ਜਦੋਂ PARI ਅਧਿਆਪਕ ਦੇ ਕਿਰਦਾਰ ਵਿੱਚ ਹੁੰਦਾ ਹੈ ਅਤੇ ਵਿਸ਼ਾ ਹੁੰਦਾ ਹੈ ਪੇਂਡੂ ਭਾਰਤ, ਤਾਂ ਅਸੀਂ ਦੇਖਿਆ ਹੈ ਕਿ ਸਿਖਲਾਈ ਯਥਾਰਥ ਭਰਪੂਰ, ਨਿੱਗਰ ਅਤੇ ਚਿਰਸਥਾਈ ਹੋ ਨਿਬੜਦੀ ਹੈ।

ਆਓ ਜ਼ਰਾ ਆਯੂਸ਼ ਮੰਗਲ ਦਾ ਸਿਖਲਾਈ ਤਜ਼ਰਬਾ ਹੀ ਦੇਖ ਲਈਏ ਜੋ ਉਹਨੇ ਸਾਡੇ ਨਾਲ਼ ਕੰਮ ਕਰਦਿਆਂ ਹਾਸਲ ਕੀਤਾ। ਉਸਨੇ ਛੱਤੀਸਗੜ੍ਹ ਦੇ ਪੇਂਡੂ ਇਲਾਕਿਆਂ ਵਿੱਚ ਆਦਿਵਾਸੀਆਂ ਦੀ ਸਿਹਤ ਸਹੂਲਤਾਂ ਤੱਕ ਪਹੁੰਚ ਦੀ ਘਾਟ ਨੂੰ ਲੈ ਕੇ ਅਤੇ ਝੋਲਾ-ਛਾਪ ਡਾਕਟਰਾਂ ਦੀ ਇੱਕ ਪੂਰੀ ਦੁਨੀਆ ਨੂੰ ਸਮਝਣ ਤੇ ਦੋਵਾਂ ਵਿਚਲੇ ਸਬੰਧਾਂ ਦੀ ਕੜੀ ਨੂੰ ਸਮਝਣ ਲਈ ਆਪਣਾ ਸਮਾਂ PARI ਦੇ ਲੇਖੇ ਲਾਇਆ। ''ਮੈਂ ਨਿੱਜੀ ਤੇ ਸਰਕਾਰੀ,  ਯੋਗ ਤੇ ਅਯੋਗ  ਡਾਕਟਰਾਂ ਵਿਚਾਲੇ ਉਲਝੀਆਂ ਤੰਦਾਂ ਨੂੰ ਦੇਖਿਆ। ਕਿਸੇ ਨਾ ਕਿਸੇ ਨੀਤੀ ਨੂੰ ਤਾਂ ਇਹਦੇ ਹੱਲ ਬਾਰੇ ਸੋਚਣਾ ਪਏਗਾ,” ਇਸ ਵਿਦਿਆਰਥੀ ਦਾ ਕਹਿਣਾ ਹੈ ਜਿਹਦਾ ਤਾਅਲੁੱਕ ਰਾਜ ਦੇ ਜੰਜਗੀਰ ਚੰਪਾ ਜ਼ਿਲ੍ਹੇ ਨਾਲ਼ ਹੈ ਅਤੇ ਉਸ ਵੇਲ਼ੇ ਅਰਥਸ਼ਾਸਤਰ ਵਿੱਚ ਮਾਸਟਰੀ ਦੀ ਪੜ੍ਹਾਈ ਕਰ ਰਿਹਾ ਸੀ।

ਨੌਜਵਾਨ ਹਾਸ਼ੀਏ 'ਤੇ ਪਏ ਉਨ੍ਹਾਂ ਲੋਕਾਂ ਬਾਰੇ ਵੀ ਬਹੁਤ ਕੁਝ ਸਿੱਖ ਰਹੇ ਹਨ, ਜੋ ਲੋਕ ਸਾਡੀਆਂ ਪਾਠ-ਪੁਸਤਕਾਂ ਦਾ ਹਿੱਸਾ ਨਹੀਂ ਹਨ। ਪੱਤਰਕਾਰੀ ਦੀ ਵਿਦਿਆਰਥਣ ਸੁਭਾਸ਼੍ਰੀ ਮਹਾਪਾਤਰਾ ਦੀ ਰਿਪੋਰਟਿੰਗ ਦੱਸਦੀ ਹੈ ਕਿ ਗੌਰਾ ਜਿਹੇ ਅਪਾਹਜ ਲੋਕਾਂ ਲਈ ਓਡੀਸ਼ਾ ਦੇ ਕੋਰਾਪੁਟ ਵਿਖੇ ਸਰਕਾਰੀ  ਸਹੂਲਤਾਂ ਤੱਕ ਪਹੁੰਚਣਾ ਕਿੰਨਾ ਮੁਸ਼ਕਲ ਹੈ, ਉਸ ਕੁੜੀ ਦੀ ਇਸ ਹਾਲਤ ਨੇ ਸੁਭਾਸ਼੍ਰੀ ਨੂੰ ਇਹ ਸਵਾਲ ਪੁੱਛਣ ਲਈ ਮਜ਼ਬੂਰ ਕਰ ਦਿੱਤਾ: "ਪ੍ਰਸ਼ਾਸਨ ਦੀ ਉਹ ਕਿਹੜੀ ਘਾਟ ਹੈ ਜਿਹਨੇ ਗੌਰਾ ਨੂੰ ਇੰਨੇ ਜ਼ਿਆਦਾ ਸਰੀਰਕ ਤੇ ਭਾਵਨਾਤਮਕ ਦਬਾਅ ਹੇਠ ਲੈ ਆਂਦਾ?"

ਸਤੰਬਰ 2022 ਵਿੱਚ, PARI ਐਜੂਕੇਸ਼ਨ - ਪੀਪਲਜ਼ ਆਰਕਾਈਵ ਆਫ਼ ਇੰਡੀਆ ਦੀ ਸਿੱਖਿਆ ਸੰਸਥਾ - ਨੇ ਆਪਣੇ ਪੰਜਵੇਂ ਸਾਲ ਵਿੱਚ ਪ੍ਰਵੇਸ਼ ਕਰ ਲਿਆ ਹੈ। ਇਹਨਾਂ ਸਾਲਾਂ ਵਿੱਚ, ਯੂਨੀਵਰਸਿਟੀ ਦੇ ਵਿਦਿਆਰਥੀਆਂ, ਸਮਾਜਿਕ ਤਬਦੀਲੀ ਲਈ ਕੰਮ ਕਰਦੀਆਂ ਸੰਸਥਾਵਾਂ ਨਾਲ਼ ਜੁੜੇ ਨੌਜਵਾਨਾਂ ਅਤੇ ਮਿਡਲ ਸਕੂਲ ਦੇ ਵਿਦਿਆਰਥੀਆਂ ਨੇ ਆਮ ਲੋਕਾਂ ਵੱਲੋਂ ਸਾਂਭੇ ਗਏ ਵੰਨ-ਸੁਵੰਨੇ ਹੁਨਰਾਂ ਅਤੇ ਗਿਆਨ ਦੀ ਡੂੰਘੀ ਸਮਝ ਹਾਸਿਲ ਕੀਤੀ ਹੈ। ਜਿਵੇਂ ਕਿ ਹਾਈ ਸਕੂਲ ਦੇ ਵਿਦਿਆਰਥੀ ਪ੍ਰਜਵਲ ਠਾਕੁਰ ਨੇ ਰਾਏਪੁਰ,  ਛੱਤੀਸਗੜ੍ਹ ਵਿੱਚ ਧਨ ਝੂਮਰਾਂ ਬਾਰੇ ਲਿਖੇ ਜਾਣ ਤੋਂ ਬਾਅਦ ਕਿਹਾ: “ਮੈਂ ਤਿਉਹਾਰਾਂ ਵਿੱਚ ਕਿਸਾਨਾਂ ਦੀ ਭੂਮਿਕਾ ਅਤੇ ਝੋਨੇ ਦੀ ਮਹੱਤਤਾ ਬਾਰੇ ਵਧੇਰੇ ਚੇਤੰਨ ਹੋ ਗਿਆ ਹਾਂ... PARI  ਐਜੂਕੇਸ਼ਨ ਦੇ ਨਾਲ ਕੰਮ ਕਰਕੇ, ਮੈਨੂੰ ਉਸ ਸਮਾਜ ਦਾ ਇੱਕ ਨਵਾਂ ਪੱਖ ਦਿੱਸਣ ਲੱਗਿਆ ਹੈ ਜਿਸ ਸਮਾਜ ਵਿੱਚ ਮੈਂ ਰਹਿੰਦਾ ਹਾਂ।"

ਵੀਡੀਓ ਦੇਖੋ: ‘PARI ਐਜੂਕੇਸ਼ਨ ਕੀ ਹੈ?’

ਲਗਭਗ ਸੌ ਤੋਂ ਵੱਧ ਥਾਵਾਂ ਤੋਂ ਆਉਣ ਵਾਲ਼ੇ ਇਹ ਨੌਜਵਾਨ, ਆਪਣੇ ਸਕੂਲ ਅਤੇ ਯੂਨੀਵਰਸਿਟੀ ਦੇ ਪ੍ਰੋਜੈਕਟਾਂ ਰਾਹੀਂ ਰੋਜ਼ਮੱਰਾ ਦੀਆਂ ਵਾਪਰਨ ਵਾਲ਼ੀਆਂ ਘਟਨਾਵਾਂ ਦਾ ਹਿੱਸਾ ਬਣਦੇ ਰਹੇ ਹੈ: ਦਿੱਲੀ ਵਿਖੇ ਕਿਸਾਨ ਅੰਦੋਲਨਾਂ ਨੂੰ ਕਵਰ ਕਰਦਿਆਂ; ਦੇਸ਼ ਭਰ ਵਿੱਚ ਹਾਸ਼ੀਆਗਤ ਲੋਕਾਂ ਦੇ ਜੀਵਨ 'ਤੇ ਪਏ ਕੋਵਿਡ-19 ਦੇ ਪ੍ਰਭਾਵ ਦੀ ਪੜਤਾਲ਼ ਕਰਦਿਆਂ; ਅਤੇ ਰੋਜ਼ੀਰੋਟੀ ਦੀ ਭਾਲ਼ ਵਿੱਚ ਆਉਣ ਵਾਲ਼ੇ ਪਰਵਾਸੀ ਮਜ਼ਦੂਰਾਂ ਦੇ ਸਫ਼ਰਾਂ ਅਤੇ ਜੀਵਨ ਨਾਲ਼ ਜੁੜੀਆਂ ਸਮੱਸਿਆਵਾਂ ਦੀ ਨਿਸ਼ਾਨਦੇਹੀ ਕਰਦਿਆਂ ਹੋਇਆਂ ਆਪਣੀ ਰਿਪੋਰਟਿੰਗ ਦਾ ਕੰਮ ਜਾਰੀ ਰੱਖਿਆ।

ਜਦੋਂ ਪੱਤਰਕਾਰੀ ਦੇ ਵਿਦਿਆਰਥੀ ਆਦਰਸ਼ ਬੀ. ਪ੍ਰਦੀਪ ਨੇ ਕੋਚੀ ਵਿਖੇ ਇੱਕ ਨਹਿਰ ਦੇ ਕੰਢੇ ਰਹਿੰਦੇ ਪਰਿਵਾਰਾਂ ਨੂੰ ਉੱਚੀ ਥਾਂ ਵੱਲ ਠ੍ਹਾਰ ਲੈਣ ਲਈ ਜਾਂਦੇ ਦੇਖਿਆ, ਜਿਨ੍ਹਾਂ ਦੇ ਘਰਾਂ ਵਿੱਚ ਗੰਦਾ ਪਾਣੀ ਵੜ੍ਹ ਗਿਆ ਸੀ। ਉਹਨੇ ਉਨ੍ਹਾਂ ਕਾਰਨਾਂ ’ਤੇ ਚਾਨਣਾ ਪਾਉਂਦੀ  ਇੱਕ ਕਹਾਣੀ ਲਿਖੀ ਕਿ ਆਖ਼ਰ ਕਿਉਂ ਉਹਨਾਂ ਨੂੰ ਆਪਣੇ ਹੀ ਘਰ ਛੱਡਣੇ ਪਏ। ਉਹ ਕਹਿੰਦਾ ਹੈ, "PARI ਨਾਲ ਕੰਮ ਕਰਦਿਆਂ, ਮੈਨੂੰ ਬਹੁਤ ਸਾਰੀਆਂ ਚੀਜ਼ਾਂ ਸਿੱਖਣ ਨੂੰ ਮਿਲ਼ੀਆਂ, ਮੈਨੂੰ ਇਹ ਵੀ ਪਤਾ ਲੱਗਿਆ ਕਿ ਸਰਕਾਰੀ ਸਰੋਤਾਂ ਤੋਂ ਭਰੋਸੇਯੋਗ ਡਾਟਾ ਖੋਜਣ ਤੋਂ ਲੈ ਕੇ ਸੂਖ਼ਮ ਵੇਰਵਿਆਂ 'ਤੇ ਧਿਆਨ ਕਿਵੇਂ ਦੇਣਾ ਹੈ। ਇਹ ਇੱਕ ਸਿੱਖਣ-ਤਜ਼ਰਬਾ ਤਾਂ ਰਿਹਾ ਹੀ, ਪਰ ਇਹਨੇ ਮੈਨੂੰ ਉਸ ਭਾਈਚਾਰੇ ਦੇ ਨੇੜੇ ਲਿਆਉਣ ਦਾ ਕੰਮ ਵੀ ਕੀਤਾ ਜਿਹਦੇ ਬਾਰੇ ਮੈਂ ਖੋਜ ਕਰ ਰਿਹਾ ਸਾਂ।”

ਇਹ (ਕਹਾਣੀਆਂ) ਨਾ ਸਿਰਫ਼ ਪੇਂਡੂ ਅਤੇ ਸ਼ਹਿਰੀ ਇਲਾਕਿਆਂ ਵਿੱਚ ਹਾਸ਼ੀਏ 'ਤੇ ਪਏ ਲੋਕਾਂ ਨੂੰ ਪ੍ਰਭਾਵਿਤ ਕਰਨ ਵਾਲੇ ਮੁੱਦਿਆਂ ਦੀ ਇੱਕ ਲੜੀ ਹੁੰਦੀਆਂ ਹਨ, ਸਗੋਂ ਵਿਦਿਆਰਥੀ ਆਪਣੀ ਮਾਤ-ਭਾਸ਼ਾ ਵਿੱਚ ਇਹ ਕਹਾਣੀਆਂ ਲਿਖ ਰਹੇ ਹਨ। ਸਾਨੂੰ ਮੂਲ ਰੂਪ ਵਿੱਚ ਹਿੰਦੀ, ਉੜੀਆ ਅਤੇ ਬੰਗਲਾ ਵਿੱਚ ਰਿਪੋਰਟ ਕੀਤੇ ਅੰਸ਼ ਮਿਲ਼ੇ ਤੇ ਅਸੀਂ ਪ੍ਰਕਾਸ਼ਿਤ ਵੀ ਕੀਤੇ। ਅਸੀਂ ਪਾਰੀ ਦੀ ਇੱਕ ਵਰਕਸ਼ਾਪ ਲਾਈ ਜਿਸਨੇ ਬਿਹਾਰ ਦੇ ਗਯਾ ਜ਼ਿਲੇ ਦੀ ਸਿੰਪਲ ਕੁਮਾਰੀ ਨੂੰ ਹਿੰਦੀ ਵਿੱਚ ਮੋਰਾ ਬਾਰੇ ਲਿਖਣ ਦਾ ਮੌਕਾ ਦਿੱਤਾ, ਉਹ (ਮੋਰਾ) ਇੱਕ ਅਜਿਹੀ ਦਲਿਤ ਔਰਤ ਹੈ, ਜਿਹਨੇ ਜੀਵਨ ਦੇ ਕਈ ਮੋਰਚਿਆਂ 'ਤੇ ਪ੍ਰੇਰਣਾਦਾਇਕ ਭੂਮਿਕਾ ਅਦਾ ਕੀਤੀ। ਇਹ ਕਿਸਾਨ ਹੋਣ ਦੇ ਨਾਲ਼ ਨਾਲ਼ ਵਾਰਡ ਪਾਰਸ਼ਦ ਰਹੀ ਤੇ ਹੁਣ ਹਿਮਾਚਲ ਦੇ ਕਾਂਗੜਾ ਜ਼ਿਲ੍ਹੇ ਵਿਖੇ ਆਸ਼ਾ ਵਰਕਰ ਹੈ।

PHOTO • Antara Raman

ਦੂਰ-ਦੁਰਾਡੇ ਦੇ ਦਿਹਾਤੀ ਇਲਾਕਿਆਂ ਅਤੇ ਸ਼ਹਿਰੀ ਸੰਸਥਾਵਾਂ, ਦੋਹਾਂ ਵਿੱਚ ਨੌਜਵਾਨ ਦੇਸ਼ ਭਰ ਦੀਆਂ 63 ਤੋਂ ਵੱਧ ਥਾਂਵਾਂ ਤੋਂ ਸਾਡੇ ਲਈ ਰਿਪੋਰਟਿੰਗ ਕਰਨ ਅਤੇ ਦਸਤਾਵੇਜ਼ੀਕਰਨ ਦਾ ਕੰਮ ਕਰ ਰਹੇ ਹਨ

PARI ਐਜੂਕੇਸ਼ਨ ਵੈਬਸਾਈਟ 'ਤੇ, ਅਸੀਂ ਨੌਜਵਾਨਾਂ ਦੀਆਂ 200 ਤੋਂ ਵੱਧ ਮੌਲਿਕ ਕਾਰਗੁਜ਼ਾਰੀਆਂ ਨੂੰ ਪ੍ਰਦਰਸ਼ਿਤ ਕੀਤਾ ਹੈ। ਉਨ੍ਹਾਂ ਨੇ ਆਪਣੀ ਕਲਮ ਦੀ ਦਿਸ਼ਾ ਉਸ ਆਮ ਲੋਕਾਈ ਦੇ ਜੀਵਨ ਨਾਲ਼ ਜੁੜੀਆਂ ਗੱਲਾਂ, ਘਟਨਾਵਾਂ ਨੂੰ ਦਰਸਾਉਣ ਵੱਲ ਮੋੜੀ, ਜਿਨ੍ਹਾਂ ਨੂੰ ਮੌਜੂਦਾ ਮੀਡੀਆ ਨੇ ਸਦਾ ਹੀ ਨਜ਼ਰਅੰਦਾਜ਼ ਕੀਤਾ ਹੈ। ਇੰਨਾ ਹੀ ਨਹੀਂ ਉਨ੍ਹਾਂ ਨੇ ਸਮਾਜਿਕ, ਆਰਥਿਕ, ਲਿੰਗਕ ਮੁੱਦਿਆਂ ਤੇ ਹੋਰ ਵੀ ਕਈ ਮਸਲਿਆਂ ਨੂੰ ਲੋਕਾਂ ਸਾਹਮਣੇ ਲਿਆਂਦਾ।

ਵਿਦਿਆਰਥੀ ਪਰਵੀਨ ਕੁਮਾਰ, ਜਿਸਨੇ ਦਿੱਲੀ ਦੀ ਇੱਕ ਛੋਟੀ ਜਿਹੀ ਫੈਕਟਰੀ ਵਿੱਚ ਇੱਕ ਪਰਵਾਸੀ ਮਜ਼ਦੂਰ ਦੀ ਦੁਨੀਆ ਦੀ ਪੜਚੋਲ ਕੀਤੀ ਸੀ, ਕਹਿੰਦਾ ਹੈ, “ਮੈਨੂੰ ਅਹਿਸਾਸ ਹੋਇਆ ਕਿ ਲੋਕਾਂ ਦੀਆਂ ਸਮੱਸਿਆਵਾਂ ਕਦੇ ਵੀ ਨਿੱਜੀ ਜਾਂ ਦੂਜਿਆਂ ਤੋਂ ਟੁੱਟੀਆਂ ਨਹੀਂ ਹੁੰਦੀਆਂ ਸਗੋਂ ਹਕੀਕਤ ਵਿੱਚ ਬਾਕੀ ਸਮਾਜ ਨਾਲ ਡੂੰਘੀਆਂ ਜੁੜੀਆਂ ਹੁੰਦੀਆਂ ਹਨ। ਜਦੋਂ  ਕਿਸੇ ਬੰਦੇ ਨੂੰ ਆਪਣਾ ਪਿੰਡ, ਆਪਣਾ ਘਰ ਛੱਡ ਕੇ ਕੰਮ ਕਰਨ ਲਈ ਸ਼ਹਿਰ ਜਾਣਾ ਪੈਂਦਾ ਹੈ ਤਾਂ  ਇਹ ਪੂਰੇ ਸਮਾਜ, ਰਾਜ ਅਤੇ ਦੇਸ਼ ਲਈ ਚਿੰਤਾ ਦਾ ਵਿਸ਼ਾ ਹੁੰਦਾ ਹੈ।”

ਦੂਜਿਆਂ ਨਾਲ਼ ਮਿਲ਼ ਕੇ ਖ਼ੋਜ ਕਰਨਾ, ਕਿਸੇ ਕੰਮ ਵਿੱਚ ਰੁਝਣਾ ਤੇ ਹਮਦਰਦੀ ਭਾਵ ਰੱਖ ਕੇ ਕੰਮ ਕਰਨਾ, ਸਮਾਜ ਪ੍ਰਤੀ ਸਾਡੀ ਸਮਝ ਨੂੰ ਵਧਾਉਂਦਾ ਹੈ। PARI  ਐਜੂਕੇਸ਼ਨ ਜ਼ਿੰਦਗੀ ਲਈ ਇੱਕ ਸਿੱਖਿਆ ਹੈ। ਸਭ ਤੋਂ ਵਧੀਆ ਅਧਿਆਪਕ ਉਹ ਹੁੰਦੇ ਹਨ ਜੋ ਆਪਣੇ ਵਿਦਿਆਰਥੀਆਂ ਨਾਲ ਜੁੜਾਅ ਪੈਦਾ ਕਰ ਪਾਉਂਦੇ ਹਨ ਅਤੇ PARI ਇਹੀ ਕੰਮ ਕਰ ਰਿਹਾ ਹੈ ਭਾਵ ਪੇਂਡੂ ਭਾਰਤ ਨੂੰ ਨੌਜਵਾਨ ਭਾਰਤੀਆਂ ਨਾਲ ਜੋੜ ਰਿਹਾ ਹੈ।

PARI ਐਜੂਕੇਸ਼ਨ ਟੀਮ ਨਾਲ [email protected] ’ਤੇ ਸੰਪਰਕ ਕੀਤਾ ਜਾ ਸਕਦਾ ਹੈ।


ਕਵਰ ਫ਼ੋਟੋ : ਬਿਨਾਇਫਰ ਭਰੂਚਾ

ਤਰਜਮਾ : ਅਰਸ਼

PARI Education Team

ਅਸੀਂ ਪੇਂਡੂ ਭਾਰਤ ਅਤੇ ਹਾਸ਼ੀਏ 'ਤੇ ਪਏ ਲੋਕਾਂ ਦੀਆਂ ਕਹਾਣੀਆਂ ਨੂੰ ਮੁੱਖ ਧਾਰਾ ਦੇ ਸਿੱਖਿਆ ਪਾਠਕ੍ਰਮ ਹੇਠ ਲਿਆਉਂਦੇ ਹਾਂ। ਅਸੀਂ ਉਹਨਾਂ ਨੌਜਵਾਨਾਂ ਨਾਲ਼ ਵੀ ਕੰਮ ਕਰਦੇ ਹਾਂ ਜੋ ਉਹਨਾਂ ਦੇ ਆਲ਼ੇ ਦੁਆਲ਼ੇ ਦੇ ਮੁੱਦਿਆਂ ਦੀ ਰਿਪੋਰਟ ਕਰਨਾ ਅਤੇ ਦਸਤਾਵੇਜ਼ ਬਣਾਉਣਾ ਚਾਹੁੰਦੇ ਹਨ। ਇੰਨਾ ਹੀ ਨਹੀਂ ਅਸੀਂ ਕਹਾਣੀ ਕਹਿਣ ਵਿੱਚ ਉਹਨਾਂ ਦਾ ਮਾਰਗਦਰਸ਼ਨ ਕਰਦੇ ਅਤੇ ਸਿਖਲਾਈ ਦਿੰਦੇ ਹਾਂ। ਅਸੀਂ ਇਸ ਨੂੰ ਛੋਟੇ ਕੋਰਸਾਂ, ਸੈਸ਼ਨਾਂ ਅਤੇ ਵਰਕਸ਼ਾਪਾਂ ਦੇ ਨਾਲ਼-ਨਾਲ਼ ਪਾਠਕ੍ਰਮਾਂ ਨੂੰ ਡਿਜ਼ਾਈਨ ਕਰਨ ਲਈ ਵੀ ਕੰਮ ਕਰਦੇ ਹਾਂ ਜੋ ਵਿਦਿਆਰਥੀਆਂ ਨੂੰ ਲੋਕਾਂ ਦੇ ਰੋਜ਼ਮੱਰਾ ਜੀਵਨ ਦੀ ਬਿਹਤਰ ਸਮਝ ਪ੍ਰਦਾਨ ਕਰਦੇ ਹਨ।

Other stories by PARI Education Team
Translator : Arsh

ਅਰਸ਼, ਇੱਕ ਫ਼੍ਰੀ-ਲਾਂਸਰ ਅਨੁਵਾਦਕ ਤੇ ਡਿਜ਼ਾਈਨਰ ਹਨ ਜੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਪੀ-ਐੱਚ.ਡੀ ਕਰ ਰਹੇ ਹਨ।

Other stories by Arsh