''ਫੁੱਲ ਸੁੱਕ ਰਹੇ ਹਨ।''
ਮਾਰਚ 2023 ਦੀ ਨਿੱਘੀ ਸਵੇਰ ਹੈ ਅਤੇ ਮਾਰੁਦੂਪੁੜੀ ਨਾਗਰਾਜੂ, ਪੋਮੂਲਾ ਭੀਮਾਵਾਰਮ ਪਿੰਡ ਵਿਖੇ ਪੈਂਦੇ ਆਪਣੇ ਤਿੰਨ ਏਕੜ ਅੰਬਾਂ ਦੇ ਬਾਗ਼ ਦਾ ਦੌਰਾ ਕਰ ਰਹੇ ਹਨ।
ਆਂਧਰਾ ਪ੍ਰਦੇਸ਼ ਦੇ ਅਨਾਕਪੱਲੀ ਜ਼ਿਲ੍ਹੇ ਵਿਚ ਵੱਡੇ ਆਕਾਰ ਦੇ ਬੰਗਨਾਪੱਲੇ, ਰਸਦਾਰ ਚੇਰੂਕੂ ਰਸਾਲੂ, ਜ਼ਿਆਦਾਤਰ ਕੱਚੇ ਖਾਧੇ ਜਾਣ ਵਾਲ਼ੇ ਤੋਤਾਪੁਰੀ ਅਤੇ ਪ੍ਰਸਿੱਧ ਪੰਡੂਰੀ ਮਾਮੀਦੀ ਵਰਗੇ ਸਥਾਨਕ ਕਿਸਮਾਂ ਦੇ 150 ਰੁੱਖ ਉਸ ਦੀਆਂ ਅੱਖਾਂ ਦੇ ਸਾਮ੍ਹਣੇ ਫੈਲੇ ਹੋਏ ਹਨ ।
ਉਸ ਦਾ ਖੇਤ ਦੇ ਰੁੱਖਾਂ ਨੂੰ ਭੂਰੇ-ਪੀਲੇ ਅੰਬ ਦੇ ਫੁੱਲਾਂ ਨਾਲ਼ ਢਕਿਆ ਹੋਇਆ ਸੀ। ਪਰ 62 ਸਾਲਾ ਕਿਸਾਨ ਲਈ ਇਹ ਨਜ਼ਾਰਾ ਵੀ ਬਹੁਤੀ ਖੁਸ਼ੀ ਨਾ ਪਾਉਂਦਾ। ਉਹ ਕਹਿੰਦੇ ਹਨ, ਅਜਿਹਾ ਇਸ ਲਈ ਹੈ ਕਿਉਂਕਿ ਇਸ ਵਾਰ ਅੰਬ ਦੇ ਫੁੱਲ ਦੇਰ ਨਾਲ਼ ਖਿੜੇ ਹਨ। "ਇਨ੍ਹਾਂ ਫੁੱਲਾਂ ਨੂੰ ਸੰਕਰਾਂਤੀ (ਮਾਘੀ) ਵੇਲ਼ੇ ਖਿੜਨਾ ਚਾਹੀਦਾ ਸੀ। ਪਰ ਇਸ ਵਾਰ ਇਹ ਫਰਵਰੀ ਵਿੱਚ ਖਿੜਨੇ ਸ਼ੁਰੂ ਹੋਏ," ਨਾਗਰਾਜ ਕਹਿੰਦੇ ਹਨ।
ਨਾਲ਼ ਹੀ, ਮਾਰਚ ਤੱਕ, ਮਾਵੀ ਮਿਡਿਸ ਅੰਬਾਂ ਨੂੰ ਤਾਂ ਨਿੰਬੂ ਦੇ ਆਕਾਰ ਜਿੰਨਾ ਵੱਧਣਾ ਚਾਹੀਦਾ ਸੀ। "ਜੇ ਫੁੱਲ ਹੀ ਨਹੀਂ ਪੈਣਗੇ ਤਾਂ ਅੰਬ ਵੀ ਨਹੀਂ ਲੱਗਣੇ। ਇਸਦਾ ਮਤਲਬ ਇਹ ਹੈ ਕਿ ਇਸ ਵਾਰ ਕਮਾਉਣ ਲਈ ਕੋਈ ਪੈਸਾ ਨਹੀਂ ਹੈ।"
ਨਾਗਾਰਾਜੂ ਦੀ ਚਿੰਤਾ ਸਮਝਣ ਯੋਗ ਹੈ। ਇਸ ਦਿਹਾੜੀਦਾਰ ਮਜ਼ਦੂਰ ਦਾ ਬਾਗ਼ ਅਜਿਹਾ ਸੁਪਨਾ ਹੈ ਜਿਸਨੂੰ ਜਿੱਤਣਾ ਮੁਸ਼ਕਲ ਜਾਪਦਾ ਹੈ। ਮਦੀਗਾ ਭਾਈਚਾਰੇ ਦੇ ਮੈਂਬਰ (ਆਂਧਰਾ ਪ੍ਰਦੇਸ਼ ਵਿੱਚ ਅਨੁਸੂਚਿਤ ਜਾਤੀ ਵਜੋਂ ਸੂਚੀਬੱਧ), ਉਨ੍ਹਾਂ ਨੂੰ ਲਗਭਗ 25 ਸਾਲ ਪਹਿਲਾਂ ਰਾਜ ਸਰਕਾਰ ਨੇ ਜ਼ਮੀਨ ਅਲਾਟ ਕੀਤੀ ਸੀ। ਇਹ ਆਂਧਰਾ ਪ੍ਰਦੇਸ਼ ਭੂਮੀ ਸੁਧਾਰ (ਖੇਤੀਬਾੜੀ ਜੋਤਾਂ 'ਤੇ ਸੀਮਾ) ਐਕਟ, 1973 ਦੇ ਤਹਿਤ ਲਿਆਂਦੇ ਗਏ ਭੂਮੀਹੀਣ ਵਰਗਾਂ ਵਿੱਚ ਜ਼ਮੀਨ ਦੀ ਮੁੜ ਵੰਡ ਕਰਨ ਲਈ ਕੀਤਾ ਗਿਆ ਸੀ।
ਉਹ ਆਮ ਤੌਰ 'ਤੇ ਜੂਨ ਵਿੱਚ ਅੰਬਾਂ ਦਾ ਮੌਸਮ ਖਤਮ ਹੋਣ ਤੋਂ ਬਾਅਦ ਨੇੜਲੇ ਪਿੰਡਾਂ ਦੇ ਗੰਨੇ ਦੇ ਖੇਤਾਂ ਵਿੱਚ ਰੋਜ਼ਾਨਾ ਦਿਹਾੜੀ ਦੇ ਕੰਮ 'ਤੇ ਵਾਪਸ ਆ ਜਾਂਦੇ ਹਨ। ਉਹ ਆਪਣੇ ਕੰਮਕਾਜੀ ਦਿਨਾਂ ਵਿੱਚ ਇੱਕ ਦਿਹਾੜੀਦਾਰ ਮਜ਼ਦੂਰ ਵਜੋਂ 350 ਰੁਪਏ ਕਮਾਉਂਦੇ ਹਨ। ਉਹ ਮਨਰੇਗਾ ਤਹਿਤ ਵੀ ਕੰਮ ਵੀ ਕਰਦੇ ਹਨ ਜਿਵੇਂ ਕਿ ਝੀਲਾਂ ਨੂੰ ਡੂੰਘਾ ਕਰਨਾ, ਕੰਪੋਸਟਿੰਗ ਕਰਨਾ ਆਦਿ। ਇਹ ਕੰਮ ਸਾਲ ਦੇ 70-75 ਦਿਨ ਮਿਲ਼ਦੇ ਹਨ। ਜਿਸ ਬਦਲੇ ਉਨ੍ਹਾਂ ਨੂੰ 230 ਤੋਂ 250 ਰੁਪਏ ਦਿਹਾੜੀ ਮਿਲ਼ਦੀ ਹੈ।
ਨਾਗਾਰਾਜੂ ਪਹਿਲਾਂ ਇੱਕ ਜ਼ਿਮੀਂਦਾਰ ਬਣ ਗਏ ਅਤੇ ਸਭ ਤੋਂ ਪਹਿਲਾਂ ਆਪਣੇ ਖੇਤ ਵਿੱਚ ਹਲਦੀ ਉਗਾਈ। ਕਰੀਬ 5 ਸਾਲ ਬਾਅਦ ਚੰਗਾ ਮੁਨਾਫਾ ਮਿਲਣ ਦੀ ਆਸ 'ਚ ਅੰਬਾਂ ਦੇ ਬੂਟੇ ਲਗਾਏ ਗਏ। ਉਹ ਦੱਸਦੇ ਹਨ, "ਸ਼ੁਰੂ ਵਿੱਚ [20 ਸਾਲ ਪਹਿਲਾਂ] ਮੈਨੂੰ ਹਰੇਕ ਰੁੱਖ ਤੋਂ 50-75 ਕਿੱਲੋ ਅੰਬ ਮਿਲਦੇ ਸਨ। ਉਹ ਕਹਿੰਦੇ ਹਨ, "ਮੈਨੂੰ ਅੰਬ ਪਸੰਦ ਹਨ, ਖ਼ਾਸ ਕਰ ਕੇ ਤੋਤਾਪੁਰੀ।''
ਆਂਧਰਾ ਪ੍ਰਦੇਸ਼ ਦੇਸ਼ ਦਾ ਦੂਜਾ ਸਭ ਤੋਂ ਵੱਡਾ ਅੰਬ ਉਗਾਉਣ ਵਾਲਾ ਰਾਜ ਹੈ। ਰਾਜ ਦੇ ਬਾਗਬਾਨੀ ਵਿਭਾਗ ਅਨੁਸਾਰ, ਇਹ ਫਲ ਲਗਭਗ 3.78 ਲੱਖ ਹੈਕਟੇਅਰ ਰਕਬੇ ਵਿੱਚ ਉਗਾਇਆ ਜਾਂਦਾ ਹੈ ਅਤੇ 2020-21 ਵਿੱਚ ਸਾਲਾਨਾ ਉਤਪਾਦਨ 49.26 ਲੱਖ ਮੀਟ੍ਰਿਕ ਟਨ ਹੈ।
ਪੋਮੂਲਾ ਭੀਮਾਵਰਮ ਪਿੰਡ ਕ੍ਰਿਸ਼ਨਾ ਅਤੇ ਗੋਦਾਵਰੀ ਨਦੀਆਂ ਦੇ ਵਿਚਕਾਰ ਇੱਕ ਖੇਤੀਬਾੜੀ ਖਿੱਤੇ ਵਿੱਚ ਸਥਿਤ ਹੈ, ਜੋ ਕਿ ਭਾਰਤ ਦੇ ਪੂਰਬੀ ਤੱਟ 'ਤੇ ਬੰਗਾਲ ਦੀ ਖਾੜੀ ਵਿੱਚ ਖਤਮ ਹੋਣ ਵਾਲੀ ਥਾਂ ਤੋਂ ਥੋੜ੍ਹੀ ਦੂਰੀ 'ਤੇ ਹੈ। ਅੰਬ ਦੇ ਫੁੱਲਾਂ ਨੂੰ ਅਕਤੂਬਰ-ਨਵੰਬਰ ਦੇ ਮਹੀਨਿਆਂ ਵਿੱਚ ਠੰਡ ਅਤੇ ਨਮੀ ਦੀ ਲੋੜ ਹੁੰਦੀ ਹੈ ਅਤੇ ਫਲ ਆਮ ਤੌਰ 'ਤੇ ਦਸੰਬਰ-ਜਨਵਰੀ ਵਿੱਚ ਲੱਗਣੇ ਸ਼ੁਰੂ ਹੋ ਜਾਂਦੇ ਹਨ।
ਪਰ, "ਪਿਛਲੇ ਪੰਜ ਸਾਲਾਂ ਵਿੱਚ ਅਕਤੂਬਰ ਅਤੇ ਨਵੰਬਰ ਵਿੱਚ ਬੇਵਕਤੀ ਵਰਖਾ ਵਿੱਚ ਵਾਧਾ ਹੋਇਆ ਹੈ," ਬੈਂਗਲੁਰੂ ਦੇ ਇੰਡੀਅਨ ਇੰਸਟੀਚਿਊਟ ਆਫ ਹੌਰਟੀਕਲਚਰ ਰਿਸਰਚ (ਆਈਆਈਐਚਆਰ) ਦੇ ਪ੍ਰਮੁੱਖ ਵਿਗਿਆਨੀ ਡਾ ਐਮ ਸੰਕਰਨ ਕਹਿੰਦੇ ਹਨ।
ਅੰਬ ਦੇ ਇਸ ਕਿਸਾਨ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਦੇਖਿਆ ਹੈ ਕਿ ਫੁੱਲ ਅਚਾਨਕ ਧੁੱਪ ਵਿਚ ਸੁੱਕ ਰਹੇ ਹਨ, ਜਿਸ ਨਾਲ਼ ਵਾਢੀ ਵਿਚ ਭਾਰੀ ਗਿਰਾਵਟ ਆਉਂਦੀ ਹੈ। ਉਹ ਕਹਿੰਦੇ ਹਨ, "ਕਦੇ-ਕਦਾਈਂ, ਇੱਕ ਰੁੱਖ ਤੋਂ ਲੱਥਣ ਵਾਲ਼ੇ ਫਲ਼ਾਂ ਨਾਲ਼ ਇੱਕ ਵੀ ਬਕਸਾ [120-150 ਅੰਬ] ਨਹੀਂ ਭਰਦਾ। "ਗਰਮੀਆਂ ਵਿੱਚ ਤੇਜ਼ ਤੂਫਾਨ ਆਉਣ ਨਾਲ਼ [ਲਗਭਗ ਤਿਆਰ ਕੀਤੇ] ਫਲਾਂ ਨੂੰ ਨੁਕਸਾਨ ਪਹੁੰਚਦਾ ਹੈ।"
ਖਾਦਾਂ, ਕੀਟਨਾਸ਼ਕਾਂ ਅਤੇ ਲੇਬਰ ਦੇ ਇਨਪੁਟ ਖਰਚਿਆਂ ਨੂੰ ਪੂਰਾ ਕਰਨ ਲਈ, ਨਾਗਰਾਜੂ ਪਿਛਲੇ ਦੋ ਸਾਲਾਂ ਤੋਂ ਨਿਯਮਿਤ ਤੌਰ 'ਤੇ 1 ਲੱਖ ਰੁਪਏ ਦਾ ਕਰਜ਼ਾ ਲੈ ਰਹੇ ਹਨ। ਉਹ ਨਿੱਜੀ ਸ਼ਾਹੂਕਾਰਾਂ ਤੋਂ ਇਹ ਰਕਮ 32 ਪ੍ਰਤੀਸ਼ਤ ਸਾਲਾਨਾ ਦੀ ਵਿਆਜ ਦਰ 'ਤੇ ਉਧਾਰ ਲੈਂਦੇ ਹਨ। ਉਨ੍ਹਾਂ ਦੀ ਸਾਲਾਨਾ ਕਮਾਈ ਲਗਭਗ 70,000 ਰੁਪਏ ਤੋਂ ਲੈ ਕੇ 80,000 ਰੁਪਏ ਤੱਕ ਹੈ। ਇਸ ਦਾ ਥੋੜ੍ਹਾ ਜਿਹਾ ਹਿੱਸਾ ਉਹ ਸ਼ਾਹੂਕਾਰ ਨੂੰ ਜੂਨ ਮਹੀਨੇ ਵਿੱਚ ਕਿਸ਼ਤ ਮੋੜਨ ਲਈ ਖਰਚਦੇ ਹਨ। ਪਰ ਉਹ ਇਸ ਬਾਰੇ ਚਿੰਤਤ ਹਨ ਕਿ ਉਪਜ ਵਿੱਚ ਗਿਰਾਵਟ ਦੇ ਕਾਰਨ ਕਰਜ਼ੇ ਦੀ ਅਦਾਇਗੀ ਕਿਵੇਂ ਕੀਤੀ ਜਾਵੇ; ਫਿਰ ਵੀ ਉਹ ਅੰਬ ਉਗਾਉਣਾ ਬੰਦ ਕਰਨ ਦਾ ਫ਼ੈਸਲਾ ਕਾਹਲੀ ਵਿੱਚ ਨਹੀਂ ਲੈਣਾ ਚਾਹੁੰਦੇ।
*****
ਉਨ੍ਹਾਂ ਦੇ ਗੁਆਂਢੀ, ਕੰਥਾਮਾਰੇਡੀ ਸ਼੍ਰੀਰਾਮਮੂਰਤੀ, ਆਪਣੇ ਹੱਥ ਵਿੱਚ ਫੜ੍ਹੇ ਹਲਕੇ ਪੀਲੇ ਰੰਗ ਦੇ ਫੁੱਲ ਨੂੰ ਸਹਿਲਾਉਂਦੇ ਹਨ। ਲਗਭਗ ਸੁੱਕ ਚੁੱਕਾ ਇਹ ਫੁੱਲ ਤੁਰੰਤ ਭੁਰਨ ਲੱਗਦਾ ਹੈ।
ਉਸੇ ਪਿੰਡ ਵਿਚ ਉਨ੍ਹਾਂ ਦੇ 1.5 ਏਕੜ ਦੇ ਅੰਬਾਂ ਦੇ ਬਾਗ ਵਿਚ ਬੰਗਾਨਪੱਲੀ, ਚੇਰੂਕੂ ਰਸਾਲੂ ਅਤੇ ਸੁਵਰਨਰੇਖਾ ਕਿਸਮਾਂ ਦੇ 75 ਰੁੱਖ ਹਨ। ਉਹ ਨਾਗਾਰਾਜੂ ਦੇ ਇਸ ਕਥਨ ਨਾਲ਼ ਸਹਿਮਤ ਹਨ ਕਿ ਅੰਬ ਦੇ ਫੁੱਲ ਘੱਟ ਰਹੇ ਹਨ। "ਇਹ ਰੁਝਾਨ ਪਿਛਲੇ ਪੰਜ ਸਾਲਾਂ ਵਿੱਚ ਲਗਾਤਾਰ ਬੇਮੌਸਮੀ ਬਾਰਸ਼ ਕਾਰਨ ਵਧਿਆ ਹੈ, ਮੁੱਖ ਤੌਰ 'ਤੇ ਅਕਤੂਬਰ ਅਤੇ ਨਵੰਬਰ ਵਿੱਚ," ਕਿਸਾਨ ਕਹਿੰਦੇ ਹਨ, ਜੋ ਕਿ ਤੁਰੂਪੂ ਕਾਪੂ ਭਾਈਚਾਰੇ (ਆਂਧਰਾ ਪ੍ਰਦੇਸ਼ ਦੇ ਹੋਰ ਪਿਛੜੇ ਵਰਗ ਵਜੋਂ ਸੂਚੀਬੱਧ) ਨਾਲ਼ ਸਬੰਧ ਰੱਖਦਾ ਹੈ ਅਤੇ ਹਰ ਸਾਲ ਜੁਲਾਈ ਅਤੇ ਸਤੰਬਰ ਦੇ ਵਿਚਕਾਰ ਇੱਕ ਰਿਸ਼ਤੇਦਾਰ ਲਈ ਗੰਨੇ ਦੀ ਬਿਜਾਈ ਵਿੱਚ ਕੰਮ ਕਰਦਾ ਹੈ। ਉਹ ਉੱਥੇ ਕੰਮ ਦੌਰਾਨ ਇੱਕ ਮਹੀਨੇ ਵਿੱਚ ਲਗਭਗ 10,000 ਰੁਪਏ ਕਮਾ ਲੈਂਦਾ ਹੈ।
ਇਸ ਸਾਲ ਮਾਰਚ (2023) ਵਿੱਚ, ਸ਼੍ਰੀਰਾਮਮੂਰਤੀ ਦੇ ਅੰਬ ਦੇ ਦਰੱਖਤ ਦੇ ਫੁੱਲ ਅਤੇ ਫਲ ਅਸਮਾਨੀ ਬਿਜਲੀ ਡਿੱਗਣ ਨਾਲ਼ ਨਸ਼ਟ ਹੋ ਗਏ ਸਨ। "ਗਰਮੀਆਂ ਦੀ ਬਾਰਸ਼ ਅੰਬਾਂ ਦੇ ਰੁੱਖਾਂ ਲਈ ਚੰਗੀ ਹੁੰਦੀ ਹੈ. ਪਰ ਇਸ ਸਾਲ ਇਹ ਬਹੁਤ ਜ਼ਿਆਦਾ ਪਈ ਹੈ," ਉਨ੍ਹਾਂ ਨੇ ਮੀਂਹ ਦੇ ਨਾਲ਼ ਆਈਆਂ ਤੇਜ਼ ਹਵਾਵਾਂ ਬਾਰੇ ਕਿਹਾ ਜਿਸ ਨੇ ਫਲਾਂ ਨੂੰ ਨੁਕਸਾਨ ਪਹੁੰਚਾਇਆ।
ਬਾਗਬਾਨੀ ਵਿਗਿਆਨੀ ਸੰਕਰਨ ਦੇ ਅਨੁਸਾਰ, ਅੰਬ ਦੇ ਫੁੱਲਾਂ ਦੇ ਖਿੜਨ ਲਈ ਆਦਰਸ਼ ਤਾਪਮਾਨ 25-30 ਡਿਗਰੀ ਸੈਲਸੀਅਸ ਹੁੰਦਾ ਹੈ। "ਫਰਵਰੀ 2023 ਵਿੱਚ, ਦਿਨ ਅਤੇ ਰਾਤ ਦੇ ਤਾਪਮਾਨ ਵਿੱਚ ਮਹੱਤਵਪੂਰਨ ਅੰਤਰ ਸੀ। ਦਰੱਖਤ ਇਸ ਨੂੰ ਸੰਭਾਲ ਨਹੀਂ ਸਕਦੇ," ਉਹ ਕਹਿੰਦੇ ਹਨ।
ਪਿਛਲੇ ਕੁਝ ਸਾਲਾਂ ਤੋਂ ਅੰਬਾਂ ਦੀ ਕਾਸ਼ਤ ਦੇ ਹਾਲਾਤ ਵਿਗੜਦੇ ਜਾ ਰਹੇ ਹਨ, ਸ਼੍ਰੀਰਾਮਮੂਰਤੀ ਨੇ 2014 ਵਿੱਚ ਲਏ ਗਏ ਫੈਸਲੇ 'ਤੇ ਪਛਤਾਵਾ ਕਰਨਾ ਸ਼ੁਰੂ ਕਰ ਦਿੱਤਾ ਹੈ। ਉਸ ਸਾਲ, ਉਨ੍ਹਾਂ ਨੇ ਅਨਾਕਪੱਲੀ ਕਸਬੇ ਦੇ ਨੇੜੇ 0.9 ਏਕੜ ਜ਼ਮੀਨ ਵੇਚ ਦਿੱਤੀ ਅਤੇ ਇਸ ਤੋਂ ਮਿਲਣ ਵਾਲੀ 6 ਲੱਖ ਰੁਪਏ ਦੀ ਵਰਤੋਂ ਪੋਮੂਲਾ ਭੀਮਾਵਰਮ ਵਿਖੇ ਅੰਬਾਂ ਦੇ ਬਾਗ ਲਈ ਪੇਠਾਬਾਦੀ (ਨਿਵੇਸ਼) ਵਜੋਂ ਕੀਤੀ।
ਇਸ ਕਦਮ ਦੀ ਵਿਆਖਿਆ ਕਰਦੇ ਹੋਏ, ਉਨ੍ਹਾਂ ਨੇ ਕਿਹਾ, "ਹਰ ਕੋਈ ਉਨ੍ਹਾਂ (ਅੰਬਾਂ) ਨੂੰ ਪਸੰਦ ਕਰਦਾ ਹੈ ਅਤੇ ਉਸ ਦੀ ਮੰਗ ਹੁੰਦੀ ਹੈ। ਮੈਂ ਸੋਚਿਆ ਕਿ ਅੰਬਾਂ ਦੀ ਕਾਸ਼ਤ ਨਾਲ਼ ਮੈਨੂੰ ਬਹੁਤ ਸਾਰਾ ਪੈਸਾ ਮਿਲ ਜਾਵੇਗਾ।"
ਹਾਲਾਂਕਿ, ਉਦੋਂ ਤੋਂ, ਉਹ ਕਹਿੰਦੇ ਹਨ, ਉਹ ਮੁਨਾਫਾ ਕਮਾਉਣ ਦੇ ਯੋਗ ਨਹੀਂ ਹੋ ਪਾਏ। ਸ਼੍ਰੀਰਾਮਮੂਰਤੀ ਕਹਿੰਦੇ ਹਨ, "2014 ਅਤੇ 2022 ਦੇ ਵਿਚਕਾਰ, ਅੰਬਾਂ ਦੀ ਕਾਸ਼ਤ ਤੋਂ ਮੇਰੀ ਕੁੱਲ ਆਮਦਨ [ਇਨ੍ਹਾਂ ਅੱਠ ਸਾਲਾਂ ਵਿੱਚ] 6 ਲੱਖ ਰੁਪਏ ਤੋਂ ਵੱਧ ਨਹੀਂ ਸੀ। ਆਪਣੀ ਜ਼ਮੀਨ ਵੇਚਣ ਦੇ ਆਪਣੇ ਫੈਸਲੇ 'ਤੇ ਅਫਸੋਸ ਜ਼ਾਹਰ ਕਰਦਿਆਂ, ਉਨ੍ਹਾਂ ਕਿਹਾ, "ਜੋ ਜ਼ਮੀਨ ਮੈਂ ਵੇਚੀ ਸੀ ਉਹ ਹੁਣ ਵਧੇਰੇ ਕੀਮਤੀ ਹੋ ਗਈ ਹੈ। ਸ਼ਾਇਦ ਮੈਨੂੰ ਅੰਬਾਂ ਦੀ ਕਾਸ਼ਤ ਸ਼ੁਰੂ ਹੀ ਨਹੀਂ ਕਰਨੀ ਚਾਹੀਦੀ ਸੀ।"
ਇਹ ਸਿਰਫ ਮੌਸਮ ਦੀ ਗੱਲ ਨਹੀਂ ਹੈ। ਅੰਬ ਦੇ ਦਰੱਖਤ ਪਾਣੀ (ਸਿੰਚਾਈ) 'ਤੇ ਨਿਰਭਰ ਕਰਦੇ ਹਨ, ਅਤੇ ਨਾ ਹੀ ਨਾਗਾਰਾਜੂ ਅਤੇ ਨਾ ਹੀ ਸ਼੍ਰੀਰਾਮਮੂਰਤੀ ਦੀ ਜ਼ਮੀਨ 'ਤੇ ਬੋਰਵੈੱਲ ਲੱਗੇ ਹਨ। 2018 ਵਿੱਚ, ਸ਼੍ਰੀਰਾਮਮੂਰਤੀ ਨੇ ਬੋਰਵੈੱਲ ਪੁੱਟਣ ਲਈ 2.5 ਲੱਖ ਰੁਪਏ ਖਰਚ ਕੀਤੇ ਪਰ ਪਾਣੀ ਦੀ ਇੱਕ ਵੀ ਬੂੰਦ ਨਾ ਮਿਲ ਸਕੀ। ਬੁਚਈਆਪੇਟਾ ਮੰਡਲ ਵਿੱਚ ਅਧਿਕਾਰਤ ਤੌਰ 'ਤੇ 35 ਬੋਰਵੈੱਲ ਅਤੇ 30 ਖੁੱਲ੍ਹੇ ਖੂਹ ਹਨ, ਜਿੱਥੇ ਨਾਗਰਾਜੂ ਅਤੇ ਸ਼੍ਰੀਰਾਮਮੂਰਤੀ ਦੇ ਬਾਗ ਸਥਿਤ ਹਨ।
ਸ਼੍ਰੀਰਾਮਮੂਰਤੀ ਦਾ ਕਹਿਣਾ ਹੈ ਕਿ ਰੁੱਖਾਂ ਨੂੰ ਲਗਾਤਾਰ ਪਾਣੀ ਦੇ ਕੇ ਸੁੱਕੇ ਫੁੱਲਾਂ ਦੀ ਸਮੱਸਿਆ ਦਾ ਹੱਲ ਕੀਤਾ ਜਾ ਸਕਦਾ ਹੈ। ਉਹ ਹਫਤੇ ਵਿੱਚ ਦੋ ਭਰੇ ਟੈਂਕਰ ਪਾਣੀ ਵੀ ਖਰੀਦਦੇ ਹਨ, ਜਿਸ ਲਈ ਉਹ ਇੱਕ ਮਹੀਨੇ ਵਿੱਚ 10,000 ਰੁਪਏ ਖਰਚ ਕਰਦੇ ਹਨ। "ਹਰ ਰੁੱਖ ਨੂੰ ਹਰ ਰੋਜ਼ ਘੱਟੋ ਘੱਟ ਇੱਕ ਲੀਟਰ ਪਾਣੀ ਦੀ ਲੋੜ ਹੁੰਦੀ ਹੈ। ਪਰ ਮੈਂ ਹਫ਼ਤੇ ਵਿੱਚ ਕੇਵਲ ਦੋ ਵਾਰ ਹੀ ਪਾਣੀ ਪੀਂਦਾ ਹਾਂ। ਸ਼੍ਰੀਰਾਮਮੂਰਤੀ ਕਹਿੰਦੇ ਹਨ, "ਮੈਂ ਬੱਸ ਏਨਾ ਹੀ ਬਰਦਾਸ਼ਤ ਕਰ ਸਕਦਾ ਹਾਂ।"
ਨਾਗਰਾਜੂ ਆਪਣੇ ਅੰਬਾਂ ਦੇ ਦਰੱਖਤਾਂ ਦੀ ਸਿੰਚਾਈ ਲਈ ਹਫਤੇ ਵਿੱਚ 8,000 ਰੁਪਏ ਵਿੱਚ ਪਾਣੀ ਦੇ ਦੋ ਟੈਂਕਰ ਖਰੀਦਦੇ ਹਨ।
ਵਲੀਵੀਰੇਡੀ ਰਾਜੂ ਨਵੰਬਰ ਤੋਂ ਹਫਤੇ ਵਿੱਚ ਇੱਕ ਵਾਰ ਆਪਣੇ ਰੁੱਖਾਂ ਨੂੰ ਪਾਣੀ ਦੇਣਾ ਸ਼ੁਰੂ ਕਰਦੇ ਹਨ ਅਤੇ ਫਰਵਰੀ ਤੋਂ ਹਫਤੇ ਵਿੱਚ ਦੋ ਵਾਰੀਂ ਦੇਣ ਲੱਗਦੇ ਹਨ। ਪਿੰਡ ਵਿੱਚ ਅੰਬਾਂ ਦੇ 45 ਸਾਲਾ ਇੱਕ ਨਵੇਂ ਕਿਸਾਨ ਨੇ 2021 ਵਿੱਚ ਆਪਣੀ 0.7 ਏਕੜ ਜ਼ਮੀਨ 'ਤੇ ਖੇਤੀ ਕਰਨੀ ਸ਼ੁਰੂ ਕੀਤੀ। ਦੋ ਸਾਲਾਂ ਬਾਅਦ ਦਰੱਖਤ ਰਾਜੂ ਦੇ ਕੱਦ ਨਾਲੋਂ ਥੋੜ੍ਹੇ ਜਿਹੇ ਉੱਚੇ ਹੋ ਗਏ ਹਨ। "ਅੰਬਾਂ ਦੇ ਛੋਟੇ-ਛੋਟੇ ਰੁੱਖਾਂ ਨੂੰ ਵਧੇਰੇ ਦੇਖਭਾਲ ਦੀ ਲੋੜ ਹੈ। ਖਾਸ ਕਰਕੇ ਗਰਮੀਆਂ ਵਿੱਚ, ਉਹਨਾਂ ਨੂੰ ਹਰ ਰੋਜ਼ ਲਗਭਗ ਦੋ ਲੀਟਰ ਪਾਣੀ ਦੀ ਲੋੜ ਹੁੰਦੀ ਹੈ," ਉਹ ਕਹਿੰਦੇ ਹਨ।
ਕਿਉਂਕਿ ਉਨ੍ਹਾਂ ਦੇ ਖੇਤ ਵਿੱਚ ਕੋਈ ਬੋਰਵੈੱਲ ਨਹੀਂ ਹੈ, ਰਾਜੂ ਸਿੰਚਾਈ ਦੇ ਵੱਖ-ਵੱਖ ਕੰਮਾਂ 'ਤੇ ਲਗਭਗ 20,000 ਰੁਪਏ ਖਰਚ ਕਰਦੇ ਹਨ, ਜਿਸ ਦਾ ਅੱਧਾ ਹਿੱਸਾ ਉਹ ਟੈਂਕਰਾਂ ਰਾਹੀਂ ਆਪਣੇ ਖੇਤ ਨੂੰ ਪਾਣੀ ਦੇਣ 'ਤੇ ਖਰਚ ਕਰਦੇ ਹਨ। ਉਹ ਕਹਿੰਦੇ ਹਨ ਕਿ ਉਹ ਹਰ ਰੋਜ਼ ਰੁੱਖਾਂ ਨੂੰ ਪਾਣੀ ਨਹੀਂ ਦੇ ਸਕਦੇ। "ਜੇ ਮੈਂ ਹਰ ਰੋਜ਼ ਅੰਬਾਂ ਦੇ ਸਾਰੇ 40 ਦਰੱਖਤਾਂ ਨੂੰ ਪਾਣੀ ਦੇਵਾਂ, ਤਾਂ ਹੋ ਸਕਦਾ ਹੈ ਕਿ ਮੈਨੂੰ ਉਹ ਸਭ ਕੁਝ ਵੇਚਣਾ ਪਵੇ ਜੋ ਮੇਰੇ ਕੋਲ ਹੈ।"
ਉਹ ਆਪਣੇ ਤਿੰਨ ਸਾਲਾਂ ਦੇ ਨਿਵੇਸ਼ ਬਦਲੇ ਇਨਾਮ ਪ੍ਰਾਪਤੀ ਦੀ ਉਮੀਦ ਕਰ ਰਹੇ ਹਨ। ਉਹ ਕਹਿੰਦੇ ਹਨ, "ਮੈਂ ਜਾਣਦਾ ਹਾਂ ਕਿ ਕੋਈ ਮੁਨਾਫ਼ਾ ਨਹੀਂ ਹੋਵੇਗਾ ਪਰ ਮੈਨੂੰ ਉਮੀਦ ਹੈ ਕਿ ਕੋਈ ਨੁਕਸਾਨ ਨਹੀਂ ਹੋਵੇਗਾ।"
*****
ਪਿਛਲੇ ਮਹੀਨੇ (ਅਪ੍ਰੈਲ 2023) ਨਾਗਰਾਜੂ ਲਗਭਗ 3,500 ਕਿਲੋਗ੍ਰਾਮ ਜਾਂ ਅੰਬਾਂ ਦੇ ਲਗਭਗ 130-140 ਬਕਸੇ ਦੀ ਕਟਾਈ ਕਰਨ ਵਿੱਚ ਸਫਲ ਰਹੇ। ਵਿਸ਼ਾਖਾਪਟਨਮ ਦੇ ਵਪਾਰੀਆਂ ਨੇ ਇੱਕ ਕਿਲੋਗ੍ਰਾਮ ਬਦਲੇ 15 ਰੁਪਏ ਕੀਮਤ ਦੀ ਪੇਸ਼ਕਸ਼ ਕੀਤੀ; ਇੰਝ ਉਹ ਪਹਿਲੀ ਖੇਪ ਬਦਲੇ 52,500 ਰੁਪਏ ਇਕੱਠੇ ਕਰਨ ਦੇ ਯੋਗ ਸੀ।
ਉਹ ਦੱਸਦੇ ਹਨ, "ਜਦੋਂ ਤੋਂ ਮੈਂ ਦੋ ਦਹਾਕੇ ਪਹਿਲਾਂ ਖੇਤੀ ਕਰਨੀ ਸ਼ੁਰੂ ਕੀਤੀ ਹੈ, ਉਦੋਂ ਤੋਂ [ਵੇਚਣਾ] ਦਰ ਲਗਭਗ 15 ਰੁਪਏ ਪ੍ਰਤੀ ਕਿੱਲੋ 'ਤੇ ਹੀ ਟਿਕੀ ਹੋਈ ਹੈ। "ਇਸ ਸਮੇਂ, ਵਿਸ਼ਾਖਾਪਟਨਮ ਦੇ ਮਧੁਰਵਾੜਾ ਰਾਇਥੂ ਬਾਜ਼ਾਰ ਵਿੱਚ ਇੱਕ ਕਿਲੋ ਬੰਗਨਾਪੱਲੀ ਅੰਬਾਂ ਦੀ ਕੀਮਤ 60 ਰੁਪਏ ਹੈ। ਬਾਜ਼ਾਰ ਦੇ ਅਸਟੇਟ ਅਫਸਰ ਪੀ ਜਗਦੀਸ਼ਰਾ ਰਾਓ ਕਹਿੰਦੇ ਹਨ, "ਗਰਮੀਆਂ ਵਿੱਚ, ਕੀਮਤ 50-100 ਰੁਪਏ ਦੇ ਵਿਚਕਾਰ ਹੁੰਦੀ ਹੈ।
ਸ਼੍ਰੀਰਾਮਮੂਰਤੀ, ਜਿਨ੍ਹਾਂ ਨੇ ਇਸ ਸਾਲ ਆਪਣੀ ਪਹਿਲੀ ਫਸਲ ਪ੍ਰਾਪਤ ਕੀਤੀ ਸੀ, ਨੂੰ 1,400 ਕਿਲੋ ਅੰਬ ਮਿਲੇ ਹਨ। ਉਨ੍ਹਾਂ ਨੇ ਆਪਣੀਆਂ ਧੀਆਂ ਲਈ ਦੋ-ਤਿੰਨ ਕਿਲੋ ਭਾਰ ਵੱਖਰਾ ਰੱਖਿਆ ਹੋਇਆ ਹੈ। ਉਹ ਬਾਕੀ ਵਿਸ਼ਾਖਾਪਟਨਮ ਦੇ ਵਪਾਰੀਆਂ ਨੂੰ ਲਗਭਗ 11 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ਼ ਵੇਚ ਰਹੇ ਹੈ। ਉਹ ਦੱਸਦੇ ਹਨ, "ਸਭ ਤੋਂ ਨੇੜਲਾ ਬਾਜ਼ਾਰ 40 ਕਿਲੋਮੀਟਰ ਦੂਰ ਹੈ," ਉਹ ਦੱਸਦੇ ਹਨ ਕਿ ਪ੍ਰਚੂਨ ਵਿਕਰੀ ਆਪਣੇ ਆਪ ਨਹੀਂ ਕੀਤੀ ਜਾ ਸਕਦੀ।
ਪੋਮੂਲਾ ਭੀਮਾਵਰਮ ਦੇ ਅੰਬ ਉਤਪਾਦਕ ਆਪਣੀ ਸਾਲਾਨਾ ਆਮਦਨੀ ਦੀ ਗਣਨਾ ਕਰਨ ਲਈ ਜੂਨ ਦੇ ਮਹੀਨੇ ਲਈ ਆਪਣੀ ਦੂਜੀ ਫਸਲ ਦੀ ਉਡੀਕ ਕਰ ਰਹੇ ਹਨ। ਪਰ ਨਾਗਰਾਜੂ ਨੂੰ ਇਸ ਬਾਰੇ ਬਹੁਤਾ ਭਰੋਸਾ ਨਹੀਂ ਹੈ। ਉਹ ਕਹਿੰਦੇ ਹਨ, "ਕੋਈ ਮੁਨਾਫ਼ਾ ਨਹੀਂ ਹੁੰਦਾ, ਸਿਰਫ਼ ਘਾਟਾ ਹੀ ਹੁੰਦਾ ਹੈ।''
ਉਹ ਫੁੱਲਾਂ ਨਾਲ਼ ਭਰੇ ਇਕ ਰੁੱਖ ਵੱਲ ਮੁੜਦੇ ਹੋਏ ਕਹਿੰਦੇ ਹਨ, "ਇਸ ਸਮੇਂ ਤਕ ਇਸ ਰੁੱਖ ਨੂੰ ਇਸ ਆਕਾਰ ਦੇ (ਝੁੰਡ ਦੇ ਆਕਾਰ ਦੇ) ਫਲ ਮਿਲ ਜਾਣੇ ਚਾਹੀਦੇ ਸਨ।" ਇਹ ਉਹਨਾਂ ਦਾ ਪਸੰਦੀਦਾ ਅੰਬ ਹੈ – ਪੰਡੂਰੀ ਮਮੀਦੀ – ਹਰੇ ਅਤੇ ਗੋਲ ਆਕਾਰ ਦਾ।
ਰੁੱਖ ਦੇ ਕੁਝ ਫਲਾਂ ਵਿਚੋਂ ਇਕ ਵੱਲ ਇਸ਼ਾਰਾ ਕਰਦੇ ਹੋਏ, ਉਹ ਕਹਿੰਦੇ ਹਨ, "ਇਸ ਤੋਂ ਵੱਧ ਮਿੱਠਾ ਹੋਰ ਕੁਝ ਨਹੀਂ ਹੋ ਸਕਦਾ । ਇਹ ਮਿੱਠਾ ਹੁੰਦਾ ਹੈ ਭਾਵੇਂ ਇਸਦਾ ਰੰਗ ਹਰਾ ਹੋਵੇ; ਇਹੀ ਇਸ ਦੀ ਵਿਸ਼ੇਸ਼ਤਾ ਹੈ।"
ਇਹ ਸਟੋਰੀ ਰੰਗ ਦੇ ਗ੍ਰਾਂਟ ਦੁਆਰਾ ਸਮਰਥਿਤ ਹੈ।
ਤਰਜਮਾ: ਕਮਲਜੀਤ ਕੌਰ