ਸਈਦ ਖੁਰਸ਼ੀਦ ਣੇ ਬਜਟ ਤੇ ਕੋਈ ਖਾਸ ਧਿਆਨ ਨਹੀਂ ਦਿੱਤਾ। “ਮੈਂ ਤਾਂ ਕਿਸੇ ਚੈਨਲ ਤੇ ਖਬਰਾਂ ਦੇਖਣ ਦੀ ਵੀ ਕੋਸ਼ਿਸ਼ ਨਹੀਂ ਕੀਤੀ,” 72 ਸਾਲਾ ਸਈਦ ਦਾ ਕਹਿਣਾ ਹੈ। “ਪਤਾ ਹੀ ਨਹੀਂ ਚੱਲਦਾ ਕਿ ਇਸ ਵਿੱਚ ਕਿੰਨਾ ਸੱਚ ਹੈ ਅਤੇ ਕਿੰਨਾ ਪ੍ਰੋਪੈਗੈਂਡਾ”।
ਉਹਨਾਂ ਨੇ ਕਿਸੇ ਕੋਲੋਂ ਸੁਣਿਆ ਸੀ ਕਿ ਇਸ ਬਜਟ ਵਿੱਚ ਟੈਕਸ ਸਲੈਬ ਵਿੱਚ ਕੁਝ ਬਦਲਾਅ ਕੀਤੇ ਗਏ ਹਨ। “ਪਰ ਮੈਨੂ ਨਹੀਂ ਲੱਗਦਾ ਕਿ ਸਾਡੇ ਮੁਹੱਲੇ ਵਿੱਚ ਕਿਸੇ ਇੱਕ ਬੰਦੇ ਨੂੰ ਵੀ ਇਸ ਤੋਂ ਫਾਇਦਾ ਹੋਵੇਗਾ,” ਉਹ ਹੱਸਦਿਆਂ ਕਹਿੰਦੇ ਹਨ। “ਹਮ ਅਪਨਾ ਕਮਾਤੇ ਹੈਂ ਔਰ ਖਾਤੇ ਹੈਂ [ਅਸੀਂ ਆਪਣਾ ਕਮਾਉਂਦੇ ਹਾਂ ਤੇ ਖਾਂਦੇ ਹਾਂ]”।
ਮਹਾਰਾਸ਼ਟਰ ਦੇ ਪਰਭਾਣੀ ਜਿਲ੍ਹੇ ਦੇ ਗੰਗਾਖੇੜ ਕਸਬੇ ਵਿੱਚ 60 ਸਾਲ ਤੋਂ ਦਰਜੀ ਦਾ ਕੰਮ ਕਰ ਰਹੇ ਹਨ। ਉਹਨਾਂ ਨੇ ਮਹਿਜ ਅੱਠ ਸਾਲਾਂ ਦੀ ਉਮਰ ਵਿੱਚ ਆਪਣੇ ਪਿਤਾ ਤੋਂ ਇਹ ਕਲਾ ਸਿੱਖੀ ਸੀ। ਪਰ ਉਹਨਾਂ ਦੇ ਕੰਮ ਵਿੱਚ ਹੁਣ ਪਹਿਲਾਂ ਵਾਲਾ ਮੁਨਾਫ਼ਾ ਨਹੀਂ ਰਹਿ ਗਿਆ। “ਨੌਜਵਾਨ ਪੀੜੀ ਤਾਂ ਰੈਡੀਮੈਡ ਕੱਪੜੇ ਹੀ ਪਸੰਦ ਕਰਦੀ ਹੈ,” ਉਹ ਦੱਸਦੇ ਹਨ।




