ਦੁਪਹਿਰ ਦਾ ਸਮਾਂ ਹੈ ਤੇ ਮਹਾਰਾਸ਼ਟਰ ਦੇ ਉਲਹਾਸਨਗਰ ਤਾਲੁਕਾ ਵਿਖੇ ਅਜੇ ਹੁਣੇ ਹੀ ਮੀਂਹ ਰੁਕਿਆ ਹੈ।

ਠਾਣੇ ਜ਼ਿਲ੍ਹੇ ਦੇ ਸੈਂਟਰ ਹਸਪਤਾਲ ਉਲਹਾਸਨਗਰ ਦੀਆਂ ਬਰੂਹਾਂ 'ਤੇ ਇੱਕ ਆਟੋ ਰੁੱਕਦਾ ਹੈ। ਆਪਣੇ ਖੱਬੇ ਹੱਥ 'ਚ ਚਿੱਟੀ ਤੇ ਲਾਲ ਖੂੰਡੀ ਫੜ੍ਹੀ, ਗਿਆਨੇਸ਼ਵਰ ਰਿਕਸ਼ੇ 'ਚੋਂ ਬਾਹਰ ਆਉਂਦੇ ਹਨ। ਉਨ੍ਹਾਂ ਦੇ ਮਗਰ ਉਨ੍ਹਾਂ ਦੀ ਪਤਨੀ, ਅਰਚਨਾ ਹੈ ਜਿਨ੍ਹਾਂ ਨੇ ਗਿਆਨੇਸ਼ਵਰ ਦੇ ਮੋਢਿਆਂ 'ਤੇ ਹੱਥ ਰੱਖਿਆ ਹੈ, ਚਿੱਕੜ ਵਿੱਚ ਉਨ੍ਹਾਂ ਦੀਆਂ ਚਪਲਾਂ ਛਿੱਟੇ ਮਾਰ ਰਹੀਆਂ ਹਨ।

ਗਿਆਨੇਸ਼ਵਰ ਆਪਣੀ ਕਮੀਜ਼ ਦੀ ਜੇਬ੍ਹ 'ਚੋਂ 500-500 ਦੇ ਦੋ ਨੋਟ ਕੱਢਦੇ ਹਨ ਤੇ ਇੱਕ ਰਿਕਸ਼ਾ ਚਾਲਕ ਵੱਲ ਵਧਾ ਦਿੰਦੇ ਹਨ। ਚਾਲਕ ਕੁਝ ਭਾਣ ਵਾਪਸ ਮੋੜਦਾ ਹੈ। ਮੋੜੇ ਸਿੱਕੇ ਨੂੰ ਸਾਵਧਾਨੀ ਨਾਲ਼ ਜੇਬ੍ਹ ਅੰਦਰ ਖਿਸਕਾਉਂਦਿਆਂ ਉਹ ਫੁਸਫੁਸਾਉਂਦੇ ਹਨ,''ਪੰਜ ਰੁਪਏ''। 33 ਸਾਲ ਗਿਆਨੇਸ਼ਵਰ ਜਦੋਂ ਤਿੰਨ ਸਾਲ ਦੇ ਸਨ ਤਾਂ ਕੋਰਨੀਅਲ ਅਲਸਰ ਕਾਰਨ ਉਨ੍ਹਾਂ ਦੀ ਨਜ਼ਰ ਚਲੀ ਗਈ।

ਵੰਨਗੀ ਕਸਬੇ ਦੇ ਅੰਬਰਨਾਥ ਤਾਲੁਕਾ ਤੋਂ 25 ਕਿਲੋਮੀਟਰ ਦੂਰ ਸਥਿਤ ਸੈਂਟਰਲ ਹਸਪਤਾਲ ਜਾਣ ਲਈ, ਜਿੱਥੇ ਅਰਚਨਾ ਦਾ ਡਾਇਲਸਿਸ ਸੈਸ਼ਨ ਹੁੰਦਾ ਹੈ, ਆਟੋ-ਚਾਲਕ ਇੱਕ ਪਾਸੇ ਦਾ 480-520 ਰੁਪਏ ਕਿਰਾਇਆ ਵਸੂਲਦਾ ਹੈ। ''ਅੱਜ ਇੱਥੇ ਆਉਣ ਵਾਸਤੇ ਮੈਂ ਆਪਣੇ ਇੱਕ ਦੋਸਤ ਪਾਸੋਂ 1000 ਰੁਪਏ ਉਧਾਰ ਮੰਗੇ,'' ਗਿਆਨੇਸ਼ਵਰ ਕਹਿੰਦੇ ਹਨ। ''ਹਰ ਵਾਰੀਂ ਜਦੋਂ ਅਸੀਂ ਹਸਪਤਾਲ ਆਉਂਦੇ ਹਾਂ, ਮੈਨੂੰ ਉਧਾਰੀ ਹੀ ਚੁਕਣੀ ਪੈਂਦੀ ਹੈ।'' ਇਹ ਜੋੜਾ ਮਲ੍ਹਕੜੇ-ਮਲ੍ਹਕੜੇ, ਸਾਵਧਾਨੀ ਨਾਲ਼ ਪੈਰ ਪੁੱਟਦਾ ਹੋਇਆ ਹਸਪਤਾਲ ਦੀ ਦੂਜੀ ਮੰਜ਼ਲ 'ਤੇ ਸਥਿਤ ਡਾਇਲਸਿਸ ਕਮਰੇ ਵੱਲ ਵੱਧਦਾ ਜਾਂਦਾ ਹੈ।

ਅਰਚਨਾ, ਜੋ ਅੰਸ਼ਕ ਜੋਤਹੀਣ ਹਨ, ਨੂੰ ਇਸ ਸਾਲ ਮਈ ਵਿੱਚ ਮੁੰਬਈ ਦੇ ਲੋਕਮਾਨਿਆ ਤਿਲਕ ਮਿਊਂਸੀਪਲ ਜਨਰਲ ਹਸਤਪਾਲ ਵਿਖੇ ਗੁਰਦੇ ਦੀ ਗੰਭੀਰ ਬੀਮਾਰੀ ਦਾ ਪਤਾ ਚੱਲਿਆ। ''ਉਹਦੇ ਦੋਵੇਂ ਗੁਰਦੇ ਫ਼ੇਲ੍ਹ ਹੋ ਗਏ ਨੇ,'' ਗਿਆਨੇਸ਼ਵਰ ਕਹਿੰਦੇ ਹਨ; 28 ਸਾਲਾ ਅਰਚਨਾ ਲਈ ਹਫ਼ਤੇ 'ਚ ਤਿੰਨ ਵਾਰੀਂ ਹੀਮੋਡਾਇਲਸਿਸ ਲਈ ਆਉਣਾ ਜ਼ਰੂਰੀ ਹੈ।

ਸੈਂਟਰਲ ਹਸਪਤਾਲ ਉਲਹਾਸਨਗਰ ਦੇ ਨੈਫ਼ਰੋਲੋਜਿਸਟ (ਗੁਰਦੇ ਦੇ ਮਾਹਰ) ਡਾ. ਹਾਰਦਿਕ ਸ਼ਾਹ ਕਹਿੰਦੇ ਹਨ,''ਗੁਰਦੇ ਸਾਡੇ ਸਰੀਰ ਦਾ ਜ਼ਰੂਰੀ ਅੰਗ ਹਨ- ਉਹ ਸਾਡੇ ਸਰੀਰ 'ਚੋਂ ਫ਼ਾਲਤੂ ਤੇ ਵਾਧੂ ਤਰਲ ਬਾਹਰ ਕੱਢਦੇ ਹਨ। ਜਦੋਂ ਉਹ ਨਕਾਰਾ ਹੋ ਜਾਂਦੇ ਹਨ ਤਾਂ ਬੰਦੇ ਨੂੰ ਜਿਊਂਦੇ ਰਹਿਣ ਵਾਸਤੇ ਡਾਇਲਸਿਸ ਕਰਾਉਣ ਜਾਂ ਫਿਰ ਗੁਰਦੇ ਨੂੰ ਬਦਲਾਏ ਜਾਣ ਦੀ ਲੋੜ ਰਹਿੰਦੀ ਹੈ।'' ਹਰ ਸਾਲ, ਭਾਰਤ ਅੰਦਰ ਅੰਡ ਸਟੇਜ ਰੀਨਲ ਡਿਜ਼ੀਜ਼ (ਗੁਰਦੇ ਦੀ ਬੀਮਾਰੀ ਦੇ ਅੰਤਮ ਪੜਾਅ 'ਤੇ ਪਏ ਮਰੀਜ਼) ਦੇ 2.2 ਲੱਖ ਨਵੇਂ ਮਰੀਜ਼ ਸਾਹਮਣੇ ਆਉਂਦੇ ਹਨ, ਜਿਸ ਕਾਰਨ 3.4 ਕਰੋੜ ਡਾਇਲਸਿਸ ਪ੍ਰਕਿਰਿਆਵਾਂ ਦੀ ਵਾਧੂ ਮੰਗ ਬਣੀ ਰਹਿੰਦੀ ਹੈ।

Archana travels 25 kilometres thrice a week to receive dialysis at Central Hospital Ulhasnagar in Thane district
PHOTO • Jyoti Shinoli
Archana travels 25 kilometres thrice a week to receive dialysis at Central Hospital Ulhasnagar in Thane district
PHOTO • Jyoti Shinoli

ਖੱਬੇ ਪਾਸੇ: ਠਾਣੇ ਜ਼ਿਲ੍ਹੇ ਦੇ ਸੈਂਟਰਲ ਹਸਪਤਾਲ ਉਲਹਾਸਨਗਰ ਵਿੱਚ ਡਾਇਲਸਿਸ ਰੂਮ। ਸੱਜੇ ਪਾਸੇ: ਅਰਚਨਾ ਇੱਥੇ ਡਾਇਲਸਿਸ ਪ੍ਰਾਪਤ ਕਰਨ ਲਈ ਹਫ਼ਤੇ ਵਿੱਚ ਤਿੰਨ ਵਾਰ 25 ਕਿਲੋਮੀਟਰ ਦਾ ਸਫ਼ਰ ਕਰਦੀ ਹਨ

ਅਰਚਨਾ 2016 ਵਿੱਚ ਸ਼ੁਰੂ ਕੀਤੇ ਗਏ ਪ੍ਰਧਾਨ ਮੰਤਰੀ ਰਾਸ਼ਟਰੀ ਡਾਇਲਸਿਸ ਪ੍ਰੋਗਰਾਮ (ਪੀਐਮਐਨਡੀਪੀ) ਦੇ ਤਹਿਤ ਉਲਹਾਸਨਗਰ ਹਸਪਤਾਲ ਵਿੱਚ ਡਾਇਲਸਿਸ ਪ੍ਰਾਪਤ ਕਰਦੀ ਹਨ, ਜਿਸ ਦਾ ਉਦੇਸ਼ ਗ਼ਰੀਬੀ ਰੇਖਾ ਤੋਂ ਹੇਠਾਂ (ਬੀਪੀਐੱਲ) ਦੇ ਉਨ੍ਹਾਂ ਮਰੀਜ਼ਾਂ ਨੂੰ ਮੁਫ਼ਤ ਡਾਇਲਸਿਸ ਪ੍ਰਦਾਨ ਕਰਨਾ ਹੈ ਜਿਨ੍ਹਾਂ ਦੇ ਗੁਰਦੇ ਫੇਲ੍ਹ ਹੋ ਗਏ ਹਨ।

''ਡਾਇਲਸਿਸ ਦਾ ਕੋਈ ਖ਼ਰਚਾ ਸਾਡੇ ਸਿਰ ਨਹੀਂ ਪੈਂਦਾ, ਪਰ ਆਉਣ-ਜਾਣ ਦੇ ਕਿਰਾਏ ਭਾੜੇ ਦਾ ਬੰਦੋਬਸਤ ਕਰਨਾ ਬੜਾ ਔਖ਼ਾ ਰਹਿੰਦਾ ਏ,'' ਗਿਆਨੇਸ਼ਵਰ ਕਹਿੰਦੇ ਹਨ ਜੋ ਹਸਪਤਾਲ ਦੀ ਹਰ ਗੇੜ੍ਹੀ ਵਾਸਤੇ ਆਪਣੇ ਦੋਸਤਾਂ ਪਾਸੋਂ ਉਧਾਰੀ ਲੈਣ ਲਈ ਮਜ਼ਬੂਰ ਹੋ ਜਾਂਦੇ ਹਨ। ਰੇਲ ਰਾਹੀਂ ਸਫ਼ਰ ਇੱਕ ਕਿਫ਼ਾਇਤੀ ਵਿਕਲਪ ਤਾਂ ਹੈ ਪਰ ਸੁਰੱਖਿਅਤ ਨਹੀਂ। ''ਉਹ ਇੰਨੀ ਕਮਜ਼ੋਰ ਆ ਕਿ ਸਟੇਸ਼ਨ ਦੀਆਂ ਪੌੜ੍ਹੀਆਂ ਤੱਕ ਨਹੀਂ ਚੜ੍ਹ ਸਕਦੀ,'' ਉਹ ਗੱਲ ਜਾਰੀ ਰੱਖਦੇ ਹਨ। ''ਮੈਂ ਜੋਤਹੀਣ ਹਾਂ ਨਹੀਂ ਤਾਂ ਮੈਂ ਉਹਨੂੰ ਆਪਣੀ ਗੋਦੀ ਚੁੱਕ ਲੈਂਦਾ।''

*****

ਅਰਚਨਾ ਤੇ ਗਿਆਨੇਸ਼ਵਰ, ਉਲਹਾਸਨਗਰ ਵਿਖੇ ਸਰਕਾਰ ਵੱਲੋਂ ਸੰਚਾਲਤ ਸੁਵਿਧਾ ਹੇਠ 12 ਡਾਇਲਸਿਸ ਸੈਸ਼ਨਾਂ 'ਚ ਹਾਜ਼ਰ ਹੋਣ ਵਾਸਤੇ ਹਰ ਮਹੀਨੇ ਕੁੱਲ 600 ਕਿਲੋਮੀਟਰ ਦਾ ਪੈਂਡਾ ਮਾਰਦੇ ਹਨ।

2017 ਦਾ ਇੱਕ ਅਧਿਐਨ ਦਰਸਾਉਂਦਾ ਹੈ ਕਿ ਡਾਇਲਸਿਸ 'ਤੇ ਲੱਗੇ ਤਕਰੀਬਨ 60 ਫ਼ੀਸਦੀ ਭਾਰਤੀ ਮਰੀਜ਼ ਹੀਮੋਡਾਇਲਸਿਸ ਤੱਕ ਪਹੁੰਚ ਬਣਾਉਣ ਵਾਸਤੇ 50 ਕਿਲੋਮੀਟਰ ਤੋਂ ਵੱਧ ਪੈਂਡਾ ਤੈਅ ਕਰਦੇ ਹਨ ਅਤੇ ਕਰੀਬ ਇੱਕ-ਚੌਥਾਈ ਮਰੀਜ਼ ਅਜਿਹੇ ਹਨ ਜੋ ਇਸ ਸੁਵਿਧਾ ਤੋਂ 100 ਕਿਲੋਮੀਟਰ ਦੂਰ ਰਹਿੰਦੇ ਹਨ।

ਭਾਰਤ ਅੰਦਰ ਲਗਭਗ 4,950 ਡਾਇਲਸਿਸ ਸੈਂਟਰ ਹਨ, ਜਿਨ੍ਹਾਂ ਵਿੱਚ ਜ਼ਿਆਦਾਤਰ ਕੇਂਦਰ ਨਿੱਜੀ ਸੈਕਟਰ ਦੀ ਮਾਲਕੀ ਵਾਲ਼ੇ ਹਨ। ਪੀਐੱਮਐੱਨਡੀਪੀ ਨੂੰ 30 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 569 ਜ਼ਿਲ੍ਹਿਆਂ ਦੇ 1,045 ਕੇਂਦਰਾਂ ਵਿੱਚ ਲਾਗੂ ਕੀਤਾ ਜਾ ਰਿਹਾ ਹੈ। ਇੱਕ ਸਰਕਾਰੀ ਰਿਪੋਰਟ ਦੱਸਦੀ ਹੈ ਕਿ ਇਸ ਪੂਰੇ ਕਾਰਜ ਵਾਸਤੇ ਕੁੱਲ 7,129 ਹੀਮੋਡਾਇਲਸਿਸ ਮਸ਼ੀਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ।

ਡਾਇਰੈਕਟੋਰੇਟ ਆਫ਼ ਹੈਲਥ ਸਰਵਿਸਿਜ਼, ਮੁੰਬਈ ਦੇ ਸਹਿ-ਨਿਰਦੇਸ਼ਕ ਨਿਤਿਨ ਅੰਬਾਡੇਕਰ ਮੁਤਾਬਕ ਮਹਾਰਾਸ਼ਟਰ ਵਿੱਚ ਡਾਇਲਸਿਸ ਦੇ 53 ਮੁਫ਼ਤ ਕੇਂਦਰ ਹਨ। ਉਹ ਕਹਿੰਦੇ ਹਨ,"ਹੋਰ ਕੇਂਦਰ ਸਥਾਪਤ ਕਰਨ ਲਈ ਸਾਨੂੰ ਨੈਫ਼ਰੋਲੋਜਿਸਟਾਂ, ਤਕਨੀਸ਼ੀਅਨਾਂ ਦੀ ਲੋੜ ਹੈ।''

Archana and Dnyaneshwar at their home in Vangani in 2020
PHOTO • Jyoti Shinoli

2020 ਵਿੱਚ ਵੰਨਗੀ ਵਿਖੇ ਅਰਚਨਾ ਤੇ ਗਿਆਨੇਸ਼ਵਰ ਆਪਣੇ ਘਰ ਅੰਦਰ

'ਅਰਚੂ ਦਾ ਜੀਵਨ ਹੁਣ ਡਾਇਲਸਿਸ 'ਤੇ ਹੀ ਨਿਕਲ਼ਣਾ ਹੈ। ਮੈਂ ਉਸਨੂੰ ਗੁਆਉਣਾ ਨਹੀਂ ਚਾਹੁੰਦਾ', ਗਿਆਨੇਸ਼ਵਰ ਮਸਾਂ-ਸੁਣੀਂਦੀ ਅਵਾਜ਼ ਵਿੱਚ ਕਹਿੰਦੇ ਹਨ ਜੋ ਉਸ ਏਅਰ-ਕੰਡੀਸ਼ਨਡ ਕਮਰੇ ਦੇ ਬਾਹਰ ਲੱਗੇ ਧਾਤੂ ਦੇ ਬੈਂਚ 'ਤੇ ਬੈਠੇ ਹਨ ਜਿੱਥੇ ਅੰਦਰ ਉਨ੍ਹਾਂ ਦੀ ਪਤਨੀ ਚਾਰ-ਘੰਟੇ ਚੱਲਣ ਵਾਲ਼ਾ ਇਲਾਜ ਕਰਵਾ ਰਹੀ ਹੈ

ਅਰਚਨਾ ਤੇ ਗਿਆਨੇਸ਼ਵਰ ਦੇ ਰਿਹਾਇਸ਼ ਨਗਰ ਵੰਨਗੀ ਵਿਖੇ ਸਰਕਾਰ ਦੁਆਰਾ ਸੰਚਾਲਤ ਕੋਈ ਹਸਪਤਾਲ ਨਹੀਂ ਹੈ। ਦੂਜੇ ਪਾਸੇ, 2021 ਦੀ ਜ਼ਿਲ੍ਹਾ ਸਮਾਜਿਕ ਅਤੇ ਆਰਥਿਕ ਸਮੀਖਿਆ ਕਹਿੰਦੀ ਹੈ, ਠਾਣੇ ਵਿੱਚ ਲਗਭਗ 71 ਨਿੱਜੀ ਹਸਪਤਾਲ ਹਨ। ਗਿਆਨੇਸ਼ਵਰ ਕਹਿੰਦੇ ਹਨ,''ਕੁਝ ਨਿੱਜੀ ਹਸਪਤਾਲ ਤਾਂ ਸਾਡੇ ਘਰੋਂ (ਸਿਰਫ਼) 10 ਕਿਲੋਮੀਟਰ ਦੂਰ ਹਨ ਪਰ ਉਹ ਇੱਕ ਵਾਰ ਦੇ ਸ਼ੈਸਨ ਲਈ 1,500 ਰੁਪਏ ਵਸੂਲਦੇ ਹਨ।''

ਇਸ ਲਈ, 25 ਕਿਲੋਮੀਟਰ ਦੂਰ ਸੈਂਟਰਲ ਹਸਪਤਾਲ ਉਲਹਾਸਨਗਰ ਨਾ ਸਿਰਫ ਅਰਚਨਾ ਦੇ ਡਾਇਲਸਿਸ ਲਈ, ਬਲਕਿ ਪਰਿਵਾਰ ਵਿੱਚ ਕਿਸੇ ਵੀ ਮੈਡੀਕਲ ਐਮਰਜੈਂਸੀ ਲਈ ਵੀ ਪਹਿਲਾ ਵਿਕਲਪ ਬਣ ਜਾਂਦਾ ਹੈ। ਗਿਆਨੇਸ਼ਵਰ ਉਨ੍ਹਾਂ ਘਟਨਾਵਾਂ ਦੇ ਕ੍ਰਮ ਨੂੰ ਬਿਆਨਦੇ ਹਨ ਜਿਨ੍ਹਾਂ ਵੇਲ਼ੇ ਉਹ ਇਸੇ ਹਸਪਤਾਲ ਜਾਂਦੇ ਰਹੇ।

15 ਅਪ੍ਰੈਲ 2022 ਨੂੰ, ਅਰਚਨਾ ਨੇ ਚੱਕਰ ਆਉਣ ਦੀ ਅਤੇ ਆਪਣੇ ਪੈਰਾਂ 'ਚ ਝੁਣਝੁਣਾਹਟ ਦੀ ਸ਼ਿਕਾਇਤ ਕੀਤੀ। ''ਮੈਂ ਉਹਨੂੰ ਨਿੱਜੀ ਕਲੀਨਿਕ ਲੈ ਗਿਆ, ਜਿੱਥੇ ਉਹਨੂੰ ਕਮਜ਼ੋਰੀ ਦੂਰ ਕਰਨ ਲਈ ਦਵਾਈ ਦਿੱਤੀ ਗਈ,'' ਉਹ ਕਹਿੰਦੇ ਹਨ।

ਐਪਰ, 2 ਮਈ ਦੀ ਰਾਤ ਉਹਦੀ ਸਿਹਤ ਹੋਰ ਵਿਗੜ ਗਈ ਤੇ ਉਹਦੀ ਛਾਤੀ 'ਚ ਪੀੜ੍ਹ ਹੋਣ ਲੱਗੀ ਤੇ ਉਹ ਬੇਹੋਸ਼ ਹੋ ਗਈ। ''ਉਹ ਹਿੱਲ ਵੀ ਨਹੀਂ ਰਹੀ ਸੀ। ਮੈਂ ਬੜਾ ਡਰ ਗਿਆ,'' ਗਿਆਨੇਸ਼ਵਰ ਕਹਿੰਦੇ ਹਨ ਤੇ ਚੇਤੇ ਕਰਦੇ ਹਨ ਕਿ ਉਸ ਰਾਤ ਉਹ ਕਿਵੇਂ ਅਰਚਨਾ ਨੂੰ ਇੱਕ ਸਾਲਮ ਕੈਬ ਵਿੱਚ ਪਾਈ ਇੱਕ ਹਸਪਤਾਲ ਤੋਂ ਦੂਜੇ ਹਸਪਤਾਲ ਚੱਕਰ ਕੱਟਦੇ ਰਹੇ ਸਨ।

''ਪਹਿਲਾਂ ਮੈਂ ਉਹਨੂੰ ਸੈਂਟਰਲ ਹਸਪਤਾਲ ਉਲਹਾਸਨਗਰ ਲੈ ਗਿਆ, ਜਿੱਥੇ ਉਨ੍ਹਾਂ ਨੇ ਤੁਰੰਤ ਆਕਸੀਜਨ ਲਾ ਦਿੱਤੀ। ਬਾਅਦ ਵਿੱਚ ਉਨ੍ਹਾਂ ਮੈਨੂੰ ਅਰਚਨਾ ਨੂੰ ਕਲਵਾ ਦੇ ਛਤਰਪਤੀ ਸ਼ਿਵਾਜੀ ਮਹਾਰਾਜ ਹਸਪਤਾਲ (ਉਲਹਾਸਨਗਰ ਤੋਂ 27 ਕਿਲੋਮੀਟਰ ਦੂਰ) ਲਿਜਾਣ ਲਈ ਕਿਹਾ, ਕਿਉਂਕਿ ਉਹਦੀ ਹਾਲਤ ਕਾਫ਼ੀ ਨਾਜ਼ੁਕ ਸੀ,'' ਉਹ ਕਹਿੰਦੇ ਹਨ। ''ਪਰ ਜਿਵੇਂ ਅਸੀਂ ਕਲਵਾ ਹਸਪਤਾਲ ਅਪੜੇ, ਸਾਨੂੰ ਦੱਸਿਆ ਗਿਆ ਕਿ ਉੱਥੇ ਕੋਈ ਵੀ ਆਸੀਯੂ ਬੈੱਡ ਖਾਲੀ ਨਹੀਂ; ਉਨ੍ਹਾਂ ਸਾਨੂੰ ਸਿਓਨ ਹਸਪਤਾਲ ਭੇਜ ਦਿੱਤਾ।''

ਉਸ ਰਾਤ ਅਰਚਨਾ ਤੇ ਗਿਆਨੇਸ਼ਵਰ ਨੇ ਐਮਰਜੈਂਸੀ ਇਲਾਜ ਵਾਸਤੇ ਸਾਲਮ ਕੈਬ ਰਾਹੀਂ 78 ਕਿਲੋਮੀਟਰ ਦਾ ਸਫ਼ਰ ਕੀਤਾ ਤੇ 4,800 ਰੁਪਏ ਕਿਰਾਇਆ ਭਰਿਆ।

*****

2013 ਵਿੱਚ ਪਲਾਨਿੰਗ ਕਮਿਸਨ ਦੁਆਰਾ ਪ੍ਰਕਾਸ਼ਿਤ ਇੱਕ ਰਿਪੋਰਟ ਦੀ ਮੰਨੀਏ ਤਾਂ ਅਰਚਨਾ ਅਤੇ ਗਿਆਨੇਸ਼ਵਰ, ਮਹਾਰਾਸ਼ਟਰ ਦੇ ਔਰੰਗਾਬਾਦ ਜ਼ਿਲ੍ਹੇ ਦੇ ਮੂਲ਼-ਨਿਵਾਸੀ, ਜੋ ਭਾਰਤ ਦੀ 22 ਪ੍ਰਤੀਸ਼ਤ ਗ਼ਰੀਬੀ ਰੇਖਾ ਤੋਂ ਹੇਠਾਂ ਰਹਿਣ ਵਾਲ਼ੀ ਅਬਾਦੀ ਵਿੱਚੋਂ ਹੀ ਇੱਕ ਹਨ। ਅਰਚਨਾ ਦੇ ਚੱਲਣ ਵਾਲ਼ੇ ਇਲਾਜ ਕਰਕੇ, ਇਹ ਪਤੀ-ਪਤਨੀ 'ਸਿਹਤ-ਸੰਭਾਲ਼ ਦੇ ਵਿਨਾਸ਼ਕਾਰੀ ਖ਼ਰਚਿਆਂ' ਦੇ ਬੋਝ ਹੇਠ ਦੱਬੇ ਹੋਏ ਹਨ, ਇਹ ਬੋਝ ਉਹ ਖ਼ਰਚੇ ਹੁੰਦੇ ਹਨ ਜੋ ਮਹੀਨੇਵਰ ਗ਼ੈਰ-ਖ਼ੁਰਾਕੀ ਖਰਚੇ ਦਾ 40 ਫ਼ੀਸਦ ਤੋਂ ਵੱਧ ਬਣਦੇ ਹਨ।

ਮਹੀਨੇ 'ਚ 12 ਵਾਰੀਂ ਹੋਣ ਵਾਲ਼ੇ ਡਾਇਲਸਿਸ ਵਾਸਤੇ ਇਕੱਲੇ ਕਿਰਾਏ ਭਾੜੇ 'ਤੇ ਆਉਂਦਾ 12,000 ਰੁਪਏ ਦਾ ਖਰਚਾ ਹੀ ਪਰਿਵਾਰ ਨੂੰ ਉੱਠਣ ਨਹੀਂ ਦਿੰਦਾ।

The door to the dialysis room prohibits anyone other than the patient inside so Dnyaneshwar (right) must wait  outside for Archana to finish her procedure
PHOTO • Jyoti Shinoli
The door to the dialysis room prohibits anyone other than the patient inside so Dnyaneshwar (right) must wait  outside for Archana to finish her procedure
PHOTO • Jyoti Shinoli

ਖੱਬੇ ਪਾਸੇ: ਡਾਇਲਸਿਸ ਕਮਰੇ ਦੇ ਦਰਵਾਜ਼ੇ 'ਤੇ ਚਿਪਕਾਏ ਹਦਾਇਤੀ ਨੋਟ ਵਿੱਚ ਕਿਹਾ ਗਿਆ ਹੈ, 'ਡਾਇਲਸਿਸ ਖੇਤਰ ਵਿੱਚ ਮਰੀਜ਼ਾਂ ਤੋਂ ਇਲਾਵਾ, ਉਹਨਾਂ ਦੇ ਨਾਲ ਆਉਣ ਵਾਲੇ ਰਿਸ਼ਤੇਦਾਰਾਂ ਨੂੰ ਕਮਰੇ ਵਿੱਚ ਉਡੀਕ ਨਹੀਂ ਕਰਨੀ ਚਾਹੀਦੀ'। ਸੱਜੇ ਪਾਸੇ: ਗਿਆਨੇਸ਼ਵਰ ਬਾਹਰ ਅਰਚਨਾ ਦੀ ਉਡੀਕ ਕਰ ਰਹੇ ਹਨ ਤੇ ਅੰਦਰ ਅਰਚਨਾ ਦੀ ਡਾਇਲਸਿਸ ਪ੍ਰਕਿਰਿਆ ਚੱਲ ਰਹੀ ਹੈ

ਇਸ ਦੌਰਾਨ, ਉਨ੍ਹਾਂ ਦੀ ਆਮਦਨ 'ਚ ਵੀ ਗਿਰਾਵਟ ਆਈ ਹੈ। ਅਰਚਨਾ ਦੀ ਬੀਮਾਰੀ ਤੋਂ ਪਹਿਲਾਂ, ਦੋਵੇਂ ਰਲ਼ ਕੇ ਠਾਣੇ ਰੇਲਵੇ ਸਟੇਸ਼ਨ ਦੇ ਬਾਹਰ ਫਾਈਲਾਂ ਤੇ ਕਾਰਡ ਹੋਲਡਰ ਵੇਚਦੇ ਤੇ ਕਈ ਵਾਰੀਂ 500 ਰੁਪਏ ਦਿਹਾੜੀ ਬਣਾ ਲੈਂਦੇ, ਵੰਨਗੀ ਤੋਂ ਇਹ ਸਟੇਸ਼ਨ ਕੋਈ 53 ਕਿਲੋਮੀਟਰ ਦੂਰ ਹੈ। ਬਾਕੀ ਦੇ ਦਿਨੀਂ, ਕਈ ਵਾਰੀਂ ਦਿਹਾੜੀ ਦੀ ਆਮਦਨੀ ਖ਼ਿਸਕ ਕੇ 100 ਤੱਕ ਆ ਜਾਂਦੀ। ਕਈ ਵਾਰੀਂ ਤਾਂ ਦੋਵਾਂ ਹੀ ਬੌਹਣੀ ਤੱਕ ਨਾ ਹੁੰਦੀ। ''ਅਸੀਂ ਮਹੀਨੇ ਦਾ ਸਿਰਫ਼ 6,000 ਰੁਪਏ ਦੇ ਕਰੀਬ ਹੀ ਕਮਾ ਪਾਉਂਦੇ- ਇਸ ਤੋਂ ਵੱਧ ਨਹੀਂ,'' ਗਿਆਨੇਸ਼ਵਰ ਕਹਿੰਦੇ ਹਨ। (ਇਹ ਵੀ ਪੜ੍ਹੋ: Seeing ‘the world through touch’ in a pandemic )

ਇਸੇ ਨਿਗੂਣੀ ਕਮਾਈ ਨੇ ਹੀ ਉਨ੍ਹਾਂ ਨੇ ਘਰ ਦੇ 2500 ਰੁਪਏ ਦੇ ਕਿਰਾਏ ਤੇ ਬਾਕੀ ਹੋਰ ਘਰੇਲੂ ਖਰਚਿਆਂ ਨੂੰ ਪੂਰਿਆਂ ਕਰਨਾ ਹੁੰਦਾ ਹੈ। ਅਰਚਨਾ ਦੀ ਬੀਮਾਰੀ ਨੇ ਪਹਿਲਾਂ ਤੋਂ ਹੀ ਚੱਲਦੇ ਆਉਂਦੇ ਵਿੱਤੀ ਸੰਕਟ ਨੂੰ ਹੋਰ ਵੀ ਹਲ਼ੂਣ ਕੇ ਰੱਖ ਦਿੱਤਾ ਹੈ।

ਗੁਆਂਢ 'ਚ ਕੋਈ ਪਰਿਵਾਰ ਨਹੀਂ ਜੋ ਅਰਚਨਾ ਦੀ ਦੇਖਭਾਲ਼ ਕਰ ਪਾਵੇ, ਇਸਲਈ ਗਿਆਨੇਸ਼ਵਰ ਕੰਮ 'ਤੇ ਜਾਣ ਤੋਂ ਅਸਮਰਥ ਰਹਿੰਦੇ ਹਨ। ''ਉਹ ਬਹੁਤ ਕਮਜ਼ੋਰ ਆ। ਇੰਨੀ ਕਮਜ਼ੋਰ ਕਿ ਬਗ਼ੈਰ ਆਸਰੇ  ਗ਼ੁਸਲ ਤੱਕ ਨਹੀਂ ਜਾ ਸਕਦੀ,'' ਉਹ ਕਹਿੰਦੇ ਹਨ।

ਇਸੇ ਦਰਮਿਆਨ, ਕਰਜਾ ਹੈ ਕਿ ਚੜ੍ਹਦਾ ਹੀ ਜਾਂਦਾ ਹੈ। ਗਿਆਨੇਸ਼ਵਰ ਪਹਿਲਾਂ ਹੀ ਆਪਣੇ ਦੋਸਤਾਂ ਤੇ ਗੁਆਂਢੀਆਂ ਕੋਲ਼ੋਂ 30,000 ਰੁਪਏ ਉਧਾਰ ਫੜ੍ਹ ਚੁੱਕੇ ਹਨ; ਉੱਤੋਂ ਦੋ ਮਹੀਨਿਆਂ ਦਾ ਕਿਰਾਇਆ ਵੀ ਬਾਕੀ ਹੈ। ਅਰਚਨਾ ਦਾ ਇਲਾਜ ਚੱਲਦਾ ਰਹੇ ਇਸ ਵਾਸਤੇ ਲੱਗਦੇ ਕਿਰਾਏ-ਭਾੜੇ ਨੂੰ ਪੂਰਾ ਕਰਨ ਦੀ ਚਿੰਤਾ ਵੀ ਦੋਵਾਂ ਜੀਆਂ ਨੂੰ ਸਤਾਉਂਦੀ ਰਹਿੰਦੀ ਹੈ। ਸੰਜੈ ਗਾਂਧੀ ਨਿਰਾਧਾਰ ਪੈਨਸ਼ਨ ਸਕੀਮ ਤਹਿਤ ਮਿਲ਼ਣ ਵਾਲ਼ੀ 1000 ਰੁਪਏ ਦੀ ਰਾਸ਼ੀ ਹੀ ਪਰਿਵਾਰ ਦੀ ਟਿਕਾਊ ਆਮਦਨੀ ਬਚੀ ਹੈ।

ਏਅਰ-ਕੰਡੀਸ਼ਨਡ ਡਾਇਲਸਿਸ ਰੂਮ ਦੇ ਬਾਹਰ ਧਾਤੂ ਦੀ ਇੱਕ ਬੈਂਚ 'ਤੇ ਬੈਠੇ ਗਿਆਨੇਸ਼ਵਰ ਮਸਾਂ-ਸੁਣੀਂਦੀ ਅਵਾਜ਼ ਵਿੱਚ ਕਹਿੰਦੇ ਹਨ,''ਅਰਚੂ ਦਾ ਜੀਵਨ ਹੁਣ ਡਾਇਲਸਿਸ 'ਤੇ ਹੀ ਨਿਕਲ਼ਣਾ ਹੈ।''  ਜਿੱਥੇ ਅੰਦਰ ਉਨ੍ਹਾਂ ਦੀ ਪਤਨੀ ਚਾਰ-ਘੰਟੇ ਚੱਲਣ ਵਾਲ਼ਾ ਇਲਾਜ ਕਰਵਾ ਰਹੀ ਹਨ। ''ਮੈਂ ਉਸਨੂੰ ਗੁਆਉਣਾ ਨਹੀਂ ਚਾਹੁੰਦਾ,'' ਇਹ ਕਹਿੰਦੇ ਸਾਰ ਹੀ ਜਿਓਂ ਉਹ ਪਾਨ ਦੇ ਦਾਗ਼ਾਂ ਨਾਲ਼ ਭਰੀ ਕੰਧ 'ਤੇ ਢੋਅ ਲਾਉਣ ਲਈ ਪਿਛਾਂਹ ਹੁੰਦੇ ਹਨ, ਉਨ੍ਹਾਂ ਦੀ ਅਵਾਜ਼ ਲਰਜ਼ ਜਾਂਦੀ ਹੈ।

ਭਾਰਤ ਦੀ ਅਬਾਦੀ ਦੇ ਇੱਕ ਵੱਡੇ ਹਿੱਸੇ ਵਾਂਗਰ, ਅਰਚਨਾ ਤੇ ਗਿਆਨੇਸ਼ਵਰ ਵੀ ਸਿਹਤ ਸੇਵਾਵਾਂ ਤੱਕ ਪਹੁੰਚ ਬਣਾਉਣ ਲਈ ਆਉਂਦੇ ਹਾਈ ਆਊਟ-ਆਫ਼-ਪੌਕਟ (ਓਓਪੀਈ)/ਹੈਸੀਅਤ ਤੋਂ ਬਾਹਰੀ ਖ਼ਰਚਿਆਂ ਦੇ ਬੋਝ ਹੇਠ ਨਪੀੜੇ ਜਾ ਰਹੇ ਹਨ। 2020-21 ਦੇ ਆਰਥਿਕ ਸਰਵੇਖਣ ਦੇ ਅਨੁਸਾਰ, ਆਲਮੀ ਪੱਧਰ 'ਤੇ ਭਾਰਤ ਵਿੱਚ "ਓਓਪੀਈ ਆਪਣੇ ਸਭ ਤੋਂ ਉੱਚੇ ਪੱਧਰ 'ਤੇ ਹੈ, ਜਿਹਦੀ ਬਦੌਲਤ ਵਿਤੋਂਵੱਧ ਖ਼ਰਚਿਆਂ ਤੇ ਗ਼ਰੀਬੀ ਕਾਰਨ ਲੋਕ-ਸਿਹਤ ਨੂੰ ਲੈ ਕੇ ਤਬਾਹਕੁੰਨ ਨਤੀਜੇ ਨਿਕਲ਼ਦੇ ਹਨ।

When Archana goes through her four-hour long dialysis treatment, sometimes Dnyaneshwar steps outside the hospital
PHOTO • Jyoti Shinoli
Travel expenses alone for 12 days of dialysis for Archana set the couple back by Rs. 12,000 a month
PHOTO • Jyoti Shinoli

ਖੱਬੇ: ਜਦੋਂ ਅਰਚਨਾ ਆਪਣੇ ਚਾਰ ਘੰਟੇ ਦੇ ਲੰਬੇ ਡਾਇਲਸਿਸ ਇਲਾਜ ਵਿੱਚੋਂ ਗੁਜ਼ਰਦੀ ਹੈ, ਤਾਂ ਕਈ ਵਾਰ ਗਿਆਨੇਸ਼ਵਰ ਹਸਪਤਾਲ ਤੋਂ ਬਾਹਰ ਚਲੇ ਜਾਂਦੇ ਹੈ। ਸੱਜੇ: ਮਹੀਨੇ 'ਚ 12 ਵਾਰੀਂ ਹੋਣ ਵਾਲ਼ੇ ਡਾਇਲਸਿਸ ਵਾਸਤੇ ਇਕੱਲੇ ਕਿਰਾਏ ਭਾੜੇ 'ਤੇ ਆਉਂਦਾ 12,000 ਰੁਪਏ ਦਾ ਖਰਚਾ ਪਰਿਵਾਰ ਨੂੰ ਉੱਠਣ ਨਹੀਂ ਦਿੰਦਾ

ਜਨ ਸਵਾਸਥਯ ਅਭਿਆਨ ਦੇ ਸਹਿ-ਕਨਵੀਨਰ ਡਾ. ਅਭੈ ਸ਼ੁਕਲਾ ਕਹਿੰਦੇ ਹਨ,''ਪੇਂਡੂ ਖਿੱਤਿਆਂ ਅੰਦਰ ਡਾਇਲਸਿਸ ਸੁਵਿਧਾ ਦੀ ਪਹੁੰਚ ਨਾ-ਮਾਤਰ ਹੀ ਹੈ। ਪੀਐੱਮਐੱਨਡੀਪੀ ਦੇ ਤਹਿਤ, ਉਪ-ਜ਼ਿਲ੍ਹਾ ਪੱਧਰ 'ਤੇ ਕੇਂਦਰ ਸਥਾਪਤ ਕੀਤੇ ਜਾਣੇ ਚਾਹੀਦੇ ਹਨ, ਜਿਨ੍ਹਾਂ ਵਿੱਚ ਤਿੰਨ-ਤਿੰਨ ਬਿਸਤਰਿਆਂ ਦੀ ਸਮਰੱਥਾ ਹੋਣੀ ਚਾਹੀਦੀ ਹੈ।''

ਹੈਸੀਅਤ ਤੋਂ ਬਾਹਰ ਹੋਣ ਵਾਲ਼ੇ ਖਰਚਿਆਂ ਦਾ ਅਸਰ ਮਰੀਜ਼ ਦੀ ਸਿਹਤ 'ਤੇ ਪੈਂਦਾ ਹੈ। ਮਿਸਾਲ ਦੇ ਤੌਰ 'ਤੇ, ਪੈਸਾ ਬਚਾਉਣ ਲਈ ਸਿਹਤ ਲਈ ਲੋੜੀਂਦੀ ਖ਼ੁਰਾਕ 'ਤੇ ਕੈਂਚੀ ਫੇਰ ਲਈ ਜਾਂਦੀ ਹੈ। ਅਰਚਨਾ ਨੂੰ ਵੀ ਆਪਣੀ ਖ਼ੁਰਾਕ ਵਿੱਚ ਪੋਸ਼ਕ-ਅਹਾਰ ਤੇ ਕਦੀਂ-ਕਦਾਈਂ ਫਲ ਲੈਣ ਲਈ ਕਿਹਾ ਜਾਂਦਾ ਹੈ। ਜਿਨ੍ਹਾਂ ਵਾਸਤੇ ਇੱਕ ਡੰਗ ਦਾ ਭੋਜਨ ਮਿਲ਼ਣਾ ਕਿਸੇ ਚੁਣੌਤੀ ਤੋਂ ਘੱਟ ਨਾ ਹੋਵੇ, ਉਹ ਇਹ ਸਭ ਸੋਚ ਵੀ ਕਿਵੇਂ ਸਕਦੇ ਹਨ। ''ਕਈ ਵਾਰੀ ਸਾਡੇ ਮਕਾਨ-ਮਾਲਕ ਸਾਨੂੰ ਦੁਪਹਿਰ ਦਾ ਜਾਂ ਰਾਤ ਦਾ ਖਾਣਾ ਦੇ ਦਿੰਦੇ ਹਨ; ਕਈ ਵਾਰੀ ਦੋਸਤ ਕੁਝ ਨਾ ਕੁਝ ਖਾਣ ਨੂੰ ਭੇਜ ਦਿੰਦੇ ਹਨ,'' ਗਿਆਨੇਸ਼ਵਰ ਕਹਿੰਦੇ ਹਨ।

ਕਈ ਵਾਰੀਂ ਤਾਂ ਉਨ੍ਹਾਂ ਨੂੰ ਖਾਲੀ ਢਿੱਡ ਰਹਿਣਾ ਪੈਂਦਾ ਹੈ।

''ਰੋਜ਼ ਰੋਜ਼ ਕਿਵੇਂ ਕਿਸੇ ਨੂੰ ਭੋਜਨ ਲਈ ਕਹਿ ਦਿਆਂ? ਇਸਲਈ, ਮੈਂ ਖ਼ੁਦ ਖਾਣਾ ਪਕਾਉਣ ਦੀ ਕੋਸ਼ਿਸ਼ ਕਰਦਾ ਹਾਂ,'' ਗਿਆਨੇਸ਼ਵਰ ਕਹਿੰਦੇ ਹਨ ਜਿਨ੍ਹਾਂ ਨੇ ਪਹਿਲਾਂ ਕਦੇ ਖਾਣਾ ਨਹੀਂ ਪਕਾਇਆ। ''ਪਿਛਲੇ ਮਹੀਨੇ ਮੈਂ ਚੌਲ਼, ਆਟਾ ਤੇ ਥੋੜ੍ਹੀ ਦਾਲ (ਮਸਰ) ਲਿਆਇਆ।'' ਪਲੰਗ 'ਤੇ ਲੇਟਿਆਂ ਹੋਇਆ ਹੀ ਅਰਚਨਾ ਉਨ੍ਹਾਂ ਨੂੰ ਖਾਣਾ ਪਕਾਉਣ ਦਾ ਢੰਗ ਦੱਸਦੀ ਰਹਿੰਦੀ ਹਨ।

ਅਰਚਨਾ ਜਿਹੇ ਮਰੀਜ਼ ਹੀ ਹਨ, ਜੋ ਬੀਮਾਰੀ ਤੇ ਇਲਾਜ ਲਈ ਆਉਂਦੇ ਖਰਚਿਆਂ ਦੀ ਦੂਹਦੀ ਮਾਰ ਝੱਲਦੇ ਹਨ, ਵੱਧ ਅਬਾਦੀ ਤੱਕ ਇਨ੍ਹਾਂ ਸਿਹਤ-ਸੰਭਾਲ਼ ਸਹੂਲਤਾਂ ਦੀ ਪਹੁੰਚ ਵਿੱਚ ਸੁਧਾਰ ਲਿਆਉਣ ਤੇ ਮਰੀਜ਼ਾਂ ਦੀ ਹੈਸੀਅਤ ਤੋਂ ਬਾਹਰ ਆਉਂਦੇ ਖਰਚਿਆਂ ਨੂੰ ਘੱਟ ਕਰਨ ਦੀ ਲੋੜ ਵੱਲ ਇਸ਼ਾਰਾ ਕਰਦੇ ਹਨ। 2021-22 ਵਿੱਚ, ਜਨਤਕ ਸਿਹਤ 'ਤੇ ਆਉਣ ਵਾਲ਼ਾ ਖਰਚਾ ਦੇਸ਼ ਦੀ ਜੀਡੀਪੀ ਦਾ 2.1 ਫ਼ੀਸਦ ਸੀ। 2020-21 ਦੇ ਇਕਨਾਮਿਕ ਸਰਵੇਅ ਵਿੱਚ ਸੁਝਾਅ ਦਿੱਤਾ ਗਿਆ ਕਿ ''ਜਨਤਕ ਸਿਹਤ ਖਰਚੇ ਵਿੱਚ ਜੀਡੀਪੀ ਦਾ 1 ਫ਼ੀਸਦ ਤੋਂ 2.5-3 ਫ਼ੀਸਦ ਤੱਕ ਦਾ ਵਾਧਾ- ਜਿਵੇਂ ਕਿ ਰਾਸ਼ਟਰੀ ਸਿਹਤ ਨੀਤੀ 2017 ਵਿੱਚ ਕਲਪਿਆ ਕੀਤਾ ਗਿਆ ਹੈ- ਕੁੱਲ ਸਿਹਤ-ਸੰਭਾਲ਼ 'ਤੇ ਆਉਂਦੇ ਓਓਪੀਈ ਨੂੰ 65 ਫ਼ੀਸਦ ਤੋਂ ਘਟਾ ਕੇ 30 ਫ਼ੀਸਦ ਤੱਕ ਲਿਆ ਸਕਦਾ ਹੈ।

ਅਰਚਨਾ ਅਤੇ ਗਿਆਨੇਸ਼ਵਰ ਨੂੰ ਇਨ੍ਹਾਂ ਆਰਥਿਕ ਸ਼ਰਤਾਂ ਅਤੇ ਸਿਫਾਰਸ਼ਾਂ ਦੀ ਕੋਈ ਸਮਝ ਨਹੀਂ ਹੈ। ਉਹ ਤਾਂ ਅਰਚਨਾ ਦੇ ਡਾਇਲਸਿਸ ਦੇ ਲੰਬੇ ਤੇ ਖ਼ਰਚੀਲੇ ਸਫ਼ਰ ਨੂੰ ਪੂਰਾ ਕਰ ਸਿਰਫ਼ ਆਪਣੇ ਘਰ ਮੁੜਨਾ ਚਾਹੁੰਦੇ ਹਨ। ਗਿਆਨੇਸ਼ਵਰ ਬੜੇ ਮਲ੍ਹਕੜੇ ਜਿਹੇ ਆਪਣੀ ਪਤਨੀ ਦੀ ਬਾਂਹ ਫੜ੍ਹੀ ਹਸਪਤਾਲੋਂ ਬਾਹਰ ਆਉਂਦੇ ਹਨ ਤੇ ਸਾਲਮ ਆਟੋ ਕਰਦੇ ਹਨ। ਪਰ ਪਹਿਲਾਂ, ਉਹ ਸਵੇਰ ਦੇ ਕਿਰਾਏ 'ਚੋਂ ਬਾਕੀ ਬਚੇ 505 ਰੁਪਿਆਂ ਨੂੰ ਕਾਹਲੀ ਦੇਣੀ ਘੋਖਦੇ ਹਨ।

''ਕੀ ਸਾਡੇ ਕੋਲ਼ ਘਰ ਮੁੜਨ ਜੋਗੇ ਪੈਸੇ ਨੇ?'' ਅਰਚਨਾ ਪੁੱਛਦੀ ਹਨ।

''ਹਾਂ...,'' ਗਿਆਨੇਸ਼ਵਰ ਕਹਿੰਦੇ ਹਨ, ਉਨ੍ਹਾਂ ਦੀ ਅਵਾਜ਼ 'ਚ ਬੇਯਕੀਨੀ ਭਰੀ ਹੋਈ ਸੀ।

ਤਰਜਮਾ: ਕਮਲਜੀਤ ਕੌਰ

ਜਯੋਤੀ ਸ਼ਿਨੋਲੀ ਪੀਪਲਸ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਸੀਨੀਅਰ ਪੱਤਰਕਾਰ ਹਨ; ਉਨ੍ਹਾਂ ਨੇ ਪਹਿਲਾਂ 'Mi Marathi' ਅਤੇ 'Maharashtra1' ਜਿਹੇ ਨਿਊਜ ਚੈਨਲਾਂ ਵਿੱਚ ਵੀ ਕੰਮ ਕੀਤਾ ਹੋਇਆ ਹੈ।

Other stories by Jyoti Shinoli
Editor : Sangeeta Menon

ਸੰਗੀਤਾ ਮੈਨਨ ਮੁੰਬਈ-ਅਧਾਰਤ ਲੇਖਿਕਾ, ਸੰਪਾਦਕ ਤੇ ਕਮਿਊਨੀਕੇਸ਼ਨ ਕੰਸਲਟੈਂਟ ਹਨ।

Other stories by Sangeeta Menon
Translator : Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਬਤੌਰ ‘ਟ੍ਰਾਂਸਲੇਸ਼ਨ ਐਡੀਟਰ: ਪੰਜਾਬੀ’ ਕੰਮ ਕਰਦੀ ਹੈ ਤੇ ਇੱਕ ਸਮਾਜਿਕ ਕਾਰਕੁੰਨ ਵੀ ਹੈ।

Other stories by Kamaljit Kaur