ਕਲਾ ਦਾ ਕੰਮ ਸਿਰਫ਼ ਕਮਰੇ ਦੀ ਸਜਾਵਟ ਬਣਨਾ ਨਹੀਂ।  ਇਹ ਵੈਰੀ ਵਿਰੁੱਧ ਇੱਕ ਹਥਿਆਰ ਵੀ ਹੈ ਅਤੇ ਢਾਲ਼ ਵੀ।
- ਪਾਬਲੋ ਪਿਕਾਸੋ

ਮਰਾਠੀ ਭਾਸ਼ਾ ਦੀ ਕਹਾਵਤ ਹੈ: “बामनाघरीलिहनं, कुणब्याघरीदानंआणिमांगा-महाराघरीगाणं.” ਇੱਕ ਬ੍ਰਾਹਮਣ ਦੇ ਘਰ ਵਿੱਚ ਵਰਣਮਾਲ਼ਾ ਹੁੰਦੀ ਹੈ, ਇੱਕ ਕੁੰਬੀ ਦੇ ਘਰ ਅਨਾਜ ਅਤੇ ਮਾਂਗ-ਮਹਾਰ ਦੇ ਘਰ ਸੰਗੀਤ। ਪਰੰਪਰਾਗਤ ਪਿੰਡਾਂ ਦੀ ਸਥਾਪਨਾ ਵੇਲ਼ੇ, ਮਾਂਗ ਭਾਈਚਾਰਾ ਹਲਗੀ ਵਜਾਉਂਦਾ ਸੀ, ਗੋਂਧਲੀ ਸੰਬਲ ਵਜਾਉਂਦਾ ਸੀ, ਧਨਗਰ ਢੋਲ਼ ਵਜਾਉਣ ਦੇ ਮਾਹਰ ਸਨ ਅਤੇ ਮਹਾਰ ਏਕਤਾਰੀ ਵਜਾਉਂਦੇ। ਗਿਆਨ, ਕਿਸਾਨੀ, ਕਲਾ ਅਤੇ ਸੰਗੀਤ ਦਾ ਜੋ ਇਹ ਸੱਭਿਆਚਾਰ ਸੀ ਇਹ ਜਾਤਾਂ-ਪਾਤਾਂ ਦੇ ਹਿਸਾਬ ਨਾਲ਼ ਵੰਡਿਆ ਹੋਇਆ ਸੀ। ਹੋਰ ਸਪੱਸ਼ਟ ਕਹਿਣਾ ਹੋਵੇ ਤਾਂ ‘ਅਛੂਤ’  ਮੰਨੀਆਂ ਜਾਣ ਵਾਲ਼ੀਆਂ ਜਾਤੀਆਂ ਲਈ ਗਾਉਣਾ ਅਤੇ ਵਜਾਉਣਾ ਰੋਜ਼ੀਰੋਟੀ ਕਮਾਉਣ ਦੇ ਵਸੀਲੇ ਸਨ। ਸਦੀਆਂ ਤੋਂ ਦਾਬਾ ਅਤੇ ਪੱਖਪਾਤ ਝੱਲਦੇ ਆਏ ਦਲਿਤਾਂ ਨੇ ਆਪਣਾ ਇਤਿਹਾਸ, ਨਿਡਰਤਾ, ਤਕਲੀਫ਼, ਖੁਸ਼ੀਆਂ-ਖੇੜਿਆਂ ਅਤੇ ਦਰਸ਼ਨ ਨੂੰ ਜਤਯਾਵਾਰਚੀ ਓਵੀ (ਗਰਾਇੰਡ-ਮਿਲ ਗੀਤਾਂ ਜਾਂ ਕਵਿਤਾਵਾਂ), ਮੌਖ਼ਿਕ ਕਹਾਣੀਆਂ, ਗੀਤਾਂ ਅਤੇ ਲੋਕ ਸੰਗੀਤ ਦੇ ਅੰਦਰ ਬਚਾਈ ਰੱਖਿਆ। ਡਾ. ਅੰਬੇਦਕਰ ਦੇ ਰਾਸ਼ਟਰ ਵਿਆਪੀ ਮੰਚ ’ਤੇ ਉੱਭਰ ਕੇ ਆਉਣ ਤੋਂ ਪਹਿਲਾਂ ਤੀਕਰ ਮਹਾਰ ਲੋਕ ਏਕਤਾਰਾ ਵਜਾ ਕੇ ਕਬੀਰ ਦੇ ਦੋਹੇ ਗਾਉਂਦੇ ਅਤੇ ਅਤੇ ਵਿਠਲ ਵਾਸਤੇ ਭਗਤੀ ਗੀਤ ਗਾਉਂਦੇ ਅਤੇ ਈਸ਼ਵਰ ਦੀ ਉਸਤਤ ਵਿੱਚ ਭਜਨ ਗਾਇਆ ਕਰਦੇ।

1920 ਤੋਂ ਬਾਅਦ ਜਦੋਂ ਡਾ. ਅੰਬੇਦਕਰ ਦਲਿਤ ਰਾਜਨੀਤੀ ਦੇ ਧਰੁਵ ਤਾਰੇ ਵਜੋਂ ਉੱਭਰੇ ਤਾਂ ਕਲਾ ਦੇ ਇਨ੍ਹਾਂ ਰੂਪਾਂ ਅਤੇ ਉਨ੍ਹਾਂ ਕਲਾਕਾਰਾਂ ਨੇ ਉਨ੍ਹਾਂ ਦੁਆਰਾ ਵਿੱਢੀ ਗਈ ਪ੍ਰਬੋਧਨ ਦੀ ਉਸ ਲਹਿਰ ਦੇ ਪ੍ਰਚਾਰ ਅਤੇ ਪ੍ਰਸਾਰ ਵਿੱਚ ਬਹੁਤ ਹੀ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਨੇ ਅੰਬੇਦਕਰ ਦੁਆਰਾ ਚਲਾਈ ਲਹਿਰ, ਰੋਜ਼ਮੱਰਾ ਦੀਆਂ ਘਟਨਾਵਾਂ ਅਤੇ ਡਾ. ਅੰਬੇਦਕਰ ਦੀ ਭੂਮਿਕਾ, ਉਨ੍ਹਾਂ ਦੇ ਸੁਨੇਹੇ, ਜ਼ਿੰਦਗੀ ਅਤੇ ਘਾਲ਼ਣਾ ਦੁਆਰਾ ਪੈਦਾ ਹੋਏ/ਹੁੰਦੇ ਸਮਾਜਿਕ ਬਦਲਾਵਾਂ ਦੀ ਵਿਆਖਿਆ ਕੀਤੀ- ਇਹ ਸਾਰੇ ਗੀਤ ਇੰਨੀ ਸੁਖ਼ਾਲ਼ੀ ਭਾਸ਼ਾ ਵਿੱਚ ਗਾਏ ਜਾਂਦੇ ਕਿ ਅਨਪੜ੍ਹ ਤੋਂ ਅਨਪੜ੍ਹ ਅਤੇ ਅਣਜਾਣ ਤੋਂ ਅਣਜਾਣ ਬੰਦਾ ਵੀ ਸਮਝ ਲੈਂਦਾ। ਇੱਕ ਵਾਰੀ ਜਦੋਂ ਡਾ. ਅੰਬੇਦਕਰ ਨੇ ਭੀਮਰਾਓ ਕਰਦਾਕ ਅਤੇ ਉਨ੍ਹਾਂ ਦੀ ਮੰਡਲੀ ਨੂੰ ਮੁੰਬਈ ਦੇ ਨਾਈਗਾਓਂ ਇਲਾਕੇ ਵਿੱਚ ਪੈਂਦੀ ਵੈੱਲਫੇਅਰ ਗਰਾਊਂਡ ਵਿਖੇ ਇੱਕ ਜਲਸਾ (ਗਾਣਿਆਂ ਦੁਆਰਾ ਸਭਿਆਚਾਰਕ ਵਿਰੋਧ) ਕਰਦੇ ਦੇਖਿਆ ਤਾਂ ਉਨ੍ਹਾਂ ਨੇ ਕਿਹਾ: “ਮੇਰੀਆਂ ਦਸ ਬੈਠਕਾਂ ਅਤੇ ਇਕੱਠ (ਸਭਾਵਾਂ) ਕਰਦਾਕ ਅਤੇ ਉਹਦੀ ਮੰਡਲੀ ਦੇ ਇਕੱਲੇ ਇੱਕ ਜਲਸੇ ਦੇ ਬਰਾਬਰ ਹਨ।”

ਡਾ. ਅੰਬੇਦਕਰ ਦੀ ਹਾਜ਼ਰੀ ਵਿੱਚ ਪੇਸ਼ਕਾਰੀ ਕਰਦਿਆਂ, ਸ਼ਾਹਿਰ ਭੇਗੜੇ ਨੇ ਕਿਹਾ:

ਉਹ ਜਵਾਨ ਮਹਾਰ ਹੁਸ਼ਿਆਰ ਮੁੰਡਾ
ਬੜਾ ਈ ਲਾਇਕ ਹੋਇਆ
ਜਿਸਦਾ ਸਾਨੀ ਕੁੱਲ ਦੁਨੀਆ ਕੋਈ ਨਾ ਹੋਇਆ
ਜਿਸਨੇ ਸਾਨੂੰ ਘੁੱਪ ਹਨ੍ਹੇਰੇ ‘ਚੋਂ ਰਸਤਾ ਦਿਖਾਇਆ
ਜਿਸਨੇ ਭੋਲ਼ੇ-ਭਾਲ਼ੇ ਮਜ਼ਲੂਮਾਂ ਨੂੰ ਜਗਾਇਆ

PHOTO • Keshav Waghmare
PHOTO • Keshav Waghmare

ਖੱਬੇ : ਬਾਬਾ ਸਾਹੇਬ ਦੀ ਇੱਕ ਚਿਤਰਕਾਰੀ ਜੋ ਬੀਡ ਵਿਖੇ ਘਰ ਦੀ ਕੰਧ ਤੇ ਬੜੀ ਪ੍ਰਮੁੱਖਤਾ ਨਾਲ਼ ਨਜ਼ਰ ਆ ਰਹੀ ਹੈ। ਅੰਬੇਦਕਰ ਤੋਂ ਬਾਅਦ ਦੇ ਸ਼ਾਹਿਰਾਂ, ਜਿਨ੍ਹਾਂ ਵਿੱਚੋਂ ਆਤਮਾਰਾਮ ਸਾਲਵੇ ਵੀ ਹਨ,  ਨੂੰ ਕਿਤਾਬਾਂ ਰਾਹੀਂ ਡਾ. ਅੰਬੇਦਕਰ ਦੀ ਲਹਿਰ ਤੋਂ ਵਾਕਫ਼ ਕਰਵਾਇਆ ਜਾਂਦਾ ਸੀ। ਸੱਜੇ : ਆਤਮਾਰਾਮ ਸਾਲਵੇ ਦੀ ਇੱਕ ਦੁਰਲੱਭ ਤਸਵੀਰ

ਡਾ. ਅੰਬੇਦਕਰ ਦੀ ਲਹਿਰ ਨੇ ਦਲਿਤਾਂ ਦੇ ਅੰਦਰ ਚੇਤਨਾ ਨੂੰ ਹਲੋਰਾ ਦਿੱਤਾ। ਜਲਸਾ ਇਸ ਲਹਿਰ ਦਾ ਸੰਦ ਸੀ ਅਤੇ ਸ਼ਾਹਿਰੀ (ਕਵਿਤਾ ਪੇਸ਼ ਕਰਨ ਵਾਲ਼ੇ) ਇੱਕ ਜ਼ਰੀਆ... ਜਿਸ ਅੰਦਰ ਹਜ਼ਾਰਾਂ ਹੀ ਮਲੂਮ (ਜਾਣੇ-ਪਛਾਣੇ) ਜਾਂ ਨਾ-ਮਾਲੂਮ ਕਲਾਕਾਰ ਇਸ ਜ਼ਰੀਏ ਦੇ ਵਾਹਕ ਬਣੇ।

ਜਿਵੇਂ ਜਿਵੇਂ ਅੰਬੇਦਕਰਵਾਦੀ ਲਹਿਰ ਪਿੰਡਾਂ ਵਿੱਚ ਪਹੁੰਚੀ, ਦਲਿਤ ਬਸਤੀਆਂ ਵਿੱਚ ਇੱਕ ਵਿਲੱਖਣ ਦ੍ਰਿਸ਼ ਦਿਖਾਈ ਦੇਣ ਲੱਗਿਆ- ਬਸਤੀਆਂ ਜਿੰਨ੍ਹਾਂ ਵਿੱਚ ਅੱਧੀਆਂ ਕੁ ਛੱਤਾਂ ਟੀਨ ਦੀਆਂ ਅਤੇ ਅੱਧੀਆਂ ਕੁ ਕੱਖਾਂ ਦੀਆਂ ਹੁੰਦੀਆਂ। ਨੀਲੇ ਝੰਡੇ ਦੇ ਹੇਠਾਂ ਬੱਚੇ, ਔਰਤਾਂ, ਪੁਰਸ਼ ਅਤੇ ਬਜ਼ੁਰਗ ਸਭ ਇਕੱਠੇ ਹੋਣ ਲੱਗਦੇ। ਬੈਠਕਾਂ ਹੁੰਦੀਆਂ ਅਤੇ ਇਨ੍ਹਾਂ ਬੈਠਕਾਂ ਵਿੱਚ, ਬੁੱਧ-ਭੀਮ ਗੀਤ ਗਾਏ ਜਾਂਦੇ ਸਨ। ਚੈਤਯਭੂਮੀ (ਮੁੰਬਈ ਤੋਂ), ਦੀਕਸ਼ਾਭੂਮੀ (ਨਾਗਪੁਰ ਤੋਂ) ਅਤੇ ਹੋਰਨਾਂ ਵੱਡੇ ਸ਼ਹਿਰਾਂ ਦੇ ਛੋਟੇ ਅਤੇ ਵੱਡੇ ਕਵੀਆਂ ਦੇ ਗੀਤਾਂ ਦੀਆਂ ਕਿਤਾਬਾਂ ਵੀ ਇੱਥੇ ਲਿਆਂਦੀਆਂ ਜਾਂਦੀਆਂ। ਭਾਵੇਂ ਕਿ ਦਲਿਤ ਬਸਤੀਆਂ ਦੇ ਪੁਰਸ਼ ਅਤੇ ਔਰਤਾਂ ਪੜ੍ਹੇ-ਲਿਖੇ ਨਹੀਂ ਸਨ, ਉਹ ਸਕੂਲ-ਜਾਂਦੇ ਬੱਚਿਆਂ ਨੂੰ ਇਹ ਗੀਤ ਗਾ ਕੇ ਸੁਣਾਉਣ ਲਈ ਕਹਿੰਦੇ ਅਤੇ ਫਿਰ ਨਾਲ਼ੋ-ਨਾਲ਼ ਯਾਦ ਕਰਦੇ ਰਹਿੰਦੇ ਅਤੇ ਬਾਅਦ ਵਿੱਚ ਗਾਇਆ ਕਰਦੇ। ਜਾਂ ਫਿਰ ਕਈ ਵਾਰੀ ਇੰਝ ਵੀ ਹੁੰਦਾ ਕਿ ਉਹ ਸ਼ਾਹਿਰਾਂ ਦੁਆਰਾ ਪੇਸ਼ ਕੀਤੇ ਜਾਂਦੇ ਗੀਤਾਂ ਨੂੰ ਚੇਤੇ ਕਰ ਲੈਂਦੇ ਅਤੇ ਫਿਰ ਜਾ ਕੇ ਆਪਣੀਆਂ ਬਸਤੀਆਂ ਵਿੱਚ ਪੇਸ਼ ਕਰਦੇ। ਕੁਝ ਖੇਤ ਮਜ਼ਦੂਰ ਔਰਤਾਂ ਜਦੋਂ ਇੱਕ ਲੰਬੀ ਅਤੇ ਥਕਾ ਸੁੱਟਣ ਵਾਲ਼ੀ ਦਿਹਾੜੀ ਲਾਉਣ ਤੋਂ ਬਾਅਦ ਵਾਪਸ ਮੁੜਦੀਆਂ ਤਾਂ ਕਹਿਣ ਲੱਗਦੀਆਂ, “ ਭੀਮ ਰਾਜਾ ਕੀ ਜੈ ! ਬੁੱਧ ਭਗਵਾਨ ਕੀ ਜੈ ! ” ਅਤੇ ਫਿਰ ਗਾਉਣਾ ਸ਼ੁਰੂ ਕਰ ਦਿੰਦੀਆਂ। ਉਨ੍ਹਾਂ ਦੇ ਇੰਝ ਕਰਨ ਨਾਲ਼ ਉਨ੍ਹਾਂ ਮਨ ਖ਼ੁਸ਼ ਹੋ ਜਾਂਦਾ ਅਤੇ ਪੂਰੀ ਬਸਤੀ ਦਾ ਮਾਹੌਲ ਖ਼ੁਸ਼ਨੁਮਾ, ਜੋਸ਼-ਭਰਪੂਰ ਅਤੇ ਉਮੀਦਾਂ ਨਾਲ਼ ਲਬਰੇਜ਼ ਹੋ ਉੱਠਦਾ। ਇਹ ਗੀਤ ਹੀ ਪਿੰਡਾਂ ਦੇ ਦਲਿਤਾਂ ਦੀ ਇੱਕਲੌਤੀ ਪਾਠਸ਼ਾਲਾ ਸਨ। ਗੀਤਾਂ ਦੇ ਇਸੇ ਖ਼ਜ਼ਾਨੇ ਸਦਕਾ ਹੀ ਆਉਣ ਵਾਲ਼ੀ ਪੀੜ੍ਹੀ ਬੁੱਧ ਤੇ ਅੰਬੇਦਕਰ ਬਾਰੇ ਜਾਣ ਪਾਈ।

ਇਨ੍ਹਾਂ ਗਾਇਕਾਂ ਅਤੇ ਸ਼ਾਹਿਰੀਆਂ ਦੀ ਸਧਾਰਣ ਪਰ ਅਸਰਕਾਰੀ (ਪ੍ਰਭਾਵੀ) ਭਾਸ਼ਾ ਵਿੱਚ ਇੱਕ ਨੌਜਵਾਨ ਪੀੜ੍ਹੀ ਨੇ ਬੁੱਧ, ਫ਼ੂਲੇ ਅਤੇ ਅੰਬੇਦਕਰ ਦੇ ਤਾਕਤਵਰ ਵਿਚਾਰਾਂ ਨੂੰ ਖੜਕਵੇਂ ਗੀਤ ਰਾਹੀਂ ਨਾ ਸਿਰਫ਼ ਸੁਣਿਆ ਸਗੋਂ ਆਪਣੇ ਜ਼ਿਹਨ ਦੀਆਂ ਅਜਿਹੀਆਂ ਡੂੰਘਾਣਾਂ ਵਿੱਚ ਲਾਹ ਲਿਆ ਜਿੱਥੋਂ ਉਨ੍ਹਾਂ ਨੂੰ ਕੱਢ ਪਾਉਣਾ ਅਤੇ ਵਿਸਾਰ ਪਾਉਣਾ ਅਸੰਭਵ ਸੀ। ਸ਼ਾਹਿਰੀਆਂ ਨੇ ਇੱਕ ਪੂਰੀ ਦੀ ਪੂਰੀ ਪੀੜ੍ਹੀ ਦੀ ਸਮਾਜਿਕ ਅਤੇ ਸਭਿਆਚਾਰਕ ਚੇਤਨਾ ਨੂੰ ਅਕਾਰ ਦੇਣ ਦਾ ਕੰਮ ਕੀਤਾ। ਆਤਮਾਰਾਮ ਸਾਲਵੇ ਵੀ ਅਜਿਹੇ ਹੀ ਇੱਕ ਸ਼ਾਹਿਰੀ ਸਨ, ਜੋ ਮਰਾਠਵਾੜਾ ਦੀ ਸਮਾਜਿਕ-ਸਭਿਆਚਾਰਕ ਚੇਤਨਾ ਦੀ ਢਲ਼ਾਈ ਕਰਨ ਵਾਲ਼ੇ ਇੱਕ ਸੰਦ ਸਨ।

9 ਜੂਨ 1953 ਨੂੰ ਬੀੜ ਜ਼ਿਲ੍ਹੇ ਦੇ ਮਾਜਲਗਾਓਂ ਬਲਾਕ ਦੇ ਭਾਟਵੜਗਾਓਂ ਵਿੱਚ ਪੈਦਾ ਹੋਏ, ਸ਼ਾਹਿਰ ਸਾਲਵੇ 1970ਵਿਆਂ ਵਿੱਚ ਬਤੌਰ ਵਿਦਿਆਰਥੀ ਔਰੰਗਾਬਾਦ ਪਹੁੰਚੇ।

ਮਰਾਠਵਾੜਾ, ਨਿਜ਼ਾਮ ਹਕੂਮਤ (1948 ਤੋਂ ਪਹਿਲਾਂ) ਹੇਠ ਸੀ ਅਤੇ ਇਸ ਇਲਾਕੇ ਦੇ ਵਿਕਾਸ ਨੂੰ ਸਿੱਖਿਆ ਸਣੇ ਹੋਰ ਕਈ ਮੋਰਚਿਆਂ ‘ਤੇ ਨੁਕਸਾਨ ਝੱਲਣਾ ਪਿਆ। ਇਸ ਪਿਛੋਕੜ ਦੇ ਖ਼ਿਲਾਫ਼, ਡਾ. ਅੰਬੇਦਕਰ ਨੇ 1942 ਵਿੱਚ ਪੀਪਲਜ਼ ਐਜਕੇਸ਼ਨ ਸੋਸਾਇਟੀ ਦੇ ਸੰਰਖਣ ਹੇਠ ਔਰੰਗਾਬਾਦ ਦੇ ਨਾਗਸੇਨਵਨ ਇਲਾਕੇ ਵਿਖੇ ਮਿਲਿੰਦ ਮਹਾਵਿਦਿਆਲੇ ਦੀ ਸ਼ੁਰੂਆਤ ਕੀਤੀ। ਨਾਗਸੇਨਵਨ ਕੈਂਪਸ ਦਲਿਤ ਵਿਦਿਆਰਥੀਆਂ ਦੀ ਉਚੇਰੀ ਸਿੱਖਿਆ ਦੇ ਕੇਂਦਰ ਵਜੋਂ ਵਿਕਾਸ ਦੀਆਂ ਪੁਲਾਂਘਾਂ ਪੁੱਟ ਰਿਹਾ ਸੀ। ਮਿਲਿੰਦ ਕਾਲਜ ਤੋਂ ਪਹਿਲਾਂ ਪੂਰੇ ਮਰਾਠਵਾੜਾ ਵਿੱਚ ਇੱਕ ਹੀ ਸਰਕਾਰੀ ਕਾਲਜ ਸੀ ਉਹ ਵੀ ਔਰੰਗਾਬਾਦ ਵਿੱਚ ਜੋ ਕਿ ਸਿਰਫ਼ ਇੰਟਰ ਤੱਕ (ਸ਼ਬਦ ਇੰਟਰ ਇੰਟਰਮੀਡੀਏਟ ਡਿਗਰੀ ਨੂੰ ਦਰਸਾਉਂਦਾ ਹੈ, ਜੋ ਕਿ ਇੱਕ ਪ੍ਰੀ-ਡਿਗਰੀ ਕੋਰਸ ਹੈ) ਦਾ! ਮਿਲਿੰਦ, ਮਰਾਠਵਾੜਾ ਵਿੱਚ ਅੰਡਰ-ਗ੍ਰੈਜਏਟ (ਪੂਰਵ-ਸਨਾਤਨ) ਸਿੱਖਿਆ ਦਾ ਪਹਿਲਾ ਕਾਲਜ ਸੀ।

PHOTO • Labani Jangi

ਆਤਮਾਰਾਮ ਸਾਲਵੇ ਨੇ ਆਪਣੀ ਸ਼ਾਹਿਰੀ, ਆਪਣੀ ਅਵਾਜ਼ ਅਤੇ ਆਪਣੇ ਸ਼ਬਦਾਂ ਰਾਹੀਂ ਦਲਿਤਾਂ ਤੇ ਥੋਪਿਆ ਜਾਂਦਾ ਜਾਤੀ-ਯੁੱਧ ਲੜਿਆ

1970ਵਿਆਂ ਦਾ ਦਹਾਕਾ ਅਸ਼ਾਂਤੀ ਭਰਿਆ ਸੀ। ਇਹ ਅਜ਼ਾਦ ਭਾਰਤ ਦੀ ਪਹਿਲੀ ਨੌਜਵਾਨ ਪੀੜ੍ਹੀ ਦਾ ਦੌਰ ਸੀ। ਨੌਜਵਾਨਾਂ ਦੀ ਇੱਕ ਵੱਡੀ ਗਿਣਤੀ ਦੇ ਹੱਥ ਵਿੱਚ ਡਿਗਰੀਆਂ ਸਨ ਪਰ ਅਜ਼ਾਦੀ (1947) ਤੋਂ ਬਾਅਦ ਦੀ ਹਾਲਤ ਦੇਖ ਕੇ ਉਨ੍ਹਾਂ ਦਾ ਮੋਹਭੰਗ ਹੋ ਗਿਆ ਸੀ। ਕਈ ਘਟਨਾਵਾਂ ਨੇ ਉਨ੍ਹਾਂ ’ਤੇ ਅਸਰ ਪਾਇਆ: ਐਮਰਜੈਂਸੀ; ਪੱਛਮੀ ਬੰਗਾਲ ਦਾ ਨਕਸਲਵਾੜੀ ਅੰਦੋਲਨ; ਤੇਲੰਗਾਨਾ ਰਾਜ ਲਹਿਰ; ਬਿਹਾਰ ਦੇ ਜਯਾਪ੍ਰਕਾਸ਼ ਨਾਰਾਇਣ ਦੀ ਨਵ-ਨਿਰਮਾਣ ਲਹਿਰ; ਗੁਜਰਾਤ ਅਤੇ ਬਿਹਾਰ ਵਿੱਚ ਓਬੀਸੀ ਰਾਖਵੇਂਕਰਨ ਦੀ ਮੰਗ ਦੀ ਲਹਿਰ; ਹਾਲੀਆ ਸੰਯੁਕਤ ਮਹਾਰਾਸ਼ਟਰ ਅੰਦੋਲਨ; ਮੁੰਬਈ ਦੇ ਮਿੱਲ ਕਾਮਿਆਂ ਦਾ ਸੰਘਰਸ਼; ਸ਼ਹਾਦਾ ਅੰਦੋਲਨ; ਹਰਾ ਇਨਕਲਾਬ; ਮਰਾਠਵਾੜਾ ਮੁਕਤੀ ਅੰਦੋਲਨ ਅਤੇ ਮਰਾਠਵਾੜਾ ਦਾ ਸੋਕਾ। ਨੌਜਵਾਨੀ ਅਤੇ ਦੇਸ਼ ਦੋਵੇਂ ਉੱਥਲ-ਪੁੱਥਲ ਵਿੱਚ ਸਨ ਅਤੇ ਵਿਕਾਸ ਅਤੇ ਪਛਾਣ ਦਾ ਇਹ ਸੰਘਰਸ਼ ਹੋਰ ਤਿਖੇਰਾ ਹੋ ਰਿਹਾ ਸੀ।

ਡਾ ਮਛਿੰਦਰ ਮੋਹੋਲ ਦੀ ਅਗਵਾਈ ਵਿੱਚ ਮਰਾਠਵਾੜਾ ਰਿਪਬਲਿਕਨ ਸਟੂਡੈਂਟਸ ਫੈਡਰੇਸ਼ਨ ਦੇ ਬੈਨਰ ਹੇਠ, ਨਾਗਸੇਨਵਨ ਕੈਂਪਸ ਵਿੱਚ ਜਾਗਰੂਕ ਹੋਏ ਵਿਦਿਆਰਥੀਆਂ ਨੇ 26 ਜੂਨ 1974 ਨੂੰ ਮਹਾਰਾਸ਼ਟਰ ਦੇ ਮੁੱਖ ਮੰਤਰੀ ਨੂੰ ਇੱਕ ਚਿੱਠੀ ਲਿਖੀ, ਜਿਸ ਵਿੱਚ ਮਰਾਠਵਾੜਾ ਦੀਆਂ ਦੋ ਯੂਨੀਵਰਸਿਟੀਆਂ ਵਿੱਚੋਂ ਇੱਕ ਦਾ ਨਾਮ ਡਾ. ਅੰਬੇਦਕਰ ਦੇ ਨਾਮ ’ਤੇ ਰੱਖੇ ਜਾਣ ਦੀ ਮੰਗ ਕੀਤੀ ਗਈ। ਪਰ ਨਾਮ ਬਦਲਣ (ਨਾਮਾਂਤਰ) ਦੀ ਇਹ ਮੰਗ ਉਦੋਂ ਜੱਥੇਬੰਦਕ ਰੂਪ ਧਾਰ ਗਈ ਜਦੋਂ ਭਾਰਤੀ ਦਲਿਤ ਪੈਂਥਰਜ ਵੀ ਆ ਸ਼ਾਮਲ ਹੋਏ। ਨਾਮਦੇਵ ਢਸਾਲ ਅਤੇ ਰਾਜਾ ਢੇਲੇ ਦੇ ਆਪਸੀ ਟਕਰਾਅ ਕਾਰਨ ਢੇਲੇ ਨੇ ਦਲਿਤ ਪੈਂਥਰਜ ਨੂੰ ਭੰਗ ਕਰਨ ਦਾ ਐਲਾਨ ਕਰ ਦਿੱਤਾ। ਪਰ ਪ੍ਰੋ. ਅਰੁਣ ਕਾਂਬਲੇ, ਰਾਮਦਾਸ ਆਠਵਲੇ, ਗੰਗਾਧਰ ਗਾੜੇ ਅਤੇ ਐੱਸ.ਐੱਮ. ਪ੍ਰਧਾਨ ਦੀ ਅਗਵਾਈ ਵਿੱਚ ਗਠਿਤ ਹੋਇਆ ‘ਭਾਰਤੀ ਦਲਿਤ ਪੈਂਥਰਜ’ ਦਾ ਦਲ ਮਹਾਰਾਸ਼ਟਰ ਵਿੱਚ ਦਲਿਤ ਪੈਂਥਰਜ ਦੇ ਕੰਮ ਨੂੰ ਜਾਰੀ ਰੱਖਣ ਵਾਲ਼ਾ ਸੀ।

ਆਤਮਾਰਾਮ ਸਾਲਵੇ ਇਸ ਨਵੇਂ ਬਣੇ ਭਾਰਤੀ ਦਲਿਤ ਪੈਂਥਰਜ ਬਾਰੇ ਲਿਖਦੇ ਹਨ:

ਪੈਂਥਰ ਸੈਨਿਕ ਮੈਂ
ਕਾਂਬਲੇ ਅਰੁਣ ਸਰਦਾਰ
ਅਸੀਂ ਸਾਰੇ ਜੈ ਭੀਮ ਵਾਲ਼ੇ
ਨਿਆਂ ਲਈ ਲੜਨ ਵਾਲ਼ੇ
ਸੈਨਿਕ ਜੋ ਕਦੇ ਨਾ ਡਰਦੇ
ਭੈਅ ਕਿਸੇ ਦਾ ਨਾ ਖਾਂਦੇ
ਅਨਿਆਂ ਨੂੰ ਕਰ ਖ਼ਤਮ ਅੱਗੇ ਵਧਣਾ ਚਾਹੁੰਦੇ
ਦਲਿਤੋ, ਕਿਸਾਨੋ, ਮਜ਼ਦੂਰੋ, ਉੱਠੋ
ਹੋਵੋ ਇਕੱਠੇ, ਮੁੱਠੀਆਂ ਭੀਚੋ

ਇਸ ਗੀਤ ਦੇ ਬੋਲਾਂ ਨਾਲ਼ ਸਾਲਵੇ ਨੇ ਨਵੇਂ ਪੈਥਰਜ ਦਾ ਸੁਆਗਤ ਕੀਤਾ ਅਤੇ ਉਨ੍ਹਾਂ ਨੇ ‘ਮਰਾਠਵਾੜਾ ਉਪ-ਪ੍ਰਧਾਨ’ ਦੀ ਜ਼ਿੰਮੇਦਾਰੀ ਸੰਭਾਲ਼ੀ। 7 ਜੁਲਾਈ 1977 ਨੂੰ, ਨਵ-ਗਠਿਤ ਭਾਰਤੀ ਦਲਿਤ ਪੈਥਰਜ ਦੇ ਜਨਰਲ ਸਕੱਤਰ, ਗੰਗਾਧਰ ਗਾੜੇ, ਨੇ ਮਰਾਠਵਾੜਾ ਯੂਨੀਵਰਸਿਟੀ ਦਾ ਨਾਮ ਬਦਲ ਕੇ ਡਾ. ਅੰਬਦੇਕਰ ਦੇ ਨਾਂ ‘ਤੇ ਰੱਖੇ ਜਾਣ ਦੀ ਮੰਗ ਚੁੱਕੀ।

PHOTO • Keshav Waghmare
PHOTO • Keshav Waghmare

ਖੱਬੇ : ਤੇਜੇਰਾਓ ਭਦਰੇ, ਮਹਾਰਾਸ਼ਟਰ ਦੇ ਨੰਦੇੜ ਜ਼ਿਲ੍ਹੇ ਦੇ ਮੁਖੇੜ ਦੇ ਵਾਸੀ, ਸ਼ਾਹਿਰ ਆਤਮਾਰਾਮ ਸਾਲਵੇ ਦੀ ਮੰਡਲੀ ਦੇ ਇੱਕ ਦਹਾਕੇ ਤੋਂ ਵੱਧ ਸਮੇਂ ਤੱਕ ਮੈਂਬਰ ਸਨ, ਹਰਮੋਨੀਅਮ ਅਤੇ ਢੋਲ਼ਕੀ ਵਜਾਉਂਦੇ ਸਨ। ਸੱਜੇ : ਅੰਬੇਦਕਰਵਾਦੀ ਅੰਦੋਲਨ ਵਿੱਚ ਭਦਰੇ ਦੇ ਸਭਿਆਚਾਰਕ ਯੋਗਦਾਨ ਨੂੰ ਮਾਨਤਾ

18 ਜੁਲਾਈ 1977 ਨੂੰ, ਸਾਰੇ ਕਾਲਜ ਬੰਦ ਹੋ ਗਏ ਅਤੇ ਆਲ-ਪਾਰਟੀ ਸਟੂਡੈਂਟ ਐਕਸ਼ਨ ਕਮੇਟੀ ਨੇ ਮਰਾਠਵਾੜਾ ਯੂਨੀਵਰਸਿਟੀ ਦੇ ਨਾਮਾਂਤਰ ਦੀ ਮੰਗ ਚੁੱਕਦਿਆਂ ਵਿਸ਼ਾਲ ਮਾਰਚ ਵਿੱਢਿਆ। ਓਦੋਂ, 21 ਜੁਲਾਈ 1977 ਨੂੰ ਔਰੰਗਾਬਾਦ ਦੇ ਸਰਕਾਰੀ ਇੰਜਨੀਅਰਿੰਗ ਕਾਲਜ, ਸਰਸਵਤੀ ਭੂਵਨ ਕਾਲਜ, ਦੇਵਗਿਰੀ ਕਾਲਜ ਅਤੇ ਵਿਵੇਕਾਨੰਦ ਕਾਲਜ ਦੇ ਸਵਰਣ (ਹਿੰਦੂ ਜਾਤੀ) ਵਿਦਿਆਰਥੀਆਂ ਨੇ ਨਾਮ ਬਦਲਣ ਦੀ ਮੰਗ ਦੇ ਖ਼ਿਲਾਫ਼ ਪਹਿਲਾ ਵਿਰੋਧ ਪ੍ਰਦਰਸ਼ਨ ਸ਼ੁਰੂ ਕੀਤਾ। ਬੱਸ ਫਿਰ ਨਾਮਾਂਤਰ ਦੇ ਪੱਖ ਵਿੱਚ ਅਤੇ ਵਿਰੋਧ ਵਾਲ਼ਿਆਂ ਦੀਆਂ ਹੜਤਾਲਾਂ ਅਤੇ ਰੈਲੀਆਂ ਦਾ ਹੜ੍ਹ ਹੀ ਆ ਗਿਆ। ਅਗਲੇ ਦੋ ਦਹਾਕਿਆਂ ਤੀਕਰ ਮਰਾਠਵਾੜਾ ਦਲਿਤਾਂ ਅਤੇ ਗ਼ੈਰ-ਦਲਿਤਾਂ ਵਿਚਾਲ਼ੇ ਖਹਿਬੜਬਾਜ਼ੀ ਦਾ ਮੈਦਾਨ ਬਣਿਆ ਰਿਹਾ। ਜੰਗ ਦੇ ਇਸ ਮੈਦਾਨ ਵਿੱਚ, ਆਤਮਾਰਾਮ ਸਾਲਵੇ ਆਪਣੀ ਸ਼ਾਹਿਰੀ , ਆਪਣੀ ਅਵਾਜ਼ ਅਤੇ ਆਪਣੇ ਸ਼ਬਦਾਂ ਦੇ ਤੀਰਾਂ ਨੂੰ “ਦਲਿਤਾਂ ਸਿਰ ਥੋਪੀ ਜਾਤੀ ਲੜਾਈ ਖ਼ਿਲਾਫ਼”ਹਥਿਆਰ ਵਜੋਂ ਵਰਤਦੇ ਰਹੇ।

ਆਤਮਾਰਾਮ ਸਾਲਵੇ ਅਜਿਹੇ ਸਮੇਂ ਵਿੱਚ ਉਭਰੇ ਜਦੋਂ ਅੰਬੇਦਕਰ ਦੇ ਅੰਦੋਲਨ ਨੂੰ ਨੇੜਿਓਂ ਦੇਖਣ ਅਤੇ ਮਹਿਸੂਸ ਕਰਨ ਵਾਲ਼ੇ- ਜਿਵੇਂ ਸ਼ਾਹਿਰ ਅੰਨਾਭਾਊ ਸਾਠੇ, ਭੀਮਰਾਓ ਕਰਡਾਕ, ਸ਼ਾਹਿਰ ਘੇਗੜੇ, ਭਾਊ ਫੱਕੜ, ਰਾਜਾਨੰਦ ਗੜਪਯਾਲੇ ਅਤੇ ਵਾਮਨ ਕਰੜਕ- ਹੁਣ ਸਮਾਜਿਕ-ਸਭਿਆਚਾਰਕ ਚੁਗਿਰਦੇ ਵਿੱਚ ਮੌਜੂਦ ਨਹੀਂ ਰਹੇ ਸਨ।

ਅੰਬੇਦਕਰ ਤੋਂ ਬਾਅਦ ਦਾ ਦੌਰ ਆਉਂਦੇ ਆਉਂਦੇ, ਵਿਲਾਸ ਘੋਗਰੇ, ਦਲਿਤਾਨੰਦ ਮੋਹਨਜੀ ਹਟਕਰ ਅਤੇ ਵਿਜੈਨੰਦ ਜਾਧਵ ਜਿਹੇ ਕੁਝ ਸ਼ਾਹਿਰਾਂ ਨੇ ਡਾ. ਅੰਬੇਦਕਰ ਦੇ ਅੰਦੋਲਨ ਜਾਂ ਧਰਮ ਪਰਿਵਰਤਨ ਦੇ ਉਸ ਪੂਰੇ ਦੌਰ ਨੂੰ ਅੱਖੀਂ ਨਹੀਂ ਦੇਖਿਆ। ਕਹਿਣ ਦਾ ਭਾਵ ਕਿ ਉਹ ਕੋਰੀਆਂ ਸਲੇਟਾਂ ਸਨ। ਪਿੰਡਾਂ ਦੇ ਇਨ੍ਹਾਂ ਸ਼ਾਹਿਰਾਂ ਨੂੰ ਕਿਤਾਬਾਂ ਜ਼ਰੀਏ ਬਾਬਾ ਸਾਹੇਬ ਅਤੇ ਉਨ੍ਹਾਂ ਦੀ ਲਹਿਰ ਬਾਰੇ ਜਾਣੂ ਕਰਵਾਇਆ ਗਿਆ ਸੀ। ਇਹੀ ਕਾਰਨ ਹੈ ਕਿ ਉਨ੍ਹਾਂ ਸ਼ਾਹਿਰਾਂ ਦੇ ਬੋਲ ਬੜੇ ਖੜ੍ਹਕਵੇਂ ਸਨ ਅਤੇ ਆਤਮਾਰਾਮ ਸਾਲਵੇ ਦੇ ਗੀਤਾਂ ਨੇ ਉਨ੍ਹਾਂ ਅੰਦਰ ਹੋਰ ਜੋਸ਼ ਭਰਿਆ।

ਨਾਮਾਂਤਰ ਦਾ ਮੁੱਦਾ ਸਿਰਫ਼ ਨਾਮ ਬਦਲੇ ਜਾਣ ਨੂੰ ਲੈ ਕੇ ਹੀ ਨਹੀਂ ਸੀ। ਇਹ ਤਾਂ ਪਛਾਣ ਨੂੰ ਲੈ ਆਈ ਨਵੀਂ ਜਾਗਰੂਕਤਾ ਅਤੇ ਮਨੁੱਖ ਹੋਣ ਦੀ ਚੇਤਨਾ ਬਾਰੇ ਵੀ ਸੀ।

ਜਦੋਂ ਮੁੱਖ ਮੰਤਰੀ ਵਸੰਤਦਾਦਾ ਪਾਟਿਲ ਨਾਮਾਂਤਰ ਅੰਦੋਲਨ ਦੀ ਹਮਾਇਤ ਕਰਨ ਤੋਂ ਪਿਛਾਂਹ ਹਟ ਗਏ ਤਾਂ ਆਤਮਾਰਾਮ ਸਾਲਵੇ ਨੇ ਲਿਖਿਆ:

ਹੇ ਵਸੰਤ ਦਾਦਾ, ਸਾਡੇ ਨਾਲ਼ ਲੜਾਈ ਮੁੱਲ ਨਾ ਲੈ ਬੈਠੀਂ
ਤੂੰ ਐਵੇਂ ਈ ਆਪਣਾ ਰੁਤਬਾ ਗਵਾ ਬਹਿਣਾ
ਇਹਨਾਂ ਦਲਿਤਾਂ ਸੱਤਾ ਹੈ ਸਰ ਕਰਨੀ
ਤੈਨੂੰ ਧੱਕ ਕੇ ਖੂੰਝੇ ਲਾ ਦੇਣਾ
ਤੈਨੂੰ ਸੱਤਾ ਦਾ ਗਰੂਰ ਹੋਣਾ
ਛੱਡਦੇ ਇਹ ਤਾਨਾਸ਼ਾਹੀ
ਤੇਰਾ ਜ਼ੁਲਮੀ ਰਾਜ ਨਾ ਚੱਲਣ ਦੇਣਾ

ਕੇਸਰਾਬਾਈ ਘੋਟਮੁਖੇ ਨੂੰ ਹੇ ਵਸੰਤਦਾਦਾ, ਸਾਡੇ ਨਾਲ਼ ਲੜਾਈ ਮੁੱਲ ਨਾ ਲੈ ਬੈਠੀਂ ਗਾਉਂਦਿਆਂ ਦੇਖੋ

ਪੁਲਿਸ ਅਕਸਰ ਸਮਾਜਿਕ ਸਦਭਾਵਨਾ ਨੂੰ ਭੰਗ ਕਰਨ ਦੇ ਦੋਸ਼ ਲਾਉਂਦੀ ਅਤੇ ਉਨ੍ਹਾਂ ਦੇ ਪ੍ਰੋਗਰਾਮ ਬੰਦ ਕਰਵਾ ਦਿੰਦੀ, ਪਰ ਆਤਮਾਰਾਮ ਨੇ ਪੇਸ਼ਕਾਰੀ ਕਰਨੀ ਕਦੇ ਵੀ ਬੰਦ ਨਾ ਕੀਤੀ

ਜਦੋਂ ਵਸੰਤਦਾਦਾ ਨੰਦੇੜ ਆਏ ਤਾਂ ਆਤਮਾਰਾਮ ਸਾਲਵੇ ਨੇ ਨਾ ਸਿਰਫ਼ ਲਿਖਿਆ ਸਗੋਂ ਹਜ਼ਾਰਾਂ ਲੋਕਾਂ ਸਾਹਮਣੇ ਪੇਸ਼ਕਾਰੀ ਵੀ ਕੀਤੀ। ਉਨ੍ਹਾਂ ਖ਼ਿਲਾਫ਼ ਮੁਕੱਦਮਾ ਦਾਇਰ ਕੀਤਾ ਗਿਆ। ਸਿਆਸੀ ‘ਅਪਰਾਧਾਂ’ ਦਾ ਇਹ ਜੋ ਸਿਲਸਿਲਾ ਸ਼ੁਰੂ ਹੋਇਆ, ਫਿਰ ਰਹਿੰਦੀ ਉਮਰੇ ਉਨ੍ਹਾਂ ਦੇ ਨਾਲ਼ ਹੀ ਰਿਹਾ। 1978 ਤੋਂ 1991 ਤੱਕ ਭਾਵ ਸਾਲਵੇ ਦੀ ਮੌਤ ਤੱਕ, ਮਹਾਰਾਸ਼ਟਰ ਦੇ ਸਾਰੇ ਥਾਣਿਆਂ ਵਿੱਚ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕੀਤੇ ਜਾਂਦੇ ਰਹੇ, ਜਿਨ੍ਹਾਂ ਵਿੱਚ ਉਨ੍ਹਾਂ ‘ਤੇ ਲੜਾਈ ਕਰਨ, ਸਰਕਾਰੀ ਕੰਮ ਵਿੱਚ ਅੜਿਕਾ ਡਾਹੁਣ, ਦੰਗੇ ਭੜਕਾਉਣ ਅਤੇ ਸਮਾਜਿਕ ਸਦਭਾਵਨਾ ਨੂੰ ਭੰਗ ਕਰਨ ਜਿਹੇ ਦੋਸ਼ ਮੜ੍ਹੇ ਗਏ। ਇੱਥੇ ਹੀ ਬੱਸ ਨਹੀਂ, ਉਨ੍ਹਾਂ ‘ਤੇ ਕਈ ਵਾਰੀ ਜਾਨਲੇਵਾ ਹਮਲੇ ਤੱਕ ਕਰਵਾਏ ਗਏ। ਸਾਲਵੇ ਦੇ ਦੋਸਤ ਅਤੇ ਦੇਗਲੂਰ ਵਿਖੇ ਉਨ੍ਹਾਂ ਦੇ ਸਹਿਯੋਗੀ ਰਹਿ ਚੁੱਕੇ ਚੰਦਰਕਾਂਤ ਥਾਨੇਕਰ ਚੇਤੇ ਕਰਦੇ ਹਨ: “1980 ਵਿੱਚ ਉਸ ‘ਤੇ ਦੇਗਲੂਰ ਬਲਾਕ (ਨੰਦੇੜ ਜ਼ਿਲ੍ਹੇ) ਦੇ ਮਰਖੇਲ ਪਿੰਡ ਵਿਖੇ ਹਮਲਾ ਹੋਇਆ। ਸਾਲਵੇ ‘ਤੇ ਡਾ. ਨਵਲ ਦੇ ਕਤਲ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਾਇਆ ਗਿਆ, ਕਿਹਾ ਗਿਆ ਕਿ ਉਹਨੇ ਪਹਿਲਾਂ ਡਾਕਟਰ ਪਾਸੋਂ ਕੋਈ ਪੁੱਛਗਿੱਛ ਕੀਤੀ ਉਹੀ ਡਾਕਟਰ ਜਿਸ ‘ਤੇ ਬੇਨਲ ਪਿੰਡ ਵਿਖੇ ਦਲਿਤ ਮਜ਼ਦੂਰ, ਕਾਲੇ ਦੇ ਹੋਏ ਕਤਲ ਸਬੰਧੀ ਮੌਤ ਦਾ ਜਾਅਲੀ ਸਰਟੀਫ਼ਿਕੇਟ ਜਾਰੀ ਕਰਨ ਦਾ ਦੋਸ਼ ਸੀ। ਉਸ ਵਾਸਤੇ ਉਹਨੂੰ, ਰਮਾ ਖੜਗੇ ਅਤੇ ਮੈਨੂੰ ਦੋ ਸਾਲ ਦੀ ਸਖ਼ਤ ਕੈਦ ਹੋਈ ਅਤੇ 500 ਰੁਪਏ ਦਾ ਜ਼ੁਰਮਾਨਾ ਲਾਇਆ ਗਿਆ। ਬਾਅਦ ਵਿੱਚ ਉੱਚ ਅਦਾਲਤ (ਹਾਈ ਕੋਰਟ) ਨੇ ਸਾਨੂੰ ਬਰੀ ਕਰ ਦਿੱਤਾ।”

ਉਸੇ ਮਰਖੇਲ ਪਿੰਡ ਵਿਖੇ, ਨਗਰਬਾਈ ਸੋਪਾਨ ਵਜ਼ਰਕਰ ਨਾਮਕ 70 ਸਾਲਾ ਬਜ਼ੁਰਗ ਔਰਤ ਨੇ ਮੈਨੂੰ ਆਤਮਾਰਾਮ ਦੇ ਗੀਤਾਂ ਦੀ ਹੱਥ ਲਿਖਤ ਕਾਪੀ ਦਿੱਤੀ। ਉਨ੍ਹਾਂ ਨੇ ਇਸ ਕਾਪੀ ਨੂੰ ਇੱਕ ਕੱਚੇ ਭਾਂਡੇ ਵਿੱਚੋਂ ਬਾਹਰ ਕੱਢਿਆ, ਜਿੱਥੇ ਇਹ ਪਿਛਲੇ 40 ਸਾਲਾਂ ਤੋਂ ਸਾਂਭੀ ਪਈ ਸੀ। ਇਹ ਨਗਰਬਾਈ ਹੀ ਸਨ ਜਿਹਨੇ ਮਰਖੇਲ ਵਿਖੇ ਆਤਮਾਰਾਮ ‘ਤੇ ਹੋਏ ਕਾਤਲਾਨਾ ਹਮਲੇ ਵਿੱਚ ਉਨ੍ਹਾਂ ਦੀ ਜਾਨ ਬਚਾਈ ਸੀ। ਇੱਕ ਹੋਰ ਘਟਨਾ ਵਾਪਰੀ ਜਿਸ ਵਿੱਚ ਮਾਜਲਗਾਓਂ ਦੇ ਵਪਾਰੀਆਂ ਨੇ ਪੈਂਥਰਜ ਵੱਲੋਂ ਦਿੱਤੇ ਬੰਦ ਦੇ ਸੱਦੇ ਖ਼ਿਲਾਫ਼ ਰੋਸ ਰੈਲੀ ਕੱਢੀ ਅਤੇ ਆਤਮਾਰਾਮ ਸਾਲਵੇ ਨੂੰ ਬਾਹਰ ਕੱਢੇ ਜਾਣ ਦੀ ਮੰਗ ਕੀਤੀ। ਇਸ ਰੈਲੀ ਤੋਂ ਬਾਅਦ ਆਤਮਾਰਾਮ ਦੇ ਬੀਡ ਅੰਦਰ ਦਾਖ਼ਲੇ ‘ਤੇ ਰੋਕ ਲੱਗ ਗਈ। ਮੁਖੇੜ ਦੇ ਤੇਜੇਰਾਓ ਭਦਰੇ, ਜੋ ਆਤਮਾਰਾਮ ਵੱਲੋਂ ਕੀਤੀ ਜਾਂਦੀ ਪੇਸ਼ਕਾਰੀ ਦੌਰਾਨ ਹਰਮੋਨੀਅਮ ਵਜਾਇਆ ਕਰਦੇ ਸਨ, ਕਹਿੰਦੇ ਹਨ: “ਆਤਮਾਰਾਮ ਆਪਣੇ ਭਾਸ਼ਣ ਵੇਲ਼ੇ ਭਾਵੁਕ ਅਤੇ ਗੀਤ ਗਾਉਣ ਵੇਲ਼ੇ ਜੋਸ਼ ਭਰਪੂਰ ਰਹਿੰਦੇ। ਦਲਿਤਾਂ ਨੂੰ ਉਹਦੀ ਗੱਲ ਸੁਣਨੀ ਚੰਗੀ ਲੱਗਦੀ ਪਰ ਸਵਰਣ ਲੋਕ ਇਤਰਾਜ਼ ਜਤਾਉਂਦੇ। ਉਹ ਤਾਂ ਉਹਦੇ ‘ਤੇ ਪੱਥਰ ਸੁੱਟਣ ਲੱਗਦੇ। ਜਦੋਂ ਆਤਮਾਰਾਮ ਗਾਉਂਦਾ ਤਾਂ ਮੂਹਰਲੀਆਂ ਕਤਾਰਾਂ ਵਿੱਚ ਬੈਠੇ ਲੋਕ ਮੰਚ ਵੱਲ ਸਿੱਕੇ ਸੁੱਟਦੇ, ਜਦੋਂਕਿ ਉਸ ਤੋਂ ਨਰਾਜ਼ ਲੋਕ ਪੱਥਰ ਸੁੱਟਦੇ। ਸ਼ਾਹਿਰ ਦੀ  ਭੂਮਿਕਾ ਵਿੱਚ ਉਹਨੂੰ ਇੱਕੋ ਸਮੇਂ ਪਿਆਰ ਵੀ ਮਿਲ਼ਦਾ ਅਤੇ ਨਫ਼ਰਤ ਦਾ ਸ਼ਿਕਾਰ ਹੋਣਾ ਵੀ ਪੈਂਦਾ ਅਤੇ ਇਹ ਗੱਲ ਉਸ ਲਈ ਸਧਾਰਣ ਸੀ। ਪਰ ਪੱਥਰ ਸੁੱਟਣ ਵਾਲ਼ਿਆਂ ਨੇ ਜਿੰਨੇ ਮਰਜ਼ੀ ਪੱਥਰ ਕਿਉਂ ਨਾ ਸੁੱਟੇ ਹੋਣ ਪਰ ਉਹ ਆਤਮਾਰਾਮ ਨੂੰ ਗਾਉਣੋਂ ਨਾ ਰੋਕ ਸਕੇ। ਉਹ ਆਪਣਾ ਸਾਰਾ ਗੁੱਸਾ ਆਪਣੇ ਗੀਤਾਂ ਵਿੱਚ ਪਾ ਦਿੰਦਾ ਅਤੇ ਲੋਕਾਂ ਨੂੰ ਆਪਣੇ ਗੌਰਵ ਅਤੇ ਸ਼ਾਨ ਲਈ ਲੜਨ ਵਾਸਤੇ ਲਲਕਾਰਦਾ। ਉਹ ਚਾਹੁੰਦਾ ਸੀ ਕਿ ਅਨਿਆ ਖ਼ਿਲਾਫ਼ ਲੋਕ ਉੱਠ ਖੜ੍ਹੇ ਹੋਣ।”

ਪੁਲਿਸ ਅਕਸਰ ਉਨ੍ਹਾਂ ਦੇ ਪ੍ਰੋਗਰਾਮ ਵਿਚਾਲੇ ਰੁਕਵਾ ਦਿੰਦੀ ਅਤੇ ਉਨ੍ਹਾਂ ‘ਤੇ ਸਮਾਜਿਕ ਸਦਾਚਾਰ ਨੂੰ ਭੰਗ ਕਰਨ ਦੇ ਦੋਸ਼ ਲਾਉਂਦੀ ਪਰ ਆਤਮਾਰਾਮ ਦੀ ਪੇਸ਼ਕਾਰੀ ਕਦੇ ਨਾ ਰੁਕੀ। ਫ਼ੂਲੇ ਪਿੰਪਲਗਾਓਂ ਦੇ ਸ਼ਾਹਿਰ ਭੀਮਸੇਨ ਸਾਲਵੇ, ਜੋ ਪੇਸ਼ਕਾਰੀ ਦੌਰਾਨ ਆਤਮਾਰਾਮ ਦਾ ਸਾਥ ਦਿੰਦੇ ਸਨ, ਚੇਤੇ ਕਰਦੇ ਹਨ: “ਆਤਮਾਰਾਮ ਦੇ ਬੀਡ ਅੰਦਰ ਦਾਖ਼ਲ ਹੋਣ ‘ਤੇ ਰੋਕ ਸੀ ਪਰ ਇੱਕ ਰਾਤ, ਉਹਨੇ ਜ਼ਿਲ੍ਹੇ ਦੀਆਂ ਸੀਮਾ ਦੇ ਅੰਦਰ ਹੀ ਕਿਤੇ ਆਪਣੀ ਸ਼ਾਹਿਰੀ ਦੀ ਪੇਸ਼ਕਾਰੀ ਕਰਨੀ ਸੀ। ਕਿਸੇ ਨੇ ਪੁਲਿਸ ਨੂੰ ਸੂਚਨਾ ਦੇ ਦਿੱਤੀ। ਉਹ ਆਏ ਅਤੇ ਆਤਮਾਰਾਮ ਨੂੰ ਪੇਸ਼ਕਾਰੀ ਰੋਕਣ ਲਈ ਕਿਹਾ। ਫਿਰ ਆਤਮਾਰਾਮ ਨੇ ਪਿੰਡ ਵਿੱਚੋਂ ਦੀ ਵਹਿੰਦੀ ਨਦੀ ਪਾਰ ਕੀਤੀ ਅਤੇ ਨਦੀ ਦੇ ਦੂਜੇ ਕੰਢੇ ‘ਤੇ ਚਲਾ ਗਿਆ। ਇਹ ਕੰਢਾ (ਹਿੱਸਾ) ਜ਼ਿਲ੍ਹੇ ਦੀ ਸੀਮਾ ਤੋਂ ਬਾਹਰਵਾਰ ਸੀ ਅਤੇ ਫਿਰ ਕੀ ਸੀ ਆਤਮਰਾਮ ਨੇ ਗਾਉਣਾ ਸ਼ੁਰੂ ਕਰ ਦਿੱਤਾ। ਲੋਕੀਂ ਹਨ੍ਹੇਰੇ ਵਿੱਚ ਹੀ ਨਦੀ ਕੰਢੇ ਬਹਿ ਗਏ ਅਤੇ ਉਹਨੂੰ ਗਾਉਂਦਿਆਂ ਸੁਣਦੇ ਰਹੇ। ਗਵੱਈਆ ਜ਼ਿਲ੍ਹੇ ਦੀ ਹੱਦ ਤੋਂ ਬਾਹਰ ਸੀ ਅਤੇ ਸ੍ਰੋਤੇ ਜ਼ਿਲ੍ਹੇ ਦੀਆਂ ਹੱਦਾਂ ਦੇ ਅੰਦਰ। ਪੁਲਿਸ ਮਜ਼ਬੂਰ ਹੋ ਗਈ! ਕਿੰਨੀ ਹਸਾਉਣੀ ਘਟਨਾ ਸੀ।” ਆਤਮਾਰਾਮ ਨੇ ਅਜਿਹੇ ਕਈ ਹਾਲਾਤਾਂ ਦਾ ਸਾਹਮਣਾ ਕੀਤਾ ਪਰ ਗਾਉਣਾ ਕਦੇ ਨਾ ਛੱਡਿਆ। ਗਾਉਣਾ ਹੀ ਉਨ੍ਹਾਂ ਦੀ ਜੀਵਨ-ਸ਼ਕਤੀ ਸੀ।

ਮਰਾਠਵਾੜਾ ਯੂਨੀਵਰਸਿਟੀ ਦਾ ਨਾਮ ਬਦਲੇ ਜਾਣ ਦੀ ਲਹਿਰ ਆਤਮਾਰਾਮ ਸਾਲਵੇ ਦੀ ਰੌਸ਼ਨ ਕਵਿਤਾ ਹੇਠ ਕਰੀਬ ਦੋ ਦਹਾਕੇ ਮਘਦੀ ਰਹੀ

ਸ਼ਾਹਿਰ ਅਸ਼ੋਕ ਨਰਾਇਣ ਚੌਰੇ ਨੂੰ ਗਾਉਂਦਿਆਂ ਦੇਖੋ
'ਮੇਰੇ ਸਾਥੀਓ, ਨਾਮਾਂਤਰ ਦੇ ਸੰਘਰਸ਼ ਦੀ ਲੜਾਈ ਲੜੋ

ਮਾਨਵੀ ਹੱਕਾ ਅਭਿਆਨ (ਬੀਡ ਵਿਖੇ) ਦੇ ਸੰਸਥਾਪਕ ਪ੍ਰਧਾਨ ਐਡਵੋਕੇਟ ਏਕਨਾਥ ਅਵਦ ਨੇ ਆਪਣੀ ਸਵੈ-ਜੀਵਨੀ ਜਗ ਬਾਦਲ ਘਲੂਣੀ ਘਵ ( ਸਟਰਾਈਕ ਏ ਬਲੋਅ ਟੂ ਚੇਂਜ ਦਿ ਵਰਲਡ / ਦੁਨੀਆ ਨੂੰ ਬਦਲਣ ਲਈ ਤੁਣਕਾ ਮਾਰੋ , ਜੈਰੀ ਪਿੰਟੋ ਦੁਆਰਾ ਅਨੁਵਾਦਤ) ਵਿੱਚ ਆਤਮਾਰਾਮ ਸਾਲਵੇ ਨਾਲ਼ ਜੁੜੀ ਇੱਕ ਘਟਨਾ ਬਾਰੇ ਲਿਖਿਆ ਹੈ:  “ਆਤਮਾਰਾਮ ਨੂੰ ਆਪਣੀ ਸ਼ਾਹਿਰੀ ਜ਼ਰੀਏ ਸਮਾਜਿਕ ਅਸ਼ਾਂਤੀ ਫ਼ੈਲਾਉਣ ਅਤੇ ਲੋਕਾਂ ਨੂੰ ਭੜਕਾਉਣ ਦੇ ਦੋਸ਼ਾਂ ਹੇਠ ਬੀਡ ਵਿੱਚੋਂ ਬਾਹਰ ਕੱਢਿਆ ਗਿਆ ਸੀ। ਇਸਲਈ ਉਹ ਨੰਦੇੜ ਵਿਖੇ ਸੀ। ਅਸੀਂ ਪੈਂਥਰਜ ਦੀ ਜ਼ਿਲ੍ਹਾ ਪੱਧਰੀ ਸ਼ਾਖਾ ਸ਼ੁਰੂ ਕੀਤੀ ਅਤੇ ਇੱਕ ਜਲਸਾ ਅਯੋਜਤ ਕੀਤਾ। ਅੰਬਾਜੋਗਈ ਦੇ ਪਰਾਲੀ ਵੇਸ ਵਿਖੇ ਦਲਿਤਾਂ ਦੀ ਇੱਕ ਵੱਡੀ ਅਬਾਦੀ ਵਾਸ ਕਰਦੀ ਹੈ। ਇਸਲਈ ਜਲਸੇ ਦਾ ਅਯੋਜਨ ਉੱਥੇ ਕੀਤਾ ਗਿਆ। ਆਤਮਾਰਾਮ ਦੇ ਬੀਡ ਅੰਦਰ ਪ੍ਰਵੇਸ਼ ‘ਤੇ ਪਾਬੰਦੀ ਸੀ। ਇਸਲਈ ਪੁਲਿਸ ਘੋਖਵੀਂ ਨਜ਼ਰ ਜਮਾਈ ਬੈਠੀ ਸੀ। ਪੀਐੱਸਆਈ ਕਦਮ ਆਤਮਾਰਾਮ ਦੀ ਗ੍ਰਿਫ਼ਤਾਰੀ ਲਈ ਤਿਆਰ-ਬਰ-ਤਿਆਰ ਸੀ। ਅਸੀਂ ਉਹਨੂੰ ਮਿਲ਼ਣ ਗਏ। ‘ਉਹਨੂੰ ਪੇਸ਼ਕਾਰੀ ਤੋਂ ਬਾਅਦ ਹੀ ਗ੍ਰਿਫ਼ਤਾਰ ਕਰਿਓ,’ ਅਸਾਂ ਕਿਹਾ। ਉਹ ਮੰਨ ਗਿਆ। ਆਤਮਾਰਾਮ ਨੇ ਪੂਰੀ ਊਰਜਾ ਦੇ ਨਾਲ਼ ਪੇਸ਼ਕਾਰੀ ਕੀਤੀ। ਉਹਦੇ ਗੀਤਾਂ ਨੇ ਨਾਮਾਂਤਰ ਦੀ ਮੰਗ ਦਹੁਰਾਈ। ਪੀਐੱਸਆਈ ਕਦਮ ਨੇ ਗੀਤਾਂ ਦਾ ਭਰਪੂਰ ਅਨੰਦ ਲਿਆ। ਉਹਨੇ ਆਤਮਾਰਾਮ ਦੀ ਜੁਝਾਰੂ ਸ਼ਾਹਿਰ ਹੋਣ ਲਈ ਤਾਰੀਫ਼ ਕੀਤੀ ਗਈ। ਪਰ ਉਹਦੀ ਤਾਰੀਫ਼ ਦੇ ਪੜੁੱਲ ਬੰਨ੍ਹਦਿਆਂ ਵੀ ਉਹ ਸਾਰੇ ਉਹਦੀ ਗ੍ਰਿਫ਼ਤਾਰੀ ਲਈ ਤਿਆਰ ਸਨ। ਆਤਮਾਰਾਮ ਨੂੰ ਇਸ ਗੱਲ ਦੀ ਭਿਣਕ ਪੈ ਗਈ ਅਤੇ ਫਿਰ ਕੀ ਸੀ... ਮੰਚ ‘ਤੇ ਆਪਣੀ ਥਾਵੇਂ ਕਿਸੇ ਹੋਰ ਨੂੰ ਬਿਠਾ ਕੇ ਆਪ ਭੱਜ ਗਿਆ। ਪੀਐੱਸਆਈ, ਆਤਮਾਰਾਮ ਨੂੰ ਗ੍ਰਿਫ਼ਤਾਰ ਕਰਨ ਲਈ ਸਟੇਜ ‘ਤੇ ਜਾ ਚੜ੍ਹਿਆ। ਪਰ ਆਤਮਾਰਾਮ ਤਾਂ ਕਿਤੇ ਵੀ ਨਹੀਂ ਸੀ।”

27 ਜੁਲਾਈ 1978 ਨੂੰ ਜਿਓਂ ਹੀ ਮਹਾਰਾਸ਼ਟਰ ਵਿਧਾਨ ਸਭਾ ਵਿੱਚ ਮਰਾਠਵਾੜਾ ਯੂਨੀਵਰਸਿਟੀ ਦੀ ਨਾਮ ਬਦਲੀ ਦਾ ਮਤਾ ਪਾਸ ਹੋਇਆ, ਪੂਰੇ ਦੇ ਪੂਰੇ ਮਰਾਠਵਾੜਾ ਇਲਾਕੇ ਦੇ ਸਿਰ ‘ਤੇ ਦਲਿਤਾਂ ਨੂੰ ਫੂਕ ਸੁੱਟਣ ਦਾ ਭੂਤ ਸਵਾਰ ਹੋ ਗਿਆ। ਆਵਾਜਾਈ ਦੇ ਸਾਰੇ ਸਾਧਨਾਂ ਨੂੰ ਇੱਕ ਦਿਨ ਦੇ ਅੰਦਰ ਅੰਦਰ ਮੁਅੱਤਲ ਕਰ ਦਿੱਤਾ ਗਿਆ ਅਤੇ ਹਜ਼ਾਰਾਂ ਦਲਿਤਾਂ ਦੇ ਘਰ ਅੱਗ ਹਵਾਲੇ ਕਰ ਦਿੱਤੇ ਗਏ। ਕਈ ਥਾਵਾਂ ਸਾੜ ਸੁੱਟੀਆਂ, ਕਈ ਝੁੱਗੀਆਂ ਨੂੰ ਫੂਕ ਸੁੱਟਿਆ ਜਿਨ੍ਹਾਂ ਅੰਦਰ ਤੜੇ ਔਰਤਾਂ ਅਤੇ ਛੋਟੇ ਮਸੂਮ ਬੱਚੇ ਜਿਊਂਦੇ ਸੜ ਗਏ। ਨੰਦੇੜ ਜ਼ਿਲ੍ਹੇ ਦੇ ਸੁਗਾਓਂ ਪਿੰਡ ਦੇ ਜਨਾਰਦਨ ਮੇਵਾੜੇ ਅਤੇ ਟੈਂਭੁਰਨੀ ਪਿੰਡ ਦੇ ਉਪ ਸਰਪੰਚ ਪੋਚੀਰਾਮ ਕਾਂਬਲੇ ਦੀ ਹੱਤਿਆ ਕਰ ਦਿੱਤੀ ਗਈ। ਪਰਭਾਨੀ ਜ਼ਿਲ੍ਹੇ ਦੇ ਧਮਨਗਾਓਂ ਪਿੰਡ ਦੇ ਦਲਿਤ ਪੁਲਿਸ ਅਫ਼ਸਰ ਸੰਭਾਜੀ ਸੋਮਾਜੀ ਅਤੇ ਗੋਵਿੰਦ ਭੂਰੇਵਾਰ ਦੀ ਵੀ ਹੱਤਿਆ ਕਰ ਦਿੱਤੀ ਗਈ ਸੀ। ਹਜ਼ਾਰਾਂ ਹਜ਼ਾਰ ਦਲਿਤ ਫੱਟੜ ਹੋਏ। ਲੱਖਾਂ ਦੀ ਸੰਪੱਤੀ ਲੁੱਟ ਲਈ ਗਈ। ਖੜ੍ਹੀਆਂ ਫ਼ਸਲਾਂ ਅਤੇ ਪੈਲ਼ੀਆਂ ਸਭ ਤਬਾਹ ਕਰ ਸੁੱਟੀਆਂ ਗਈਆਂ। ਕਈ ਪਿੰਡਾਂ ਵਿੱਚ, ਦਲਿਤਾਂ ਦਾ ਬਾਈਕਾਟ ਕਰ ਦਿੱਤਾ ਗਿਆ ਅਤੇ ਉਨ੍ਹਾਂ ਨੂੰ ਭੋਜਨ ਅਤੇ ਪਾਣੀ ਦੇਣ ਤੋਂ ਮਨ੍ਹਾ ਕਰ ਦਿੱਤਾ ਗਿਆ। ਹਜ਼ਾਰਾਂ ਹਜ਼ਾਰ ਲੋਕ ਪਿੰਡਾਂ ਨੂੰ ਛੱਡ ਕੇ ਸ਼ਹਿਰਾਂ ਵੱਲ ਵਹੀਰਾਂ ਘੱਤ ਗਏ। ਕੁੱਲ ਮਿਲ਼ਾ ਕੇ ਸਰਕਾਰੀ ਅਤੇ ਨਿੱਜੀ ਸੰਪੱਤੀ ਦਾ 1.5 ਕਰੋੜ ਦਾ ਨੁਕਸਾਨ ਹੋਇਆ। ਕਈ ਥਾਵੇਂ ਡਾ. ਅੰਬੇਦਕਰ ਦੇ ਬੁੱਤ ਤੋੜ ਸੁੱਟੇ ਗਏ। ਪੂਰਾ ਮਰਾਠਵਾੜਾ ਜਾਤੀ ਯੁੱਧ ਦੇ ਮੈਦਾਨ ਵਿੱਚ ਬਦਲ ਗਿਆ।

ਆਤਮਾਰਾਮ ਨੇ ਮਰਾਠਵਾੜਾ ਅੰਦਰ ਜਾਤੀ ਹਿੰਸਾ ਦੇ ਮਚਾਏ ਕੋਹਰਾਮ ਦੀ ਤੀਬਰਤਾ ਦਰਸਾਉਂਦੀ ਇੱਕ ਕਵਿਤਾ ਲਿਖੀ, ਜਿਸ ਅੰਦਰ ਉਨ੍ਹਾਂ ਨੇ ਇਸ ਬਰਬਰਤਾ ਨੂੰ ਨੰਗਿਆਂ ਕੀਤਾ:

ਲੱਗੀ ਅੱਗ ਬਸਤੀਆਂ ਅੰਦਰ
ਫ਼ੂਕੇ ਬਾਲ ਨਾਲ਼ਗਿਰ ਅੰਦਰ
ਕੁਝ ਬਚਾ ਜਾਨਾਂ ਜੰਗਲੀਂ ਭੱਜ ਗਏ
ਕੁਝ ਭੱਜਦੇ ਫਿਰਨ ਠ੍ਹਾਰ ਲੱਭਦੇ
ਜਾਤੀਵਾਦੀਆ ਬੜਾ ਈ ਜ਼ੁਲਮ ਕਮਾਇਆ ਈ
ਰੋਟੀਓ ਆਤਰ ਦਲਿਤ ਸਾਥੀਓ ਚੁੱਲ੍ਹੇ ਠੰਡੇ ਠਾਰ ਤੁਹਾਡੇ
ਉੱਠੋ ਲੋਕੋ ਉੱਠੋ, ਹੁਣ ਉੱਠਣਾ ਈ ਪੈਣਾ
ਮਚਦੇ ਘਰਾਂ ਨੂੰ ਬਚਾਓ, ਬਚਾਉਣਾ ਈ ਪੈਣਾ
ਕੁਝ ਵੀ ਹੋਜੇ, ਵਹਿਣ ਨਦੀਆਂ ਖੂਨ ਦੀਆਂ ਭਾਵੇਂ
ਮੈਨੂੰ ਇਸ ਨਦੀਓ ਨਹਾਉਣਾ ਈ ਪੈਣਾ
ਆਓ, ਇਸ ਅੰਤਮ ਲੜਾਈ ‘ਚ ਮੇਰੇ ਨਾਲ਼ ਲੜੋ, ਤੁਹਾਨੂੰ ਲੜਨਾ ਈ ਪੈਣਾ
ਇਸ ਇਨਕਲਾਬ ਦਾ ਬੀਜ ਬੀਜੋ, ਬੀਜਣਾ ਈ ਤਾਂ ਪੈਣਾ

ਦਲਿਤਾਂ ਦੇ ਖ਼ਿਲਾਫ਼ ਇਹ ਜੋ ਮਾਹੌਲ ਬਣਿਆ ਇਹ ਇੱਕ ਦਿਨ ਦੀ ਦੇਣ ਨਹੀਂ ਸੀ। ਇਸ ਨਫ਼ਰਤ ਦੇ ਬੀਜ ਤਾਂ ਨਿਜ਼ਾਮ ਦੇ ਸ਼ਾਸ਼ਨ ਵਿੱਚ ਹੀ ਪੁੰਗਰਨ ਨੂੰ ਤਿਆਰ ਸਨ। ਨਿਜ਼ਾਮਾਂ ਦੇ ਖ਼ਿਲਾਫ਼ ਇਸ ਲੜਾਈ ਵਿੱਚ ਸਵਾਮੀ ਰਾਮਾਨੰਦ ਤੀਰਥ ਮੋਹਰੀ ਸਫ਼ਾ ਵਿੱਚ ਸਨ। ਉਹ ਆਰਿਆ ਸਮਾਜ ਨਾਲ਼ ਤਾਅਲੁੱਕ ਰੱਖਦੇ ਸਨ। ਭਾਵੇਂ ਕਿ ਆਰਿਆ ਸਮਾਜ ਦਾ ਗਠਨ ਬ੍ਰਾਹਮਣਵਾਦੀ ਦਾਬੇ ਦਾ ਵਿਰੋਧ ਕਰਨ ਲਈ ਕੀਤਾ ਗਿਆ ਸੀ, ਪਰ ਇਹਦੀ ਸਮੁੱਚੀ ਲੀਡਰਸ਼ਿਪ ਅਜੇ ਬ੍ਰਾਹਮਣਵਾਦੀ ਸੀ ਅਤੇ ਰਜ਼ਾਕਾਰਾਂ ਦੇ ਖ਼ਿਲਾਫ਼ ਸੰਘਰਸ਼ ਦੌਰਾਨ, ਇਸ ਲੀਡਰਸ਼ਿਪ ਨੇ ਦਲਿਤਾਂ ਵਿਰੁੱਧ ਕਈ ਤੁਅੱਸਬਾਂ ਦੇ ਬੀਜ ਬੀਜੇ। ਗ਼ਲਤ ਸੂਚਨਾਵਾਂ ਜਿਵੇਂ 'ਦਲਿਤ ਨਿਜ਼ਾਮ ਦਾ ਸਮਰਥਨ ਕਰਦੇ ਹਨ', 'ਦਲਿਤ ਰਜਾਕਾਰਾਂ ਨੂੰ ਪਨਾਹ ਦਿੰਦੇ ਹਨ'  ਦਾ ਹੜ੍ਹ ਆ ਗਿਆ ਅਤੇ ਇਸ ਗੱਲ ਨੇ ਅੰਬੇਦਕਰ ਵਿਰੋਧੀ ਸਵਰਨ ਲੋਕਾਂ ਨੂੰ ਲੋਹਾਲਾਖਾ ਕਰ ਸੁੱਟਿਆ ਅਤੇ ਇਹ ਗੱਲਾਂ ਉਨ੍ਹਾਂ ਦੇ ਜ਼ਿਹਨ ਵਿੱਚ ਵੱਸੀਆਂ ਹੀ ਰਹੀਆਂ। ਇਸਲਈ, ਰਜਾਕਾਰਾਂ ਵਿਰੁੱਧ ਹੋਈ ਪੁਲਿਸ ਕਾਰਵਾਈ ਦੌਰਾਨ ਦਲਿਤਾਂ ਨੂੰ ਕਈ ਤਸ਼ੱਦਦ ਝੱਲਣੇ ਪਏ। ਦਲਿਤਾਂ ਦੇ ਖ਼ਿਲਾਫ਼ ਇਨ੍ਹਾਂ ਤਸ਼ੱਦਦਾਂ 'ਤੇ ਮਰਾਠਵਾੜਾ ਪਿਛੜੀ ਜਾਤੀ ਸੰਘ ਦੇ ਉਦੋਂ ਦੇ ਪ੍ਰਧਾਨ, ਭਾਊਸਾਹੇਬ ਮੋਰੇ ਦੁਆਰਾ ਇੱਕ ਰਿਪੋਰਟ ਤਿਆਰ ਕੀਤੀ ਗਈ ਸੀ ਅਤੇ ਜੋ ਫਿਰ ਡਾ. ਅੰਬੇਦਕਰ ਅਤੇ ਭਾਰਤ ਸਰਕਾਰ ਨੂੰ ਭੇਜੀ ਗਈ।

PHOTO • Keshav Waghmare
PHOTO • Keshav Waghmare

ਨੰਦੇੜ ਤੋਂ ਕੇਸਰਬਾਈ ਘੋਟਮੁਖੇ, ਜੋ ਭਾਰਤੀ ਦਲਿਤ ਪੈਥਰਜ ਦੇ ਮਹਿਲਾ ਵਿੰਗ ਤੋਂ ਬਤੌਰ ਉਪ-ਪ੍ਰਧਾਨ ਵਜੋਂ ਸੇਵਾਮੁਕਤ ਹੋਈ। ' ਸਾਡੇ ਸਾਰੇ ਰੋਸ ਪ੍ਰਦਰਸ਼ਨਾਂ ਦੌਰਾਨ ਆਤਮਾਰਾਮ ਸਾਲਵੇ ਸਾਡੇ ਨਾਲ਼ ਹੁੰਦੇ। ਉਹ ਤੁਰਤ-ਫੁਰਤ ਗੀਤ ਲਿਖ ਲਿਆ ਕਰਦੇ ਅਤੇ ਅਸੀਂ ਸਾਰੇ ਮਿਲ਼ ਕੇ ਇੱਕ-ਸੁਰ ਵਿੱਚ ਗੀਤ ਗਾਉਂਦੇ। ' ਸੱਜੇ : ਸ਼ਾਹਿਰ ਅਸ਼ੋਕ ਨਰਾਇਣ ਚੌਰੇ ਕਹਿੰਦੇ ਹਨ ਕਿ ਨਾਮਾਂਤਰ ਅੰਦੋਲਨ ਨੇ ਕਈ ਪੜ੍ਹੇ-ਲਿਖੇ ਨੌਜਵਾਨ ਦਲਿਤਾਂ ਨੂੰ ਪ੍ਰਭਾਵਤ ਕੀਤਾ। ' ਸਾਡੀ ਪੂਰੀ ਦੀ ਪੂਰੀ ਪੀੜ੍ਹੀ ਨੇ ਘਾਲ਼ਣਾ ਘਾਲ਼ੀ '

ਡਾ. ਅੰਬੇਦਕਰ ਤੋਂ ਬਾਅਦ, ਦਾਦਾਸਾਹੇਬ ਗਾਇਕਵਾੜ ਦੀ ਅਗਵਾਈ ਵਿੱਚ ਭੂਮੀ ਅਧਿਕਾਰਾਂ ਵਾਸਤੇ ਲੜਾਈ ਲੜੀ ਗਈ ਜਿਹਦਾ ਨਾਅਰਾ ਸੀ ' ਕਾਸੇਲ ਤਯਾਚੀ ਜਮੀਨ, ਨਸੇਲ ਤਯਾਚੇ ਕੇ ? ' ('ਜ਼ਮੀਨ ਹਲਵਾਹਕ ਦੀ, ਪਰ ਬੇਜ਼ਮੀਨਿਆਂ ਦਾ ਕੀ?') ਮਰਾਠਵਾੜਾ ਦੇ ਦਲਿਤ ਇਸ ਸੰਘਰਸ਼ ਦੀਆਂ ਮੂਹਰਲੀਆਂ ਸਫ਼ਾ ਵਿੱਚ ਸਨ ਅਤੇ ਲੱਖਾਂ ਦੀ ਔਰਤਾਂ ਅਤੇ ਪੁਰਸ਼ ਜੇਲ੍ਹੀਂ ਗਏ। ਦਲਿਤਾਂ ਨੇ ਰੋਜ਼ੀਰੋਟੀ ਖ਼ਾਤਰ ਕਈ ਲੱਖ ਹੈਕਟੇਅਰ ਜ਼ਮੀਨ 'ਤੇ ਕਬਜ਼ਾ ਕਰ ਲਿਆ। ਦਲਿਤਾਂ ਵੱਲੋਂ ਸਾਂਝੀਆਂ ਚਰਾਂਦਾਂ ਵਾਲ਼ੀਆਂ ਜ਼ਮੀਨਾਂ 'ਤੇ ਕਬਜ਼ਾ ਕੀਤੇ ਜਾਣ ਦੇ ਇਸ ਕਦਮ ਤੋਂ ਸਵਰਨ ਖ਼ੁਸ਼ ਨਹੀਂ ਸਨ। ਗੁੱਸਾ ਉਨ੍ਹਾਂ ਦੇ ਦਿਮਾਗ਼ ਵਿੱਚ ਉਬਾਲ਼ੇ ਮਾਰਨ ਲੱਗਿਆ। ਵਸੰਤਵਦਾਦਾ ਪਾਟਿਲ ਅਤੇ ਸ਼ਰਦ ਪਵਾਰ ਵਿਚਲੀ ਲੜਾਈ ਨੇ ਅੱਗ ਵਿੱਚ ਤੇਲ ਪਾਉਣ ਦਾ ਕੰਮ ਕੀਤਾ। ਸਵਰਨਾਂ ਦੇ ਗੁੱਸੇ ਅਤੇ ਨਫ਼ਰਤ ਦੀ ਚਪੇਟ ਵਿੱਚ ਪਿੰਡਾਂ ਦੇ ਪਿੰਡ ਆ ਗਏ ਅਤੇ ਹਿੰਸਾ ਦਾ ਨੰਗਾ ਨਾਚ ਹੋਇਆ। ਨਾਮਾਂਤਰ ਅੰਦੋਲਨ ਵੇਲ਼ੇ ਕਈ ਅਫ਼ਵਾਹਾਂ ਉੱਡੀਆਂ ਜਿਵੇਂ ''ਯੂਨੀਵਰਸਿਟੀ ਨੂੰ ਨੀਲਾ ਰੰਗ ਫੇਰ ਦਿੱਤਾ ਜਾਣਾ ਹੈ''; ''ਡਿਗਰੀ ਸਰਟੀਫ਼ਿਕੇਟਾਂ 'ਤੇ ਡਾ. ਅੰਬੇਦਕਰ ਦੀ ਫ਼ੋਟੋ ਚਿਪਕੀ ਹੋਇਆ ਕਰੂਗੀ''; ''ਡਾ. ਅੰਬੇਦਕਰ ਅੰਤਰ-ਜਾਤੀ ਵਿਆਹਾਂ ਨੂੰ ਹੱਲ੍ਹਾਸ਼ੇਰੀ ਦਿੰਦੇ ਹਨ, ਸੋ ਇੰਝ ਇਹ ਪੜ੍ਹੇ-ਲਿਖੇ ਦਲਿਤ ਨੌਜਵਾਨ ਸਾਡੀਆਂ ਧੀਆਂ ਨੂੰ ਉਧਾਲ਼ ਲਿਜਾਣਗੇ।''

''ਮਰਾਠਵਾੜਾ ਯੂਨੀਵਰਸਿਟੀ ਦੇ ਨਾਮਾਂਤਰ ਦੇ ਮੁੱਦੇ ਅੰਦਰ ਨਵ-ਬੌਧ (ਨਵ ਬੁੱਧ) ਅੰਦੋਲਨ ਦਾ ਦ੍ਰਿਸ਼ਟੀਕੋਣ ਵੀ ਸ਼ਾਮਲ ਹੈ। ਇਹ ਸਾਫ਼ ਤੌਰ 'ਤੇ ਇੱਕ ਅਲੱਗ-ਥਲੱਗ ਅੰਦੋਲਨ ਹੈ ਜੋ ਦਲਿਤਾਂ ਦੇ ਅਜ਼ਾਦ ਵਜੂਦ ਦੀ ਮੰਗ ਕਰਦਾ ਹੈ, ਜਿਸ ਵਾਸਤੇ ਕਿ ਉਹ ਬੋਧੀ ਰਾਸ਼ਟਰਾਂ ਦੀ ਮਦਦ ਭਾਲ਼ ਰਹੇ ਹਨ। ਉਨ੍ਹਾਂ ਨੇ ਤਾਂ ਭਾਰਤੀ ਨਾਗਰਿਕਤਾ ਛੱਡਣ ਦੀ ਪੁਜੀਸ਼ਨ ਵੀ ਲੈ ਲਈ ਹੈ। ਇਸਲਈ ਸਾਨੂੰ ਜਿੰਨੀ ਛੇਤੀ ਸੰਭਵ ਹੋਵੇ ਕੋਈ ਨਾ ਕੋਈ ਸਾਫ਼ ਅਤੇ ਪੱਕਾ ਸਟੈਂਡ ਲੈਣ ਦੀ ਲੋੜ ਹੈ।'' ਨਾਮਾਂਤਰ ਵਿਰੋਧੀ ਕਰੁਤੀ ਸਮਿਤੀ ਨੇ ਲਤੂਰ ਵਿਖੇ ਆਪਣੀ ਬੈਠਕ ਵਿੱਚ ਇਹ ਸੰਕਲਪ ਲਿਆ ਅਤੇ ਦਲਿਤਾਂ ਨੂੰ ਉਨ੍ਹਾਂ ਦੇ ਵਤਨ ਤੋਂ ਖਦੇੜਨ ਦੀ ਕੋਸ਼ਿਸ਼ ਕੀਤੀ। ਨਾਮਾਂਤਰ ਅੰਦੋਲਨ ਨੂੰ ਹਿੰਦੂਆਂ ਅਤੇ ਬੋਧੀਆਂ ਵਿਚਾਲੇ ਇੱਕ ਲੜਾਈ ਵਜੋਂ ਦਰਸਾਇਆ ਗਿਆ ਅਤੇ ਅਜਿਹੇ ਕਈ ਤੁਅੱਸਬ ਆਬੋ-ਹਵਾ ਵਿੱਚ ਤੈਰਨ ਲੱਗੇ। ਇਸਲਈ ਨਾਮਾਂਤਰ ਅੰਦੋਲਨ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਮਰਾਠਵਾੜਾ ਧੁਖਣ ਲੱਗਿਆ ਅਤੇ ਅੰਦੋਲਨ ਤੋਂ ਬਾਅਦ ਤੱਕ ਵੀ ਮੱਘਦਾ ਹੀ ਰਿਹਾ। ਨਾਮਾਂਤਰ ਅੰਦੋਲਨ ਦੌਰਾਨ 27 ਦਲਿਤ ਸ਼ਹੀਦ ਹੋਏ।

ਇਹ ਅੰਦੋਲਨ ਹੁਣ ਸਿਰਫ਼ ਵਜੂਦ ਅਤੇ ਪਛਾਣ ਦੇ ਮੁੱਦਿਆਂ ਦੀ ਲੜਾਈ ਨਹੀਂ ਰਹਿ ਗਿਆ ਸੀ ਸਗੋਂ ਇਹ ਸਮਾਜਿਕ ਅਤੇ ਸਭਿਆਚਾਰਕ ਸਬੰਧਾਂ ਵਿੱਚ ਵੀ ਸਮੀਕ੍ਰਿਤ ਹੋ ਗਿਆ। ਇਹਦੇ ਅਸਰਾਤ ਜਨਮ, ਵਿਆਹ ਅਤੇ ਮੌਤ ਦੀਆਂ ਰਸਮਾਂ ਦੌਰਾਨ ਵੀ ਦਿੱਸਣ ਲੱਗੇ। ਵਿਆਹ ਅਤੇ ਅੰਤਮ ਰਸਮਾਂ ਵੇਲ਼ੇ ਲੋਕ ' ਡੀ. ਅੰਬੇਦਕਰਰਾਂਚਾ ਵਿਜੈ ਅਸੋ ' ('ਡਾ. ਅੰਬੇਦਕਰ ਫ਼ਤਹਿ ਰਹਿਣ'), ਅਤੇ ' ਮਰਾਠਵਾੜਾ ਵਿਦਯਾਪਿਥਾਚੇ ਨਾਮਾਂਤਰ ਝਾਲੇਚ ਪਾਹੀਜੇ ' ('ਮਰਾਠਵਾੜਾ ਯੂਨੀਵਰਸਿਟੀ ਦਾ ਨਾਮ ਜ਼ਰੂਰ ਤਬਦੀਲ ਹੋਵੇ') ਜਿਹੇ ਨਾਅਰੇ ਲਾਉਣ ਲੱਗ ਪਏ। ਸ਼ਾਹਿਰ ਆਤਮਾਰਾਮ ਸਾਲਵੇ ਨੇ ਨਾਮਾਂਤਰ ਬਾਰੇ ਲੋਕ ਮਨਾਂ ਵਿੱਚ ਚਿਣਗ ਬਾਲਣ ਵਿੱਚ ਅਤੇ ਸਮਾਜਿਕ-ਸਭਿਆਚਾਰਕ ਜਾਗਰੂਕਤਾ ਨੂੰ ਅਕਾਰ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ।

PHOTO • Keshav Waghmare

ਸੁਮਿਤ ਸਾਲਵੇ, ਬੀਡ ਦੇ ਵਿਦਿਆਰਥੀ, ਆਤਮਾਰਾਮ ਦੇ ਕਈ ਗੀਤ ਗਾਉਂਦੇ ਹਨ। ' ਸ਼ਾਹਿਰ ਦੇ ਗੀਤ ਨੌਜਵਾਨ ਪੀੜ੍ਹੀ ਲਈ ਪ੍ਰੇਰਨਾਸ੍ਰੋਤ ਹਨ '

ਆਤਮਾਰਾਮ ਦੀ ਜ਼ਿੰਦਗੀ ਅੰਬੇਦਕਰ ਅਤੇ ਨਾਮਾਂਤਰ ਦੁਆਲ਼ੇ ਹੀ ਘੁੰਮਦੀ ਸੀ। ਉਹ ਕਿਹਾ ਕਰਦੇ,''ਜਦੋਂ ਅਧਿਕਾਰਕ ਤੌਰ 'ਤੇ ਯੂਨੀਵਰਸਿਟੀ ਦਾ ਨਾਮ ਬਦਲ ਦਿੱਤਾ ਜਾਵੇਗਾ ਤਾਂ ਮੈਂ ਆਪਣਾ ਘਰ ਅਤੇ ਖੇਤ ਵੇਚ ਦਿਆਂਗਾ ਅਤੇ ਉਸ ਪੈਸੇ ਨਾਲ਼ ਯੂਨੀਵਰਸਿਟੀ ਦੇ ਪ੍ਰਵੇਸ਼ ਦੁਆਰ (ਦੀ ਗੋਲ਼ਾਈ) 'ਤੇ ਅੰਬੇਦਕਰ ਦਾ ਨਾਮ ਸੁਨਹਿਰੀ ਅੱਖਰਾਂ ਵਿੱਚ ਲਿਖਾਂਗਾ।'' ਉਨ੍ਹਾਂ ਨੇ ਆਪਣੀ ਅਵਾਜ਼, ਆਪਣੇ ਲਫ਼ਜ਼ਾਂ ਅਤੇ ਸ਼ਾਹਿਰੀ ਨੂੰ ਜ਼ੁਲਮ ਦੇ ਖ਼ਿਲਾਫ਼ ਇੱਕ ਮਸ਼ਾਲ ਵਾਂਗ ਵਰਤਿਆ। ਨਾਮਾਂਤਰ ਦੇ ਆਪਣੇ ਮਿੱਥੇ ਟੀਚੇ ਤੱਕ ਪਹੁੰਚਣ ਵਾਸਤੇ ਸਖ਼ਤ ਮਿਹਨਤ ਕਰਦਿਆਂ ਉਹ ਦੋ ਦਹਾਕਿਆਂ ਤੱਕ ਮਹਾਰਾਸ਼ਟਰ ਦੇ ਪਿੰਡਾਂ ਵਿੱਚ ਪੈਦਲ ਹੀ ਘੁੰਮਦੇ ਰਹੇ, ਬਗ਼ੈਰ ਕਿਸੇ ਸਵਾਰਥ ਤੋਂ। ਉਨ੍ਹਾਂ ਨੂੰ ਚੇਤੇ ਕਰਦਿਆਂ, ਔਰੰਗਾਬਾਦ ਦੇ ਡਾ. ਅਸ਼ੋਕ ਗਾਇਕਵਾੜ ਕਹਿੰਦੇ ਹਨ, ''ਨੰਦੇੜ ਜ਼ਿਲ੍ਹੇ ਵਿੱਚ ਪੈਂਦੇ ਮੇਰੇ ਪਿੰਡ ਬੋਂਦਗਵ੍ਹਾਨ ਤੱਕ ਅਜੇ ਵੀ ਕੋਈ ਸੜਕ ਨਹੀਂ ਜਾਂਦੀ ਅਤੇ ਨਾ ਹੀ ਉੱਥੋਂ ਤੱਕ ਕੋਈ ਸੰਦ ਹੀ ਪਹੁੰਚਦਾ ਹੈ। 1979 ਵਿੱਚ ਆਤਮਾਰਾਮ ਮੇਰੇ ਪਿੰਡ ਆਇਆ ਅਤੇ ਸ਼ਾਹਿਰੀ ਜਲਸੇ ਦੀ ਪੇਸ਼ਕਾਰੀ ਕੀਤੀ। ਉਹਨੇ ਆਪਣੀ ਸ਼ਾਹਿਰੀ ਨਾਲ਼ ਸਾਡੇ ਜੀਵਨ ਵਿੱਚ ਰੌਸ਼ਨੀ ਦੀ ਚਿਣਗ ਬਾਲ਼ੀ ਅਤੇ ਦਲਿਤਾਂ ਨੂੰ ਉਨ੍ਹਾਂ ਦੇ ਸੰਘਰਸ਼ ਵਾਸਤੇ ਸਮਰੱਥ ਬਣਾਇਆ। ਉਸ ਨੇ ਖੁੱਲ੍ਹ ਕੇ ਜਾਤੀਵਾਦੀ ਲੋਕਾਂ ਦਾ ਨਾਮ ਲਿਆ। ਜਿਸ ਪਲ ਉਹਨੇ ਆਪਣੀ ਜ਼ਬਰਦਸਤ ਅਵਾਜ਼ ਵਿੱਚ ਗਾਉਣਾ ਸ਼ੁਰੂ ਕੀਤਾ ਲੋਕ ਉਹਨੂੰ ਚਿੰਬੜਨ ਲਈ ਇਓਂ ਉਹਦੇ ਨੇੜੇ ਨੇੜੇ ਆਉਣ ਲੱਗੇ ਜਿਓਂ ਮਧੂਮੱਖੀਆਂ ਛੱਤੇ ਨਾਲ਼ ਜਾ ਚਿੰਬੜਦੀਆਂ ਹਨ। ਉਹਦੇ ਗੀਤ ਕੰਨਾਂ ਨੂੰ ਜੀਵਨ ਬਖ਼ਸ਼ਦੇ ਅਤੇ ਉਹਦੇ ਅਲਫ਼ਾਜ਼ ਮਰੇ ਹੋਏ ਮਨ ਨੂੰ ਜਿਊਂਦਾ ਕਰਦੇ ਅਤੇ ਨਫ਼ਰਤ ਖ਼ਿਲਾਫ਼ ਲੜਨ ਲਈ ਤਿਆਰ ਕਰਦੇ।''

ਕਿਨਵਾਯ (ਨੰਦੇੜ ਜ਼ਿਲ੍ਹੇ) ਦੇ ਦਾਦਾਰਾਓ ਕਾਯਾਪਕ ਕੋਲ਼ ਸਾਲਵੇ ਦੀਆਂ ਹੋਰ ਵੀ ਕਈ ਯਾਦਾਂ ਹਨ। ''1978 ਵਿੱਚ ਗੋਕੁਲ ਗੋਂਡੇਗਾਓਂ ਦੇ ਦਲਿਤਾਂ ਦਾ ਬਾਈਕਾਟ ਕੀਤਾ ਜਾ ਰਿਹਾ ਸੀ। ਇਸ ਕਾਰੇ ਦੇ ਖ਼ਿਲਾਫ਼ ਐੱਸ.ਐੱਮ. ਪ੍ਰਧਾਨ, ਸੁਰੇਸ਼ ਗਾਇਕਵਾੜ, ਮਨੋਹਰ ਭਗਤ, ਐਡਵੋਕੇਟ ਮਿਲਿੰਦ ਸਰਪੇ ਅਤੇ ਮੈਂ, ਅਸੀਂ ਸਾਰਿਆਂ ਨੇ ਰਲ਼ ਕੇ ਇੱਕ ਮੋਰਚਾ ਲਾਇਆ। ਪੁਲਿਸ ਨੇ ਕਿਸੇ ਵੀ ਇਕੱਠ ਨੂੰ ਹੋਣ ਤੋਂ ਰੋਕਣ ਵਾਸਤੇ ਧਾਰਾ 144 (ਸੀ.ਆਰ.ਪੀ.ਸੀ) ਲਾ ਦਿੱਤੀ। ਆਤਮਾਰਾਮ ਸਾਲਵੇ ਨੇ ਇੱਕ ਜਲਸਾ ਅਯੋਜਿਤ ਕੀਤਾ ਅਤੇ ਹਾਲਾਤ ਤਣਾਅਪੂਰਨ ਹੋ ਗਏ। ਸਵਰਨ ਲੋਕਾਂ ਨੇ ਸ਼ਾਹਿਰੀ ਸਾਲਵੇ ਅਤੇ ਪੈਥਰਜ ਕਾਰਕੁੰਨਾਂ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ। ਉਨ੍ਹਾਂ ਨੇ ਪੁਲਿਸ ਨਿਗਰਾਨ ਸ਼੍ਰਿੰਗਰਾਵੇਲ  ਅਤੇ ਡਿਪਟੀ ਨਿਗਰਾਨ ਐੱਸ.ਪੀ. ਖ਼ਾਨ ਦਾ ਘਿਰਾਓ ਕੀਤਾ ਅਤੇ ਪੁਲਿਸ ਗੈਸਟ ਹਾਊਸ ਨੂੰ ਅੱਗ ਲਾ ਦਿੱਤੀ। ਮਾਹੌਲ ਉਦੋਂ ਹੋਰ ਵਿਗੜ ਗਿਆ ਜਦੋਂ ਪੁਲਿਸ ਨੇ ਗੋਲ਼ੀਆਂ ਚਲਾ ਦਿੱਤੀਆਂ। ਇਸ ਘਟਨਾ ਵਿੱਚ ਕਾਂਗਰਸ ਦੇ ਸੰਸਦ ਮੈਂਬਰ ਉੱਤਮਰਾਓ ਰਾਠੌੜ ਦੇ ਕਰੀਬੀ ਸਾਥੀ ਅਤੇ ਦਲਿਤ ਸੰਰਖਣਵਾਦੀ ਕਾਰਕੁੰਨ ਜੇ. ਨਾਗੋਰਾਓ ਦੀ ਮੌਤ ਹੋ ਗਈ।

ਸ਼ਾਹਿਰ ਆਤਮਾਰਾਮ ਦੇ ਗੀਤ ਮਨੁੱਖਤਾ, ਬਰਾਬਰੀ, ਅਜ਼ਾਦੀ, ਭਾਈਚਾਰੇ ਅਤੇ ਨਿਆ ਦੇ ਵਿਚਾਰਾਂ ਨਾਲ਼ ਭਰਪੂਰ ਹਨ। ਲਦਾਈ (ਲੜਾਈ), ਠਿੰਗੀ (ਚਿਣਗ), ਕ੍ਰਾਂਤੀ (ਇਨਕਲਾਬ), ਆਗ (ਅੱਗ), ਰਣ (ਜੰਗ ਦਾ ਮੈਦਾਨ), ਸ਼ਸਤ੍ਰਾ (ਹਥਿਆਰ), ਟੋਫ (ਤੋਪ), ਯੁੱਧ (ਜੰਗ), ਨਵਾਂ ਇਤਿਹਾਸ (ਨਵਾਂ ਇਤਿਹਾਸ) ਜਿਹੇ ਸ਼ਬਦ ਉਨ੍ਹਾਂ ਦੇ ਗੀਤਾਂ ਦਾ ਸ਼ਿੰਗਰ ਹਨ। ਇਹ ਸ਼ਬਦ ਉਨ੍ਹਾਂ ਦੇ ਅਸਲ ਜੀਵਨ ਤਜ਼ਰਬਿਆਂ ਦਾ ਹਵਾਲ਼ਾ ਦਿੰਦੇ ਹਨ। ਉਨ੍ਹਾਂ ਦਾ ਹਰ ਗੀਤ ਜੰਗ ਦੀ ਪੁਕਾਰ ਹੈ।

ਤੋਪਾਂ ਲਿਆਓ, ਹਿੰਮਤ ਕਰੋ, ਅੱਗੇ ਵਧੋ
ਆਓ, ਮਨੂੰ ਦੀਆਂ ਸੰਤਾਨਾਂ ਨੂੰ ਦਫ਼ਨਾਈਏ
ਆਓ, ਇੱਕ ਨਵਾਂ ਇਤਿਹਾਸ ਘੜੀਏ
ਇਨਕਲਾਬ ਦਾ ਬੂਟਾ ਲਾਈਏ
ਅੱਜ ਬੰਦੂਕੋਂ ਨਿਕਲ਼ੀ ਇੱਕ ਗੋਲ਼ੀ,
ਮਨੂੰ ਦੇ ਮਹਿਲੀਂ ਕੱਲ੍ਹ ਬਾਲ਼ੂ ਹੋਲੀ

ਤੇਜੇਰਾਓ ਭਦਰੇ ਦੀ ਵਿਆਖਿਆ
' ਮੇਰੇ ਦਲਿਤ ਭਰਾਵੋ, ਇੱਕ ਚਿਣਗ ਆਪਣੇ ਅੰਦਰ ਰੱਖੋ ' ਦੇਖੋ

ਆਤਮਾਰਾਮ ਨੇ ਕਦੇ ਵੀ ਦਿਲ-ਪਰਚਾਵੇ, ਪੈਸੇ, ਨਾਮ ਅਤੇ ਸ਼ੌਹਰਤ ਲਈ ਪੇਸ਼ਕਾਰੀ ਨਹੀਂ ਕੀਤੀ। ਉਹ ਮੰਨਦੇ ਸਨ ਕਿ ਕਲਾ ਨਿਰਪੱਖ ਨਹੀਂ ਹੁੰਦੀ ਪਰ ਬਦਲਾਅ ਦੀ ਲੜਾਈ ਲਈ ਅਹਿਮ ਸੰਦ ਜ਼ਰੂਰ ਹੁੰਦੀ ਹੈ

ਬਤੌਰ ਇੱਕ ਕਲਾਕਾਰ ਅਤੇ ਸ਼ਾਹਿਰ, ਭਾਵੇਂ ਆਤਮਾਰਾਮ ਨਿਰਪੱਖ ਨਹੀਂ ਸਨ। ਪਰ ਉਨ੍ਹਾਂ ਦੀ ਸੋਚ ਨਾ ਸੂਬਾਈ ਸੀ ਅਤੇ ਨਾ ਹੀ ਤੰਗ ਸੀ। 1977 ਵਿੱਚ, ਬਿਹਾਰ ਦੇ ਬੇਲਚੀ ਵਿਖੇ ਦਲਿਤਾਂ ਦਾ ਕਤਲੇਆਮ ਹੋਇਆ ਸੀ। ਉਹ ਬੇਲਚੀ ਗਏ ਅਤੇ ਉੱਥੇ ਇੱਕ ਅੰਦੋਲਨ ਵਿੱਢ ਲਿਆ। ਇਸ ਖ਼ਾਤਰ ਉਨ੍ਹਾਂ ਨੂੰ 10 ਦਿਨ ਦੀ ਜੇਲ੍ਹ ਹੋਈ। ਇਸ ਕਤਲੇਆਮ ਬਾਰੇ ਉਨ੍ਹਾਂ ਨੇ ਲਿਖਿਆ:

ਇਸ ਹਿੰਦੂ ਦੇਸ਼ ਦੇ ਬੇਲਚੀ ਅੰਦਰ
ਆਪਣੇ ਭਰਾ ਸੜਦੇ, ਮੈਂ ਵੇਖੇ
ਮਾਵਾਂ, ਭੈਣਾਂ, ਅਤੇ ਬੱਚੇ ਵੀ
ਜ਼ਿੰਦਗੀ ਲਈ ਭੱਜਦੇ, ਮੈਂ ਵੇਖੇ

ਇਸੇ ਗੀਤ ਵਿੱਚ, ਉਨ੍ਹਾਂ ਨੇ ਦਲਿਤ ਨੇਤਾਵਾਂ ਦੀ ਵਿਚਾਰਕ ਰੂਪ ਨਾਲ਼ ਖੋਖਲੀ ਤੇ ਸਵਾਰਥੀ ਰਾਜਨੀਤੀ 'ਤੇ ਵਾਰ ਕੀਤਾ:

ਕੁਝ ਬਣ ਗਏ ਗੁੱਡੇ ਕਾਂਗਰਸ ਦੇ ਹੱਥ ਦੇ
ਕੁਝ ਆਪਣਾ ਤਨਮਨ 'ਜਨਤਾ’ [ਦਲ] ਨੂੰ ਦੇ ਚੁੱਕੇ
ਸੰਕਟਾਂ ਮਾਰੀ ਘੜੀ ਦੇ ਅੰਦਰ ਪਾਖੰਡੀ ਗਵਾਈ
ਵੈਰੀ ਨਾਲ਼ ਹੱਥ ਮਿਲਾਉਂਦੇ ਮੈਂ ਵੇਖੇ

1981 ਵਿੱਚ, ਪਿਛੜੀ ਜਾਤੀ ਅਤੇ ਪਿਛੜੇ ਕਬੀਲੇ ਦੇ ਵਿਦਿਆਰਥੀਆਂ ਵਾਸਤੇ ਪੋਸਟ-ਗ੍ਰੈਜੂਏਸ਼ਨ ਸਿੱਖਿਆ ਵਿੱਚ ਸੀਟਾਂ ਦੇ ਰਾਖਵੇਂਕਰਨ ਦਾ ਵਿਰੋਧ ਕਰਨ ਵਾਲ਼ਿਆਂ ਦਾ ਇੱਕ ਦਲ ਗੁਜਰਾਤ ਹਿੰਸਾ ਦੀ ਕਾਰਵਾਈ 'ਤੇ ਉੱਤਰ ਆਇਆ। ਫਿਰ ਕੀ ਸੀ ਸਾੜ-ਫੂਕਣ, ਲੁੱਟਖੋਹ, ਚਾਕੂ ਨਾਲ਼ ਹਮਲੇ, ਅੱਥਰੂ-ਗੈਸ ਅਤੇ ਗੋਲ਼ੀ ਮਾਰਨ ਜਿਹੀਆਂ ਘਟਨਾਵਾਂ ਹੋਈਆਂ। ਜ਼ਿਆਦਾਤਰ ਹਮਲੇ ਦਲਿਤਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ। ਅਹਿਮਦਾਬਾਦ ਵਿਖੇ ਦਲਿਤ ਕਰਮਚਾਰੀਆਂ ਦੀਆਂ ਕਲੋਨੀਆਂ ਅੱਗ  ਹਵਾਲੇ ਕਰ ਦਿੱਤੀਆਂ ਗਈਆਂ। ਸੌਰਾਸ਼ਟਰ ਅਤੇ ਉੱਤਰੀ ਗੁਜਰਾਤ ਦੀ ਪਿੰਡੀਂ ਥਾਈਂ ਉੱਚੀ ਜਾਤੀ ਦੇ ਪੇਂਡੂ ਲੋਕਾਂ ਨੇ ਦਲਿਤਾਂ ਦੀਆਂ ਬਸਤੀਆਂ 'ਤੇ ਹਮਲਾ ਕਰ ਦਿੱਤਾ। ਅਣਗਿਣਤ ਦਲਿਤਾਂ ਨੂੰ ਆਪਣੇ-ਆਪਣੇ ਪਿੰਡ ਛੱਡਣੇ ਪਏ।

ਇਸ ਘਟਨਾ ਬਾਰੇ, ਆਤਮਾਰਾਮ ਸਾਲਵੇ ਨੇ ਕਿਹਾ:

ਅੱਜ ਰਾਖਵੀਆਂ ਸੀਟਾਂ ਲਈ
ਤੁਸੀਂ ਕਿਉ ਨੀਂਵਿਆਂ ਨੂੰ ਤੰਗ ਕਰਦੇ
ਲੋਕਤੰਤਰ ਦਾ ਲਾਹਾ ਚੁੱਕਣ ਵਾਲ਼ਿਓ
ਕਿਉਂ ਏਨਾ ਨੀਚ ਵਿਹਾਰ ਕਰਦੇ
ਅੱਜ, ਕੱਲਾ ਗੁਜਰਾਤ ਮੱਚਿਆ
ਕੱਲ੍ਹ ਨੂੰ ਸਾਰਾ ਦੇਸ਼ ਮਚੇਗਾ
ਗੁੱਸੇ ਦੀ ਪ੍ਰਚੰਡ ਅੱਗ ਦੇ ਅੰਦਰ
ਤੁਸੀਂ ਖ਼ੁਦ ਕਿਉਂ ਸੜ ਸੁਆਹ ਨਾ ਹੁੰਦੇ

ਆਤਮਾਰਾਮ ਸਾਲਵੇ ਨੇ ਦਿਲ-ਪਰਚਾਵੇ, ਪੈਸੇ, ਪ੍ਰਸਿੱਧੀ ਜਾਂ ਸ਼ੌਹਰਤ ਵਾਸਤੇ ਪੇਸ਼ਕਾਰੀ ਨਹੀਂ ਕੀਤੀ। ਉਨ੍ਹਾਂ ਦਾ ਮੰਨਣਾ ਸੀ ਕਿ ਕਲਾ ਨਿਰਪੱਖ ਨਹੀਂ ਤੇ ਨਾ ਹੀ ਕਲਾ ਦਾ ਕੰਮ ਮਨੋਰੰਜਨ ਕਰਨਾ ਹੈ, ਪਰ ਸਮਾਜਿਕ, ਸਭਿਆਚਾਰਕ ਅਤੇ ਰਾਜਨੀਤਕ ਤਬਦੀਲੀ ਦੀ ਲੜਾਈ ਵਿੱਚ ਇਹ ਇੱਕ ਅਹਿਮ ਸੰਦ ਹੁੰਦੀ ਹੈ। ਉਨ੍ਹਾਂ ਨੇ 300 ਤੋਂ ਵੱਧ ਗੀਤ ਲਿਖੇ। ਉਨ੍ਹਾਂ ਵਿੱਚੋਂ ਅੱਜ ਸਾਡੇ ਕੋਲ਼ 200 ਲਿਖਤੀ ਰੂਪ ਵਿੱਚ ਮੌਜੂਦ ਹਨ।

ਭੋਕਰ ਵਿਖੇ ਲਕਸ਼ਮਣ ਹਿਰੇ, ਮਰਖੇਲ ਵਿਖੇ ਨਾਗਰਬਾਈ ਵਜਾਰਕਰ, ਮੁਖੇਡ ਦੇ ਤੇਜੇਰਾਓ ਭਦਰੇ (ਸਾਰੇ ਹੀ ਨੰਦੇੜ ਜ਼ਿਲ੍ਹੇ ਵਿੱਚ) ਅਤੇ ਫੂਲੇ ਪਿੰਪਲਗਾਓਂ ਦੇ ਕੋਲ਼ ਉਨ੍ਹਾਂ ਦੇ ਗੀਤਾਂ ਦੇ ਸੰਗ੍ਰਹਿ ਹਨ। ਕਈ ਅਧੂਰੇ ਗਾਣੇ ਲੋਕਾਂ ਦੇ ਜ਼ਿਹਨ ਵਿੱਚ ਰਹਿੰਦੇ ਹਨ। ਇਹ ਗੀਤ ਕਿਸਨੇ ਲਿਖੇ? ਕੋਈ ਨਹੀਂ ਜਾਣਦਾ। ਪਰ ਲੋਕ ਉਨ੍ਹਾਂ ਨੂੰ ਗੁਣਗੁਣਾਉਂਦੇ ਰਹਿੰਦੇ ਹਨ।

ਅਸੀਂ ਸਾਰੇ ਜੈ ਭੀਮ ਵਾਲ਼ੇ
ਸਾਡਾ ਸਰਦਾਰ [ਲੀਡਰ] ਰਾਜਾ ਢਾਲੇ

ਇਹ ‘ਦਲਿਤ ਪੈਂਥਰ ਦਾ ਲੀਡ ਗੀਤ’ ਵੀ ਜੋ ਹਰੇਕ ਪੈਂਥਰ ਮੈਂਬਰ ਦੇ ਬੁੱਲ੍ਹਾਂ ‘ਤੇ ਰਹਿੰਦਾ ਸੀ, ਸਾਲਵੇ ਨੇ ਲਿਖਿਆ ਸੀ। ਇਹ ਗੀਤ ਅੱਜ ਵੀ ਮਰਾਠਵਾੜਾ ਲੋਕਾਂ ਦੇ ਦਿਲੋ-ਦਿਮਾਗ਼ ਵਿੱਚ ਚੱਲਦਾ ਰਹਿੰਦਾ ਹੈ।

ਇਨਕਲਾਬ ਦੀਆਂ ਚਿਣਗਾਂ ਨੂੰ ਬੀਜ
ਇਸ ਅੱਗ ਨੂੰ ਹੁਣ ਫੈਲਣ ਦਿਓ
ਕਿੰਨਾ ਚਿਰ ਝੱਲੀਏ, ਅੱਖਾਂ ਮੀਚ
ਦਿਲ ਦੇ ਅੰਦਰ ਅੱਗ ਬਲ਼ਣ ਦਿਓ
ਕੁੱਖਾਂ ਅੰਦਰ ਸਭ ਸਮਝ ਗਏ ਨੇ
ਕੁਰਬਲ ਕੁਰਬਲ ਪਏ ਕਰਦੇ ਨੇ
ਆਉਣ ਵਾਲੇ ਸਮੇਂ ਨੂੰ ਦੇਖੋ, ਸਮਝੋ
ਭੀਮ ਦੇ ਬਹਾਦਰ ਸੂਰਮਿਓ
ਤੁਸੀਂ ਜਾਗਦੇ ਹੀ ਰਹਿਓ

PHOTO • Labani Jangi

ਜਦੋਂ ਕਦੇ ਵੀ ਆਤਮਾਰਾਮ ਦੀ ਪੇਸ਼ਕਾਰੀ ਹੁੰਦੀ, ਦਲਿਤ ਨੇੜਿਓਂ ਅਤੇ ਦੂਰ-ਦੁਰਾਡਿਓਂ ਤੁਰ ਤੁਰ ਕੇ ਹੀ ਪਹੁੰਚ ਜਾਇਆ ਕਰਦੇ

ਇਹ ਮਸ਼ਹੂਰ ਗੀਤ (ਉਪਰੋਕਤ) ਵੀ ਆਤਮਾਰਾਮ ਨੇ ਲਿਖਿਆ। ਉਨ੍ਹਾਂ ਨੇ ਮਰਾਠਵਾੜਾ ਨਾਮਾਂਤਰ ਪੋਵਾਦਾ ਵੀ ਲਿਖਿਆ। ਇਹ ਉਨ੍ਹਾਂ ਦੀ ਹੱਥ-ਲਿਖਤ ਇੰਡੈਕਸ (ਤਤਕਰੇ) ਵਿੱਚ ਦਰਜ ਹੈ, ਪਰ ਇਹਦੀ ਕਾਪੀ ਸਾਡੇ ਕੋਲ਼ ਨਹੀਂ। ਹਾਲਾਂਕਿ, ਪੂਨੇ ਦੀ ਰਿਪਬਲਿਕ ਪਾਰਟੀ ਆਫ਼ ਇੰਡੀਆ ਦੇ ਆਗੂ ਰੋਹੀਦਾਸ ਗਾਇਕਵਾੜ ਅਤੇ ਅੰਬੇਦਕਰਵਾਦੀ ਲਹਿਰ ਦੇ ਸੀਨੀਅਰ ਆਗੂ ਵਸੰਤ ਸਾਲਵੇ ਨੇ ਮੇਰੇ ਲਈ ਕੁਝ ਲਾਈਨਾਂ ਗਾਈਆਂ। ਇੰਦਾਪੁਰ ਤਾਲੁਕਾ ਦੇ ਬਾਵਦਾ ਪਿੰਡ ਵਿਖੇ ਦਲਿਤਾਂ (ਉੱਚ ਜਾਤੀ ਦੇ ਪਿੰਡ ਵਾਲ਼ਿਆਂ ਵੱਲੋਂ) ਦੇ ਬਾਈਕਾਟ ਦੌਰਾਨ, ਆਤਮਾਰਾਮ ਸਾਲਵੇ ਪੂਨੇ ਆਏ ਅਤੇ ਕਈ ਨੇੜੇ-ਤੇੜੇ ਦੀਆਂ ਕਈ ਬਸਤੀਆਂ ਵਿਖੇ ਆਪਣੀ ਪੇਸ਼ਕਾਰੀ ਕੀਤੀ। ਉਨ੍ਹਾਂ ਦੇ ਗੀਤ ਸਮੂਹਿਕ ਭਾਵਨਾ ਅਤੇ ਸੰਵੇਦਨਸ਼ੀਲਤਾ ਦੇ ਵਿਸ਼ਿਆ ਦੁਆਲ਼ੇ ਘੁੰਮਦੇ ਹਨ। ਜਦੋਂ ਕਦੇ ਆਤਮਾਰਾਮ ਪੇਸ਼ਕਾਰੀ ਕਰਦੇ ਤਾਂ ਉਸ ਥਾਂ ਦੇ ਅਤੇ ਦੂਰ-ਦੁਰਾਡਿਓਂ ਦਲਿਤ ਲੋਕ ਹੁੰਮ-ਹੁੰਮਾ ਕੇ ਅੱਪੜਿਆ ਕਰਦੇ ਅਤੇ ਆਪਣੇ ਨਾਲ਼ ਭਾਖਰੀਆਂ ਬੰਨ੍ਹ ਲਿਆਉਂਦੇ ਕਿਉਂਕਿ ਉਹ ਇਸ ਪ੍ਰੋਗਰਾਮ ਵਾਸਤੇ ਕਈ ਕਈ ਕਿਲੋਮੀਟਰ ਪੈਦਲ ਤੁਰ ਤੁਰ ਕੇ ਆਉਂਦੇ ਸਨ।

ਉਨ੍ਹਾਂ ਦੇ ਪੇਸ਼ਕਾਰੀ ਤੋਂ ਬਾਅਦ ਪੈਂਥਰ ਕਾਰਕੁੰਨ ਸ੍ਰੋਤਿਆਂ ਨੂੰ ਸੰਬੋਧਨ ਕਰਦੇ। ਉਹ, ਪੈਂਥਰਾਂ ਅਤੇ ਨਾਮਾਂਤਰ ਸੰਘਰਸ਼ ਵਾਸਤੇ ‘ਭੀੜ ਖਿੱਚਣ ਵਾਲ਼ੇ’ ਬਣ ਗਏ ਸਨ। ਜਿਸ ਤਰ੍ਹਾਂ ਨਾਲ਼ ਨਾਮਦੇਓ ਢਸਾਲ ਦਲਿਤ ਪੈਂਥਰ ਯੁੱਗ ਦੇ ਨੁਮਾਇੰਦੇ ਕਵੀ ਹਨ ਉਸੇ ਤਰ੍ਹਾਂ ਹੀ ਆਤਮਾਰਾਮ ਸਾਲਵੇ ਵੀ ਪੈਂਥਰ ਯੁੱਗ ਦੇ ਨੁਮਾਇੰਦੇ ਗਵੱਈਏ (ਸੰਗੀਤਕਾਰ) ਹਨ। ਜਿਸ ਤਰੀਕੇ ਨਾਲ਼ ਨਾਮਦੇਓ ਆਪਣੀਆਂ ਕਵਿਤਾਵਾਂ ਵਿੱਚ ਕੁਝ ਕੁਝ ‘ਪਥ ਪਰਿਵਰਤਨ’ ਦਾ ਵਿਚਾਰ ਪੇਸ਼ ਕਰਦੇ ਹਨ ਬਿਲਕੁਲ ਉਵੇਂ ਹੀ ਅੰਬੇਦਕਰ ਤੋਂ ਬਾਅਦ ਦੀ ਲਹਿਰ ਵਿੱਚ ਆਤਮਾਰਾਮ ਆਪਣੀ ਸ਼ਾਹਿਰੀ ਦੀ ਮਦਦ ਨਾਲ਼ ਇਹੀ ਵਿਚਾਰ ਪੇਸ਼ ਕਰਦੇ ਹਨ। ਜਿਵੇਂ ਨਾਮਦੇਓ ਦੀ ਕਵਿਤਾ ਪੈਂਥਰ ਯੁੱਗ ਦੀ ਵਿਆਖਿਆ ਕਰਦੀ ਹੈ ਉਵੇਂ ਹੀ ਆਤਮਾਰਾਮ ਦੀ ਸ਼ਾਹਿਰੀ ਉਸ ਸਮੇਂ ਨੂੰ ਸਪੱਸ਼ਟ ਕਰਦੀ ਹੈ। ਜਿਵੇਂ ਨਾਮਦੇਓ ਦੀ ਕਵਿਤਾ ਜਾਤ ਅਤੇ ਜਮਾਤ ਦਾ ਇਕੱਠਿਆਂ ਸਾਹਮਣਾ ਕਰਦੀ ਹੈ ਉਵੇਂ ਹੀ ਆਤਮਾਰਾਮ ਦੀ ਸ਼ਾਹਿਰੀ ਜਾਤ, ਜਮਾਤ ਅਤੇ ਲਿੰਗਕ ਦਾਬਿਆਂ ਦੀ ਇਕੱਠਿਆਂ ਗੱਲ ਕਰਦੀ ਹੈ। ਪੈਂਥਰ ਉਨ੍ਹਾਂ ਨੂੰ ਪ੍ਰਭਾਵਤ ਕਰਦੇ ਹਨ ਅਤੇ ਉਹ ਪੈਂਥਰਾਂ ਅਤੇ ਆਮ ਲੋਕਾਈ ਨੂੰ ਪ੍ਰਭਾਵਤ ਕਰਦੇ ਹਨ। ਇਹ ਉਸੇ ਪ੍ਰਭਾਵ ਦਾ ਹੀ ਤਾਂ ਅਸਰ ਸੀ ਜੋ ਉਨ੍ਹਾਂ ਨੇ ਸਾਰਾ ਕੁਝ ਪਿਛਾਂਹ ਛੱਡ ਦਿੱਤਾ- ਆਪਣੀ ਉਚੇਰੀ ਸਿੱਖਿਆ, ਨੌਕਰੀ, ਘਰ ਅਤੇ ਆਪਣਾ ਸਾਰਾ ਕੁਝ- ਅਤੇ ਜੋ ਰਾਹ ਚੁਣਿਆ ਉਸ ਰਾਹ ‘ਤੇ ਬਿਨਾ ਕਿਸੇ ਡਰ ਤੋਂ ਬਿਨਾ ਕਿਸੇ ਸਵਾਰਥ ਤੋਂ ਅਡੋਲ ਚੱਲਦੇ ਰਹੇ ਚੱਲਦੇ ਰਹੇ।

ਜਿਸ ਤਰ੍ਹਾਂ ਨਾਲ਼ ਨਾਮਦੇਓ ਢਸਾਲ ਦਲਿਤ ਪੈਂਥਰ ਯੁੱਗ ਦੇ ਨੁਮਾਇੰਦੇ ਕਵੀ ਹਨ ਉਸੇ ਤਰ੍ਹਾਂ ਹੀ ਆਤਮਾਰਾਮ ਸਾਲਵੇ ਵੀ ਪੈਂਥਰ ਯੁੱਗ ਦੇ ਨੁਮਾਇੰਦੇ ਗਵੱਈਏ (ਸੰਗੀਤਕਾਰ) ਹਨ

ਸੁਮਿਤ ਸਾਲਵੇ ਨੂੰ ਤੁਸੀਂ ਇਸ ਪੁਰਾਣੇ ਕੰਬਲ ਦੀ ਬੁੱਕਲ ਕਿੰਨਾ ਚਿਰ ਮਾਰੀ ਰੱਖੋਗੇ ?’
ਗਾਉਂਦਿਆਂ ਸੁਣੋ

ਵਸਈ ਦੇ ਸਾਬਕਾ ਵਿਧਾਇਕ ਵਿਵੇਕ ਪੰਡਤ ਦੋ ਦਹਾਕਿਆਂ ਤੱਕ ਆਤਮਾਰਾਮ ਸਾਲਵੇ ਦੇ ਮਿੱਤਰ ਰਹੇ ਹਨ। ਉਹ ਕਹਿੰਦੇ ਹਨ, “ਡਰ ਅਤੇ ਆਪਾ (ਸਵਾਰਥ)- ਇਹ ਦੋ ਸ਼ਬਦ ਆਤਮਾਰਾਮ ਦੇ ਸ਼ਬਦਕੋਸ਼ ਵਿੱਚ ਕਦੇ ਵੀ ਨਹੀਂ ਰਹੇ।” ਸਾਲਵੇ ਨੂੰ ਆਪਣੀ ਅਵਾਜ਼ ਅਤੇ ਸ਼ਬਦਾਂ ਵਿੱਚ ਬੜੀ ਹੀ ਮੁਹਾਰਤ ਹਾਸਲ ਸੀ। ਉਨ੍ਹਾਂ ਨੂੰ ਜੋ ਜਾਣਕਾਰੀ ਹੁੰਦੀ ਉਸ ‘ਤੇ ਉਨ੍ਹਾਂ ਦੀ ਪਕੜ ਕਾਫ਼ੀ ਮਜ਼ਬੂਤ ਹੁੰਦੀ। ਮਰਾਠੀ ਤੋਂ ਇਲਾਵਾ, ਉਹ ਹਿੰਦੀ, ਉਰਦੂ ਅਤੇ ਅੰਗਰੇਜ਼ੀ ਦੇ ਮਾਹਰ ਸਨ। ਉਨ੍ਹਾਂ ਨੇ ਹਿੰਦੀ ਅਤੇ ਉਰਦੂ ਵਿੱਚ ਕਈ ਗੀਤਾਂ ਦੀ ਰਚਨਾ ਕੀਤੀ। ਇੱਥੋਂ ਤੱਕ ਕਿ ਉਨ੍ਹਾਂ ਨੇ ਹਿੰਦੀ ਵਿੱਚ ਕਈ ਕਵਾਲੀਆਂ ਲਿਖੀਆਂ ਅਤੇ ਪੇਸ਼ ਵੀ ਕੀਤੀਆਂ। ਪਰ ਉਨ੍ਹਾਂ ਨੇ ਕਦੇ ਵੀ ਆਪਣੀ ਕਲਾ ਦਾ ਵਪਾਰੀਕਰਨ ਨਹੀਂ ਕੀਤਾ, ਨਾ ਹੀ ਆਪਣੀ ਕਲਾ ਨੂੰ ਮੰਡੀ ਵਿੱਚ ਲਾਹਿਆ। ਆਪਣੀ ਕਲਾ ਨੂੰ, ਆਪਣੇ ਸ਼ਬਦਾਂ ਨੂੰ ਅਤੇ ਆਪਣੀ ਤਾਕਤਵਰ ਅਵਾਜ਼ ਨੂੰ ਇੱਕ ਹਥਿਆਰ ਬਣਾਉਂਦਿਆਂ, ਉਹ ਜਾਤ-ਜਮਾਤ-ਲਿੰਗਕ ਦਾਬੇ ਖ਼ਿਲਾਫ਼ ਲੜਨ ਵਾਲ਼ੇ ਕਿਸੇ ਸਿਪਾਹੀ ਵਾਂਗਰ ਮੈਦਾਨ ਵਿੱਚ ਨਿਤਰੇ ਅਤੇ ਆਪਣੀ ਮੌਤ ਤੀਕਰ ਇਸ ਲੜਾਈ ਨੂੰ ਜਾਰੀ ਰੱਖਿਆ।

ਕਿਸੇ ਵੀ ਕਲਾਕਾਰ ਅਤੇ ਕਾਰਕੁੰਨ ਲਈ ਪਰਿਵਾਰ, ਅੰਦੋਲਨ ਅਤੇ ਕਿੱਤਾ ਉਹਦੇ ਮਾਨਿਸਕ ਸਹਾਰੇ ਦਾ ਮੁੱਖ ਵਸੀਲਾ ਹੁੰਦੇ ਹਨ। ਇਹ ਲੋਕ ਲਹਿਰ ਦੀ ਜ਼ਿੰਮੇਦਾਰੀ ਬਣਦੀ ਹੈ ਕਿ ਉਹ ਉਨ੍ਹਾਂ ਨੂੰ ਇੱਕ ਅਜਿਹੀ ਵਿਕਲਪਕ ਸ਼੍ਰੇਣੀ (ਮੰਚ) ਬਣਾਉਣ ਲਈ ਇਕੱਠਿਆਂ ਕਰੇ ਜਿੱਥੇ ਇਹ ਕਾਰੁਕੰਨ (ਇਨਕਲਾਬੀ) ਅਤੇ ਲੋਕ ਕਲਾਕਾਰ ਜਿਊਂਦੇ ਰਹਿ ਸਕਣ ਅਤੇ ਪ੍ਰਫੁੱਲਿਤ ਵੀ ਹੋ ਸਕਣ। ਇੱਕ ਅਜਿਹੇ ਦਾਇਰੇ ਦੀ ਲੋੜ ਹੈ ਜਿੱਥੇ ਇਕਲਾਪਾ ਅਤੇ ਅਲੱਗ-ਥਲੱਗਤਾ ਉਨ੍ਹਾਂ ਨੂੰ ਘੇਰ ਨਾ ਲਵੇ।

ਅੰਬੇਦਕਰਵਾਦੀ ਅੰਦੋਲਨ ਵਿੱਚ ਕਲਾਕਾਰਾਂ ਨੂੰ ਅਵਸਾਦ ਵਿੱਚ ਚਲੇ ਜਾਣ ਤੋਂ ਬਚਾਉਣ ਵਿੱਚ ਮਦਦ ਕਰਨ ਦੇ ਮੱਦੇਨਜ਼ਰ ਜਾਂ ਉਦਾਸੀਨਤਾ ਦੀ ਜਿਲ੍ਹਣ ਵਿੱਚ ਜਾਣੋਂ ਰੋਕਣ ਵਾਸਤੇ ਕੋਈ ਰਚਨਾਤਮਕ ਅਤੇ ਸੰਸਥਾਗਤ ਉਪਾਅ ਨਹੀਂ ਕੀਤਾ। ਇਸੇ ਲਈ, ਸੁਭਾਵਕ ਹੀ ਆਤਮਾਰਾਮ ਜਿਹੇ ਕਲਾਕਾਰ ਨਾਲ਼ ਜੋ ਹੋਣਾ ਸੀ ਉਹੀ ਹੋਇਆ ਵੀ।

ਬਾਅਦ ਦੇ ਜੀਵਨ ਵਿੱਚ, ਉਹ ਇੰਨ੍ਹਾਂ ਤਿੰਨਾਂ ਪੱਧਰਾਂ ‘ਤੇ ਨਿਰਾਸ਼ਾ ਵੱਸ ਪੈ ਗਏ। ਉਨ੍ਹਾਂ ਦਾ ਪਰਿਵਾਰ ਅੰਦੋਲਨ ਤੋਂ ਅਲੱਗ ਹੋ ਗਿਆ ਸੀ। ਉਨ੍ਹਾਂ ਦੀ ਸ਼ਰਾਬ ਪੀਣ ਦੀ ਲਤ ਹੋਰ ਵੱਧ ਗਈ। ਅੰਤਲੇ ਸਮੇਂ ਤੱਕ ਉਨ੍ਹਾਂ ਦਾ ਮੋਹਭੰਗ ਹੋ ਗਿਆ ਸੀ। ਕਿਸੇ ਦੇ ਇੱਕ ਵਾਰ ਕਹਿਣ ‘ਤੇ ਉਹ ਕਿਤੇ ਵੀ ਇੱਕ ਅਦਾਕਾਰ ਵਾਂਗ ਖੜ੍ਹੇ ਹੁੰਦੇ ਅਤੇ ਗਾਉਣਾ ਸ਼ੁਰੂ ਕਰ ਦਿੰਦੇ, ਕਈ ਵਾਰੀ ਸੜਕ ਦੇ ਐਨ ਵਿਚਕਾਰ, ਕਦੇ ਸ਼ਹਿਰ ਦੇ ਚੌਕ ‘ਤੇ ਖੜ੍ਹੇ ਹੋ ਕੇ ਵੀ ਗਾਉਣ ਲੱਗਦੇ। ਸ਼ਰਾਬ ਦੀ ਲੱਤ ਨੇ ਸਾਡੇ ਕੋਲ਼ੋਂ ਇਹ ਸ਼ਾਹਿਰ ਖੋਹ ਲਿਆ। ਉਹ ਸ਼ਾਹਿਰ ਜੋ ਤਾਉਮਰ ਨਾਮਾਂਤਰ ਦੇ ਸੰਘਰਸ਼ ਲਈ ਲੜਦਾ ਰਿਹਾ ਅਤੇ ਇੱਕ ਦਿਨ ਆਇਆ ਜਦੋਂ ਇਹ ਸੂਰਮਾ ਵਿਦਾ ਹੋ ਗਿਆ... ਯੂਨੀਵਰਸਿਟੀ ਦੇ ਨਾਮ ਦੇ ਸੁਨਿਹਰੀ ਅੱਖਰ ਉਹਦੀ ਉਡੀਕ ਹੀ ਕਰਦੇ ਰਹਿ ਗਏ।

ਇਹ ਸਟੋਰੀ ਮੂਲ਼ ਰੂਪ ਵਿੱਚ ਮਰਾਠੀ ਭਾਸ਼ਾ ਵਿੱਚ ਲਿਖੀ ਗਈ ਸੀ।

ਪੋਵਦਾਸ (ਗਾਥਾਗੀਤ) ਦਾ ਅਨੁਵਾਦ : ਨਮਿਤਾ ਵਾਈਕਰ।

ਲੇਖਕ, ਭੋਕਰ ਦੇ ਲਕਸ਼ਮਣ ਹਿਰੇ, ਨੰਦੇੜ ਦੇ ਰਾਹੁਲ ਪ੍ਰਧਾਨ ਅਤੇ ਪੂਨੇ ਦੇ ਦਇਆਨੰਦ ਕਨਕਡਾਂਡੇ ਨੂੰ ਇਸ ਕਹਾਣੀ ਵਿੱਚ ਆਪਣੀ ਸਹਾਇਤਾ ਦੇਣ ਲਈ ਸ਼ੁਕਰੀਆ ਅਦਾ ਕਰਨਾ ਚਾਹੁੰਦੇ ਹਨ।

ਇਹ ਮਲਟੀਮੀਡੀਆ ਸਟੋਰੀ ਇੰਨਫਲੂਏਂਸ ਸ਼ਾਹਿਰ, ਨੈਰੇਟਿਵਸ ਫਰੌਮ ਮਰਾਠਵਾੜਾ ਨਾਮਕ ਸੰਗ੍ਰਹਿ ਦਾ ਹਿੱਸਾ ਹੈ, ਜੋ ਕਿ ਇੰਡੀਆ ਫਾਊਂਡੇਸ਼ਨ ਫਾਰ ਦਿ ਆਰਟਸ ਦੁਆਰਾ ਉਨ੍ਹਾਂ ਦੀ ਆਰਕਾਈਵ ਅਤੇ ਮਿਊਜ਼ਿਅਮ ਪ੍ਰੋਗਰਾਮ ਤਹਿਤ ਪੀਪਲਸ ਆਰਕਾਈਵ ਆਫ਼ ਰੂਰਲ ਇੰਡੀਆ ਦੇ ਸਹਿਯੋਗ ਨਾਲ਼ ਚੱਲ ਰਿਹਾ ਇੱਕ ਪ੍ਰੋਜੈਕਟ ਹੈ। ਇਹ ਗੋਇਟੇ-ਇੰਸਟੀਚਿਊਟ/ਮੈਕਸ ਮੂਲਰ ਭਵਨ, ਨਵੀਂ ਦਿੱਲੀ ਦੇ ਸਹਿਯੋਗ ਦੇ ਹਿੱਸੇ ਨਾਲ਼ ਸੰਭਵ ਹੋਇਆ ਹੈ।

ਤਰਜਮਾ: ਕਮਲਜੀਤ ਕੌਰ

Keshav Waghmare

ਕੇਸ਼ਵ ਵਾਘਮਾਰੇ, ਮਹਾਰਾਸ਼ਟਰ ਦੇ ਪੂਨੇ ਜ਼ਿਲ੍ਹੇ ਦੇ ਇੱਕ ਲੇਖਕ ਅਤੇ ਖੋਜਾਰਥੀ ਹਨ। ਉਹ ਸਾਲ 2012 ਵਿੱਚ ਗਠਿਤ 'ਦਲਿਤ ਆਦਿਵਾਸੀ ਅਧਿਕਾਰ ਅੰਦੋਲਨ (ਡੀਏਏਏ) ਦੇ ਮੋਢੀ ਮੈਂਬਰ ਹਨ ਅਤੇ ਕਈ ਸਾਲਾਂ ਤੋਂ ਮਰਾਠਵਾੜਾ ਵਿੱਚ ਰਹਿਣ ਵਾਲ਼ੇ ਭਾਈਚਾਰਿਆਂ ਦਾ ਦਸਤਾਵੇਜੀਕਰਨ ਕਰ ਰਹੇ ਹਨ।

Other stories by Keshav Waghmare
Illustrations : Labani Jangi

ਲਾਬਨੀ ਜਾਂਗੀ 2020 ਤੋਂ ਪਾਰੀ ਦੀ ਫੈਲੋ ਹਨ, ਉਹ ਵੈਸਟ ਬੰਗਾਲ ਦੇ ਨਾਦਿਆ ਜਿਲ੍ਹਾ ਤੋਂ ਹਨ ਅਤੇ ਸਵੈ-ਸਿੱਖਿਅਤ ਪੇਂਟਰ ਵੀ ਹਨ। ਉਹ ਸੈਂਟਰ ਫਾਰ ਸਟੱਡੀਜ ਇਨ ਸੋਸ਼ਲ ਸਾਇੰਸ, ਕੋਲਕਾਤਾ ਵਿੱਚ ਮਜ਼ਦੂਰ ਪ੍ਰਵਾਸ 'ਤੇ ਪੀਐੱਚਡੀ ਦੀ ਦਿਸ਼ਾ ਵਿੱਚ ਕੰਮ ਕਰ ਰਹੀ ਹਨ।

Other stories by Labani Jangi
Translator : Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਬਤੌਰ ‘ਟ੍ਰਾਂਸਲੇਸ਼ਨ ਐਡੀਟਰ: ਪੰਜਾਬੀ’ ਕੰਮ ਕਰਦੀ ਹੈ ਤੇ ਇੱਕ ਸਮਾਜਿਕ ਕਾਰਕੁੰਨ ਵੀ ਹੈ।

Other stories by Kamaljit Kaur