ਉਹਨੂੰ ਬਚਪਨ ਤੋਂ ਹੀ ਲੰਬੀਆਂ ਕਤਾਰਾਂ- ਪਾਣੀ ਦੀ ਟੂਟੀ 'ਤੇ, ਸਕੂਲ ਵਿੱਚ, ਮੰਦਰਾਂ ਵਿੱਚ, ਰਾਸ਼ਨ ਦੀਆਂ ਦੁਕਾਨਾਂ 'ਤੇ, ਬੱਸ ਸਟਾਪ 'ਤੇ, ਸਰਕਾਰੀ ਦਫ਼ਤਰਾਂ ਦੇ ਬਾਹਰ ਉਡੀਕ ਕਰਨ ਦੀ ਆਦਤ ਸੀ। ਉਨ੍ਹਾਂ ਨੂੰ ਅਕਸਰ ਮੁੱਖ ਕਤਾਰ ਤੋਂ ਥੋੜ੍ਹੀ ਦੂਰ ਇੱਕ ਅਲੱਗ ਕਤਾਰ ਵਿੱਚ ਖੜ੍ਹੇ ਹੋਣ ਲਈ ਮਜ਼ਬੂਰ ਕੀਤਾ ਜਾਂਦਾ ਸੀ, ਕਿਉਂਕਿ ਪਹਿਲੀ ਕਤਾਰ ਨੂੰ ਪ੍ਰਾਥਮਿਕਤਾ ਦਿੱਤੀ ਜਾਂਦੀ ਸੀ। ਉਹਨੂੰ ਉਨ੍ਹਾਂ ਮਾਯੂਸੀਆਂ ਦੀ ਵੀ ਆਦਤ ਸੀ, ਜੋ ਉਹਨੂੰ ਅਕਸਰ ਆਪਣੀ ਵਾਰੀ ਆਉਣ 'ਤੇ ਝੱਲਣੀਆਂ ਪੈਂਦੀਆਂ। ਪਰ ਅੱਜ ਸ਼ਮਸ਼ਾਨ ਘਾਟ ਦੇ ਬਾਹਰ ਉਹ ਇਸ ਵਰਤਾਰੇ ਨੂੰ ਹੋਰ ਝੱਲ ਨਹੀਂ ਸਕੀ। ਉਹ ਉਹਦੀ ਲਾਸ਼ ਨੂੰ ਆਪਣੇ ਗੁਆਂਢੀ ਨਿਜ਼ਾਮਭਾਈ ਦੇ ਆਟੋ ਵਿੱਚ ਛੱਡ ਕੇ ਆਪਣੇ ਘਰ ਵਾਪਸ ਭੱਜ ਜਾਣਾ ਚਾਹੁੰਦੀ ਸੀ।
ਕੁਝ ਦਿਨ ਪਹਿਲਾਂ ਜਦੋਂ ਭਿਖੂ ਆਪਣੀ ਬੁੱਢੀ ਮਾਂ ਦੀ ਲਾਸ਼ ਲੈ ਕੇ ਇੱਥੇ ਆਇਆ ਸੀ, ਤਾਂ ਉਹ ਇੰਨੀ ਲੰਬੀ ਕਤਾਰ ਨੂੰ ਦੇਖ ਕੇ ਹੈਰਾਨ ਹੋ ਗਈ ਸੀ। ਪਰ ਇਹ ਸਿਰਫ਼ ਉਹਦੀ ਮਾਂ ਦੀ ਮੌਤ ਨਹੀਂ ਸੀ ਜਿਹਨੇ ਉਹਨੂੰ ਤੋੜ ਸੁੱਟਿਆ ਸੀ; ਉਹਨੇ (ਖੁਦ) ਬੜੀ ਪਹਿਲਾਂ ਆਪਣੀ ਆਤਮਾ ਨੂੰ ਪੀਲੇ ਪੱਤੇ ਵਾਂਗ ਕੰਬਦੇ ਦੇਖਿਆ ਸੀ, ਜਦੋਂ ਉਹਦੇ ਲੋਕ ਬਿਨਾ ਪੈਸਿਆਂ, ਬਿਨਾ ਭੋਜਨ, ਬਿਨਾ ਕੰਮ ਦੇ ਕਸ਼ਟ ਝੱਲ ਰਹੇ ਸਨ, ਕਈ ਆਪਣੀਆਂ ਤਨਖਾਹਾਂ ਵਾਸਤੇ ਮਾਲਕਾਂ ਦੇ ਖਿਲਾਫ਼ ਅੰਦੋਲਨ ਕਰ ਰਹੇ ਸਨ, ਕੁਝ ਕੰਮ ਪਾਉਣ ਖਾਤਰ ਸੰਘਰਸ਼ ਕਰ ਰਹੇ ਸਨ ਤਾਂਕਿ ਉਨ੍ਹਾਂ ਨੂੰ ਕੁਝ ਪੈਸਾ ਮਿਲ਼ ਸਕੇ ਅਤੇ ਕੁਝ ਬੀਮਾਰੀ ਵੱਲੋਂ ਨਿਗਲੇ ਜਾਣ ਤੋਂ ਪਹਿਲਾਂ ਕਰਜ਼ੇ ਹੇਠਾਂ ਪੀਸੇ ਜਾ ਰਹੇ ਸਨ। ਇਹ ਬੇਰਹਿਮ ਬੀਮਾਰੀ ਸ਼ਾਇਦ ਉਨ੍ਹਾਂ ਦੀ ਆਜ਼ਮਾਇਸ਼ ਲਈ ਇੱਕ ਵਰਦਾਨ ਹੋਵੇ, ਇੰਜ ਉਹ ਸੋਚਦੀ ਸੀ। ਜਦੋਂ ਤੱਕ ਕਿ...



