"ਕਰੀਬ ਚਾਰ ਸਾਲ ਪਹਿਲਾਂ ਮੇਰੇ ਬੇਟੇ ਦੀ ਮੌਤ ਹੋ ਗਈ। ਉਸ ਤੋਂ ਇੱਕ ਸਾਲ ਬਾਅਦ ਮੇਰੇ ਪਤੀ ਵੀ ਚੱਲ ਵੱਸੇ," 70 ਸਾਲਾ ਭੀਮਾ ਟੰਡਾਲੇ ਕਹਿੰਦੀ ਹਨ। ਦੱਖਣੀ ਮੁੰਬਈ ਦੇ ਅਜ਼ਾਦ ਮੈਦਾਨ ਵਿੱਚ ਤੱਪਦੀ ਧੁੱਪੇ ਬੈਠੀ ਉਹ ਇੱਕ ਸਾਲ ਦੇ ਅੰਦਰ-ਅੰਦਰ ਹੋਏ ਆਪਣੇ ਉਜਾੜੇ ਬਾਰੇ ਦੱਸਦੀ ਹਨ। ਉਨ੍ਹਾਂ ਦਾ ਪਤੀ ਅਤੇ ਬੇਟਾ ਦੋਵੇਂ ਹੀ ਆਪਣੇ ਖੇਤ ਵਿੱਚ ਕੰਮ ਕਰਦੇ ਸਮੇਂ ਬੇਹੋਸ਼ ਹੋ ਕੇ ਡਿੱਗ ਗਏ ਸਨ।
ਭੀਮਾ ਦਾ ਬੇਟਾ, ਦੱਤੂ, ਆਪਣੀ ਮੌਤ ਵੇਲੇ ਸਿਰਫ਼ 30 ਸਾਲ ਦਾ ਸੀ ਅਤੇ ਉਨ੍ਹਾਂ ਦਾ ਪਤੀ, ਉੱਤਮ, ਮੌਤ ਵੇਲੇ ਆਪਣੀ ਉਮਰ ਦੇ 60ਵੇਂ ਸਾਲ ਵਿੱਚ ਸਨ। "ਉਦੋਂ ਤੋਂ, ਮੈਂ ਆਪਣੀ ਨੂੰਹ ਸੰਗੀਤਾ ਨਾਲ਼ ਰਲ਼ ਕੇ ਘਰ ਨੂੰ ਸੰਭਾਲ਼ ਰਹੀ ਹਾਂ," ਭੀਮਾ ਕਹਿੰਦੀ ਹਨ, ਜੋ ਬਤੌਰ ਖੇਤ ਮਜ਼ਦੂਰ ਕੰਮ ਕਰਦੀ ਹਨ। "ਮੇਰਾ ਪੋਤਾ, ਸੁਮਿਤ, 14 ਸਾਲਾਂ ਦਾ ਹੈ। ਸਾਨੂੰ ਉਹਦੀ ਦੇਖਭਾਲ਼ ਵੀ ਕਰਨੀ ਪੈਂਦੀ ਹੈ।"
ਪਰ ਇਸ ਸਭ ਦੇ ਬਾਵਜੂਦ ਭੀਮਾ ਨੇ ਤਿੰਨੋਂ ਨਵੇਂ ਖੇਤੀ ਕਨੂੰਨਾਂ ਦੇ ਖਿਲਾਫ਼ 25-26 ਜਨਵਰੀ ਨੂੰ ਹੋਣ ਵਾਲੇ ਵਿਰੋਧ ਪ੍ਰਦਰਸ਼ਨ ਵਿੱਚ ਭਾਗ ਲੈਣ ਲਈ ਮੁੰਬਈ ਦਾ ਰਾਹ ਫੜ੍ਹਿਆ। ਦਿੱਲੀ ਦੀਆਂ ਸੀਮਾਵਾਂ 'ਤੇ ਵਿਰੋਧ ਪ੍ਰਦਰਸ਼ਨ ਵਿੱਚ ਡਟੇ ਕਿਸਾਨਾਂ ਦੇ ਨਾਲ਼ ਇਕਜੁਟਤਾ ਦੇ ਪ੍ਰਗਟਾਵੇ ਵਾਸਤੇ ਇਹ ਧਰਨਾ ਸੰਯਕੁਤ ਸ਼ੇਤਕਰੀ ਕਾਮਗਾਰ ਮੋਰਚਾ ਵੱਲੋਂ ਅਯੋਜਿਤ ਕੀਤਾ ਗਿਆ ਹੈ। ਇਹਦੇ ਵਾਸਤੇ ਮਹਾਂਰਾਸ਼ਟਰ ਦੇ 21 ਜ਼ਿਲ੍ਹਿਆਂ ਦੇ ਕਿਸਾਨ ਮੁੰਬਈ ਆਏ ਹਨ, ਜਿਨ੍ਹਾਂ ਨੂੰ ਕੁੱਲ ਭਾਰਤੀ ਕਿਸਾਨ ਸਭਾ ਦੁਆਰਾ ਲਾਮਬੰਦ ਕੀਤਾ ਗਿਆ ਹੈ।
ਭੀਮਾ ਨਾਸਿਕ ਜ਼ਿਲ੍ਹੇ ਦੇ ਡਿੰਡੋਰੀ ਤਾਲੁਕਾ ਵਿੱਚ ਪੈਂਦੇ ਆਪਣੇ ਪਿੰਡ, ਅੰਬੇਵਾਨੀ ਦੀਆਂ 12-15 ਔਰਤਾਂ ਵਿੱਚੋਂ ਇੱਕ ਹੈ, ਜੋ 23 ਜਨਵਰੀ ਦੀ ਸਵੇਰੇ ਰਵਾਨਾ ਹੋਈਆਂ ਅਤੇ ਅਗਲੇ ਦਿਨ ਮੁੰਬਈ ਪਹੁੰਚੀਆਂ। ਉਨ੍ਹਾਂ ਵਿੱਚੋਂ ਤਿੰਨ ਕਿਸਾਨ ਵਿਧਵਾ ਹਨ।
ਸੁਮਨ ਬੋਂਬਲੇ ਦੇ ਪਤੀ ਦੀ ਮੌਤ ਇੱਕ ਦਹਾਕਾ ਪਹਿਲਾਂ ਹੋ ਗਈ ਸੀ। "ਉਨ੍ਹਾਂ ਦੀ ਮੌਤ ਥਕਾਵਟ ਅਤੇ ਤਣਾਓ ਕਾਰਨ ਹੋਈ,", ਸੁਮਨ ਦਾ ਕਹਿਣਾ ਹੈ, ਜਿਨ੍ਹਾਂ ਦੇ ਪਤੀ, ਮੋਤੀਰਾਮ ਦੀ ਉਮਰ (ਮੌਤ ਵੇਲੇ) 50 ਸਾਲ ਸੀ। "ਅਸੀਂ ਸਾਲਾਂ ਤੋਂ ਜੰਗਲ ਦੀ ਜ਼ਮੀਨ 'ਤੇ ਕਰਦੇ ਰਹੇ ਹਾਂ। ਫਿਰ ਵੀ ਉਹ ਜ਼ਮੀਨ ਹਾਲੇ ਤੀਕਰ ਸਾਡੇ ਨਾਂਅ 'ਤੇ ਨਹੀਂ ਹੈ। ਜੰਗਲਾਤ ਅਧਿਕਾਰੀ ਸਾਨੂੰ ਪਰੇਸ਼ਾਨ ਕਰਦੇ ਰਹਿੰਦੇ ਹਨ। ਇਹਦੇ ਕਰਕੇ ਮੇਰੇ ਪਤੀ ਸਦਾ ਤਣਾਓ ਵਿੱਚ ਰਹਿੰਦੇ ਸਨ। ਉੱਤਮ ਵਾਂਗ, ਮੋਤੀਰਾਮ ਵੀ ਖੇਤ ਵਿੱਚ ਕੰਮ ਕਰਨ ਦੌਰਾਨ ਬੇਹੋਸ਼ ਹੋ ਕੇ ਡਿੱਗੇ ਸਨ।"





