ਚਮਾਰੂ ਨੇ ਕਿਹਾ,"ਇਹ ਸਾਰੀਆਂ ਅਪੀਲਾਂ ਵਾਪਸ ਲੈ ਲਓ ਅਤੇ ਉਨ੍ਹਾਂ ਨੂੰ ਪਾੜ ਕੇ ਸੁੱਟ ਦਿਓ। ਇਹ ਵੈਧ ਨਹੀਂ ਹਨ। ਇਹ ਅਦਾਲਤ ਇਨ੍ਹਾਂ ਨੂੰ ਪ੍ਰਵਾਨ ਨਹੀਂ ਕਰੇਗੀ।"
ਉਨ੍ਹਾਂ ਨੇ ਸੱਚਮੁੱਚ ਵਿੱਚ ਮੈਜਿਸਟ੍ਰੇਟ ਦੀ ਭੂਮਿਕਾ ਨਿਭਾਉਣੀ ਸ਼ੁਰੂ ਕਰ ਦਿੱਤੀ ਸੀ।
ਇਹ ਅਗਸਤ 1942 ਦੀ ਗੱਲ ਹੈ, ਜਦੋਂ ਪੂਰਾ ਦੇਸ਼ ਉਤਸਾਹ ਨਾਲ਼ ਭਰਿਆ ਹੋਇਆ ਸੀ। ਸੰਬਲਪੁਰ ਕੋਰਟ ਵਿੱਚ ਵੀ ਇਹ ਉਤਸਾਹ ਪੂਰੇ ਜ਼ੋਰਾਂ 'ਤੇ ਸੀ। ਚਮਾਰੂ ਪਰੀਦਾ ਅਤੇ ਉਨ੍ਹਾਂ ਦੇ ਸਾਥੀਆਂ ਨੇ ਹੁਣੇ-ਹੁਣੇ ਇਸ ਅਦਾਲਤ 'ਤੇ ਕਬਜ਼ਾ ਕੀਤਾ ਸੀ। ਚਮਾਰੂ ਨੇ ਖ਼ੁਦ ਦੇ ਜੱਜ ਹੋਣ ਬਾਰੇ ਐਲਾਨ ਕਰ ਦਿੱਤਾ ਸੀ। ਜਤਿੰਦਰ ਪ੍ਰਧਾਨ ਉਨ੍ਹਾਂ ਦੇ ''ਅਰਦਲੀ'' ਸਨ।ਪੂਰਣਚੰਦ ਪ੍ਰਧਾਨ ਨੇ ਪੇਸ਼ਕਾਰ ਜਾਂ ਨਿਆਇਕ ਕਲਰਕ ਬਣਨਾ ਪਸੰਦ ਕੀਤਾ ਸੀ।
ਅਦਾਲਤ 'ਤੇ ਉਨ੍ਹਾਂ ਦਾ ਇਹ ਕਬਜ਼ਾ, ਭਾਰਤ ਛੱਡੋ ਅੰਦੋਲਨ ਵਿੱਚ ਉਨ੍ਹਾਂ ਦੇ ਯੋਗਦਾਨ ਦਾ ਹੀ ਇੱਕ ਹਿੱਸਾ ਸੀ।
ਚਮਾਰੂ ਨੇ ਅਦਾਲਤ ਵਿੱਚ ਹਾਜ਼ਰ ਹੈਰਾਨ ਭੀੜ ਨੂੰ ਸੰਬੋਧਤ ਕਰਦਿਆਂ ਕਿਹਾ,"ਇਹ ਅਪੀਲਾਂ ਬ੍ਰਿਟਿਸ਼ ਰਾਜ ਦੇ ਨਾਮ ਨੂੰ ਸੰਬੋਧਤ ਹਨ। ਅਸੀਂ ਅਜ਼ਾਦ ਭਾਰਤ ਵਿੱਚ ਰਹਿ ਰਹੇ ਹਾਂ। ਜੇਕਰ ਤੁਸੀਂ ਚਾਹੁੰਦੇ ਹੋ ਕਿ ਇਨ੍ਹਾਂ ਮਾਮਲਿਆਂ 'ਤੇ ਵਿਚਾਰ ਕੀਤਾ ਜਾਵੇ ਤਾਂ ਇਨ੍ਹਾਂ ਨੂੰ ਵਾਪਸ ਲੈ ਲਓ । ਇਨ੍ਹਾਂ ਅਪੀਲਾਂ ਨੂੰ ਮੁੜ ਤਿਆਰ ਕਰੋ। ਉਨ੍ਹਾਂ ਨੂੰ ਮਹਾਤਮਾ ਗਾਂਧੀ ਨੂੰ ਸੰਬੋਧਤ ਕਰੋ, ਉਦੋਂ ਹੀ ਅਸੀਂ ਇਨ੍ਹਾਂ 'ਤੇ ਵਿਚਾਰ ਕਰਾਂਗੇ।"
ਅੱਜ ਕਰੀਬ 60 ਸਾਲਾਂ ਬਾਅਦ, ਚਮਾਰੂ ਇਹ ਕਹਾਣੀ ਉਸੇ ਲੁਤਫ਼ ਨਾਲ਼ ਸੁਣਾਉਂਦੇ ਹਨ। ਉਹ ਹੁਣ 91 ਸਾਲ ਦੇ ਹੋ ਚੁੱਕੇ ਹਨ। 81 ਸਾਲ ਜਤਿੰਦਰ ਉਨ੍ਹਾਂ ਦੇ ਨਾਲ਼ ਹੀ ਬੈਠੇ ਹੋਏ ਹਨ। ਪੂਰਣਚੰਦਰ, ਹਾਲਾਂਕਿ, ਹੁਣ ਇਸ ਦੁਨੀਆ ਵਿੱਚ ਨਹੀਂ ਰਹੇ। ਇਹ ਲੋਕ ਹੁਣ ਵੀ ਓੜੀਸਾ ਦੇ ਬਾਰਗਢ ਜਿਲ੍ਹੇ ਦੇ ਪਨੀਮਾਰਾ ਪਿੰਡ ਵਿੱਚ ਹੀ ਰਹਿੰਦੇ ਹਨ। ਅਜ਼ਾਦੀ ਦੀ ਲੜਾਈ ਜਦੋਂ ਪੂਰੇ ਜੋਸ਼ ਨਾਲ਼ ਲੜੀ ਜਾ ਰਹੀ ਸੀ, ਤਦ ਇਸ ਪਿੰਡ ਨੇ ਯਕੀਨੋ ਬਾਹਰੀ ਰੂਪ ਨਾਲ਼ ਆਪਣੇ ਕਈ ਧੀਆਂ-ਪੁੱਤਰਾਂ ਨੂੰ ਜੰਗ-ਏ-ਮੈਦਾਨ ਵਿੱਚ ਭੇਜਿਆ ਸੀ। ਮੌਜੂਦਾ ਰਿਕਾਰਡ ਦੇ ਅਨੁਸਾਰ, ਸਿਰਫ਼ 1942 ਵਿੱਚ ਹੀ ਇਸ ਪਿੰਡ ਤੋਂ 32 ਲੋਕ ਜੇਲ੍ਹ ਗਏ ਸਨ। ਚਮਾਰੂ ਅਤੇ ਜਤਿੰਦਰ ਸਣੇ, ਉਨ੍ਹਾਂ ਵਿੱਚੋਂ ਸੱਤ ਅਜੇ ਵੀ ਜਿਊਂਦੇ ਹਨ।
ਇੱਕ ਵਾਰ ਤਾਂ ਇੱਥੋਂ ਦੇ ਕਰੀਬ ਹਰ ਪਰਿਵਾਰ ਨੇ ਆਪੋ-ਆਪਣੇ ਘਰੋਂ ਇੱਕ ਸਤਿਆਗ੍ਰਿਹੀ ਨੂੰ ਭੇਜਿਆ ਸੀ। ਇਸ ਪਿੰਡ ਨੇ ਬ੍ਰਿਟਿਸ਼ ਰਾਜ ਨੂੰ ਹਿੱਲਾ ਕੇ ਰੱਖ ਦਿੱਤਾ ਸੀ। ਇੱਥੋਂ ਦੀ ਏਕਤਾ ਨੂੰ ਤੋੜ ਸਕਣਾ ਮੁਸ਼ਕਲ ਸੀ। ਇੱਥੋਂ ਦੇ ਲੋਕਾਂ ਦੀ ਵਚਨਬੱਧਤਾ ਆਦਰਸ਼ ਬਣ ਗਈ। ਜੋ ਲੋਕ ਅੰਗਰੇਜ਼ਾਂ ਨਾਲ਼ ਟਾਕਰਾ ਕਰ ਰਹੇ ਸਨ, ਉਹ ਗ਼ਰੀਬ ਅਤੇ ਅਨਪੜ੍ਹ ਕਿਸਾਨ ਸਨ। ਛੋਟੇ ਕਿਸਾਨ, ਆਪਣਾ ਡੰਗ ਟਪਾਉਣ ਲਈ ਸੰਘਰਸ਼ ਕਰ ਰਹੇ ਸਨ। ਬਹੁਤੇਰੇ ਲੋਕ ਇਸੇ ਪੱਧਰ ਦੇ ਹੀ ਬਣੇ ਰਹੇ।
ਪਰ, ਬੜੀ ਅਜੀਬ ਗੱਲ ਹੈ ਕਿ ਇਤਿਹਾਸ ਦੀਆਂ ਕਿਤਾਬਾਂ ਵਿੱਚ ਉਨ੍ਹਾਂ ਦਾ ਕਿਤੇ ਵੀ ਉਲੇਖ ਤੱਕ ਨਹੀਂ ਹੈ। ਹਾਲਾਂਕਿ, ਗੱਲ਼ ਇਹ ਨਹੀਂ ਹੈ ਕਿ ਓੜੀਸਾ ਵਿੱਚ ਉਨ੍ਹਾਂ ਨੂੰ ਵਿਸਾਰ ਦਿੱਤਾ ਗਿਆ ਹੈ। ਬਾਰਗੜ੍ਹ ਵਿੱਚ, ਇਹ ਅਜੇ ਵੀ ਅਜ਼ਾਦੀ ਘੁਲਾਟੀਆਂ ਦੇ ਪਿੰਡ ਵਜੋਂ ਜਾਣਿਆ ਜਾਂਦਾ ਹੈ। ਇਸ ਵਿੱਚ ਵਿਰਲ਼ਾ ਹੀ ਕੋਈ ਹੈ, ਜਿਹਨੂੰ ਇਸ ਲੜਾਈ ਦਾ ਨਿੱਜੀ ਫਾਇਦਾ ਹੋਇਆ ਹੋਵੇ ਅਤੇ ਇਹ ਗੱਲ ਤਾਂ ਪੂਰੀ ਤਰ੍ਹਾਂ ਪੱਕੀ ਹੈ ਕਿ ਉਨ੍ਹਾਂ ਵਿੱਚੋਂ ਕਿਸੇ ਨੂੰ ਵੀ ਨਾ ਤਾਂ ਕੋਈ ਪੁਰਸਕਾਰ ਮਿਲ਼ਿਆ ਹੈ ਨਾ ਹੀ ਪਦ ਜਾਂ ਨੌਕਰੀ। ਫਿਰ ਵੀ ਉਨ੍ਹਾਂ ਖ਼ਤਰਾ ਮੁੱਲ ਲਿਆ। ਇਹ ਉਹ ਲੋਕ ਸਨ, ਜੋ ਭਾਰਤ ਨੂੰ ਅਜ਼ਾਦ ਕਰਾਉਣ ਲਈ ਲੜੇ।
ਇਹ ਅਜ਼ਾਦੀ ਦੇ ਪੈਦਲ ਸਿਪਾਹੀ ਸਨ। ਸਾਰੇ ਨੰਗੇ ਪੈਰੀਂ ਤੁਰਨ ਵਾਲੇ ਕਿਉਂਕਿ ਉਨ੍ਹਾਂ ਵਿੱਚੋਂ ਕਿਸੇ ਕੋਲ ਵੀ ਇੰਨਾ ਪੈਸਾ ਨਹੀਂ ਸੀ ਕਿ ਉਹ ਚੱਪਲਾਂ ਖਰੀਦ ਸਕਣ।





