਨਹੀਂ ਹੈ। (ਸਰਕਾਰੀ ਰਿਕਾਰਡ ਅਨੁਸਾਰ ਇੱਥੇ 20 ਵਾਰਡ ਹਨ ਪਰ ਸਥਾਨਕ ਸਰਕਾਰੀ ਅਫ਼ਸਰਾਂ, ਸਥਾਨਕ ਸਕੱਤਰੇਤ ਅਤੇ ਸਹਿਯੋਗੀਆਂ ਦਾ ਵੀ ਕਹਿਣਾ ਹੈ ਕਿ ਇਹ ਗਿਣਤੀ 8 ਹੈ)
ਗੁੜੀਕਲ ਦੇ 25 ਪ੍ਰਤੀਸ਼ਤ ਪਰਿਵਾਰ ਮਜ਼ਦੂਰੀ ਦਾ ਕੰਮ ਕਰਦੇ ਹਨ (ਸਮਾਜਿਕ, ਆਰਥਿਕ ਅਤੇ ਜਾਤੀ ਮਰਦਮਸ਼ੁਮਾਰੀ 2011)। ਜਦਕਿ 53 ਪ੍ਰਤੀਸ਼ਤ ਘਰਾਂ ਦੀ ਆਮਦਨ ਦਾ ਮੁੱਖ ਜ਼ਰੀਆ ਖੇਤੀਬਾੜੀ ਹੈ। ਜ਼ਿਆਦਾਤਰ ਕਿਸਾਨ ਵਾਪਾਰਕ ਫ਼ਸਲਾਂ ਜਿਵੇਂ ਕਿ ਮਿਰਚਾਂ ਅਤੇ ਨਰਮੇ ਦੀ ਖੇਤੀ ਕਰਦੇ ਹਨ। ਇਸ ਇਲਾਕੇ ਵਿੱਚ ਪਾਣੀ ਦੀ ਕਿੱਲਤ ਦੇ ਚੱਲਦਿਆਂ ਖੇਤੀ ਮੌਸਮ 'ਤੇ ਨਿਰਭਰ ਹੈ ਅਤੇ ਸਿੰਚਾਈ ਵਾਲਾ ਰਕਬਾ ਲਗਭਗ 1,420 ਹੈਕਟੇਅਰ ਹੈ।
ਨਾਲੰਮਾ ਪੁਰਾਣੇ ਜਾਮੀ (ਪ੍ਰੋ ਸੋਪਿਸ ਸਿਨਰੇਰੀਆ ) ਦੇ ਦਰੱਖਤ ਦੀ ਛਾਵੇਂ ਬੈਠੇ ਚਾਰ ਜੰਗਲੀ ਸੂਰਾਂ ਵੱਲ ਇਸ਼ਾਰਾ ਕਰਦੀ ਹੈ। ਉਹ ਦੱਸਦੀ ਹੈ ਕਿ ਸੂਰਾਂ ਦੇ ਨਾਲ ਨਾਲ ਚਿੱਟੇ ਸਾਰਸ ਅਤੇ ਸੱਪ ਇੱਥੇ ਆਮ ਹੀ ਦਿਖਾਈ ਦੇ ਜਾਂਦੇ ਹਨ। “ਸਵੇਰੇ ਜਦ ਅਸੀਂ ਆਉਂਦੀਆਂ ਹਾਂ ਤਾਂ ਇੱਥੇ ਘੁੱਪ ਹਨੇਰਾ ਪਸਰਿਆ ਹੁੰਦਾ ਹੈ। ਹਾਲੇ ਤੱਕ ਕੋਈ ਅਣਸੁਖਾਵੀਂ ਘਟਨਾ ਤਾਂ ਨਹੀਂ ਵਾਪਰੀ ਪਰ ਫਿਰ ਵੀ ਡਰ ਬਣਿਆ ਰਹਿੰਦਾ ਹੈ,” ਉਹ ਦੱਸਦੀ ਹੈ।
ਨਾਲੰਮਾ, ਜੋ ਕਿ ਤਿੰਨ ਬੱਚਿਆਂ ਦੀ ਮਾਂ ਹੈ, ਦੀ ਸਵੇਰ ਕਾਫ਼ੀ ਰੁਝੇਵਿਆਂ ਭਰੀ ਹੁੰਦੀ ਹੈ। ਉਹ ਪਿੰਡ ਦੇ ਬਾਕੀ ਲੋਕਾਂ ਵਾਂਗ ਇੱਥੇ ਸਵੇਰੇ ਚਾਰ ਵਜੇ ਆਉਂਦੀ ਹੈ ਜਦ ਚਾਰੇ ਪਾਸੇ ਹਨੇਰਾ ਹੁੰਦਾ ਹੈ। ਉਹ ਪਿੰਡ ਤੋਂ ਤਿੰਨ ਕਿਲੋਮੀਟਰ ਦੂਰ ਯੇਮੀਗਾਨੁਰ ਕਸਬੇ ਵਿੱਚ ਉਸਾਰੀ ਦੇ ਕੰਮ ਲਈ ਦਿਹਾੜੀ ‘ਤੇ ਜਾਣ ਲਈ ਸਵੇਰੇ ਅੱਠ ਵਜੇ ਘਰੋਂ ਚੱਲਦੀ ਹੈ। “ਜਿੱਥੇ ਅਸੀਂ ਉਸਾਰੀ ਦਾ ਕੰਮ ਕਰਦੇ ਹਾਂ ਉੱਥੇ ਵੀ ਪਖਾਨੇ ਦੀ ਕੋਈ ਸਹੂਲਤ ਨਹੀਂ ਹੈ,” ਉਹ ਕਹਿੰਦੀ ਹੈ। “ਉੱਥੇ ਵੀ ਅਸੀਂ (ਪਿਸ਼ਾਬ ਕਰਨ ਲਈ) ਕਿਸੇ ਦਰੱਖਤ ਓਹਲੇ ਜਾਂ ਖੁੱਲ੍ਹੀ ਥਾਂ ‘ਤੇ ਜਾਂਦੇ ਹਾਂ।”
*****
“ਮਾਲਾ, ਮਾਡੀਗਾ, ਚੱਕਾਲੀ, ਨੇਤਕਣੀ, ਬੋਇਆ, ਪਦਮਸਾਲੀ- ਸਭ ਲਈ ਵੱਖੋ ਵੱਖਰੀਆਂ ਥਾਵਾਂ ਹਨ,” ਜਨਕੰਮਾ ਇੱਥੋਂ ਦੀਆਂ ਸਭ ਜਾਤਾਂ ਦੇ ਨਾਮ ਗਿਣਵਾਉਂਦਿਆਂ ਦੱਸਦੀ ਹੈ ਜੋ ਕਿ ਆਂਧਰਾ ਪ੍ਰਦੇਸ਼ ਵਿੱਚ ਅਨੁਸੂਚਿਤ ਜਾਤੀ ਅਤੇ ਹੋਰ ਪਿਛੜੀ ਜਾਤੀਆਂ ਅੰਤਰਗਤ ਆਉਂਦੇ ਹਨ। “ਮਰਦ ਅਤੇ ਔਰਤਾਂ ਲਈ ਵੱਖ ਵੱਖ ਥਾਵਾਂ ਹਨ; ਅਤੇ ਬੱਚੇ ਤੇ ਬਜ਼ੁਰਗ ਵੱਖ ਵੱਖ ਥਾਵਾਂ ‘ਤੇ ਜਾਂਦੇ ਹਨ”। ਸੱਠਾਂ ਸਾਲਾਂ ਦੀ ਜਨਕੰਮਾ ਗੁੜੀਕਲ ਦੇ ਪੰਜਵੇਂ ਵਾਰਡ ਦੀ ਵਸਨੀਕ ਹੈ ਅਤੇ ਬੋਇਆ ਜਾਤੀ ਨਾਲ ਸਬੰਧ ਰੱਖਦੀ ਹੈ ਜੋ ਹੋਰ ਪਿਛੜੀ ਜਾਤੀ ਅੰਤਰਗਤ ਆਉਂਦੀ ਹੈ।
ਬਹੁਤ ਸਾਰੇ ਵਸਨੀਕਾਂ ਕੋਲ ਆਪਣੀ ਜ਼ਮੀਨ ਨਹੀਂ ਹੈ ਅਤੇ ਉਹ ਕੱਚੇ ਘਰਾਂ ਵਿੱਚ ਰਹਿੰਦੇ ਹਨ। “ਵੱਧਦੀ ਉਮਰੇ ਹੁਣ ਅਸੀਂ ਨਿਜਤਾ ਬਣਾਈ ਰੱਖਣ ਲਈ ਪਹਾੜੀ ਵਗੈਰਾ ਤਾਂ ਪਾਰ ਨਹੀਂ ਕਰ ਸਕਦੇ। ਸਾਨੂੰ ਨੇੜੇ ਹੀ ਕੋਈ ਥਾਂ ਦੇਖ ਕੇ ਜਾਣਾ ਪੈਂਦਾ ਹੈ,” ਰਾਮਨੰਮਾ ਦੱਸਦੀ ਹੈ। ਉਹ ਆਪਣੀ ਉਮਰ (ਸੱਠ ਸਾਲ) ਦੀਆਂ ਹੋਰ ਔਰਤਾਂ- ਅਨਜੰਮਾ, ਯੇਲੰਮਾ ਨਾਲ ਪੰਜਵੇਂ ਵਾਰਡ ਵਿੱਚ ਇੱਕ ਸਾਂਝੀ ਥਾਂ ‘ਤੇ ਬੈਠੀ ਹੈ।
ਬੋਇਆ ਲੋਕਾਂ ਦੀ ਰਿਹਾਇਸ਼ ਹਨੂੰਮਾਨ ਪਹਾੜੀਆਂ ਦੇ ਬਿਲਕੁਲ ਨੇੜੇ ਹੈ। ਗੁੜੀਕਲ ਵਿੱਚ ਚੇਰੁਵੂ (ਝੀਲ) ਦੇ ਕੰਢੇ ਉਹ ਕੁਝ ਮਹੀਨੇ ਪਹਿਲਾਂ ਤੱਕ ਸ਼ੌਚ ਲਈ ਜਾਇਆ ਕਰਦੇ ਸਨ, ਪਰ ਉਹ ਜ਼ਮੀਨ ਕਿਸੇ ਉੱਚੀ ਜਾਤ ਵਾਲੇ ਨੇ ਖਰੀਦ ਲਈ। ਰਾਮਨੰਮਾ ਨਿਰਾਸ਼ਾ ਭਰੇ ਸੁਰ ਵਿੱਚ ਕਹਿੰਦੀ ਹੈ, “ਹੁਣ ਅਸੀਂ ਆਪਣੀਆਂ ਝੌਂਪੜੀਆਂ ਖੇਤਾਂ ਦੇ ਹੋਰ ਨੇੜੇ ਕਰ ਲਈਆਂ ਹਨ”।
ਯੇਲੰਮਾ ਹਾਮੀ ਭਰਦਿਆਂ ਕਹਿੰਦੀ ਹੈ, “ਕਿਸੇ ਵੱਡੇ ਪੱਥਰ ਓਹਲੇ ਜਾਣਾ ਜਾਂ ਪਹਾੜੀ ਚੜ੍ਹ ਕੇ ਜਾਣਾ ਮੇਰੀ ਉਮਰ ਵਾਲਿਆਂ ਲਈ ਜੋਖਿਮ ਭਰਿਆ ਕੰਮ ਹੈ, ਇਸ ਲਈ ਹੁਣ ਨਿਜਤਾ ਮੇਰੀ ਪਹਿਲ ਨਹੀਂ ਰਹੀ।”
ਇੱਕ ਕਿਲੋਮੀਟਰ ਤੋਂ ਵੀ ਘੱਟ ਦੂਰੀ ‘ਤੇ ਛੇਵੇਂ ਵਾਰਡ ਵਿੱਚ ਰਹਿਣ ਵਾਲੀ ਪਾਰਵਤੰਮਾ ਕਹਿੰਦੀ ਹੈ, “ਅਨੁਸੂਚਿਤ ਜਾਤੀ ਵਾਲਿਆਂ ਦੀ ਕਲੋਨੀ ਵਿੱਚ ਪਖਾਨਾ ਹੋਣਾ ਤਾਂ ਦੂਰ ਦੀ ਗੱਲ ਰਹੀ, ਢੰਗ ਦਾ ਇੱਕ ਨਾਲ਼ਾ ਤੱਕ ਨਹੀਂ ਹੈ। ਕਈ ਵਾਰੀ ਤਾਂ ਖੁੱਲ੍ਹੇ ਨਾਲ਼ਿਆਂ ਵਿੱਚੋਂ ਆਉਂਦੀ ਬਦਬੂ ਕਾਰਨ ਸਾਡਾ ਖਾਣਾ ਪੀਣਾ ਵੀ ਦੁੱਬਰ ਹੋ ਜਾਂਦਾ ਹੈ।”
ਇਹ 38 ਸਾਲਾ ਔਰਤ ਯਾਦ ਕਰਦਿਆਂ ਦੱਸਦੀ ਹੈ ਕਿ ਉਸ ਨੇ ਅਤੇ ਹੋਰ ਔਰਤਾਂ ਨੇ ਪਿੰਡ ਵਿੱਚ ਵੋਟਾਂ ਮੰਗਣ ਆਏ ਨੇਤਾਵਾਂ ਸਾਹਮਣੇ ਵੀ ਕਿੰਨੀ ਵਾਰ ਆਪਣੀ ਗੱਲ ਰੱਖਣ ਦੀ ਕੋਸ਼ਿਸ਼ ਕੀਤੀ ਹੈ। ਉਸ ਅਨੁਸਾਰ ਔਰਤਾਂ ਦੀ ਤਾਂ ਕੋਈ ਸੁਣਵਾਈ ਹੀ ਨਹੀਂ ਹੈ: “ਸਾਡੇ ਆਸ ਪਾਸ ਦੇ ਮਰਦ ਸਾਨੂੰ ਬੋਲਣ ਤੋਂ ਰੋਕ ਦਿੰਦੇ ਹਨ ਅਤੇ ਕਹਿੰਦੇ ਹਨ ਕਿ ਤੁਸੀਂ ਕੀ ਬੋਲ ਰਹੀਆਂ ਹੋ ਤੁਹਾਨੂੰ ਕੁਝ ਪਤਾ ਤਾਂ ਹੈ ਨਹੀਂ।”
ਪਾਰਵਤੰਮਾ ਨੂੰ ਸਥਾਨਕ ਸਰਕਾਰ, ਮੁੱਖ ਤੌਰ ‘ਤੇ ਗ੍ਰਾਮ - ਵਾਰਡ ਸਚਿਵਾਲਿਅਮ ਜਾਂ ਪੇਂਡੂ-ਵਾਰਡ ਸਕੱਤਰੇਤ (ਭਾਰਤ ਦੇ ਆਂਧਰਾ ਪ੍ਰਦੇਸ਼ ਵਿੱਚ ਸਕੱਤਰੇਤ ਸਥਾਪਿਤ ਕੀਤੇ ਗਏ ਹਨ ਤਾਂ ਜੋ ਪ੍ਰਸ਼ਾਸਨ ਦਾ ਵਿਕੇਂਦਰੀਕਰਨ ਕਰਕੇ ਸਾਰੇ ਸਰਕਾਰੀ ਵਿਭਾਗਾਂ ਦੇ ਲੋਕ ਭਲਾਈ ਦੇ ਕੰਮ ਇੱਕ ਥਾਂ ਮਹੱਈਆ ਕਰਵਾਏ ਜਾ ਸਕਣ), ਵਿੱਚ ਕੋਈ ਵਿਸ਼ਵਾਸ ਨਹੀਂ। ਗੁੜੀਕਲ ਵਿੱਚ 3 ਸਚਿਵਾਲਿਅਮ ਵਿੱਚ 51 ਵਲੰਟੀਅਰ ਹਨ, ਅਤੇ ਹਰ ਵਲੰਟੀਅਰ ਹਿੱਸੇ 50 ਘਰ ਆਉਂਦੇ ਹਨ।
“ਤਿੰਨ ਸਾਲ ਪਹਿਲਾਂ ਸਚਿਵਾਲਿਅਮ ਤੋਂ ਕੁਝ ਲੋਕ ਆਏ ਅਤੇ ਗੁੜੀਕਲ ਦੇ ਕੁਝ ਘਰਾਂ ਵਿੱਚ ਪਖਾਨੇ ਬਨਾਉਣ ਲਈ ਥਾਂ ਦੀ ਨਿਸ਼ਾਨੀ ਲਾ ਗਏ। ਪਰ ਉਸ ਤੋਂ ਬਾਦ ਮੁੜ ਕਦੀ ਨਹੀਂ ਆਏ,” 49 ਸਾਲਾ ਨਾਰਸੰਮਾ ਦੱਸਦੀ ਹੈ। “ ਭਾਵੇਂ ਇੱਥੇ ਬਹੁਤ ਵਲੰਟੀਅਰ ਹਨ ਪਰ ਉਨ੍ਹਾਂ ਨੂੰ ਕੋਈ ਪਰਵਾਹ ਨਹੀਂ। ਵਾਲਾਕੀ ਕੋਮੁਲੂ ਮੋਲੀਚਾਈ (ਤਾਕਤ ਉਨ੍ਹਾਂ ਦੇ ਸਿਰ ਚੜ ਗਈ ਹੈ)।”
43 ਸਾਲਾ ਗੁਲਾਮ ਜਮੀਲਾ ਬੀ ਜੋ ਗੁੜੀਕਲ ਦੀ ਪੰਚਾਇਤ ਸੈਕਟਰੀ ਹੋਣ ਦੇ ਨਾਲ ਨਾਲ ਸਾਰੇ ਸਚਿਵਾਲਿਅਮਾਂ ਦੀ ਪ੍ਰਧਾਨ ਹੈ, ਪਖਾਨੇ ਬਨਵਾਉਣ ਲਈ ਯੋਗਤਾਵਾਂ ਗਿਣਵਾਉਂਦੀ ਹੈ: “ਘਰ ਵਿੱਚ ਪਖਾਨੇ ਦੀ ਸਹੂਲਤ ਪਹਿਲਾਂ ਤੋਂ ਨਾ ਹੋਣਾ, ਘਰ ਦੀ ਮਾਲਕੀਅਤ, ਗਰੀਬੀ ਰੇਖਾ ਤੋਂ ਹੇਠਾਂ (ਬੀਪੀਐਲ) ਕਾਰਡ, ਅਤੇ ਆਧਾਰ ਕਾਰਡ”। ਉਹ ਕਹਿੰਦੀ ਹੈ ਕਿ ਪੇਂਡੂ ਮਾਲੀਆ ਅਫ਼ਸਰ (ਵੀਆਰਉ) ਇਸ ਆਧਾਰ ਤੇ ਸੂਚੀ ਤਿਆਰ ਕਰ ਕੇ ‘ਸਵੱਛ ਆਂਧਰਾ ਮਿਸ਼ਨ’ ਤਹਿਤ ਮੁਫ਼ਤ ਪਖਾਨੇ ਬਨਵਾਉਣ ਦੀ ਮੰਜੂਰੀ ਦਿੰਦਾ ਹੈ।”
ਜਿਆਦਾਤਰ ਘਰਾਂ ਦੇ ਇਸ ਯੋਗਤਾ ਦੇ ਆਧਾਰ ਨੂੰ ਪੂਰਾ ਕਰਨ ਦੇ ਬਾਵਜੂਦ ਗੁੜੀਕਲ ਵਿੱਚ ਸਿਰਫ਼ 9 ਪਖਾਨੇ ਹੀ ਬਣੇ ਹਨ, ਗੁਲਾਮ ਦਾ ਦੱਸਣਾ ਹੈ। ਉਹ YSRCP (ਯੁਵਾਜਨਾ ਸ਼ਰਮਿਕ ਰਇਥੂ ਕਾਂਗਰਸ ਪਾਰਟੀ) ਦਾ 2019 ਦਾ ਚੋਣ ਮੈਨੀਫੈਸਟੋ ਦਿਖਾਉਂਦਿਆਂ ਕਹਿੰਦੀ ਹੈ, “ਇਹ ਉਹ ਸਾਰੀਆਂ ਸਕੀਮਾਂ ਹਨ ਜੋ ਜਗਨ (ਮੁੱਖ ਮੰਤਰੀ) ਨੇ ਲਾਗੂ ਕਰਨ ਦੀ ਯੋਜਨਾ ਬਣਾਈ ਹੈ, ਅਤੇ ਇਸ ਪਰਚੇ ਵਿੱਚ ਪਖਾਨਿਆਂ ਦਾ ਕਿਤੇ ਵੀ ਜ਼ਿਕਰ ਨਹੀਂ।”
ਨਾਰਸੰਮਾ, ਜਿਸ ਦਾ ਘਰ ਪਖਾਨੇ ਬਨਾਉਣ ਲਈ 2019 ਵਿੱਚ ਚੁਣਿਆ ਗਿਆ ਸੀ, ਚੌਥੇ ਵਾਰਡ ਦੇ ਸਿਰੇ ‘ਤੇ ਰਹਿੰਦੀ ਹੈ ਜੋ ਕਿ ਨੀਵਾਂ ਇਲਾਕਾ ਹੈ ਅਤੇ ਇੱਥੇ ਸਾਰੇ ਘਰ ਦੋ ਫੁੱਟ ਉੱਚੇ ਬਣਾਏ ਗਏ ਹਨ ਤਾਂ ਜੋ ਜੂਨ ਤੋਂ ਅਕਤੂਬਰ ਮਹੀਨਿਆਂ ਵਿੱਚ ਮੌਨਸੂਨ ਦੌਰਾਨ ਪਾਣੀ ਖੜਨ ਅਤੇ ਹੜ ਦੀ ਸਮੱਸਿਆ ਤੋਂ ਬਚਿਆ ਜਾ ਸਕੇ।
ਉਹ 4 x 4 ਫੁੱਟ ਦੇ ਚੌਰਸ ਥਾਂ ਕੋਲ ਖੜੀ ਹੈ ਜਿਸ ਦੀ ਪੱਥਰਾਂ ਨਾਲ ਨਿਸ਼ਾਨਦੇਹੀ ਕੀਤੀ ਹੋਈ ਹੈ। ਇਹ ਪੱਥਰ ਉਸ ਥਾਂ ਰੱਖੇ ਹਨ ਜਿੱਥੇ ਤਿੰਨ ਸਾਲ ਪਹਿਲਾਂ ਪਖਾਨੇ ਬਣਨੇ ਸਨ ਪਰ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ।
ਨਾਰਸੰਮਾ ਦੇ ਸਾਹਮਣੇ ਘਰ ਵਿੱਚ ਰਹਿਣ ਵਾਲੀ 51 ਸਾਲਾ ਭੱਦਰੰਮਾ ਦਾ ਕਹਿਣਾ ਹੈ ਕਿ ਮੌਨਸੂਨ ਦੌਰਾਨ ਮੀਂਹ ਦਾ ਪਾਣੀ ਗੁੜੀਕਲ ਦੇ ਅਲੱਗ ਅਲੱਗ ਹਿੱਸਿਆਂ ਵਿੱਚੋਂ ਕਚਰਾ ਲਿਆ ਕੇ ਉਨ੍ਹਾਂ ਦਾਂ ਰਾਹ ਬੰਦ ਕਰਨ ਦੇ ਨਾਲ ਨਾਲ ਬਹੁਤ ਗੰਦੀ ਬਦਬੋ ਵੀ ਛੱਡਦਾ ਹੈ। ਉਹ ਉਨ੍ਹਾਂ ਦੀ ਗਲੀ ਦੇ ਸਿਰੇ ਤੇ ਬਣੇ ਮੰਦਿਰ ਜਿਸ ਵਿੱਚ ਲੋਕਾਂ ਦੀ ਬਹੁਤ ਆਸਥਾ ਹੈ, ਵੱਲ ਇਸ਼ਾਰਾ ਕਰਦਿਆਂ ਕਹਿੰਦੀ ਹੈ, “ਇਹ ਉਹੀ ਥਾਂ ਹੈ ਜਿੱਥੇ ਗਰਮੀਆਂ ਵਿੱਚ ਪਿੰਡ ਦੇ ਲੋਕ ਇਕੱਠੇ ਹੋ ਕੇ ਗਰਮੀਆਂ ਦੌਰਾਨ ਯਾਤਰਾ (ਧਾਰਮਿਕ ਸਮਾਗਮ) ਕੱਢਦੇ ਹਨ ਪਰ ਮੌਨਸੂਨ ਆਉਂਦਿਆਂ ਹੀ ਕਿਸੇ ਨੂੰ ਕੋਈ ਫ਼ਰਕ ਪੈਂਦਾ ਕਿ ਇੱਥੇ ਕੀ ਹੁੰਦਾ ਹੈ।”
ਰਾਮਾਲਕਸ਼ਮੀ ਪੱਕੇ ਘਰ ਵਿੱਚ ਰਹਿੰਦੀ ਹੈ ਜਿਸ ਦੇ ਦਰਵਾਜੇ ਦੇ ਨਾਲ ਹੀ ਗੁਸਲਖਾਨਾ ਹੈ, ਪਰ ਪਖਾਨਾ ਇੱਥੇ ਵੀ ਨਹੀਂ ਹੈ। 21 ਸਾਲਾ ਰਾਮਾਲਕਸ਼ਮੀ ਤਿੰਨ ਸਾਲ ਪਹਿਲਾਂ ਵਿਆਹ ਕੇ ਗੁੜੀਕਲ ਆਈ ਸੀ, “ਮੇਰਾ ਸਹੁਰਾ ਪਰਿਵਾਰ, ਮੇਰਾ ਘਰਵਾਲਾ ਅਤੇ ਮੈਂ ਖੁੱਲ੍ਹੇ ਵਿੱਚ ਸ਼ੌਚ ਲਈ ਜਾਂਦੇ ਹਾਂ”। ਉਸ ਦੇ ਦੋ ਛੋਟੇ ਬੱਚਿਆ ਲਈ ਘਰ ਦੇ ਨੇੜੇ ਥਾਂ ਹੈ।
ਇਸ ਲੇਖ ਦੀਆਂ ਸਾਰੀਆਂ ਔਰਤਾਂ ਨੇ ਨਾਮ ਗੁਪਤ ਰੱਖਣ ਦੀ ਸ਼ਰਤ ‘ਤੇ ਆਪਣੇ ਤਜਰਬੇ ਸਾਂਝੇ ਕੀਤੇ ਹਨ, ਸਿਵਾਏ ਗੁਲਾਮ ਜਮੀਲਾ ਬੀ ਦੇ ਜੋ ਗੁੜੀਕਲ ਦੀ ਪੰਚਾਇਤ ਸੈਕਟਰੀ ਹੈ।
ਤਰਜਮਾ: ਨਵਨੀਤ ਕੌਰ ਧਾਲੀਵਾਲ