ਇਸ ਵੀਡਿਓ ਵਿੱਚ ਸੈਂਟੋ ਤਾਂਤੀ ਗਾ ਰਹੇ ਹਨ,"ਅਸਾਮ ਸਾਡੇ ਚਾਰ-ਚੁਫ਼ੇਰੇ ਹੈ।" 25 ਸਾਲਾ ਇਸ ਸੰਗੀਤਕਾਰ ਨੇ ਝੁਮੁਰ ਸ਼ੈਲੀ ਦੇ ਆਪਣੇ ਗੀਤ ਨੂੰ ਸੰਗੀਤ ਵੀ ਖ਼ੁਦ ਹੀ ਦਿੱਤਾ ਹੈ। ਇਹ ਗੀਤ ਅਸਾਮ ਦੀਆਂ ਪਹਾੜੀਆਂ ਤੇ ਪਰਬਤਾਂ ਦੀ ਗੱਲ ਕਰਦਾ ਹੈ, ਜਿਹਨੂੰ ਸੈਂਟੋ ਤਾਂਤੀ ਆਪਣਾ ਘਰ ਮੰਨਦੇ ਹਨ। ਤਾਂਤੀ, ਅਸਾਮ ਦੇ ਜੋਰਹਾਟ ਜ਼ਿਲ੍ਹੇ ਦੇ ਸਿਕੋਟਾ ਚਾਹ ਬਗ਼ਾਨ ਦੇ ਢੇਕਿਆਜੁਲੀ ਇਲਾਕੇ ਵਿੱਚ ਰਹਿੰਦੇ ਹਨ ਤੇ ਰੋਜ਼ੀ-ਰੋਟੀ ਵਾਸਤੇ ਸਾਈਕਲ ਠੀਕ ਕਰਨ ਦੀ ਇੱਕ ਦੁਕਾਨ ਵਿੱਚ ਕੰਮ ਕਰਦੇ ਹਨ। ਉਹ ਆਪਣੇ ਗਾਏ ਹੋਈ ਗੀਤ ਅਕਸਰ ਸ਼ੋਸਲ ਮੀਡੀਆ 'ਤੇ ਪੋਸਟ ਕਰਦੇ ਰਹਿੰਦੇ ਹਨ।
ਝੁਮੁਰ ਇੱਕ ਹਰਮਨਪਿਆਰੀ ਸਥਾਨਕ ਸੰਗੀਤ ਸ਼ੈਲੀ ਹੈ ਅਤੇ ਤਾਂਤੀ ਢੋਲ਼ ਦੀਆਂ ਥਾਪਾਂ ਤੇ ਬੰਸਰੀ ਦੀਆਂ ਧੁਨਾਂ ਬਾਰੇ ਖੁੱਲ੍ਹ ਕੇ ਗੱਲ ਕਰਦੇ ਹਨ। ਇਹ ਗੀਤ ਸਦਰੀ ਭਾਸ਼ਾ ਵਿੱਚ ਗਾਏ ਗਏ ਹਨ ਤੇ ਇਨ੍ਹਾਂ ਨੂੰ ਪੇਸ਼ ਕਰਨ ਵਾਲ਼ੇ ਸਮੂਹ ਵਿੱਚ ਵੱਖ-ਵੱਖ ਆਦਿਵਾਸੀ ਭਾਈਚਾਰਿਆਂ ਦੇ ਲੋਕ ਵੀ ਸ਼ਾਮਲ ਹਨ, ਜੋ ਇੱਥੇ ਮੱਧ, ਦੱਖਣੀ ਤੇ ਪੂਰਬੀ ਭਾਰਤ- ਬਿਹਾਰ, ਝਾਰਖੰਡ, ਪੱਛਮੀ ਬੰਗਾਲ, ਮੱਧ ਪ੍ਰਦੇਸ਼, ਛੱਤੀਸਗੜ੍ਹ ਤੇ ਤੇਲੰਗਾਨਾ ਤੋਂ ਅਸਾਮ ਦੇ ਇਨ੍ਹਾਂ ਚਾਹ ਬਗ਼ਾਨਾਂ ਵਿੱਚ ਕੰਮ ਕਰਨ ਆਉਂਦੇ ਰਹੇ ਹਨ।
ਇਹ ਆਦਿਵਾਸੀ ਭਾਈਚਾਰੇ ਸਮੇਂ ਦੇ ਨਾਲ਼ ਨਾਲ਼ ਨਾ ਸਿਰਫ਼ ਆਪਸ ਵਿੱਚ ਹੀ ਰਚੇ-ਮਚੇ ਸਗੋਂ ਇੱਥੋਂ ਦੇ ਮੁਕਾਮੀ ਭਾਈਚਾਰਿਆਂ ਦੇ ਨਾਲ਼ ਵੀ ਘਿਓ-ਖਿੱਚੜੀ ਹੋ ਗਏ। ਆਉਣ ਵਾਲ਼ੇ ਸਮੇਂ ਵਿੱਚ ਇਹ ਸਾਂਝੇ ਤੌਰ 'ਤੇ 'ਟੀ ਟ੍ਰਾਇਬਸ' (ਚਾਹ- ਬਗ਼ਾਨ ਆਦਿਵਾਸੀ) ਦੇ ਰੂਪ ਵਿੱਚ ਪਛਾਣੇ ਜਾਣ ਲੱਗੇ। ਅੱਜ ਪੂਰੇ ਅਸਾਮ ਵਿੱਚ ਇਨ੍ਹਾਂ ਦੀ ਗਿਣਤੀ ਤਕਰੀਬਨ 60 ਲੱਖ ਹੈ। ਆਪਣੀ ਉਤਪੱਤੀ ਦੇ ਰਾਜ ਵਿੱਚ ਪਿਛੜੇ ਕਬੀਲੇ ਵਜੋਂ ਮਾਨਤਾ-ਪ੍ਰਾਪਤ ਹੋਣ ਦੇ ਬਾਵਜੂਦ ਵੀ ਅੱਜ ਤੱਕ ਇਨ੍ਹਾਂ ਆਦਿਵਾਸੀਆਂ ਨੂੰ ਅਸਾਮ ਵਿਖੇ ਪਿਛੜੇ ਕਬੀਲਿਆਂ ਦਾ ਦਰਜਾ ਹਾਸਲ ਨਹੀਂ ਹੋ ਸਕਿਆ ਹੈ। ਅੱਜ ਅਸਾਮ ਦੇ 1,000 ਚਾਹ ਬਗ਼ਾਨਾਂ ਵਿੱਚ ਕਰੀਬ 12 ਲੱਖ ਆਦਿਵਾਸੀ ਕੰਮ ਕਰਦੇ ਹਨ।
ਇਸ ਵੀਡਿਓ ਅੰਦਰ ਨਾਚ ਕਰਦੀਆਂ ਮਹਿਲਾ ਕਲਾਕਾਰ ਚਾਹ ਬਗ਼ਾਨਾਂ ਵਿੱਚ ਕੰਮ ਕਰਨ ਵਾਲ਼ੀਆਂ ਮਜ਼ਦੂਰ ਹਨ। ਜਿਨ੍ਹਾਂ ਵਿੱਚ ਸੁਨੀਤਾ ਕਰਮਕਾਰ, ਗੀਤਾ ਕਰਮਕਾਰ, ਰੁਪਾਲੀ ਤਾਂਤੀ, ਲਖੀ ਕਰਮਕਾਰ, ਨਿਕਿਤਾ ਤਾਂਤੀ, ਪ੍ਰਤਿਮਾ ਤਾਂਤੀ ਤੇ ਅਰੋਤੀ ਨਾਇਕ ਸ਼ਾਮਲ ਹਨ।
ਸੈਂਟੋ ਤਾਂਤੀ ਦੇ ਦੂਜੇ ਵੀਡਿਓ ਨੂੰ ਦੇਖਣ ਅਤੇ ਉਨ੍ਹਾਂ ਦੇ ਜੀਵਨ ਬਾਰੇ ਜਾਣਨ ਲਈ, ਪਾਰੀ ਦੁਆਰਾ ਸਤੰਬਰ 2021 ਨੂੰ ਪ੍ਰਕਾਸ਼ਤ ਕੀਤੀ ਸੈਂਟੋ ਤਾਂਤੀ ਦੇ ਉਦਾਸੀ, ਮੁਸ਼ੱਕਤ ਅਤੇ ਉਮੀਦ ਭਰੇ ਗੀਤ ਦੇਖੋ।
ਤਰਜਮਾ: ਕਮਲਜੀਤ ਕੌਰ