ਪਨੀਮਾਰਾ ਦੇ ਅਜ਼ਾਦੀ ਘੁਲਾਟੀਆਂ ਨੂੰ ਦੂਸਰੇ ਮੋਰਚਿਆਂ 'ਤੇ ਵੀ ਲੜਾਈ ਲੜਨੀ ਪਈ। ਉਨ੍ਹਾਂ ਵਿੱਚੋਂ ਥੋੜ੍ਹੀ ਤਾਂ ਉਨ੍ਹਾਂ ਨੂੰ ਆਪਣੇ ਘਰ ਦੇ ਅੰਦਰ ਲੜਨੀ ਪਈ।
ਛੂਆਛਾਤ ਵਿਰੁੱਧ ਗਾਂਧੀਜੀ ਦੇ ਸੱਦੇ 'ਤੇ ਉਹ ਸਰਗਰਮ ਹੋ ਗਏ।
ਚਮਾਰੂ ਦੱਸਦੇ ਹਨ,''ਇੱਕ ਦਿਨ, ਅਸੀਂ 400 ਦਲਿਤਾਂ ਦੇ ਨਾਲ਼ ਇਸ ਪਿੰਡ ਦੇ ਜਗਨਨਾਥ ਮੰਦਰ ਵਿੱਚ ਪ੍ਰਵੇਸ਼ ਕਰ ਗਏ।'' ਬ੍ਰਾਹਮਣਾਂ ਨੂੰ ਇਹ ਪਸੰਦ ਨਹੀਂ ਆਇਆ। ਪਰ, ਉਨ੍ਹਾਂ ਵਿੱਚੋਂ ਕੁਝ ਨੇ ਸਾਡੀ ਹਮਾਇਤ ਕੀਤੀ। ਸ਼ਾਇਦ ਉਹ ਇੰਝ ਕਰਨ ਲਈ ਮਜ਼ਬੂਰ ਸਨ। ਉਸ ਸਮੇਂ ਮਾਹੌਲ ਵੀ ਕੁਝ ਅਜਿਹਾ ਹੀ ਸੀ। ਗੌਂਟੀਆ (ਪਿੰਡ ਦਾ ਮੁਖੀਆ) ਮੰਦਰ ਦਾ ਮੈਨੇਜਿੰਗ ਟ੍ਰਸਟੀ ਸੀ। ਉਹਨੂੰ ਬੜਾ ਵੱਟ ਚੜ੍ਹਿਆ ਅਤੇ ਵਿਰੋਧ ਵਿੱਚ ਉਹ ਪਿੰਡ ਛੱਡ ਕੇ ਚਲਾ ਗਿਆ। ਪਰ, ਉਹਦਾ ਆਪਣਾ ਪੁੱਤਰ ਸਾਡੇ ਨਾਲ਼ ਸ਼ਾਮਲ ਹੋ ਗਿਆ। ਉਹਨੇ ਨਾ ਸਿਰਫ਼ ਸਾਡੀ ਹਮਾਇਤ ਕੀਤੀ, ਸਗੋਂ ਆਪਣੇ ਪਿਤਾ ਦੇ ਇਸ ਕਦਮ ਦੀ ਨਿਖੇਧੀ ਵੀ ਕੀਤੀ।
''ਅੰਗਰੇਜ਼ੀ ਸਮਾਨਾਂ ਦੇ ਵਿਰੁੱਧ ਮੁਹਿੰਮ ਆਪਣੇ ਜ਼ੋਰਾਂ 'ਤੇ ਸੀ। ਅਸੀਂ ਸਿਰਫ਼ ਖਾਦੀ ਪਾਉਂਦੇ ਸਾਂ। ਆਪਣੇ ਹੱਥੀਂ ਇਹਨੂੰ ਬੁਣਦੇ ਸਾਂ। ਵਿਚਾਰਧਾਰਾ ਇਹਦਾ ਇੱਕ ਹਿੱਸਾ ਸੀ। ਅਸੀਂ ਅਸਲ ਵਿੱਚ ਕਾਫ਼ੀ ਗ਼ਰੀਬ ਸਾਂ, ਇਸਲਈ ਇਹ ਸਾਡੇ ਲਈ ਚੰਗਾ ਹੀ ਸੀ।''
ਸਾਰੇ ਅਜ਼ਾਦੀ ਘੁਲਾਟੀਆਂ ਨੇ ਬਾਅਦ ਵਿੱਚ ਇਸ 'ਤੇ ਦਹਾਕਿਆਂ ਬੱਧੀ ਅਮਲ ਕੀਤਾ, ਜਦੋਂ ਤੱਕ ਕਿ ਉਨ੍ਹਾਂ ਦੀਆਂ ਉਂਗਲਾਂ ਕੱਤਣ ਅਤੇ ਬੁਣਨ ਨਾਲ਼ ਹੀ ਥੱਕ ਨਹੀਂ ਗਈਆਂ। ਚਮਾਰੂ ਕਹਿੰਦੇ ਹਨ,''ਪਿਛਲੇ ਸਾਲ, 90 ਸਾਲ ਦੀ ਉਮਰ ਵਿੱਚ, ਮੈਂ ਸੋਚਿਆ ਕਿ ਹੁਣ ਇਹਨੂੰ ਛੱਡਣ ਦਾ ਵੇਲ਼ਾ ਆ ਗਿਆ ਹੈ।''
''ਇਹਦੀ ਸ਼ੁਰੂਆਤ 1930 ਦੇ ਦਹਾਕੇ ਵਿੱਚ ਸੰਬਲਪੁਰ ਵਿੱਚ ਕਾਂਗਰਸ ਤੋਂ ਪ੍ਰਭਾਵਤ ਹੋ ਕੇ, ਅਯੋਜਿਤ ਕੀਤੇ ਗਏ ਇੱਕ ਪ੍ਰੀਖਣ ਕੈਂਪ ਵਿੱਚ ਹੋਈ। ਇਸ ਪ੍ਰੀਖਣ ਦਾ ਨਾਮ 'ਸੇਵਾ' ਰੱਖਿਆ ਗਿਆ, ਪਰ ਸਾਨੂੰ ਜੇਲ੍ਹ ਦੇ ਜੀਵਨ ਬਾਰੇ ਦੱਸਿਆ ਗਿਆ। ਉੱਥੇ ਪਖਾਨਾ ਸਾਫ਼ ਕਰਨ, ਘਟੀਆ ਭੋਜਨ ਬਾਰੇ ਦੱਸਿਆ ਗਿਆ। ਅਸੀਂ ਸਾਰੇ ਜਾਣਦੇ ਸਾਂ ਕਿ ਇਸ ਪ੍ਰੀਖਣ ਦਾ ਮਕਸਦ ਆਖ਼ਰ ਕੀ ਹੈ। ਪਿੰਡੋਂ ਅਸਈਂ 9 ਜਣੇ ਇਸ ਕੈਂਪ ਵਿੱਚ ਗਏ।''
''ਸਾਨੂੰ ਪੂਰੇ ਪਿੰਡ ਨੇ ਮਾਲ਼ਾਵਾਂ, ਸਿੰਦੂਰ ਅਤੇ ਫਲਾਂ ਦੇ ਨਾਲ਼ ਵਿਦਾ ਕੀਤਾ। ਉਸ ਸਮੇਂ ਲੋਕਾਂ ਅੰਦਰ ਇਸ ਹੱਦ ਤੱਕ ਉਤਸਾਹ ਅਤੇ ਰੋਮਾਂਚ ਸੀ।''
ਇਸ ਤੋਂ ਇਲਾਵਾ ਬੈਕਗਰਾਉਂਡ ਵਿੱਚ ਮਹਾਤਮਾ ਗਾਂਧੀ ਦਾ ਜਾਦੂ ਵੀ ਸੀ। ''ਉਨ੍ਹਾਂ ਨੇ ਲੋਕਾਂ ਨੂੰ ਸੱਤਿਆਗ੍ਰਹਿ ਕਰਨ ਲਈ ਜੋ ਪੱਤਰ ਲਿਖਿਆ ਸੀ, ਉਹਨੇ ਸਾਡੇ ਅੰਦਰ ਜੋਸ਼ ਫੂਕ ਦਿੱਤਾ। ਸਾਨੂੰ ਕਿਹਾ ਗਿਆ ਕਿ ਅਸੀਂ ਗ਼ਰੀਬ, ਅਨਪੜ੍ਹ ਲੋਕ ਜੇਕਰ ਹੁਕਮ-ਅਦੂਲੀ 'ਤੇ ਉੱਤਰ ਆਈਏ ਤਾਂ ਅਸੀਂ ਆਪਣੀ ਦੁਨੀਆ ਬਦਲ ਸਕਦੇ ਹਾਂ। ਪਰ ਸਾਡੇ ਤੋਂ ਅਹਿੰਸਾ ਅਤੇ ਚੰਗੇ ਵਰਤਾਓ ਦਾ ਵੀ ਪ੍ਰਣ ਲਿਆ ਗਿਆ ਹੈ।'' ਇਸ ਪ੍ਰਣ ਦਾ ਪਨੀਮਾਰਾ ਦੇ ਕਰੀਬ ਸਾਰੇ ਅਜ਼ਾਦੀ ਘੁਲਾਟੀਆਂ ਨੇ ਤਾਉਮਰ ਪਾਲਣ ਕੀਤਾ।
ਉਨ੍ਹਾਂ ਨੇ ਗਾਂਧੀ ਜੀ ਨੂੰ ਪਹਿਲਾਂ ਕਦੇ ਨਹੀਂ ਦੇਖਿਆ ਸੀ। ਪਰ ਲੱਖਾਂ ਹੋਰਨਾਂ ਲੋਕਾਂ ਵਾਂਗਰ ਉਹ ਵੀ ਉਨ੍ਹਾਂ ਦੀ ਅਵਾਜ਼ 'ਤੇ ਖੜ੍ਹੇ ਹੋ ਗਏ। ''ਅਸੀਂ ਇੱਥੇ ਮਨਮੋਹਨ ਚੌਧਰੀ ਅਤੇ ਦਇਆਨੰਦ ਸਤਪਥੀ ਜਿਹੇ ਕਾਂਗਰਸੀ ਨੇਤਾਵਾਂ ਤੋਂ ਪ੍ਰਭਾਵਤ ਸਾਂ।'' ਪਨੀਮਾਰਾ ਦੇ ਯੋਧਿਆਂ ਨੇ ਅਗਸਤ 1942 ਤੋਂ ਪਹਿਲਾਂ ਹੀ ਜੇਲ੍ਹ ਦਾ ਪਹਿਲਾ ਸਫ਼ਰ ਤੈਅ ਕਰ ਲਿਆ ਸੀ। ''ਅਸੀਂ ਇਹ ਸਹੁੰ ਖਾਧੀ। ਯੁੱਧ (ਦੂਜੀ ਸੰਸਾਰ ਜੰਗ) ਵਿੱਚ ਪੈਸੇ ਜਾਂ ਨਿੱਜੀ ਤੌਰ 'ਤੇ ਕਿਸੇ ਵੀ ਤਰ੍ਹਾਂ ਦੀ ਮਦਦ ਦੇਸ਼ਧ੍ਰੋਹ ਹੋਵੇਗਾ। ਇੱਕ ਪਾਪ ਅਹਿੰਸਾ ਦੇ ਜਿੰਨੇ ਵੀ ਤਰੀਕੇ ਹੋ ਸਕਦੇ ਹਨ, ਉਨ੍ਹਾਂ ਵੱਲੋਂ ਯੁੱਧ ਦਾ ਵਿਰੋਧ ਕੀਤਾ ਜਾਣਾ ਚਾਹੀਦਾ ਹੈ। ਇਸ ਪਿੰਡ ਦੇ ਹਰ ਵਿਅਕਤੀ ਨੇ ਇਹਦੀ ਹਮਾਇਤ ਕੀਤੀ।''
''ਅਸੀਂ ਕਟਕ ਜੇਲ੍ਹ ਵਿੱਚ ਛੇ ਹਫ਼ਤੇ ਲਈ ਗਏ। ਅੰਗਰੇਜ਼, ਲੋਕਾਂ ਨੂੰ ਜੇਲ੍ਹ ਵਿੱਚ ਵੱਧ ਸਮੇਂ ਤੱਕ ਨਹੀਂ ਰੱਖਦੇ ਸਨ। ਇਹਦੀ ਸਭ ਤੋਂ ਵੱਡੀ ਵਜ੍ਹਾ ਇਹ ਸੀ ਕਿ ਹਜ਼ਾਰਾਂ ਲੋਕ ਉਨ੍ਹਾਂ ਦੀਆਂ ਜੇਲ੍ਹਾਂ ਵਿੱਚ ਭਰੇ ਪਏ ਸਨ। ਜੇਲ੍ਹ ਜਾਣ ਦੀ ਇੱਛਾ ਰੱਖਣ ਵਾਲ਼ਿਆਂ ਦੀ ਗਿਣਤੀ ਕਾਫ਼ੀ ਜ਼ਿਆਦਾ ਸੀ।




