ਪ੍ਰਹਿਲਾਦ ਸਿੰਘ ਟਿਪਨਿਆ ਅਤੇ ਸ਼ਬਨਮ ਵਿਰਮਾਨੀ [ਕਬੀਰ ਦੇ ਪ੍ਰੋਜੈਕਟ] ਗਾਉਂਦੇ ਹੋਏ ਇੱਕਤਾਰੀ ਦੀ ਵਰਤੋਂ ਕਰਦੇ ਹੋਏ ਕਬੀਰ ਭਜਨ ਗਾਉਂਦੇ ਹਨ।
ਇੱਕਤਾਰੀ ਸਾਜ਼ ਦੇਸ਼ ਦੇ ਕਈ ਹਿੱਸਿਆਂ- ਭਜਨ ਗਾਇਕਾਂ ਅਤੇ ਘੁੰਮਤਰੂ ਕਲਾਕਾਰਾਂ ਦੇ ਨਾਲ਼ ਦੇਖਿਆ ਜਾਂਦਾ ਹੈ। ਲਗਭਗ 100-120 ਸੈਂਟੀਮੀਟਰ ਲੰਬੇ ਇਸ ਇੱਕਤਾਰੀ ਦੇ ਬਹੁਤ ਸਾਰੇ ਨਾਮ ਹਨ। ਕਰਨਾਟਕ ਵਿੱਚ ਇਸ ਨੂੰ ਏਕਨਾਦ ਦੇ ਨਾਮ ਨਾਲ਼ ਜਾਣਿਆ ਜਾਂਦਾ ਹੈ; ਪੰਜਾਬ ਵਿੱਚ ਤੁੰਬੀ; ਬੰਗਾਲ ਵਿੱਚ ਬੌਲ; ਅਤੇ ਨਾਗਾਲੈਂਡ ਵਿੱਚ ਤਾਤੀ। ਤੇਲੰਗਾਨਾ ਅਤੇ ਆਂਧਰਾ ਪ੍ਰਦੇਸ਼ ਵਿੱਚ ਇਸ ਨੂੰ ਬੁੱਰਾ ਵੀਨਾ ਦੇ ਨਾਂ ਨਾਲ਼ ਜਾਣਿਆ ਜਾਂਦਾ ਹੈ। ਛੱਤੀਸਗੜ੍ਹ ਦੇ ਆਦਿਵਾਸੀ ਆਪਣੇ ਸੰਗੀਤ ਅਤੇ ਨ੍ਰਿਤ ਵਿੱਚ ਇੱਕਤਾਰੀ ਦੀ ਵਰਤੋਂ ਕਰਦੇ ਹਨ।
ਚੱਪਟੇ ਜਿਹੇ ਸੁੱਕੇ ਕੱਦੂ ਨੂੰ ਅੰਦਰੋਂ ਖਾਲੀ ਕਰਕੇ ਇੱਕਤਾਰੀ ਵਿੱਚ ਗੂੰਜ ਪੈਦਾ ਕਰਨ ਵਜੋਂ ਵਰਤਿਆ ਜਾਂਦਾ ਹੈ। ਚਮੜੇ ਦੇ ਇੱਕ ਟੁਕੜੇ ਨਾਲ਼ ਗੂੰਜਦੇਂ ਕੱਦੂ ਦਾ ਮੂੰਹ ਨੂੰ ਬੰਦ ਕਰ ਦਿੱਤਾ ਜਾਂਦਾ ਹੈ। ਗੂੰਜਦੇ ਕੱਦੂ ਵਿੱਚ ਇੱਕ ਖੋਖਲਾ ਵੇਲੂ [ਇੱਕ ਕਿਸਮ ਦਾ ਬਾਂਸ] ਪਾਇਆ ਜਾਂਦਾ ਹੈ ਜੋ ਹੇਠਲੇ ਪਾਸਿਓਂ ਕੱਦੂ ਵਿੱਚੋਂ ਬਾਹਰ ਨਿਕਲ਼ਿਆ ਹੁੰਦਾ ਹੈ। ਵੇਲੂ ਨਾਲ਼ ਇੱਕ ਤਾਰ ਜਿਹੀ ਬੱਝੀ ਹੁੰਦੀ ਹੈ ਜਿਹਦਾ ਦੂਸਰਾ ਸਿਰਾ ਵੇਲੂ ਦੇ ਓਪਰਲੇ ਹਿੱਸੇ ਨਾਲ਼ ਬੰਨ੍ਹਿਆ ਜਾਂਦਾ ਹੈ। ਉਹ ਤਾਰ ਪਹਿਲੀ ਉਂਗਲ ਜਾਂ ਵਿਚਕਾਰਲੀ ਉਂਗਲ ਨਾਲ਼ ਵਜਾਈ ਜਾਂਦੀ ਹੈ।
ਇੱਕਤਾਰੀ [ਇੱਕ-ਸਟਰਿੰਗ ਡਰੋਨ ਲੂਟ] ਬਣਾਉਣ ਦਾ ਡਿਜ਼ਾਈਨ ਅਤੇ ਪ੍ਰਕਿਰਿਆ ਹੋਰ ਤਾਰਾਂ ਵਾਲ਼ੇ ਸਾਜ਼ਾਂ ਨਾਲ਼ੋਂ ਕਾਫ਼ੀ ਸਰਲ ਹੈ। ਕੱਦੂ, ਲੱਕੜ, ਬਾਂਸ ਅਤੇ ਧਾਗਾ ਅਸਾਨੀ ਨਾਲ਼ ਮਿਲ ਜਾਂਦੇ ਹਨ। ਕੱਦੂ ਨੂੰ ਸਭ ਤੋਂ ਵਧੀਆ ਗੂੰਜ ਪੈਦਾ ਕਰਨ ਵਾਲ਼ਾ ਮੰਨਿਆ ਜਾਂਦਾ ਹੈ। ਇਹ ਅਫਰੀਕੀ ਯੰਤਰਾਂ ਵਿੱਚ ਵੀ ਵਿਆਪਕ ਤੌਰ 'ਤੇ ਵਰਤਿਆ ਜਾਂਦਾ ਹੈ। ਇੱਕਤਾਰੀ ਅਸਲ ਨੋਟ ਅਤੇ ਅਸਲ ਤਾਲ ਵੀ ਪ੍ਰਦਾਨ ਕਰਦੀ ਹੈ। ਗਾਇਕ ਆਪਣੀ ਆਵਾਜ਼ ਨੂੰ ਟਿਊਨ ਕਰ ਸਕਦੇ ਹਨ ਅਤੇ ਗੀਤ ਨੂੰ ਧੁਨੀ ਦੀ ਗਤੀ ਦੇ ਸਕਦਾ ਹੈ। ਇਹ ਇੱਕ ਪ੍ਰਾਚੀਨ, ਸਥਾਨਕ ਸਾਜ਼ ਹੈ। ਸ਼ੁਰੂ ਵਿੱਚ ਧਾਗਾ (ਤੰਦ) ਜਾਨਵਰਾਂ ਦੀ ਚਮੜੀ ਦੀ ਅੰਦਰੂਨੀ ਰੇਸ਼ੇਦਾਰ ਪਰਤ ਤੋਂ ਬਣਾਈ ਗਈ ਸੀ। ਕਰਨਾਟਕ ਵਿੱਚ, ਚਮੜੇ ਦੇ ਧਾਗੇ ਵਾਲ਼ੀ ਇੱਕਤਾਰੀ ਅਜੇ ਵੀ ਯੱਲਮਾ ਪੂਜਾ ਵਿੱਚ ਵਜਾਈ ਜਾਂਦੀ ਹੈ। ਇਸ ਨੂੰ ਜ਼ੁੰਬਰੁਕ ਦੇ ਨਾਂ ਨਾਲ਼ ਜਾਣਿਆ ਜਾਂਦਾ ਹੈ। ਅਸੀਂ ਕਹਿ ਸਕਦੇ ਹਾਂ ਕਿ ਪਹਿਲਾ ਨੋਟ ਅਤੇ ਪਹਿਲੀ ਤਾਲ ਉਦੋਂ ਬਣਾਈ ਗਈ ਸੀ ਜਦੋਂ ਚਮੜੇ ਦੀ ਇੱਕ ਸਟ੍ਰਿੰਗ ਚਮੜੇ ਦੀ ਇੱਕ ਡਿਸਕ ਨਾਲ਼ ਹੋਈ ਰਗੜ ਤੋਂ ਬਾਅਦ ਗੂੰਜੀਂ ਸੀ ਅਤੇ ਇਹ ਪਹਿਲਾ ਸੰਗੀਤਕ ਸਾਜ਼ ਸੀ। ਖੇਤੀਬਾੜੀ ਸਮਾਜ ਵਿੱਚ ਧਾਤ ਦੀ ਖੋਜ ਤੋਂ ਬਾਅਦ ਧਾਤ ਦੀਆਂ ਤਾਰਾਂ ਦੀ ਵਰਤੋਂ ਕੀਤੀ ਗਈ ਸੀ। ਦੁਨੀਆ ਭਰ ਵਿੱਚ, ਬਹੁਤ ਸਾਰੇ ਸਿੰਗਲ-ਸਟਰਿੰਗ ਸਾਜ਼ਾਂ ਦੀ ਕਾਢ ਕੱਢੀ ਗਈ ਸੀ ਅਤੇ ਵਜਾਈ ਗਈ ਸੀ। ਗਲ਼ੀਆਂ ਦੇ ਸੰਗੀਤਕਾਰਾਂ ਅਤੇ ਘੁਮਿਆਰਾਂ ਦੁਆਰਾ ਬਣਾਏ ਅਤੇ ਵਜਾਏ ਗਏ ਸਾਜ਼ ਵੀ ਉਨ੍ਹਾਂ ਦੇ ਜੀਵਨ ਢੰਗ ਨਾਲ਼ ਨੇੜਿਓਂ ਜੁੜੇ ਹੋਏ ਸਨ।
ਇਹ ਮੰਨਿਆ ਜਾਂਦਾ ਹੈ ਕਿ ਭਾਰਤ ਵਿੱਚ ਭਗਤੀ ਲਹਿਰ ਦੇ ਸੰਤਾਂ ਅਤੇ ਕਵੀਆਂ ਦੁਆਰਾ ਇੱਕਤਾਰੀ ਦੀ ਵਿਆਪਕ ਤੌਰ 'ਤੇ ਵਰਤੋਂ ਕੀਤੀ ਗਈ ਸੀ। ਪਰ, ਇਤਿਹਾਸਕ ਤੌਰ 'ਤੇ, ਇਹ ਪੂਰੀ ਤਰ੍ਹਾਂ ਸੱਚ ਨਹੀਂ ਹੈ। ਅਸੀਂ ਜਾਣਦੇ ਹਾਂ ਕਿ ਕਬੀਰ, ਮੀਰਾਬਾਈ ਅਤੇ ਕੁਝ ਸੂਫੀ ਸੰਤ ਗਾਇਨ ਕਰਦੇ ਸਮੇਂ ਇੱਕਤਾਰੀ ਦੀ ਵਰਤੋਂ ਕਰਦੇ ਸਨ, ਪਰ ਮਹਾਰਾਸ਼ਟਰ ਵਿੱਚ ਨਾਮਦੇਵ ਤੋਂ ਤੁਕਾਰਾਮ ਤੱਕ ਬਹੁਤ ਸਾਰੇ ਕਵੀ-ਸੰਤਾਂ ਨੇ ਤਾਲ (ਤਾਲ), ਚਿੱਪਲੀ (ਧਾਤੂ ਦੇ ਛੱਲਿਆਂ ਵਾਲ਼ੀ ਲੱਕੜ ਦੀ ਥਾਲ਼ੀ) ਅਤੇ ਮ੍ਰਿਦੰਗਮ ਦੀ ਵਰਤੋਂ ਕੀਤੀ ਗਈ ਸੀ। ਬਹੁਤ ਸਾਰੇ ਚਿੱਤਰਾਂ ਵਿੱਚ ਸੰਤਾਂ ਦੇ ਹੱਥਾਂ ਵਿੱਚ ਵੀਨਾ ਫੜ੍ਹੀ ਦਿਖਾਇਆ ਗਿਆ ਹੈ।
ਮਰਾਠੀ ਵਿਸ਼ਵਕੋਸ਼ ਵਿੱਚ ਕਿਹਾ ਗਿਆ ਹੈ, "ਵੀਨਾ ਇੱਕ ਪ੍ਰਾਚੀਨ ਤਾਰ ਵਾਲ਼ਾ ਸਾਜ਼ ਹੈ ਜੋ ਭਾਰਤੀ ਸੰਗੀਤ ਵਿੱਚ ਵਰਤਿਆ ਜਾਂਦਾ ਹੈ। ਇਹ ਵੈਦਿਕ ਮੰਤਰਾਂ ਦਾ ਪਾਠ ਕਰਦੇ ਸਮੇਂ ਸੁਰਾਂ ਦੀ ਗਿਣਤੀ ਕਰਨ ਲਈ ਵਰਤਿਆ ਜਾਂਦਾ ਸੀ। ਜਦੋਂ ਕਿ ਅਸੀਂ ਨਾਮਦੇਵ ਅਤੇ ਤੁਕਾਰਾਮ ਵਰਗੇ ਸੰਤਾਂ ਦੀਆਂ ਤਸਵੀਰਾਂ ਵਿੱਚ ਇਸ ਨੂੰ ਵੇਖਦੇ ਹਾਂ, ਸਾਨੂੰ ਤੁਕਾਰਾਮ ਦੁਆਰਾ ਲਿਖੇ ਕਿਸੇ ਵੀ ਅਭੰਗਾਂ ਵਿੱਚ ਇਸ ਦਾ ਜ਼ਿਕਰ ਨਹੀਂ ਮਿਲਦਾ। ਪਰ ਸਾਨੂੰ ਹੋਰ ਸਾਜ਼ਾਂ ਦੇ ਕਈ ਹਵਾਲ਼ੇ ਮਿਲਦੇ ਹਨ: ਤਾਲ, ਚਿਪਲੀ ਅਤੇ ਮ੍ਰਿਦੰਗ।
ਅਸੀਂ ਕਹਿ ਸਕਦੇ ਹਾਂ ਕਿ ਸੰਤ ਤੁਕਾਰਾਮ ਦੀ ਵੀਨਾ ਫੜ੍ਹੀ ਤਸਵੀਰ ਬ੍ਰਾਹਮਣਵਾਦੀ ਨਜ਼ਰੀਏ ਦਾ ਸੰਕੇਤ ਦਿੰਦੀ ਹੈ।