ਦਿੱਲੀ ਵਿਖੇ ਸਰਦੀ ਦੀ ਸੁਸਤੀ ਭਰੀ ਦੁਪਹਿਰ ਵੇਲ਼ੇ ਕਮਾਰ ਧੁੱਪ ਸੇਕਣ ਲਈ ਆਪਣੇ ਘਰ ਦੇ ਬਰਾਂਡੇ ਵਿੱਚ ਕੁਝ ਇਓਂ ਬੈਠੇ ਹੋਏ ਸਨ ਜਿਓਂ ਕਿਸੇ ਪ੍ਰਾਹੁਣੇ ਨੇ ਆਉਣਾ ਹੋਵੇ। ਉਦੋਂ ਹੀ ਕਮਾਰ ਨੇ ਸੈਂਕੜੇ ਕਿਲੋਮੀਟਰ ਦੂਰ ਬੈਠੀ ਆਪਣੀ ਮਾਂ ਨੂੰ ਫੋਨ ਕਰਨ ਦਾ ਮਨ ਬਣਾਇਆ। ਆਪਣੀ ਮਾਂ, 75 ਸਾਲਾ ਸ਼ਾਮੀਮਾ ਖਾਤੂਨ ਨਾਲ਼ ਗੱਲ ਕਰਨਾ ਕਮਾਰ ਨੂੰ ਆਪਣੇ ਬਚਪਨ ਦੇ ਵੇਲ਼ਿਆਂ, ਉਨ੍ਹਾਂ ਦੇ ਜੱਦੀ ਘਰ ਜੋ ਬਿਹਾਰ ਦੇ ਸ਼ੀਤਾਮੜੀ ਜਿਲ੍ਹੇ ਦੇ ਪਿੰਡ ਬਾੜੀ ਫੁਲਵਾੜੀਆ ਪਿੰਡ ਵਿਖੇ ਸਥਿਤ ਹੈ, ਲੈ ਤੁਰਿਆ।
ਜੇ ਉਸ ਦੁਪਹਿਰ ਤੁਸੀਂ ਫ਼ੋਨ 'ਤੇ ਹੋਣ ਵਾਲ਼ੀ ਦੋਵੇਂ ਪਾਸਿਆਂ ਦੀ ਗੱਲ ਸੁਣ ਸਕਦੇ ਹੁੰਦੇ ਤਾਂ ਤੁਹਾਡੇ ਜ਼ਿਹਨ ਵਿੱਚ ਇੱਕ ਗੱਲ ਜ਼ਰੂਰ ਆਉਂਦੀ। ਖਾਲਸ ਉਰਦੂ ਵਿੱਚ ਗੱਲ ਕਰਦਿਆਂ ਕਮਾਰ ਆਪਣੀ ਮਾਂ ਨੂੰ ਪੁੱਛਦੇ ਹਨ,'' ਅਮੀ ਜ਼ਰਾ ਯੇ ਬਤਾਈਏਗਾ, ਬਚਪਨ ਮੇਂ ਮੇਰੇ ਸਿਰ ਪਰ ਜ਼ਖ਼ਮ ਹੋਤਾ ਥਾ ਨਾ ਉਸਕਾ ਇਲਾਜ ਕੈਸੇ ਕਰਤੇ ਥੇ ? ''
''ਸੀਰ ਮੇਂ ਜੋ ਹੋ ਜਾਹਾਯੀ-ਤੋਰੋਹੋ ਹੋਲਾ ਰਹਾ- ਬਾਤਖੋੜਾ ਕਹਾ ਹਾਈ ਓਕੋ ਇਧਰ। ਰੇਹ, ਚੀਕਨੀ ਮਿੱਟੀ ਲਗਾਕੇ ਧੋਲਿਆ ਰਹਾ, ਮਗਰ ਲਗਾ ਹਾਈ ਬਹੁਤ। ਤਾ ਛੂਤ ਗੇਲਾਈ'' (ਤੇਰੇ ਸਿਰ 'ਤੇ ਜੋ ਹੋਇਆ ਸੀ- ਉਹਨੂੰ ਇੱਧਰ- ਬਾਤਖੋੜਾ ਕਹਿੰਦੇ ਨੇ। ਮੈਂ ਰੇਹ (ਖਾਰੀ ਮਿੱਟੀ) ਤੇ ਚੀਕਣੀ ਮਿੱਟੀ ਨਾਲ਼ ਤੇਰਾ ਸਿਰ ਧੋਂਦੀ ਪਰ ਇਹ ਦੁਖਦਾ ਬਹੁਤ ਸੀ। ਅਖੀਰ ਉਹ ਜ਼ਖਮ ਮਗਰੋਂ ਲੱਥਾ,)'' ਆਪਣੇ ਘਰੇਲੂ ਨੁਸਖੇ ਬਾਰੇ ਦੱਸਦਿਆਂ ਉਹ ਠਹਾਕਾ ਮਾਰ ਕੇ ਹੱਸ ਪੈਂਦੀ ਹਨ। ਜੇ ਭਾਸ਼ਾ ਦੀ ਗੱਲ ਕਰੀਏ ਤਾਂ ਮਾਂ ਦੀ ਭਾਸ਼ਾ ਕਮਾਰ ਦੀ ਭਾਸ਼ਾ ਤੋਂ ਉੱਕਾ ਹੀ ਵੱਖਰੀ ਜਾਪੀ।
ਭਾਸ਼ਾ ਕਿੰਨੀ ਵੀ ਵੱਖ ਹੋਵੇ ਪਰ ਉਂਝ ਉਹ ਦੋਵੇਂ ਇੱਕ ਦੂਜੇ ਦੀ ਮੁਕੰਮਲ ਗੱਲ ਸਮਝ ਲੈਂਦੇ ਹਨ। ਕਮਾਰ ਤੇ ਉਨ੍ਹਾਂ ਦੀ ਮਾਂ ਸਦਾ ਹੀ ਵੱਖੋ-ਵੱਖਰੀ ਜ਼ੁਬਾਨ ਵਿੱਚ ਗੱਲ ਕਰਦੇ ਹਨ।
''ਮੈਨੂੰ ਉਨ੍ਹਾਂ ਦੀ ਕਹੀ ਹਰ ਗੱਲ ਸਮਝ ਆਉਂਦੀ ਹੈ ਪਰ ਮੈ ਖ਼ੁਦ ਇਹ ਬੋਲੀ ਨਹੀਂ ਬੋਲ ਪਾਉਂਦਾ। ਮੈਂ ਉਰਦੂ ਨੂੰ ਆਪਣੀ 'ਮਾਤਰੀ ਜ਼ੁਬਾਨ' ਕਹਿੰਦਾ ਹਾਂ ਪਰ ਮੇਰੀ ਮਾਂ ਕੋਈ ਹੋਰ ਹੀ ਜ਼ੁਬਾਨ ਬੋਲਦੀ ਹੈ,'' ਕਮਾਰ ਨੇ ਸਾਨੂੰ ਇਹ ਗੱਲ ਅਗਲੇ ਦਿਨ ਉਦੋਂ ਦੱਸੀ ਜਦੋਂ ਸਾਡੀ ਪਾਰੀਭਾਸ਼ਾ ਦੀ ਮੀਟਿੰਗ ਹੋ ਰਹੀ ਸੀ ਤੇ ਅਸੀਂ ਕੌਮਾਂਤਰੀ ਮਾਤਰੀ ਭਾਸ਼ਾ ਦਿਵਸ ਲਈ ਸਟੋਰੀ ਦੇ ਵਿਸ਼ੇ ਬਾਰੇ ਵਿਚਾਰ-ਵਟਾਂਦਰਾ ਕਰ ਰਹੇ ਸਾਂ। ''ਇਸ ਬੋਲੀ ਦੇ ਨਾਮ ਬਾਰੇ ਕਿਸੇ ਨੂੰ ਕੁਝ ਅੰਦਾਜਾ ਨਹੀਂ, ਨਾ ਹੀ ਅੰਮੀ ਨੂੰ ਤੇ ਨਾ ਹੀ ਸਾਡੇ ਪਰਿਵਾਰ ਵਿੱਚ ਕਿਸੇ ਹੋਰ ਨੂੰ ਹੀ। ਇੱਥੋਂ ਤੱਕ ਕਿ ਜੋ ਲੋਕ ਇਹ ਬੋਲੀ ਬੋਲਦੇ ਹਨ ਇਸਦੇ ਨਾਮ ਬਾਰੇ ਨਹੀਂ ਜਾਣਦੇ,'' ਉਨ੍ਹਾਂ ਅੱਗੇ ਕਿਹਾ। ਰੋਜ਼ੀਰੋਟੀ ਦੀ ਭਾਲ਼ ਵਿੱਚ ਜਿੰਨ੍ਹਾਂ ਨੇ ਵੀ ਪ੍ਰਵਾਸ ਕੀਤਾ- ਭਾਵੇਂ ਉਹ ਖ਼ੁਦ ਕਮਾਰ ਹੋਣ, ਉਨ੍ਹਾਂ ਦੇ ਪਿਤਾ ਹੋਣ ਤੇ ਉਨ੍ਹਾਂ ਦਾ ਭਰਾ, ਕੋਈ ਵੀ ਇਹ ਬੋਲੀ ਨਹੀਂ ਬੋਲਦਾ। ਕਮਾਰ ਦੇ ਬੱਚੇ ਵੀ ਹੈਰਾਨ ਰਹਿੰਦੇ ਹਨ ਕਿ ਉਨ੍ਹਾਂ ਦੀ ਦਾਦੀ ਆਖ਼ਰ ਕਿਹੜੀ ਬੋਲੀ ਵਿੱਚ ਗੱਲ ਕਰਦੀ ਹੈ।
''ਪਰ ਮੈਂ ਇਹਦਾ ਖੋਜ-ਖੁਰਾ ਲੱਭਣਾ ਚਾਹੁੰਦਾ ਸਾਂ। ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਭਾਸ਼ਾ ਮਾਹਰ, ਮੁਹੰਮਦ ਜਹਾਂਗੀਰ ਵਾਰਸੀ ਇਸ ਬੋਲੀ ਨੂੰ 'ਮੈਥਿਲੀ ਉਰਦੂ' ਕਹਿੰਦੇ ਹਨ। ਜੇਐੱਨਯੂ ਦੇ ਇੱਕ ਦੂਜੇ ਪ੍ਰੋਫ਼ੈਸਰ ਰਿਜ਼ਵਾਨੌਰ ਰਹਿਮਾਨ ਦਾ ਕਹਿਣਾ ਹੈ ਕਿ ਬਿਹਾਰ ਦੇ ਇਸ ਖਿੱਤੇ ਦੇ ਮੁਸਲਮਾਨ ਅਧਿਕਾਰਤ ਤੌਰ 'ਤੇ ਉਰਦੂ ਨੂੰ ਆਪਣੀ ਮਾਤਰੀ ਜ਼ੁਬਾਨ ਮੰਨਦੇ ਹਨ ਪਰ ਘਰ ਵਿੱਚ ਕਿਸੇ ਹੋਰ ਹੀ ਬੋਲੀ ਵਿੱਚ ਗੱਲਬਾਤ ਕਰਦੇ ਹਨ। ''ਮੈਨੂੰ ਇੰਝ ਜਾਪਦਾ ਹੈ ਮੇਰੀ ਮਾਂ ਦੀ ਬੋਲੀ ਉਰਦੂ, ਫ਼ਾਰਸੀ/ਈਰਾਨੀ, ਅਰਬੀ, ਹਿੰਦੀ ਤੇ ਮੈਥਿਲੀ ਦਾ ਮਿਲਗੋਭਾ ਹੈ।''
ਮਾਂ ਦੀ ਇੱਕ ਅਜਿਹੀ ਜ਼ੁਬਾਨ ਜੋ ਹਰ ਆਉਂਦੀ ਪੀੜ੍ਹੀ ਦੇ ਨਾਲ਼ ਗੁਆਚਦੀ ਜਾਂਦੀ ਹੈ।
ਬੱਸ ਇੱਥੋਂ ਹੀ ਸਾਨੂੰ ਸਟੋਰੀ ਕਰਨ ਦਾ ਸੰਕੇਤ ਮਿਲ਼ਿਆ। ਕਮਾਰ ਨੇ ਸਾਨੂੰ ਆਪੋ-ਆਪਣੀ ਭਾਸ਼ਾ ਵਿੱਚ ਗੁਆਚ ਚੁੱਕੇ, ਗੁਆਚ ਰਹੇ ਸ਼ਬਦਾਂ ਦਾ ਪਤਾ ਲਾਉਣ ਤੇ ਉਨ੍ਹਾਂ ਸ਼ਬਦਾਂ ਦਾ ਪਿੱਛਾ ਕਰਨ ਲਾ ਦਿੱਤਾ। ਇੰਝ ਜਾਪ ਰਿਹਾ ਹੈ ਜਿਓਂ ਅਸੀਂ ਕਿਸੇ ਸ਼ਿਕਾਰ 'ਤੇ ਹੋਈਏ। ਅਸੀਂ ਬੋਰਗੇਸ ਅਲੇਫ ਨੂੰ ਇਸ ਦਾ ਅਹਿਸਾਸ ਕੀਤੇ ਬਿਨਾਂ ਵੇਖਿਆ, ਗੁੰਮ ਹੋਏ ਸ਼ਬਦਾਂ ਦਾ ਪਿੱਛਾ ਕੀਤਾ।
*****
ਇਸ ਮੀਟਿੰਗ ਵਿੱਚ ਰਾਜਾ ਨੇ ਸਭ ਤੋਂ ਪਹਿਲਾਂ ਗੱਲ ਰੱਖੀ। ''ਤਮਿਲ ਵਿੱਚ ਇੱਕ ਲੋਕਪ੍ਰਿਯ ਮੁਹਾਵਰੇ ਬਾਰੇ ਤਿਰੂਕੁਰਲ ਦਾ ਇੱਕ ਦੋਹਾ ਹੈ,'' ਉਹ ਕਹਿੰਦੇ ਹਨ।
"
ਮਯਿਰ ਨੀਪਿਨ ਵਲਾ ਕਾਵਰੀਮਾ ਨਨਾਰ
ਉਈਰ ਨੀਪਰ ਮਨਮ ਵਰੀਨ [
ਕੁਰਲ
#969
]
ਇਸ ਦੋਹੇ ਦਾ ਅਨੁਵਾਦ ਕੁਝ ਇੰਝ ਹੈ: ਜਦੋਂ ਹਿਰਨ ਦੇ ਜਿਸਮ ਤੋਂ ਵਾਲ਼ ਪੁੱਟੇ ਜਾਂਦੇ ਹਨ, ਉਹ ਮਰ ਜਾਂਦਾ ਹੈ। ਇੰਝ ਹੀ ਜੋ ਲੋਕ ਆਪਣਾ ਸਨਮਾਨ ਗੁਆ ਬਹਿੰਦੇ ਹਨ, ਸ਼ਰਮ ਨਾਲ਼ ਮਰ ਜਾਂਦੇ ਹਨ।
''ਇਸ ਦੋਹੇ ਦੀ ਗੱਲ ਕਰੀਏ ਤਾਂ ਇਨਸਾਨੀ ਸਵੈ-ਮਾਣ ਦਾ ਮੁਕਾਬਲਾ ਹਿਰਨ ਦੇ ਵਾਲ਼ਾਂ ਨਾਲ਼ ਕੀਤਾ ਗਿਆ ਹੈ। ਘੱਟੋ-ਘੱਟ ਮੁ. ਵਾਰਥਾਰਾਸਾਂਨਾਰ ਦਾ ਅਨੁਵਾਦ ਤਾਂ ਇਹੀ ਕਹਿੰਦਾ ਹੈ,'' ਰਾਜਾ ਨੇ ਝਿਜਕਦਿਆਂ ਗੱਲ ਪੂਰੀ ਕੀਤੀ। ''ਪਰ ਵਾਲ਼ ਤੋੜਨ ਨਾਲ਼ ਇੱਕ ਹਿਰਨ ਦੀ ਮੌਤ ਕਿਵੇਂ ਹੋ ਸਕਦੀ ਹੈ? ਬਾਅਦ ਵਿੱਚ ਇੰਡੋਲੋਜਿਸਟ ਆਰ ਬਾਲਾਕ੍ਰਿਸ਼ਨਨ ਦਾ ਲੇਖ, ਸਿੰਧ ਘਾਟੀ ਵਿਚਲੇ ਤਾਮਿਲ ਪਿੰਡਾਂ ਦੇ ਨਾਮ ਪੜ੍ਹਕੇ ਮੈਨੂੰ ਸਮਝ ਆਇਆ ਕਿ ਦੋਹੇ ਵਿੱਚ ' ਕਾਵਰੀਮਾ ' ਦਾ ਜ਼ਿਕਰ ਹੈ ਜਿਹਦਾ ਤਮਿਲ ਮਤਲਬ ਯਾਕ ਹੁੰਦਾ ਹੈ ਨਾ ਕਿ ' ਕਾਵਰੀਮਨ ' ਦਾ ਜਿਹਦਾ ਮਤਲਬ ਹਿਰਨ ਹੁੰਦਾ ।
''ਯਾਕ? ਸਿਖਰਲੇ ਹਿਮਾਲਿਆ ਵਿਖੇ ਪਾਇਆ ਜਾਣ ਵਾਲ਼ਾ ਇਹ ਜਾਨਵਰ ਆਖ਼ਰ ਤਮਿਲ ਕਵਿਤਾ ਅੰਦਰ ਕੀ ਕਰ ਰਿਹਾ ਹੈ, ਇੱਕ ਅਜਿਹੀ ਭਾਸ਼ਾ ਅੰਦਰ ਜੋ ਦੇਸ਼ ਦੇ ਦੂਜੇ ਸਿਰੇ ਦੇ ਲੋਕਾਂ ਵੱਲੋਂ ਬੋਲੀ ਜਾਂਦੀ ਹੋਵੇ। ਆਰ. ਬਾਲਾਕ੍ਰਿਸ਼ਨਨ ਇਹਨੂੰ ਸੱਭਿਅਤਾ ਦੇ ਪ੍ਰਵਾਸ ਨਾਲ਼ ਜੋੜ ਕੇ ਸਮਝਾਉਂਦੇ ਹਨ। ਸਿੰਧੂ ਘਾਟੀ ਲੋਕਾਂ ਨੇ ਵੀ ਦੱਖਣ ਵੱਲ ਪ੍ਰਵਾਸ ਕੀਤਾ ਹੋਣਾ ਤੇ ਸਿਰਫ਼ ਉਨ੍ਹਾਂ ਨੇ ਹੀ ਨਹੀਂ ਉਨ੍ਹਾਂ ਦੇ ਸ਼ਬਦਾਂ, ਜੀਵਨਸ਼ੈਲੀ ਤੇ ਥਾਵਾਂ ਦੇ ਨਾਵਾਂ ਨੇ ਵੀ।''
ਰਾਜਾ ਅੱਗੇ ਕਹਿੰਦੇ ਹਨ,''ਇੱਕ ਹੋਰ ਵਿਦਵਾਨ ਵੀ. ਅਰਾਸੂ ਦਲੀਲ ਦਿੰਦੇ ਹਨ ਕਿ ਕਿਸੇ ਨੂੰ ਵੀ ਰਾਸ਼ਟਰ-ਰਾਜ ਜਾਂ ਦੇਸ਼ ਦੇ ਮੌਜੂਦਾ ਹਾਲਾਤਾਂ ਤੋਂ ਭਾਰਤੀ ਉਪ-ਮਹਾਂਦੀਪ ਦੇ ਇਤਿਹਾਸ ਦੀ ਕਲਪਨਾ ਨਹੀਂ ਕਰਨੀ ਚਾਹੀਦੀ। ਉਹ ਇਸ ਸੰਭਵਨਾ ਤੋਂ ਇਨਕਾਰ ਨਹੀਂ ਕਰਦੇ ਕਿ ਕਦੇ ਭਾਰਤੀ ਉਪ-ਮਹਾਂਦੀਪ ਦੀ ਸਰਜ਼ਮੀਨ ਦ੍ਰਾਵਿੜ ਭਾਸ਼ਾਵਾਂ ਬੋਲਣ ਵਾਲ਼ੇ ਲੋਕਾਂ ਦਾ ਗੜ੍ਹ ਰਿਹਾ ਸੀ। ਉੱਤਰ ਵੱਲ ਸਿੰਧੂ ਘਾਟੀ ਤੋਂ ਲੈ ਕੇ ਦੱਖਣ ਵੱਲ ਸ਼੍ਰੀ ਲੰਕਾ ਤੱਕ ਵਾਸ ਕੀਤੇ ਹੋਣ ਕਾਰਨ ਇਸ ਵਿੱਚ ਕੋਈ ਹੈਰਾਨੀ ਦੀ ਗੱਲ ਨਹੀਂ ਜੇਕਰ ਤਮਿਲਾਂ ਕੋਲ਼ ਵੀ ਹਿਮਾਲਿਆ ਵਿੱਚ ਰਹਿਣ ਵਾਲ਼ੇ ਜਾਨਵਰਾਂ ਦੇ ਸ਼ਬਦ ਮੌਜੂਦ ਹਨ ਤਾਂ।''
''ਕਾਵਰੀਮਾ- ਆਪਣੇ-ਆਪ ਵਿੱਚ ਹੈਰਾਨੀਜਨਕ ਸ਼ਬਦ!'' ਰਾਜਾ ਖ਼ੁਦ ਹੈਰਾਨ ਹੁੰਦਿਆਂ ਕਹਿੰਦੇ ਹਨ। ''ਦਿਲਚਸਪ ਗੱਲ ਇਹ ਹੈ ਕਿ ਪ੍ਰਸਿੱਧ ਤਮਿਲ ਸ਼ਬਦਕੋਸ਼ ਕ੍ਰੀਆ ਵਿੱਚ ਕਾਵਰੀਮਾ ਸ਼ਬਦ ਨਹੀਂ ਹੈ।''
*****
ਸਾਡੇ ਵਿੱਚੋਂ ਕਈਆਂ ਕੋਲ਼ ਸ਼ਬਦਾਂ ਦੇ ਜੋ ਭੰਡਾਰ ਨੇ ਸ਼ਬਦਾਂ ਦੀਆਂ ਜੋ ਕਹਾਣੀਆਂ ਹਨ ਉਹ ਸ਼ਬਦ ਜ਼ਰੂਰੀ ਨਹੀਂ ਸ਼ਬਦਕੋਸ਼ਾਂ ਵਿੱਚ ਵੀ ਮਿਲ਼ਣ ਹੀ। ਜੋਸ਼ੂਆ ਇਹਨੂੰ ਮਿਆਰੀਕਰਨ ਦੀ ਰਾਜਨੀਤੀ ਦਾ ਨਾਮ ਦਿੰਦੇ ਹਨ।
"ਸਦੀਆਂ ਤੋਂ, ਬੰਗਾਲ ਦੇ ਕਿਸਾਨਾਂ, ਘੁਮਿਆਰਾਂ, ਘਰੇਲੂ ਔਰਤਾਂ, ਕਵੀਆਂ, ਕਾਰੀਗਰਾਂ ਨੇ ਆਪਣੀਆਂ ਖੇਤਰੀ ਭਾਸ਼ਾਵਾਂ ਵਿੱਚ ਹੀ ਸੰਚਾਰ ਅਤੇ ਲੇਖਣੀ ਦਾ ਕੰਮ ਕੀਤਾ ਹੈ। ਰਾੜੀ, ਵਰੇਂਦਰੀ, ਮਾਨਭੂਮੀ, ਰੰਗਪੁਰੀ ਉਨ੍ਹਾਂ ਵਿੱਚੋਂ ਕੁਝ ਭਾਸ਼ਾਵਾਂ (ਸਥਾਨਕ) ਹਨ। ਪਰ, 19ਵੀਂ ਅਤੇ 20ਵੀਂ ਸਦੀ ਦੇ ਅਰੰਭ ਵਿੱਚ ਬੰਗਾਲ ਪੁਨਰਜਾਗਰਣ ਦੇ ਆਉਣ ਨਾਲ਼, ਬੰਗਲਾ ਨੇ ਆਪਣੇ ਖੇਤਰੀ ਅਤੇ ਅਰਬੀ-ਫ਼ਾਰਸੀ ਸ਼ਬਦਕੋਸ਼ ਦਾ ਬਹੁਤ ਸਾਰਾ ਹਿੱਸਾ ਗੁਆ ਦਿੱਤਾ। ਮਿਆਰੀਕਰਨ ਅਤੇ ਆਧੁਨਿਕੀਕਰਨ ਦੀਆਂ ਲਗਾਤਾਰ ਲਹਿਰਾਂ ਸੰਸਕ੍ਰਿਤੀਕਰਨ ਅਤੇ ਐਂਗਲੋਫੋਨਿਕ, ਯੂਰਪੀਅਨ ਸ਼ਬਦਾਂ ਅਤੇ ਵਾਕਾਂਸ਼ਾਂ ਦੀ ਆਮਦ ਦੇ ਨਾਲ਼-ਨਾਲ਼ ਚੱਲੀਆਂ। ਇਸ ਨੇ ਬੰਗਲਾ ਭਾਸ਼ਾ ਦੇ ਬਹੁਲਵਾਦੀ ਸੁਭਾਅ ਨੂੰ ਖੋਹ ਲਿਆ। ਉਦੋਂ ਤੋਂ, ਆਦਿਵਾਸੀ ਭਾਸ਼ਾਵਾਂ ਜਿਵੇਂ ਕਿ ਸੰਤਾਲੀ, ਕੁਰਮਾਲੀ, ਰਾਜਬੋਂਗਸ਼ੀ, ਕੁਰੂਕ, ਨੇਪਾਲੀ ਆਦਿ ਵਿੱਚ ਡੂੰਘੀਆਂ ਜੜ੍ਹਾਂ ਵਾਲੇ ਜਾਂ ਉਧਾਰ ਲਏ ਸ਼ਬਦ ਮਿਟਾ ਦਿੱਤੇ ਗਏ ਹਨ।
ਪਰ ਇਹ ਕਹਾਣੀ ਬੰਗਾਲ ਤੱਕ ਸੀਮਤ ਨਹੀਂ ਹੈ। "ਬਾਰ ਗੌ ਏ ਬੋਲੀਬਾਡਾਲੇ" (ਹਰ 12-15 ਕਿਲੋਮੀਟਰ ਬਾਅਦ ਭਾਸ਼ਾ ਬਦਲ ਜਾਂਦੀ ਹੈ) ਦੀ ਕਹਾਵਤ ਪੂਰੇ ਭਾਰਤ ਵਿੱਚ ਲਾਗੂ ਕੀਤੀ ਜਾ ਸਕਦੀ ਹੈ। ਭਾਰਤ ਦੇ ਹਰ ਰਾਜ ਨੇ ਬਸਤੀਵਾਦ, ਆਜ਼ਾਦੀ ਤੋਂ ਬਾਅਦ ਅਤੇ ਬਾਅਦ ਵਿੱਚ ਭਾਸ਼ਾਈ ਰਾਜਾਂ ਦੀ ਵੰਡ ਦੌਰਾਨ ਇੱਕੋ ਜਿਹੀ ਭਾਸ਼ਾਈ ਤਬਦੀਲੀ ਵੇਖੀ। ਭਾਰਤ ਵਿੱਚ ਰਾਜ ਭਾਸ਼ਾ ਦੀ ਕਹਾਣੀ ਇਤਿਹਾਸਕ ਤੌਰ 'ਤੇ ਸੱਭਿਆਚਾਰਕ ਅਤੇ ਰਾਜਨੀਤਿਕ ਪ੍ਰਭਾਵਾਂ ਨਾਲ਼ ਭਰੀ ਹੋਈ ਹੈ।
ਜੋਸ਼ੁਆ ਕਹਿੰਦੇ ਹਨ, "ਮੈਂ ਬਾਂਕੁਰਾ ਤੋਂ ਆਇਆ ਹਾਂ, ਜੋ ਕਿ ਸਾਬਕਾ ਮਾਲਭੂਮ ਸਾਮਰਾਜ ਦਾ ਕੇਂਦਰ ਸੀ, ਇੱਕ ਅਜਿਹਾ ਖੇਤਰ ਜਿੱਥੇ ਬਹੁਤ ਸਾਰੇ ਨਸਲੀ ਸਮੂਹ ਰਹਿੰਦੇ ਸਨ। ਖੇਤਰ ਦੀ ਹਰ ਭਾਸ਼ਾ, ਕੁਰਮਾਲੀ, ਸੰਤਾਲੀ, ਭੂਮੀਜ ਅਤੇ ਬਿਰਹੋਰੀ ਦੇ ਅਣਗਿਣਤ ਉਧਾਰ ਲਏ ਸ਼ਬਦ ਨਾਲ਼ ਭਰੀ ਹੋਈ ਹੈ।
"ਪਰ, ਸਰਟੀਫਿਕੇਸ਼ਨ ਅਤੇ ਆਧੁਨਿਕੀਕਰਨ ਦੇ ਨਾਮ 'ਤੇ, ਬਸਤੀਵਾਦੀ ਕਲਕੱਤਾ ਦੇ ਉੱਚ-ਵਰਗ, ਉੱਚ ਜਾਤੀ ਦੇ ਧੜੇ ਨਾਲ਼ ਸਬੰਧਤ ਲੋਕਾਂ ਦੁਆਰਾ ਵਿਕਸਤ ਕੀਤੇ ਗਏ ਵਧੇਰੇ ਸੰਸਕ੍ਰਿਤ ਅਤੇ ਯੂਰਪੀਅਨ-ਸ਼ੈਲੀ ਦੇ ਵਾਕਾਂਸ਼ਾਂ ਦੁਆਰਾ ਅਰਹਾ (ਜ਼ਮੀਨ), ਜੁਮਰਾਕੁਚਾ (ਸੜਿਆ ਹੋਇਆ ਰੁੱਖ), ਕੱਕਤੀ (ਕੱਛੂ), ਜੋੜ (ਨਦੀ), ਆਗਰਾ (ਖੋਖਲਾ), ਬਿਲਾਟੀ (ਟਮਾਟਰ) ਅਤੇ ਹੋਰ ਬਹੁਤ ਸਾਰੇ ਸ਼ਬਦਾਂ ਦੀ ਥਾਂ ਲਗਾਤਾਰ ਵਧੇਰੇ ਸੰਸਕ੍ਰਿਤ ਅਤੇ ਯੂਰਪੀਅਨ-ਸ਼ੈਲੀ ਦੇ ਵਾਕਾਂਸ਼ਾਂ ਨੂੰ ਲਿਆ ਜਾ ਰਿਹਾ ਹੈ।
*****
ਪਰ ਇੱਕ ਸ਼ਬਦ ਦੇ ਗੁਆਚਣ ਨਾਲ਼ ਅਸਲ ਵਿੱਚ ਗੁਆਚਦਾ ਕੀ ਹੈ? ਕੀ ਪਹਿਲਾਂ ਸ਼ਬਦ ਅਲੋਪ ਹੁੰਦਾ ਹੈ ਜਾਂ ਇਸਦਾ ਮਤਲਬ? ਜਾਂ ਕੀ ਇਹ ਭਾਸ਼ਾ ਦੇ ਅੰਦਰ ਕਿਸੇ ਕਿਸਮ ਦਾ ਖਲਾਅ ਪੈਦਾ ਕਰਦਾ ਹੈ? ਇਸੇ ਤਰ੍ਹਾਂ, ਕੀ ਕੋਈ ਹੋਰ ਸ਼ਬਦ ਅਲੋਪ ਹੋਏ ਸ਼ਬਦ ਦੀ ਥਾਂ ਨਹੀਂ ਲੈਂਦਾ?
ਹੁਣ ਬੰਗਾਲੀ ਵਿੱਚ ' ਉਰਾਲ ਪੂਲ ' ਸ਼ਬਦ ਜੋੜਿਆ ਗਿਆ ਹੈ। ਇਹ ਇੱਕ ਸ਼ਬਦ ਹੈ ਜੋ ਮੌਜੂਦਾ ਫਲਾਈਓਵਰਾਂ ਦੇ ਵਿਕਲਪ ਵਜੋਂ ਲਿਆ ਗਿਆ ਹੈ। ਜੇ ਇੰਝ ਹੀ ਹੈ, ਤਾਂ ਕੀ ਅਸੀਂ ਕੁਝ ਗੁਆਇਆ ਹੈ ਜਾਂ ਪ੍ਰਾਪਤ ਕੀਤਾ ਹੈ? ਅਤੇ ਕੀ ਹੁਣ ਸਾਡੇ ਕੋਲ਼ ਜੋ ਕੁਝ ਹੈ ਉਹ ਗੁਆਚ ਗਏ ਸ਼ਬਦ ਨਾਲ਼ੋਂ ਵਧੇਰੇ ਕੀਮਤੀ ਹੈ? ਇਹੀ ਗੱਲ ਸਮਿਤਾ ਨੂੰ ਪਰੇਸ਼ਾਨ ਕਰ ਰਹੀ ਹੈ।
ਉਹ ਬੰਗਲਾ ਦੇ ਪੁਰਾਣੇ ਘਰਾਂ ਦੀਆਂ ਰਵਾਇਤੀ ਉੱਚੀਆਂ ਖਿੜਕੀਆਂ (ਰੌਸ਼ਨਦਾਨਾਂ) ਨੂੰ ਯਾਦ ਕਰਦੀ ਹਨ। ਇਸ ਵਿੱਚੋਂ ਹਵਾ ਅਤੇ ਰੌਸ਼ਨੀ ਘਰ ਅੰਦਰ ਘੁੰਮਿਆ ਕਰਦੀ। ਇਸ ਨੂੰ ਘੁਲਘੁਲੀ ਕਿਹਾ ਜਾਂਦਾ ਸੀ। "ਉਹ ਹੁਣ ਮੌਜੂਦ ਨਹੀਂ ਹਨ," ਸਮਿਤਾ ਕਹਿੰਦੀ ਹਨ। "ਲਗਭਗ 10 ਸਦੀਆਂ ਪਹਿਲਾਂ, ਖਾਨਾ ਨਾਮ ਦੀ ਇੱਕ ਬੁੱਧੀਮਾਨ ਔਰਤ ਨੇ ਖਾਨਾਰ ਬਚਨ ਵਰਗੇ ਦੋਹਿਆਂ ਦੇ ਸੰਗ੍ਰਹਿ ਵਿੱਚ ਖੇਤੀਬਾੜੀ, ਸਿਹਤ ਅਤੇ ਦਵਾਈ, ਜਲਵਾਯੂ ਵਿਗਿਆਨ, ਘਰ ਦੀ ਉਸਾਰੀ ਬਾਰੇ ਹੈਰਾਨੀਜਨਕ ਤੱਥ ਪੇਸ਼ ਕੀਤੇ ਸਨ।
ਅਲੋ ਹਵਾ ਬੇਂਧੋ ਨਾ
ਰੋਗੇ ਭੋਗੇ ਮੋਰੋ ਨਾ।
ਹਵਾ ਤੇ ਰੌਸ਼ਨੀ ਨਾ ਲੰਘੇ, ਅਜਿਹਾ ਘਰ
ਨਾ ਬਣਾਓ।
ਬਣਾਓਗੇ ਤਾਂ ਤੁਹਾਨੂੰ ਬੀਮਾਰੀਆਂ ਖਾ
ਜਾਣਗੀਆਂ।
ਪੀੜੇ ਉਂਚੇ ਮੇਝੇ ਖਾਲ।
ਤਾਰ ਦੁੱਖੋ ਸੋਰਬੋਕਾਲ।
ਜੇ ਘਰ ਦਾ ਫਰਸ਼ ਬਾਹਰ ਨਾਲੋਂ ਨੀਵਾਂ
ਹੈ।
ਹਨ੍ਹੇਰੀ ਅਤੇ ਤਬਾਹੀ ਨੂੰ ਕੋਈ ਨਹੀਂ
ਰੋਕ ਸਕਦਾ।
''ਸਾਡੇ ਪੁਰਖਿਆਂ ਨੇ ਖਾਨਾ ਦੀ ਬੁੱਧੀ ਵਿੱਚ ਵਿਸ਼ਵਾਸ ਕੀਤਾ ਅਤੇ ਸਾਡੇ ਘਰਾਂ ਵਿੱਚ ਘੁਲਘੁਲੀ ਲਈ ਜਗ੍ਹਾ ਬਣਾਈ," ਸਮਿਤਾ ਕਹਿੰਦੀ ਹਨ। ''ਪਰ ਸਰਕਾਰ ਦੀਆਂ ਸਮਾਜਿਕ ਸੁਰੱਖਿਆ ਯੋਜਨਾਵਾਂ ਰਾਹੀਂ ਸ਼ੁਰੂ ਕੀਤੀਆਂ ਗਈਆਂ ਵੱਖ-ਵੱਖ ਰਿਹਾਇਸ਼ੀ ਯੋਜਨਾਵਾਂ ਤਹਿਤ ਆਮ ਆਦਮੀ ਨੂੰ ਜੋ ਆਧੁਨਿਕ ਇਕਸਾਰ ਰਿਹਾਇਸ਼ੀ ਯੋਜਨਾਵਾਂ ਮਿਲਦੀਆਂ ਹਨ, ਉਨ੍ਹਾਂ ਵਿਚ ਰਵਾਇਤੀ ਗਿਆਨ ਲਈ ਕੋਈ ਜਗ੍ਹਾ ਨਹੀਂ ਹੈ। ਐਂਬੇਡਡ ਅਲਮਾਰੀਆਂ ਵਾਲੀਆਂ ਕੰਧਾਂ, ਅਤੇ ਅਲਕੋਵ ਜਿਨ੍ਹਾਂ ਨੂੰ ਕੁਲੁੰਗੀ ਕਿਹਾ ਜਾਂਦਾ ਹੈ, ਖੁੱਲ੍ਹੀਆਂ ਥਾਵਾਂ ਜਿਨ੍ਹਾਂ ਨੂੰ ਚਟਲ ਕਿਹਾ ਜਾਂਦਾ ਹੈ ਪੁਰਾਣੇ ਵਿਚਾਰ ਹੇਠ ਬਣਦੀਆਂ। ਘੁਲਘੁਲੀਆਂ ਅਲੋਪ ਹੋ ਗਈਆਂ ਹਨ, ਇਸੇ ਤਰ੍ਹਾਂ ਪ੍ਰਸਿੱਧ ਬੋਲੀ ਤੋਂ ਇਹ ਸ਼ਬਦ ਵੀ ਗਾਇਬ ਹੋ ਗਿਆ ਹੈ। " ਉਹ ਕਹਿੰਦੀ ਹਨ।
ਸਮਿਤਾ ਨੂੰ ਸਿਰਫ਼ 'ਘੁਲਘੁਲੀ' ਸ਼ਬਦ ਦੇ ਖ਼ਤਮ ਹੋਣ ਦਾ ਹੀ ਅਫ਼ਸੋਸ ਨਹੀਂ ਹੈ। ਅੱਜ, ਜਦੋਂ ਸਾਡੇ ਘਰ ਹੀ ਚਿੜੀਆਂ ਦੇ ਘੋਲੇ ਵਰਗੇ ਹਨ, ਤਾਂ ਇਨ੍ਹਾਂ ਦਾ ਨਾ ਹੋਣਾ ਕੋਈ ਵੱਡੀ ਗੱਲ ਨਹੀਂ ਹੈ। ਪਰ ਇੱਕ ਸਮਾਂ ਸੀ ਜਦੋਂ ਅਸੀਂ ਕੁਦਰਤ ਨਾਲ਼ ਸਦਭਾਵਨਾ ਬਣਾ ਰਹਿੰਦੇ ਸੀ ਅਤੇ ਇਸ ਨਾਲ਼ ਸਾਡਾ ਸਬੰਧ ਸੀ। ਚਿੜੀਆਂ ਘਰ ਦੇ ਰੌਸ਼ਨਦਾਨਾਂ ਵਿੱਚ ਆਪਣੇ ਆਲ੍ਹਣੇ ਪਾਉਂਦੀਆਂ। ਪਰ ਅੱਜ ਮਨੁੱਖ ਦਾ ਕੁਦਰਤ ਨਾਲ਼ ਨਾਜ਼ੁਕ ਰਿਸ਼ਤਾ ਖਤਮ ਹੋ ਗਿਆ ਹੈ।
*****
''ਮੋਬਾਇਲ ਟਾਵਰਾਂ 'ਚੋਂ ਨਿਕਲ਼ਣ ਵਾਲ਼ੀਆਂ ਹਾਨੀਕਾਰਕ ਕਿਰਨਾਂ, ਕੱਚੇ ਘਰਾਂ ਦੀ ਥਾਂ ਪੱਕੇ ਘਰਾਂ ਦਾ ਬਣਨਾ, ਸਬਾਤਾਂ, ਰੌਸ਼ਨਦਾਨਾਂ ਦਾ ਖ਼ਤਮ ਹੋਣਾ, ਚੌਂਤਰੇ ਦੀ ਥਾਂ ਪੱਕੀ ਰਸੋਈ ਦਾ ਆਉਣਾ ਤੇ ਵਿਤੋਂਵੱਧ ਕੀਟਨਾਸ਼ਕਾਂ ਦਾ ਛਿੜਕਾਅ ਹੋਣ ਕਾਰਨ ਘਰੇਲੂ ਚਿੜੀ ਅਲੋਪ ਹੋਣ ਲੱਗੀ,'' ਕਮਲਜੀਤ ਦਾ ਕਹਿਣਾ ਹੈ। ''ਖੁੱਲ੍ਹੇ ਚੌਂਤਰੇ 'ਚੋਂ ਉਹਦਾ ਰੋਟੀ ਚੁੱਕ ਲੈ ਜਾਣਾ, ਬਾਲੇ ਵਾਲ਼ੀਆਂ ਛੱਤਾਂ ਵਿੱਚ ਆਂਡੇ ਦੇਣਾ ਤੇ ਇਨਸਾਨ ਦੇ ਨੇੜੇ-ਨੇੜੇ ਰਹਿਣਾ ਇਹ ਫ਼ਿਤਰਤ ਸੀ ਚਿੜੀ ਦੀ।'' ਚਿੜੀਆਂ ਕਦੇ ਮਨੁੱਖੀ ਜੀਵਨ ਦਾ ਅਨਿਖੜਵਾਂ ਅੰਗ ਰਹੀਆਂ ਹਨ ਉਨ੍ਹਾਂ ਦੀ ਚਹਿਕਣ ਨਾਲ਼ ਰੋਮ-ਰੋਮ ਖਿੜ ਉੱਠਦਾ ਸੀ। ਜਿੰਨਾ ਇਹ ਚਿੜੀ ਮਨੁੱਖ ਦੇ ਨੇੜੇ ਆਉਂਦੀ ਗਈ ਮਨੁੱਖ ਇਸ ਤੋਂ ਦੂਰ ਹੁੰਦਾ ਚਲਾ ਗਿਆ। ਕਮਲਜੀਤ ਨੇ ਇਸ ਰਿਸ਼ਤੇ ਨੂੰ ਸਮਝਾਉਣ ਵਾਸਤੇ ਵਾਰਿਸ਼ ਸ਼ਾਹ ਦੀ ਕਵਿਤਾ ਦੀਆਂ ਸਤਰਾਂ ਦਾ ਹਵਾਲਾ ਦਿੱਤਾ ਹੈ,
''
ਚਿੜੀ ਚੂਕਦਕੇ ਨਾਲ਼ ਜਾ ਟੁਰੇ
ਪਾਂਧੀ,
ਪਈਆਂ ਦੁੱਧ ਦੇ ਵਿੱਚ ਮਧਾਣੀਆਂ
ਨੀ।
''
ਚਿੜੀਆਂ ਚਹਿਕਦੀਆਂ ਤੇ ਕਿਸਾਨ ਉੱਠ ਖੜ੍ਹਦੇ ਇਹੀ ਮਨੁੱਖ ਦੇ ਕੁਦਰਤੀ ਅਲਾਰਮ ਹੁੰਦੇ, ਉਦੋਂ ਅੱਜਕੱਲ੍ਹ ਵਾਂਗਰ ਮਨਸੂਈ ਅਲਾਰਮ ਨਹੀਂ ਸਨ ਹੁੰਦੇ। ਕਦੇ ਕਿਸਾਨ ਨੇ ਮੌਸਮ ਦਾ ਹਿਸਾਬ ਲਾਉਣਾ ਹੁੰਦਾ ਤਾਂ ਚਿੜੀ ਦੇ ਚਹਿਕਣ, ਉਹਦੇ ਖੰਭ ਖਲੇਰਨ ਤੇ ਉਡਾਰੀ ਤੋਂ ਹੀ ਅੰਦਾਜਾ ਲਾ ਲਿਆ ਕਰਦੇ। ਇੱਥੋਂ ਤੱਕ ਕਿ ਚਿੜੀ ਦੇ ਚਹਿਕਣ, ਉਹਦੇ ਖੰਭ ਖਿਲੇਰਨ, ਉਹਦੀ ਪਰਵਾਜ ਦੇਖ ਕੇ ਕਿਸਾਨ ਮੀਂਹ ਵਰ੍ਹਨ ਤੱਕ ਦਾ ਅੰਦਾਜ਼ਾ ਲਾ ਲਿਆ ਕਰਦੇ ਸਨ। ਚਿੜੀਆਂ ਦੇ ਖੰਭਾਂ ਦੇ ਖਿਲਾਰਣ ਨੂੰ ਕਿਸਾਨੀ ਦੇ ਸ਼ਗਨ ਨਾਲ਼ ਜੋੜ ਕੇ ਦੇਖਿਆ ਜਾਂਦਾ।
ਚਿੜੀਆਂ ਖੰਭ ਖਿਲੇਰੇ,
ਵੱਸਣ ਮੀਂਹ ਬਹੁਤੇਰੇ।
ਇਹ ਕੋਈ ਇਤਫ਼ਾਕ ਨਹੀਂ ਜਦੋਂ ਅਸੀਂ ਖ਼ੁਦ ਨੂੰ ਉਸ ਦੌਰ ਵਿੱਚ ਖੜ੍ਹੇ ਪਾਉਂਦੇ ਹਾਂ ਜਦੋਂ ਪੌਦਿਆਂ, ਜਾਨਵਰਾਂ ਤੇ ਪੰਛੀਆਂ ਦੀਆਂ ਕਈ ਕਿਸਮਾਂ ਖ਼ਤਰੇ ਦੀ ਕਗਾਰ 'ਤੇ ਪੁੱਜ ਚੁੱਕੀਆਂ ਹਨ ਤੇ ਇਹਦਾ ਸਿੱਧਾ ਅਸਰ ਸਾਡੀ ਭਾਸ਼ਾਈ ਤੇ ਸੱਭਿਆਚਾਰਕ ਵੰਨ-ਸੁਵੰਨਤਾ 'ਤੇ ਵੀ ਦੇਖਿਆ ਜਾ ਸਕਦਾ ਹੈ। 2010 ਵਿੱਚ ਪੀਪਲਜ਼ ਲਿੰਗਵਿਸਟਿਕ ਸਰਵੇ ਆਫ਼ ਇੰਡੀਆ ਵਿੱਚ ਡਾ. ਗਣੇਸ਼ ਦੇਵੀ ਨੇ ਭਾਰਤ ਵਿੱਚ ਭਾਸ਼ਾਵਾਂ ਦੇ ਮਰਨ ਦੀ ਚਿੰਤਾਜਨਕ ਦਰ ਦਾ ਜ਼ਿਕਰ ਕੀਤਾ ਹੈ, ਪਿਛਲੇ 60 ਸਾਲਾਂ ਵਿੱਚ ਮਰਨ ਵਾਲ਼ੀਆਂ ਭਾਸ਼ਾਵਾਂ ਦੀ ਗਿਣਤੀ ਕੋਈ 250 ਹੈ।
ਜਿੱਧਰ ਸਮੇਂ-ਸਮੇਂ 'ਤੇ ਪੰਛੀ ਵਿਗਿਆਨੀ ਪੰਜਾਬ ਵਿੱਚ ਚਿੜੀਆਂ ਦੀ ਘੱਟ ਰਹੀ ਗਿਣਤੀ ਬਾਰੇ ਆਵਾਜ਼ ਉਠਾਉਂਦੇ ਰਹੇ ਹਨ, ਓਧਰ ਹੀ ਕਮਲਜੀਤ ਨੂੰ ਵਿਆਹ ਦੇ ਸਮੇਂ ਗਾਇਆ ਗਿਆ ਇੱਕ ਪੁਰਾਣਾ ਲੋਕ ਗੀਤ ਯਾਦ ਆਉਂਦਾ ਹੈ।
ਸਾਡਾ ਚਿੜੀਆਂ ਦਾ ਚੰਭਾ ਵੇ,
ਬਾਬੁਲ ਅਸਾਂ ਉੱਡ ਜਾਣਾ।
ਕਦੇ ਚਿੜੀਆਂ ਸਾਡੇ ਪੰਜਾਬੀ ਸੱਭਿਆਚਾਰ, ਸਾਡੇ ਲੋਕ ਗੀਤਾਂ ਦਾ ਹਿੱਸਾ ਰਹੀਆਂ ਹਨ। ਪਰ, ਅਫ਼ਸੋਸ ਹੁਣ ਨਾ ਚਿੜੀਆਂ ਰਹੀਆਂ ਤੇ ਨਾ ਹੀ ਉਹ ਗੀਤ,'' ਉਹ ਕਹਿੰਦੀ ਹਨ।
*****
ਇੱਥੋਂ ਤੱਕ ਕਿ ਰੋਜ਼ੀਰੋਟੀ ਦੇ ਅਲੋਪ ਹੁੰਦੇ ਵਸੀਲਿਆਂ ਦਾ ਵੀ ਭਾਸ਼ਾ ਨਾਲ਼ ਸਬੰਧ ਹੁੰਦਾ ਹੈ, ਬਿਲਕੁਲ ਓਵੇਂ ਹੀ ਜਿਵੇਂ ਜਲਵਾਯੂ ਸੰਕਟ ਤੇ ਪ੍ਰਵਾਸ ਦਰਾ ਹੁੰਦਾ ਹੈ, ਪੰਕਜ ਦਾ ਕਹਿਣਾ ਹੈ। ''ਅੱਜਕੱਲ੍ਹ ਰੰਗੀਆ, ਗੌਰੇਸ਼ਵਰ ਦੇ ਬਜ਼ਾਰ ਮਸ਼ੀਨ ਨਾਲ਼ ਬਣੇ ਸਸਤੇ ਗਮਛਿਆਂ (ਰਵਾਇਤੀ ਤੌਲ਼ੀਏ) ਤੇ ਹੋਰ ਰਾਜਾਂ ਤੋਂ ਨਿਰਯਾਤ ਹੁੰਦੇ ਚਾਦੌਰ-ਮੈਖਲਾ (ਔਰਤਾਂ ਦਾ ਰਵਾਇਤੀ ਲਪੇਟ, ਕਮਰ ਦਾ ਕੱਪੜਾ/ਇੱਕ ਕਿਸਮ ਦੀ ਸਾੜੀ) ਨਾਲ਼ ਭਰੇ ਪਏ ਹਨ। ਜਦੋਂ ਕਿ ਅਸਾਮ ਦਾ ਰਵਾਇਤੀ ਹੈਂਡਲੂਮ ਉਦਯੋਗ ਅੰਤਮ ਸਾਹ ਲੈ ਰਿਹਾ ਹੈ ਤੇ ਸਾਡੇ ਇਸ ਦੇਸੀ ਉਤਪਾਦ ਦੀ ਹੋ ਰਹੀ ਮੌਤ ਦੇ ਨਾਲ਼ ਬੁਣਾਈ ਨਾਲ਼ ਜੁੜੇ ਸਾਡੇ ਸ਼ਬਦ ਭੰਡਾਰ ਵੀ ਗਾਇਬ ਹੁੰਦੇ ਜਾ ਰਹੇ ਹਨ,'' ਉਹ ਕਹਿੰਦੇ ਹਨ।
''72 ਸਾਲਾ ਅਕਸ਼ੈ ਦਾਸ, ਜਿਨ੍ਹਾਂ ਦਾ ਪਰਿਵਾਰ ਅਸਾਮ ਦੇ ਭੇਹਬਾੜੀ ਪਿੰਡ ਵਿਖੇ ਹਾਲੇ ਤੀਕਰ ਵੀ ਹੈਂਡਲੂਮ ਦਾ ਕੰਮ ਕਰਦਾ ਹੈ, ਦਾ ਕਹਿਣਾ ਹੈ ਇਹ ਕਲਾ ਸਮਝੋ ਮੁੱਕ ਚੁੱਕੀ ਹੈ। ਪਿੰਡ ਦੇ ਜੁਆਨ ਲੋਕ ਕੰਮ ਵਾਸਤੇ ਪ੍ਰਵਾਸ ਕਰਕੇ 60 ਕਿਲੋਮੀਟਰ ਦੂਰ ਪੈਂਦੀ ਗੁਹਾਟੀ ਜਾਂਦੇ ਹਨ। ਬੁਣਾਈ ਦੀ ਪਰੰਪਰਾ ਤੋਂ ਦੂਰ ਹੋਣ ਕਾਰਨ ਉਨ੍ਹਾਂ ਨੂੰ ਸੇਰੇਕੀ ਜਿਹੇ ਸ਼ਬਦਾਂ ਬਾਰੇ ਵੀ ਨਹੀਂ ਪਤਾ।'' ਅਕਸ਼ੈ ਦਰਅਸਲ ਬਾਂਸ ਦੇ ਬਣੇ ਅਜਿਹੇ ਪਹੀਏਨੁਮਾ ਘੇਰੇ ਦਾ ਜ਼ਿਕਰ ਕਰ ਰਹੇ ਹਨ, ਜੋ ਇੱਕ ਸੂਤਲੀ ਸਹਾਰੇ ਜੋਟੋਰ ਨਾਮਕ ਚਰਖੇ ਨਾਲ਼ ਜੁੜਿਆ ਹੁੰਦਾ ਹੈ। ਚਰਖੇ ਦਾ ਚੱਕਾ ਘਮਾਉਣ ਨਾਲ਼ ਮੋਹੁਰਾ (ਫਿਰਕੀ) ਦੁਆਲ਼ੇ ਲਪੇਟੇ ਧਾਗੇ ਨਾਲ਼ ਦੂਜੇ ਪਾਸੇ ਧਾਗਾ ਛੋਟੀਆਂ ਗੁੱਛੀਆਂ ਵਿੱਚ ਲਪੇਟਿਆ ਜਾਂਦਾ ਹੈ।
''ਮੈਨੂੰ ਇੱਕ ਬੀਹੂ ਗੀਤ ਚੇਤੇ ਹੋ ਆਇਆ,'' ਪੰਕਜ ਕਹਿੰਦੇ ਹਨ,'' ਸੇਰੇਕੀ ਘੁਰਾਦੀ ਨਾਸ (ਸੇਰੇਕੀ ਫਿਰਕੀ ਵਾਂਗਰ ਨੱਚਣਾ)। ਅੱਜ ਦੀ ਨੌਜਵਾਨ ਪੀੜ੍ਹੀ ਨੂੰ ਗੀਤ ਕਿਵੇਂ ਸਮਝ ਆਊਗਾ ਜਿਹਨੂੰ ਇਸ ਪ੍ਰਕਿਰਿਆ ਬਾਰੇ ਹੀ ਨਹੀਂ ਪਤਾ? ਅਕਸ਼ੈ ਦੀ 67 ਸਾਲਾ ਭਰਜਾਈ, ਬਿਲਾਤੀ ਦਾਸਤ (ਵੱਡੇ ਭਰਾ ਮਰਹੂਮ ਨਰਾਇਣ ਦਾਸ ਦੀ ਪਤਨੀ) ਇੱਕ ਹੋਰ ਹੀ ਕਿਸਮ ਦਾ ਗੀਤ ਗਾਇਆ ਕਰਦੀ,
ਤੇਤੇਲੀਰ ਤੋਲੋਤੇ, ਕਾਪੂਰ
ਬੋਈ ਅਸਿਲੋ, ਸੋਰਾਈ ਸਿਗੀਲੇ ਜੁਤਾ
(ਇਮਲੀ ਦੇ ਰੁੱਖ ਹੇਠ ਬੈਠੀ ਮੈਂ
ਕੱਤਾਂ, ਪੰਛੀ ਆਏ ਤੋੜ ਗਏ ਧਾਗਾ)।
ਉਨ੍ਹਾਂ ਨੇ ਮੈਨੂੰ ਤਾਣਾ ਬੁਣਾਈ ਪ੍ਰਕਿਰਿਆ ਬਾਰੇ ਦੱਸਿਆ ਤੇ ਇਹ ਵੀ ਦੱਸਿਆ ਕਿ ਜਿਓਂ-ਜਿਓਂ ਨਵੇਂ ਉਪਕਰਣ ਤੇ ਮਸ਼ੀਨਾਂ ਕਾਰਨ ਬਜ਼ਾਰਾਂ ਅੰਦਰ ਹੜ੍ਹ ਜਿਹਾ ਹੀ ਆਇਆ ਪਿਆ ਹੈ, ਉਸ ਕਾਰਨ ਕਈ ਮੁਕਾਮੀ ਸੰਦ ਤੇ ਤਕਨੀਕਾਂ ਗੁਆਚ ਰਹੀਆਂ ਹਨ।''
*****
''ਅੱਜ ਦੀ ਤਕਨਾਲੋਜੀ ਹੀ ਸਰਵਨਾਸ਼ ਹੈ,'' ਨਿਰਮਲ ਕਹਿੰਦੇ ਹਨ ਉਨ੍ਹਾਂ ਦੇ ਚਿਹਰੇ 'ਤੇ ਭੇਦਭਰੀ ਮੁਸਕਾਨ ਫਿਰ ਜਾਂਦੀ ਹੈ।
ਨਿਰਮਲ ਨੇ ਆਪਣੀ ਕਹਾਣੀ ਸੁਣਾਉਣੀ ਸ਼ੁਰੂ ਕੀਤੀ, "ਹਾਲ ਹੀ ਵਿੱਚ, ਮੈਂ ਛੱਤੀਸਗੜ੍ਹ ਦੇ ਆਪਣੇ ਜੱਦੀ ਸ਼ਹਿਰ ਪਤੰਦਰ ਵਿੱਚ ਇੱਕ ਤਰ੍ਹਾਂ ਦੀ ਮੁਹਿੰਮ 'ਤੇ ਗਿਆ ਸੀ। "ਮੈਂ ਆਪਣੇ ਘਰ ਵਿੱਚ ਆਯੋਜਿਤ ਪੂਜਾ ਲਈ ਡੂਬ (ਬੇਰਮੁਦਾ ਘਾਹ) ਦੀ ਭਾਲ਼ ਕਰ ਰਿਹਾ ਸੀ। ਪਹਿਲਾਂ ਮੈਂ ਮਗਰਲੇ ਪਾਸੇ ਬਾਗ਼ ਵਿੱਚ ਗਿਆ ਪਰ ਦੂਬ ਦਾ ਇੱਕ ਵੀ ਤਿਣਕਾ ਨਾ ਮਿਲਿਆ। ਅਖੀਰ ਮੈਂ ਇਸ ਦੀ ਭਾਲ਼ ਵਿੱਚ ਖੇਤ ਗਿਆ।
"ਵਾਢੀ ਤੋਂ ਕੁਝ ਮਹੀਨੇ ਪਹਿਲਾਂ ਦੀ ਗੱਲ ਹੈ, ਝੋਨੇ ਦੇ ਛੋਟੇ ਬੂਟੇ ਮਿੱਠੇ ਦੁਧੀਆ ਸਿੱਟੇ ਲਈ ਖੇਤਾਂ ਵਿੱਚ ਖੜ੍ਹੇ ਸਨ। ਇਸ ਦੌਰਾਨ ਕਿਸਾਨ ਆਪਣੇ ਖੇਤਾਂ 'ਚ ਮੱਥਾ ਟੇਕਣ ਆਉਂਦੇ ਹਨ। ਉਹ ਵੀ ਪੂਜਾ ਲਈ ਉਸੇ ਪਵਿੱਤਰ ਘਾਹ ਦੀ ਵਰਤੋਂ ਕਰਦੇ ਹਨ। ਮੈਂ ਖੇਤਾਂ ਵਿੱਚ ਤੁਰਦਾ ਰਿਹਾ, ਪਰ ਤ੍ਰੇਲ ਦੀਆਂ ਬੂੰਦਾਂ ਸਮੇਟੀ ਘਾਹ ਦੀ ਨਰਮ-ਨਰਮ ਚਾਦਰ ਜੋ ਮੇਰੇ ਪੈਰਾਂ ਨੂੰ ਨਰਮ ਅਹਿਸਾਸ ਕਰਵਾਉਂਦੀ, ਸੁੱਕ ਗਈ/ਗਿਆ ਸੀ। ਬੇਰਮੁਦਾ ਘਾਹ, ਆਮ ਘਾਹ, ਕੰਢੀ (ਹਰਾ ਚਾਰਾ) ਸਭ ਸੁੱਕ ਗਏ ਸਨ। ਇੰਝ ਜਾਪਦਾ ਸੀ ਕਿ ਉਨ੍ਹਾਂ ਦੀ ਇੱਕ-ਇੱਕ ਤਿੜ ਤੱਕ ਸੜ ਗਈ ਹੋਵੇ।
"ਜਦੋਂ ਮੈਂ ਖੇਤ ਦੇ ਨੇੜੇ ਇੱਕ ਕਿਸਾਨ ਨੂੰ ਪੁੱਛਿਆ ਕਿ ਇੰਝ ਕਿਉਂ ਹੈ, ਤਾਂ ਉਸਨੇ ਕਿਹਾ, '" ਸਰਵਨਾਸ਼ ਡਾਲਾ ਗਾਯਾ ਹੈ ਇਸੀ ਲੀਏ [ਕਿਉਂਕਿ ‘ਡੂਮ/ਘਾਹ ਮਾਰੂ’ ਦਵਾਈ ਛਿੜਕੀ ਗਈ ਹੈ]।'' ਮੈਨੂੰ ਇਹ ਸਮਝਣ ਵਿੱਚ ਬਹੁਤ ਸਮਾਂ ਲੱਗਿਆ ਕਿ ਉਹ ਇੱਕ ਨਦੀਨਨਾਸ਼ਕ ਦੇ ਨਾਮ ਦਾ ਜ਼ਿਕਰ ਕਰ ਰਹੇ ਸਨ। ਅਸੀਂ ਆਮ ਤੌਰ 'ਤੇ ਛੱਤੀਸਗੜ੍ਹੀ ਵਿੱਚ ਨਦੀਨਨਾਸ਼ਕ ਨਿੰਦਾ ਨਾਸ਼ਕ ਕਹਿੰਦੇ ਹਾਂ ਅਤੇ ਮੈਂ ਹੈਰਾਨ ਸੀ ਕਿਉਂਕਿ ਉਸਨੇ ਇਹ ਨਹੀਂ ਕਿਹਾ। ਓਡੀਆ ਵਿੱਚ, ਜਿਸ ਭਾਸ਼ਾ ਦੀ ਵਰਤੋਂ ਅਸੀਂ ਕਈ ਵਾਰ ਬੋਲਦੇ ਸਮੇਂ ਕਰਦੇ ਹਾਂ, ਮੈਂ ਸਮਝ ਸਕਦਾ ਸੀ ਕਿ ਉਹ ਸ਼ਬਦ ਘਾਸ ਮਾਰਾ ਸੀ। ਉਹ ਖਰਪਤਵਾਰ ਨਾਸ਼ਕ ਜਾਂ ਚਾਰਮਰ ਸ਼ਬਦ ਸਨ ਜੋ ਇੱਥੋਂ ਦੇ ਕੁਝ ਹਿੰਦੀ ਭਾਸ਼ੀ ਇਲਾਕਿਆਂ ਵਿੱਚ ਵਰਤੇ ਜਾਂਦੇ ਸਨ। ਪਰ ਇਨ੍ਹਾਂ ਸਾਰੇ ਸ਼ਬਦਾਂ ਦੀ ਥਾਂ ਇਸ ਸਰਵਨਾਸ਼ ਨੇ ਲੈ ਲਈ।
ਧਰਤੀ ਦੇ ਹਰ ਇੰਚ ਦੀ ਵਰਤੋਂ ਕਰਨ ਅਤੇ ਇਸ ਨੂੰ ਆਪਣੀ ਹੋਂਦ ਲਈ ਉਤਪਾਦਕ ਖੇਤਰ ਵਿੱਚ ਬਦਲਣ ਦੇ ਮਾਨਵ-ਕੇਂਦਰਿਤ ਤਰਕ ਨੇ ਰਸਾਇਣਕ ਖਾਦਾਂ, ਕੀਟਨਾਸ਼ਕਾਂ ਅਤੇ ਤਕਨਾਲੋਜੀਆਂ ਨੂੰ ਖੇਤੀਬਾੜੀ 'ਤੇ ਹਾਵੀ ਕਰ ਦਿੱਤਾ ਹੈ। ਨਿਰਮਲ ਦਾ ਕਹਿਣਾ ਹੈ ਕਿ ਸਿਰਫ਼ ਇੱਕ ਏਕੜ ਜ਼ਮੀਨ ਵਾਲ਼ਾ ਕਿਸਾਨ ਵੀ ਰਵਾਇਤੀ ਸੰਦਾਂ ਦੀ ਵਰਤੋਂ ਕਰਨ ਨਾਲ਼ੋਂ ਟਰੈਕਟਰ ਕਿਰਾਏ 'ਤੇ ਲੈਣਾ ਪਸੰਦ ਕਰਦਾ ਹੈ।
"ਬੋਰਵੈੱਲ ਦਿਨ-ਰਾਤ ਪਾਣੀ ਖਿੱਚ ਰਹੇ ਰਹੇ ਹਨ, ਜਿਸ ਨਾਲ਼ ਧਰਤੀ ਮਾਂ ਬੰਜਰ ਹੋ ਰਹੀ ਹੈ। ਮਾਤੀ ਮਹਾਤਾਰੀ , ਉਹਦੀ ਕੁੱਖ (ਚੋਟੀ ਦੀ ਮਿੱਟੀ) ਨੂੰ ਹਰ 6 ਮਹੀਨਿਆਂ ਬਾਅਦ ਗਰਭਧਾਰਨ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ," ਉਹ ਉਦਾਸ ਆਵਾਜ਼ ਵਿੱਚ ਕਹਿੰਦੇ ਹਨ। ਉਹ 'ਸਰਵਨਾਸ਼' ਵਰਗੇ ਜ਼ਹਿਰੀਲੇ ਰਸਾਇਣਾਂ ਨੂੰ ਕਦੋਂ ਤੱਕ ਬਰਦਾਸ਼ਤ ਕਰ ਸਕਦੀ ਹੈ? ਜ਼ਹਿਰ ਨਾਲ਼ ਭਰੀਆਂ ਫ਼ਸਲਾਂ ਮਨੁੱਖੀ ਖੂਨ ਵਿੱਚ ਦਾਖ਼ਲ ਹੋ ਜਾਂਦੀਆਂ ਹਨ। ਸਾਡੀ ਆਪਣੀ ਤਬਾਹੀ ਦੇ ਦਿਨ ਮੇਰੀਆਂ ਅੱਖਾਂ ਦੇ ਸਾਹਮਣੇ ਆ ਰਹੇ ਹਨ!''
"ਜਿੱਥੋਂ ਤੱਕ ਭਾਸ਼ਾ ਦਾ ਸਵਾਲ ਹੈ, ਇੱਕ ਅੱਧਖੜ੍ਹ ਉਮਰ ਦੇ ਕਿਸਾਨ ਨੇ ਇੱਕ ਵਾਰ ਮੈਨੂੰ ਦੱਸਿਆ ਸੀ ਕਿ ਨਗਰ (ਹਲ), ਬਖਰ (ਨਦੀਨ ਕੱਟਣ ਦਾ ਔਜ਼ਾਰ), ਕੋਪਰ (ਮਿੱਟੀ ਦੇ ਗੋਲੇ ਤੋੜਨ ਲਈ ਵਰਤੀ ਜਾਣ ਵਾਲੀ ਲੱਕੜ ਦੀ ਡੰਡੀ) ਦੇ ਨਾਮ ਵੀ ਵਰਤਮਾਨ ਵਿੱਚ ਨਹੀਂ ਜਾਣੇ ਜਾਂਦੇ ਅਤੇ ਦੌਰੀ ਬੇਲਨ (ਬਲਦਾਂ ਸਹਾਰੇ ਖਿੱਚਿਆ ਜਾਂਦਾ ਵੇਲਣਾ) ਪੂਰੀ ਤਰ੍ਹਾਂ ਗਾਇਬ ਹੋ ਗਏ ਹਨ।
ਸ਼ੰਕਰ ਕਹਿੰਦੇ ਹਨ, "ਇਓਂ ਜਿਓਂ ਮੇਟੀਕੰਬਾ।''
"ਮੈਨੂੰ ਉਹ ਦਿਨ ਯਾਦ ਹਨ ਜਦੋਂ ਸਾਡੇ ਘਰ ਵਿੱਚ ਮੇਟੀਕੰਬਾ ਹੁੰਦਾ ਸੀ। ਇਹ ਇੱਕ ਥੰਮ੍ਹ ਸੀ ਜੋ ਸਾਡੇ ਕਰਨਾਟਕ ਦੇ ਉਡੁਪੀ ਜ਼ਿਲ੍ਹੇ ਦੇ ਵੰਦਸੇਗ੍ਰਾਮ ਵਿੱਚ ਸਾਡੇ ਪਿੰਡ ਦੇ ਘਰ ਵਿੱਚ ਮੌਜੂਦ ਹੁੰਦਾ। ਇਹ ਇੱਕ ਖੇਤੀਬਾੜੀ ਥੰਮ੍ਹ ਸੀ। ਇਸ ਨੂੰ ਅਸੀਂ ਹਾਡੀਮਾਨਚਾਟੋ ਨਾਲ਼ ਜੋੜਿਆ ਕਰਦੇ, ਜਿਸ 'ਤੇ ਝੋਨੇ ਦੀ ਪਰਾਲ਼ੀ ਨੂੰ ਕੁੱਟ ਕੇ ਝੋਨੇ ਨੂੰ ਤੋਂ ਵੱਖ ਕੀਤਾ ਜਾਂਦਾ। ਬਲਦ ਨੂੰ ਇਸ ਖੰਭੇ ਨਾਲ਼ ਬੰਨ੍ਹਿਆ ਜਾਂਦਾ ਸੀ ਅਤੇ ਉਸ ਨੂੰ ਝੋਨੇ ਦੇ ਉੱਪਰ ਘੁੰਮਣ ਦਿੱਤਾ ਜਾਂਦਾ ਤਾਂਕਿ ਝੋਨਾ ਕੁਚਲਿਆ ਜਾਵੇ ਤੇ ਦਾਣੇ ਅੱਡ ਹੋ ਜਾਣ। ਹੁਣ ਉਹ ਥੰਮ੍ਹ ਸਿਰਫ਼ ਇੱਕ ਯਾਦ ਹੈ। ਹੁਣ ਇਸ ਦੀ ਥਾਂ ਮਸ਼ੀਨਾਂ ਨੇ ਲੈ ਲਈ ਹੈ ਜੋ ਆਸਾਨੀ ਨਾਲ਼ ਝੋਨੇ ਦੀ ਵਾਢੀ ਕਰਕੇ ਦਾਣੇ ਅੱਡ ਕਰ ਸਕਦੀਆਂ ਹਨ," ਸ਼ੰਕਰ ਕਹਿੰਦੇ ਹਨ।
"ਉਨ੍ਹਾਂ ਦਿਨਾਂ ਵਿੱਚ, ਜੇ ਘਰ ਦੇ ਸਾਹਮਣੇ ਮੇਟੀਕੰਬਾ ਹੁੰਦਾ ਸੀ, ਤਾਂ ਇਹ ਮਾਣ ਦੀ ਗੱਲ ਹੋਇਆ ਕਰਦੀ। ਇਹ ਕਿਸਾਨ ਪਰਿਵਾਰ ਦੀ ਪਛਾਣ ਸੀ। ਇਸ ਦੀ ਪੂਜਾ ਸਾਲ ਵਿੱਚ ਇੱਕ ਵਾਰ ਕੀਤੀ ਜਾਂਦੀ ਸੀ। ਉਸ ਦਿਨ ਖਾਣਾ ਪਕਾਉਣ ਦਾ ਵੀ ਵਿਸ਼ੇਸ਼ ਪ੍ਰਬੰਧ ਸੀ। ਹੁਣ ਇਹ ਸਭ ਬੀਤੇ ਦੀਆਂ ਗੱਲਾਂ ਹੋ ਗਈਆਂ ਹਨ।
*****
"ਭੋਜਪੁਰੀ ਵਿੱਚ ਇੱਕ ਗੀਤ ਹੈ," ਸਵਰਨਕਾਂ ਤਾ ਯਾਦ ਕਰਦੀ ਹਨ। "ਹਰਦੀ ਹਰਦਾਪੁਰ ਜੈਹਾ-ਏ-ਬਾਬਾ, ਸੋਨੇ ਕੇ ਕੁਡਾਲੀ ਹਰਦੀ ਕੋਰੀਹ-ਏ-ਬਾਬਾ (ਮੇਰੇ ਲਈ ਹਰਦਾਪੁਰ ਦੀ ਹਲਦੀ ਲਿਆਓ, ਸੋਨੇ ਦੀ ਕੁਦਾਲੀ ਨਾਲ਼ ਹਲਦੀ ਖੋਦੋ)। ਇਹ ਭੋਜਪੁਰੀ ਬੋਲਣ ਵਾਲੇ ਇਲਾਕਿਆਂ ਵਿੱਚ ਵਿਆਹਾਂ ਵਿੱਚ ਉਬਟਨ (ਹਲਦੀ ਦਾ ਪੇਸਟ ਲਗਾਉਣ) ਸਮਾਰੋਹ ਵਿੱਚ ਗਾਇਆ ਜਾਂਦਾ ਸੀ। ਪਹਿਲਾਂ ਲੋਕ ਆਪਣੇ ਰਿਸ਼ਤੇਦਾਰਾਂ ਦੇ ਘਰ ਜਾ ਕੇ ਜਨਾਤਾ (ਸਿੱਲ-ਵੱਟੇ) ਦੀ ਵਰਤੋਂ ਕਰਕੇ ਹਲਦੀ ਕੁੱਟਦੇ ਸਨ। ਹੁਣ ਉਨ੍ਹਾਂ ਘਰਾਂ ਵਿੱਚ ਸਿੱਲ-ਵੱਟੇ ਨਹੀਂ ਰਹੇ ਅਤੇ ਇਹ ਰਸਮ ਬੰਦ ਹੋ ਗਈ ਹੈ।
"ਦੂਜੇ ਦਿਨ ਮੈਂ ਅਤੇ ਮੇਰੇ ਦੂਰ ਦੇ ਚਚੇਰੇ ਭਰਾ ਦੀ ਪਤਨੀ ਉਬਤਾਨ-ਗੀਤ ਨਾਲ਼ ਜੁੜੇ ਕਈ ਭੋਜਪੁਰੀ ਸ਼ਬਦਾਂ ਨੂੰ ਦੇਖ ਰਹੀਆਂ ਸਾਂ - ਕੋਡਾਲ (ਕੁਡਾਲੀ), ਕੋਰਨਾ (ਖੁਦਾਈ), ਉਬਟਨ (ਹਲਦੀ ਨਾਲ਼ ਨਹਾਉਣਾ), ਸਿੰਹੋਰਾ (ਕੁਮਕੁਮ-ਬਾਕਸ), ਦੂਬ (ਘਾਹ) ਇਹ ਸਭ ਲੋਕਾਂ ਦੀ ਜ਼ਿੰਦਗੀ ਤੋਂ ਬਾਹਰ ਹੋ ਗਏ ਹਨ। ਸਿਲੌਟ (ਚਪਟਾ ਪੀਸਣ ਵਾਲਾ ਪੱਥਰ), ਲੋਧਾ (ਇੱਕ ਕਿਸਮ ਦੀ ਕੁੱਟਨੀ), ਖਲ-ਮੂਸਲ (ਮੋਟਾ ਅਤੇ ਕੁੱਟਣੀ) ਆਧੁਨਿਕ ਰਸੋਈਆਂ ਜਾਂ ਸਾਡੇ ਗੀਤਾਂ ਵਿੱਚ ਨਹੀਂ ਮਿਲਦਾ। ਸਵਰਨ ਕਾਂਤਾ ਸ਼ਹਿਰੀ ਭਾਰਤ ਵਿੱਚ ਸੱਭਿਆਚਾਰਕ ਨੁਕਸਾਨ ਬਾਰੇ ਗੱਲ ਕਰ ਰਹੀ ਹਨ।
*****
ਅਸੀਂ ਸਾਰੇ ਆਪਣੇ-ਆਪਣੇ ਵੱਖ-ਵੱਖ ਅਤੇ ਵਿਅਕਤੀਗਤ ਖੇਤਰੀ, ਸੱਭਿਆਚਾਰਕ, ਜਮਾਤੀ ਸਥਾਨਾਂ ਤੋਂ ਬੋਲ ਰਹੇ ਸੀ। ਫਿਰ ਵੀ ਅਸੀਂ ਸਾਰੇ ਸ਼ਬਦਾਂ ਦੇ ਨੁਕਸਾਨ ਅਤੇ ਉਨ੍ਹਾਂ ਦੇ ਸੁੰਗੜਦੇ ਅਰਥਾਂ ਬਾਰੇ ਇਕੋ ਤਰ੍ਹਾਂ ਚਿੰਤਤ ਸੀ, ਜੋ ਸਾਡੀਆਂ ਜੜ੍ਹਾਂ, ਵਾਤਾਵਰਣ, ਕੁਦਰਤ, ਸਾਡੇ ਪਿੰਡਾਂ, ਸਾਡੇ ਜੰਗਲਾਂ, ਸਾਡੇ ਕਮਜ਼ੋਰ ਸੰਬੰਧਾਂ ਨਾਲ਼ ਮਿਲਾਏ ਗਏ ਸਨ. ਕਿਤੇ ਨਾ ਕਿਤੇ ਅਸੀਂ ਇੱਕ ਵੱਖਰੀ ਖੇਡ ਖੇਡਣੀ ਸ਼ੁਰੂ ਕਰ ਦਿੱਤੀ ਸੀ ਜਿਸਨੂੰ ਪ੍ਰਗਤੀ ਕਿਹਾ ਜਾਂਦਾ ਸੀ।
ਖੇਡਾਂ ਦੀ ਗੱਲ ਕਰੀਏ ਤਾਂ ਉਹ ਵੀ ਸਮੇਂ ਦੇ ਨਾਲ਼ ਗੁੰਮ ਹੋ ਗਈਆਂ। ਸੁਧਾਮਈ ਅਤੇ ਦੇਵੇਸ਼ ਇਸ ਬਾਰੇ ਗੱਲਬਾਤ ਵਿੱਚ ਬਿਲਕੁਲ ਰੁੱਝੇ ਦਿਖਾਈ ਦਿੱਤੇ। "ਜੇ ਤੁਸੀਂ ਉਨ੍ਹਾਂ ਖੇਡਾਂ ਬਾਰੇ ਪੁੱਛਦੇ ਹੋ ਜੋ ਅੱਜ ਬੱਚੇ ਨਹੀਂ ਜਾਣਦੇ, ਤਾਂ ਮੈਂ ਤੁਹਾਨੂੰ ਇੱਕ ਲੰਬੀ ਸੂਚੀ ਦੇ ਸਕਦੀ ਹਾਂ - ਗ੍ਰੈਚਕਾਯਾਲੂ ਜਾਂ ਵਲਾਂਚੀ - ਜਿਸ ਵਿੱਚ ਪੱਥਰ ਹਵਾ ਵਿੱਚ ਸੁੱਟੇ ਜਾਂਦੇ ਹਨ ਅਤੇ ਤਲ਼ੀ ਦੇ ਪੁੱਠੇ ਪਾਸਿਓਂ ਫੜ੍ਹੇ ਜਾਂਦੇ; ਓਮਾਨਗੁੰਟਾਲੂ, ਜੋ ਚੌਦਾਂ ਖੱਡਿਆਂ ਦੀਆਂ ਦੋ ਕਤਾਰਾਂ ਵਿੱਚ ਖੇਡਿਆ ਜਾਂਦਾ ਹੈ, ਕਾਵੜਾ ਜਾਂ ਇਮਲੀ ਦੇ ਬੀਜਾਂ ਦੀ ਵਰਤੋਂ ਕਰਕੇ, ਕਲਾਗੰਟਾਲੂ, ਅੱਖਾਂ 'ਤੇ ਪੱਟੀ ਬੰਨ੍ਹਣ ਅਤੇ ਹੋਰ ਬਹੁਤ ਸਾਰੀਆਂ ਖੇਡਾਂ ਹਨ," ਉਹ ਕਹਿੰਦੀ ਹਨ।
ਦੇਵੇਸ਼ ਕਹਿੰਦੇ ਹਨ, "ਮੇਰੀਆਂ ਯਾਦਾਂ 'ਸਤੀਲੋ' ਵਰਗੀਆਂ ਖੇਡਾਂ ਨਾਲ਼ ਜੁੜੀਆਂ ਹੋਈਆਂ ਹਨ। ਇਸ ਗੇਮ ਵਿਚ ਇੱਕ ਟੀਮ ਪੱਥਰ ਦੇ ਟਾਵਰ ਨੂੰ ਢਾਹੁਣ ਦੇ ਉਦੇਸ਼ ਨਾਲ਼ ਗੇਂਦ ਸੁੱਟਦੀ ਹੈ ਅਤੇ ਦੂਜੀ ਟੀਮ ਨੂੰ ਬਿਨਾਂ ਆਊਟ ਹੋਏ ਇਸ ਨੂੰ ਦੁਬਾਰਾ ਬਣਾਉਣਾ ਪੈਂਦਾ ਹੈ। ਕਈ ਵਾਰ ਜਦੋਂ ਅਸੀਂ ਮੁੰਡੇ ਬੋਰ ਹੋ ਜਾਂਦੇ ਸੀ, ਤਾਂ ਅਸੀਂ 'ਗੇਨਾ ਭਦਬਾਦ' ਨਾਂ ਦੀ ਖੇਡ ਖੇਡਦੇ ਸੀ, ਜਿਸ ਦਾ ਕੋਈ ਅੰਤਮ ਟੀਚਾ ਨਹੀਂ ਹੁੰਦਾ ਸੀ, ਕੋਈ ਟੀਮ ਨਹੀਂ ਹੁੰਦੀ ਸੀ। ਇਸ ਵਿੱਚ ਬੱਸ ਗੇਂਦ ਨੂੰ ਇੱਕ ਦੂਜੇ ਵੱਲ ਉਛਾਲਣਾ ਹੁੰਦਾ ਸੀ ਤੇ ਖੇਡਣ ਨਾਲ਼ ਸੱਟ ਲੱਗਣ ਦੀ ਸੰਭਾਵਨਾ ਵੀ ਰਹਿੰਦੀ ਸੀ, ਇਸ ਲਈ ਇਸ ਨੂੰ 'ਮੁੰਡਿਆਂ ਦੀ ਖੇਡ' ਕਿਹਾ ਜਾਂਦਾ ਸੀ। ਕੁੜੀਆਂ ਨੇ ਗੇਨਾ ਭਦਭੜ ਨਹੀਂ ਖੇਡਦੀਆਂ ਸਨ।
"ਮੈਂ ਉੱਪਰ ਦੱਸੀਆਂ ਕੋਈ ਵੀ ਖੇਡਾਂ ਨਹੀਂ ਖੇਡੀਆਂ," ਸੁਧਾਮਯੀ ਕਹਿੰਦੀ ਹਨ। "ਮੈਨੂੰ ਯਾਦ ਹੈ ਕਿ ਮੈਂ ਉਨ੍ਹਾਂ ਬਾਰੇ ਆਪਣੀ ਮਾਂ ਗਜੁਲਾਵਰਤੀ ਸੱਤਿਆ ਵੇਦਮ ਤੋਂ ਸੁਣਿਆ ਸੀ। ਉਹ ਚਿਨਾਗਡੇਲਾਵਰੂ ਦੀ ਰਹਿਣ ਵਾਲੀ ਸਨ, ਜੋ ਕੋਲਾਕਲੂਰ ਦੇ ਮੇਰੇ ਪਿੰਡ ਤੋਂ ਲਗਭਗ 25 ਕਿਲੋਮੀਟਰ ਦੂਰ ਹੈ। ਮੈਂ ਉਸ ਬਾਰੇ ਜ਼ਿਆਦਾ ਨਹੀਂ ਜਾਣਦੀ ਪਰ ਮੈਨੂੰ ਉਸ ਵੱਲੋਂ ਸੁਣਾਈਆਂ ਕਹਾਣੀਆਂ ਯਾਦ ਹਨ ਜਿਨ੍ਹਾਂ ਬਾਰੇ ਉਹ ਮੈਨੂੰ ਦੱਸਿਆ ਕਰਦੀ ਤੇ ਮੈਨੂੰ ਸੁਆਂ ਦਿਆ ਕਰਦੀ। ਮੈਂ ਕਦੇ ਖੇਡ ਨਾ ਸਕੀ, ਮੈਨੂੰ ਸਕੂਲ ਜਾਣਾ ਪੈਂਦਾ ਸੀ!"
ਦੇਵੇਸ਼ ਕਹਿੰਦੇ ਹਨ, "ਸਾਡੇ ਪਾਸੇ ਦੀਆਂ ਕੁੜੀਆਂ ਪੱਥਰ ਦੇ ਗੀਟਿਆਂ ਜਾਂ 'ਬਿਸ਼-ਅੰਮ੍ਰਿਤ' (ਜ਼ਹਿਰ-ਅੰਮ੍ਰਿਤ) ਦੀ ਵਰਤੋਂ ਕਰਕੇ 'ਗੁੱਟੇ' ਖੇਡਦੀਆਂ ਸਨ – ਖੇਡ ਦਾ ਟੀਚਾ ਦੂਜੀ ਟੀਮ ਨੂੰ ਫੜ੍ਹਨਾ ਜਾਂ ਬਚਾਉਣਾ ਹੁੰਦਾ। ਮੈਨੂੰ 'ਲੰਗੜੀ ਟਾਂਗ' (ਕੁੰਤਾਬਿਲੇ) ਨਾਂ ਦੀ ਇੱਕ ਖੇਡ ਵੀ ਯਾਦ ਹੈ ਜਿਸ ਵਿੱਚ ਖਿਡਾਰੀ ਜ਼ਮੀਨ 'ਤੇ ਖਿੱਚੇ ਗਏ ਨੌਂ ਚੌਕਾਂ ਦੇ ਅੰਦਰ ਲੰਗੜੇ ਬਣ ਟੱਪਦੇ ਰਹਿੰਦੇ।
"ਅੱਜ ਦੇ ਬੱਚੇ ਡਿਜੀਟਲ ਉਪਕਰਣਾਂ ਨਾਲ਼ ਖੇਡਦੇ ਹੋਏ ਵੱਡੇ ਨਹੀਂ ਹੋ ਰਹੇ, ਉਹ ਤਾਂ ਇਨ੍ਹਾਂ ਸਾਧਨਾਂ ਨਾਲ਼ ਆਪਣਾ ਬਚਪਨ ਅਤੇ ਭਾਸ਼ਾ ਦੋਵਾਂ ਨੂੰ ਗੁਆ ਰਹੇ ਹਨ। ਮੇਰਾ 5 ਸਾਲਾ ਭਤੀਜਾ ਹਰਸ਼ਿਤ, ਜੋ ਅੱਜ ਬਖੀਰਾ ਵਿੱਚ ਹੈ, ਗੋਰਖਪੁਰ ਤੋਂ ਮੇਰੀ ਭਤੀਜੀ, 6 ਸਾਲਾ ਭੈਰਵੀ, ਇਨ੍ਹਾਂ ਖੇਡਾਂ ਦੇ ਨਾਮ ਵੀ ਨਹੀਂ ਜਾਣਦੇ," ਦੇਵੇਸ਼ ਕਹਿੰਦੇ ਹਨ।
*****
ਪਰ ਥੋੜ੍ਹੀ ਜਿਹੀ ਮਾਤਰਾ ਵਿੱਚ ਨੁਕਸਾਨ ਲਾਜ਼ਮੀ ਹੈ, ਹੈ ਨਾ? ਪ੍ਰਣਤੀ ਆਪਣੇ ਮਨ ਵਿੱਚ ਚਰਚਾ ਕਰਦੀ ਰਹੀ। ਕੀ ਕੁਝ ਖੇਤਰਾਂ ਵਿੱਚ ਤਬਦੀਲੀਆਂ ਸਾਡੀ ਭਾਸ਼ਾ ਨੂੰ ਆਪਣੇ ਆਪ ਨਹੀਂ ਬਦਲਦੀਆਂ? ਵਿਗਿਆਨਕ ਗਿਆਨ ਦੀ ਤੇਜ਼ੀ ਨਾਲ਼ ਤਰੱਕੀ, ਉਦਾਹਰਣ ਵਜੋਂ, ਕਈ ਬਿਮਾਰੀਆਂ, ਉਨ੍ਹਾਂ ਦੇ ਕਾਰਨਾਂ ਅਤੇ ਰੋਕਥਾਮ ਬਾਰੇ, ਲੋਕਾਂ ਵਿੱਚ ਉਸ ਜਾਗਰੂਕਤਾ ਦਾ ਫੈਲਣਾ ਉਨ੍ਹਾਂ ਨੂੰ ਵੇਖਣ ਦੇ ਤਰੀਕੇ ਨੂੰ ਬਦਲ ਕੇ ਰੱਖ ਦਿੰਦਾ ਹੈ।
"ਇੱਕ ਸਮਾਂ ਸੀ ਜਦੋਂ ਪਿੰਡਾਂ ਵਿੱਚ ਬਿਮਾਰੀਆਂ ਦੇ ਵੱਖ-ਵੱਖ ਨਾਮ ਹੁੰਦੇ ਸਨ। ਸਮਾਲਪਾਕਸ ਮਤਲਬ ਵੱਡੀ ਮਾਤਾ ਸੀ; ਚਿਕਨਪਾਕਸ ਮਤਲਬ ਛੋਟੀ ਮਾਤਾ ਹੁੰਦਾ; ਦਸਤ ਨੂੰ ਬਦੀ, ਹਿਜਾ ਜਾਂ ਅਮਾਸ਼ੇ ਕਹਿੰਦੇ; ਟਾਈਫਾਈਡ ਨੂੰ ਐਂਟਰਿਕਾ ਜਵਾਰ ਦੇ ਨਾਂ ਨਾਲ਼ ਜਾਣਿਆ ਜਾਂਦਾ ਸੀ। ਸਾਡੇ ਕੋਲ਼ ਡਾਇਬਿਟੀਜ਼ ਲਈ ਪੋਲੀਯੂਰੀਨ, ਗਠੀਏ ਲਈ ਗੰਥੀਬਾਥ ਅਤੇ ਕੁਸ਼ਟ ਰੋਗ ਲਈ ਬੜਾ ਰੋਗਾ ਸ਼ਬਦ ਵੀ ਸਨ। ਪਰ ਅੱਜ ਲੋਕ ਹੌਲੀ ਹੌਲੀ ਇਨ੍ਹਾਂ ਓਡੀਆ ਸ਼ਬਦਾਂ ਨੂੰ ਇਕ ਪਾਸੇ ਧੱਕ ਰਹੇ ਹਨ, ਜਿਸ ਨਾਲ਼ ਉਨ੍ਹਾਂ ਦੀ ਸ਼ਬਦਾਵਲੀ ਵਿੱਚ ਅੰਗਰੇਜ਼ੀ ਸ਼ਬਦਾਂ ਲਈ ਜਗ੍ਹਾ ਬਣ ਰਹੀ ਹੈ। ਕੀ ਇਸ ਨਾਲ਼ ਦੁੱਖ ਹੋਣਾ ਚਾਹੀਦਾ ਹੈ? ਮੈਂ ਇਸ ਬਾਰੇ ਸਪੱਸ਼ਟ ਨਹੀਂ ਹਾਂ।''
ਭਾਵੇਂ ਅਸੀਂ ਭਾਸ਼ਾ ਵਿਗਿਆਨੀ ਹਾਂ ਜਾਂ ਨਹੀਂ, ਅਸੀਂ ਜਾਣਦੇ ਹਾਂ ਕਿ ਭਾਸ਼ਾ ਸਥਿਰ ਨਹੀਂ ਹੈ। ਇਹ ਇੱਕ ਨਦੀ ਵਾਂਗ ਹੈ, ਜੋ ਸਮਾਜਿਕ ਸਮੂਹ ਦੇ ਅੰਦਰ ਫੈਲ ਵੀ ਰਹੀ ਹੈ ਅਤੇ ਸੁੰਗੜ ਵੀ ਰਹੀ ਹੈ। ਅਜਿਹੀ ਨਦੀ ਜੋ ਕਦੇ ਜਦੋਂ ਸੁੱਕ ਗਈ ਜਾਪਣ ਲੱਗੇ, ਤਾਂ ਦੁਬਾਰਾ ਓਵਰਫਲੋ ਵੀ ਸਕਦੀ ਹੁੰਦੀ ਹੈ। ਫਿਰ ਨੁਕਸਾਨ ਅਤੇ ਯਾਦਦਾਸ਼ਤ ਬਾਰੇ ਇੰਨਾ ਰੌਲਾ ਕਿਉਂ ਪਾਉਣਾ? ਕੀ ਥੋੜ੍ਹਾ ਜਿਹਾ ਭੁੱਲਣਾ ਚੰਗਾ ਨਹੀਂ ਹੈ?
*****
"ਮੈਂ ਬਹੁਤ ਸਾਰੇ ਸਮਾਜਿਕ ਢਾਂਚਿਆਂ ਬਾਰੇ ਸੋਚ ਰਹੀ ਹਾਂ ਜੋ ਸਾਡੀਆਂ ਭਾਸ਼ਾਵਾਂ ਦੇ ਪਿੱਛੇ ਹਨ। ਮੁਰਦਾਦ ਮਟਨ ਵਰਗੇ ਸ਼ਬਦ ਨੂੰ ਦੇਖੋ," ਮੇਧਾ ਕਹਿੰਦੀ ਹਨ। "ਮੁਰਦਾਦ ਮਟਨ, ਜਿਸਦਾ ਮਤਲਬ ਹੈ ਮਰੇ ਜੀਵ ਦਾ ਮਾਸ, ਜਿਸ ਨੂੰ ਕਈ ਪਿੰਡਾਂ ਵਿੱਚ ਦਲਿਤਾਂ ਨੂੰ ਖਾਣ ਲਈ ਮਜਬੂਰ ਕੀਤਾ ਜਾਂਦਾ ਸੀ, ਦੀ ਵਰਤੋਂ 'ਜ਼ਿੱਦੀ' ਲੋਕਾਂ ਲਈ ਕੀਤੀ ਜਾਂਦੀ ਹੈ ਜੋ ਸਥਿਤੀ ਤੋਂ ਪ੍ਰਭਾਵਿਤ ਨਹੀਂ ਹੁੰਦੇ। ਇਹ ਜਾਤੀਵਾਦੀ ਸ਼ਬਦ ਹੈ।''
ਰਾਜੀਵ ਨੇ ਮਲਿਆਲਮ ਬਾਰੇ ਸੋਚਣਾ ਸ਼ੁਰੂ ਕਰ ਦਿੱਤਾ। "ਇੱਕ ਸਮਾਂ ਸੀ ਜਦੋਂ ਕੇਰਲ ਵਿੱਚ ਹੇਠਲੀਆਂ ਜਾਤੀਆਂ ਦੇ ਲੋਕ ਜਿਸ ਘਰ ਵਿੱਚ ਰਹਿੰਦੇ ਸਨ, ਉਸ ਨੂੰ ਚੇਤਾ ਕਿਹਾ ਜਾਂਦਾ ਸੀ। ਇਹ ਇੱਕ ਅਪਮਾਨਜਨਕ ਸ਼ਬਦ ਵੀ ਬਣ ਗਿਆ ਕਿਉਂਕਿ ਚੇਤਾ ਅਜਿਹੇ ਘਰਾਂ ਵਿੱਚ ਰਹਿਣ ਵਾਲੇ ਨੀਵੀਂ ਜਾਤੀ ਦੇ ਲੋਕਾਂ ਦਾ ਹਵਾਲਾ ਦਿੰਦਾ ਸੀ। ਪੁਰਾ ਜਾਂ ਵੀਦੂ ਸ਼ਬਦ, ਜੋ ਉੱਚ ਜਾਤੀਆਂ ਦੇ ਘਰਾਂ ਲਈ ਰਾਖਵੇਂ ਸਨ, ਨੂੰ ਹੇਠਲੀਆਂ ਜਾਤਾਂ ਦੇ ਘਰਾਂ ਵਿੱਚ ਰੱਖਣ ਦੀ ਆਗਿਆ ਨਹੀਂ ਸੀ। ਉਨ੍ਹਾਂ ਦੇ ਨਵਜੰਮੇ ਬੱਚੇ ਉੱਚ ਜਾਤੀ ਦੇ ਲੋਕਾਂ ਵਾਂਗ ਉਨੀ ਨਹੀਂ ਸਨ, ਉਨ੍ਹਾਂ ਨੂੰ ਚੈੱਕ ਕਿਹਾ ਜਾਂਦਾ ਸੀ ਜਿਸਦਾ ਮਤਲਬ ਬੁਰੇ ਲੋਕ ਸਨ। ਉੱਚ ਜਾਤੀ ਦੇ ਲੋਕਾਂ ਦੀ ਮੌਜੂਦਗੀ ਵਿੱਚ ਉਨ੍ਹਾਂ ਨੂੰ ਆਪਣੇ ਆਪ ਨੂੰ ਅਦਿਆਨ, 'ਤੁਹਾਡਾ ਆਗਿਆਕਾਰੀ ਸੇਵਕ' ਕਹਿਣਾ ਪੈਂਦਾ ਸੀ। ਇਨ੍ਹਾਂ ਸ਼ਬਦਾਂ ਦੀ ਵਰਤੋਂ ਹੁਣ ਨਹੀਂ ਕੀਤੀ ਜਾ ਰਹੀ," ਉਹ ਕਹਿੰਦੇ ਹਨ।
"ਇਹ ਚੰਗੀ ਗੱਲ ਹੈ ਕਿ ਕੁਝ ਸ਼ਬਦ ਅਤੇ ਵਰਤੋਂ ਹਮੇਸ਼ਾ ਲਈ ਗੁੰਮ ਹੋ ਜਾਂਦੇ ਹਨ," ਮੇਧਾ ਕਹਿੰਦੀ ਹਨ। "ਮਰਾਠਵਾੜਾ ਦੇ ਇੱਕ ਦਲਿਤ ਨੇਤਾ ਐਡਵੋਕੇਟ ਏਕਨਾਥ ਅਵਹਾਦ ਨੇ ਆਪਣੀ ਸਵੈਜੀਵਨੀ (ਜੈਰੀ ਪਿੰਟੋ ਦੁਆਰਾ ਅਨੁਵਾਦ ਕੀਤੇ ਅਨੁਸਾਰ ਦੁਨੀਆ ਨੂੰ ਬਦਲਣ ਲਈ ਸੰਘਰਸ਼) ਵਿੱਚ ਉਸ ਭਾਸ਼ਾ ਬਾਰੇ ਗੱਲ ਕੀਤੀ ਹੈ ਜੋ ਉਨ੍ਹਾਂ ਨੇ ਅਤੇ ਉਨ੍ਹਾਂ ਦੇ ਦੋਸਤਾਂ ਨੇ ਬਣਾਈ ਹੈ। ਉਹ ਮਤੰਗ ਅਤੇ ਹੋਰ ਦਲਿਤ ਜਾਤੀਆਂ ਨਾਲ਼ ਸਬੰਧਤ ਸਨ। ਉਹ ਬਹੁਤ ਗਰੀਬੀ ਵਿੱਚ ਰਹਿੰਦੇ ਸਨ, ਭੋਜਨ ਚੋਰੀ ਕਰਦੇ ਸਨ। ਇਸ ਤਰ੍ਹਾਂ ਉਨ੍ਹਾਂ ਦੇ ਅੰਦਰ ਇਕ ਵਿਸ਼ੇਸ਼ ਭਾਸ਼ਾ ਸੀ ਤਾਂ ਜੋ ਚੋਰੀ ਕਰਦੇ ਨਾ ਫੜੇ ਜਾਣ। ਇਸ ਨਾਲ਼ ਉਨ੍ਹਾਂ ਨੂੰ ਚੇਤਾਵਨੀ ਦੇਣ ਅਤੇ ਮੌਕੇ ਤੋਂ ਭੱਜਣ ਵਿੱਚ ਮਦਦ ਮਿਲਦੀ, ਉਹ ਕਹਿੰਦੇ ਹਨ, ਜੋ ਪਿਆਰ ਨਾਲ਼ ਜੀਜਾ ਦੇ ਨਾਂ ਨਾਲ਼ ਜਾਣੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇਸ ਭਾਸ਼ਾ ਨੂੰ ਭੁੱਲ ਜਾਣਾ ਚਾਹੀਦਾ ਹੈ। ਕਿਸੇ ਨੂੰ ਵੀ ਇਸ ਬਾਰੇ ਪਤਾ ਨਹੀਂ ਹੋਣਾ ਚਾਹੀਦਾ ਅਤੇ ਨਾ ਹੀ ਇਸ ਨੂੰ ਦੁਬਾਰਾ ਵਰਤਣਾ ਚਾਹੀਦਾ ਹੈ।
ਸੋਲਾਪੁਰ ਜ਼ਿਲ੍ਹੇ ਦੇ ਸੰਗੋਲਾ ਦੀ ਦੀਪਾਲੀ ਭੂਸਨਰ ਅਤੇ ਵਕੀਲ ਨਿਤਿਨ ਵਾਘਮਾਰੇ ਨੇ ਕਾਈ ਮੰਗ ਗਰੂਦਿਆਸਰਖਾ ਰਿਹਾਤੁਈ ਨੂੰ ਪੁੱਛਿਆ? (ਤੁਸੀਂ ਮੰਗ ਜਾਂ ਗਰੂੜੀ ਵਾਂਗ ਕਿਉਂ ਦਿੱਸਦੇ ਹੋ?) ਅਜਿਹੇ ਬਹੁਤ ਸਾਰੇ ਸ਼ਬਦਾਂ ਅਤੇ ਕਹਾਵਤਾਂ ਦੀ ਸੂਚੀ ਦਿੰਦੇ ਹਨ। ਇਹ ਵਰਤੋਂ ਬੇਹੱਦ ਗਰੀਬੀ ਅਤੇ ਜਾਤੀ ਭੇਦਭਾਵ ਦੇ ਵਿਚਕਾਰ ਰਹਿਣ ਵਾਲੇ ਦਲਿਤਾਂ ਵਿੱਚ ਨਿੱਜੀ ਦੇਖਭਾਲ ਅਤੇ ਸਫਾਈ ਦੀ ਘਾਟ ਨੂੰ ਦਰਸਾਉਂਦੀ ਹੈ। ਪਰ ਅੰਤਮ ਅਪਮਾਨ ਇਹ ਸੀ ਕਿ ਕਿਸੇ ਵਿਅਕਤੀ ਦੀ ਤੁਲਨਾ ਪਾਰਧੀ ਅਤੇ ਮੰਗ ਜਾਤੀਆਂ ਨਾਲ਼ ਉਸ ਭਾਸ਼ਾ ਵਿੱਚ ਕੀਤੀ ਜਾਵੇ ਜੋ ਜਾਤ-ਪਾਤ ਨਾਲ਼ ਜੁੜੀ ਹੋਈ ਹੈ। ਸਾਨੂੰ ਅਜਿਹੇ ਸ਼ਬਦਾਂ ਦੇ ਨਦੀਨਾਂ ਤੋਂ ਛੁਟਕਾਰਾ ਪਾਉਣਾ ਪਵੇਗਾ।
*****
ਕੁਝ ਅਜਿਹਾ ਹੋਣਾ ਚਾਹੀਦਾ ਹੈ ਜਿਸ ਨੂੰ ਬਚਾਉਣ ਦੀ ਜ਼ਰੂਰਤ ਹੈ। ਸਾਡੀਆਂ ਭਾਸ਼ਾਵਾਂ ਦਾ ਸੰਕਟ ਕੋਈ ਕਾਲਪਨਿਕ ਸੰਕਟ ਨਹੀਂ ਹੈ। ਜੇ ਇਹ ਕੋਲੇ ਦੀ ਖਾਨ ਵਿੱਚ ਪਹਿਲੀ ਕੈਨਰੀ ਵਰਗਾ ਹੈ ਜਿਵੇਂ ਕਿ ਪੈਗੀ ਮੋਹਨ ਕਹਿੰਦੇ ਹਨ, ਤਾਂ ਕੀ ਆਉਣ ਵਾਲਾ ਕੋਈ ਬੁਰਾ ਹੈ? ਕੀ ਅਸੀਂ ਲੋਕਾਂ ਵਜੋਂ, ਇੱਕ ਸੱਭਿਆਚਾਰ ਵਜੋਂ ਆਪਣੀ ਵਿਭਿੰਨਤਾ ਦੇ ਵੱਡੇ ਪੱਧਰ 'ਤੇ ਖ਼ਤਮ ਹੋਣ ਵੱਲ ਵਧ ਰਹੇ ਹਾਂ? ਕੀ ਅਸੀਂ ਇਸ ਦੀ ਸ਼ੁਰੂਆਤ ਇੱਥੇ ਭਾਸ਼ਾਵਾਂ ਵਿੱਚ ਕਰਦੇ ਹਾਂ? ਅਤੇ ਇਹ ਕਿੱਥੇ ਖਤਮ ਹੁੰਦਾ ਹੈ, ਛੁਟਕਾਰਾ?
"ਇਹ ਸਾਡੀ ਭਾਸ਼ਾ ਵਿੱਚ ਹੀ ਖਤਮ ਹੁੰਦਾ ਹੈ, ਕਿਤੇ ਹੋਰ ਨਹੀਂ," 69 ਸਾਲਾ ਜਯੰਤ ਪਰਮਾਰ ਕਹਿੰਦੇ ਹਨ। ਉਹ ਇੱਕ ਦਲਿਤ ਗੁਜਰਾਤੀ ਕਵੀ ਹਨ ਜੋ ਉਰਦੂ ਵਿੱਚ ਲਿਖਦੇ ਹਨ।
"ਮਾਂ ਆਪਣੀ ਗੁਜਰਾਤੀ ਵਿੱਚ ਬਹੁਤ ਸਾਰੇ ਉਰਦੂ ਸ਼ਬਦਾਂ ਦੀ ਵਰਤੋਂ ਕਰਦੀ ਸੀ," ਉਹ ਭਾਸ਼ਾ ਨਾਲ਼ ਆਪਣੇ ਅਤੇ ਆਪਣੀ ਮਾਂ ਦਾਹੀਬੇਨ ਪਰਮਾਰ ਦੇ ਰਿਸ਼ਤੇ ਬਾਰੇ ਕਹਿੰਦੇ ਹਨ। "ਜਦੋਂ ਉਹਨੇ ਮੈਨੂੰ ਕਿਸੇ ਖਾਸ ਭਾਂਡੇ ਨੂੰ ਲਿਆਉਣ ਲਈ ਕਹਿਣਾ ਹੁੰਦਾ, ਤਾਂ ਕਹਿੰਦੀ, 'ਜਾ, ਕਾਡੋ ਲਾਈ ਆਵ ਖਵਾ ਕਾਧੂ। ਮੈਨੂੰ ਨਹੀਂ ਪਤਾ ਕਿ ਹੁਣ ਅਜਿਹੇ ਭਾਂਡੇ ਹਨ ਜਾਂ ਨਹੀਂ ਜਿੱਥੇ ਅਸੀਂ ਚਾਵਲ ਰਲ਼ਾਉਂਦੇ ਤੇ ਖਾਂਦੇ ਸੀ। ਗਾਲਿਬ ਨੂੰ ਪੜ੍ਹਨ ਤੋਂ ਬਾਅਦ, ਮੈਨੂੰ ਅਹਿਸਾਸ ਹੋਇਆ ਕਿ ਉਸ ਸ਼ਬਦ ਦਾ ਉਚਾਰਨ ਕਾਡਾ ਸੀ," ਉਹ ਕਹਿੰਦੇ ਹਨ।
ਇੱਕ ਸਮਾਂ ਸੀ ਜਦੋਂ ਸਾਰੇ ਭਾਈਚਾਰਿਆਂ ਦੇ ਲੋਕ ਬਰੂਹਾਂ (ਕੰਧਾਂ) ਵਾਲੇ ਸ਼ਹਿਰਾਂ ਦੇ ਅੰਦਰ ਇਕੱਠੇ ਰਹਿੰਦੇ ਸਨ ; ਮਾਹੌਲ ਫਿਰਕੂ ਨਹੀਂ ਸੀ , ਅਤੇ ਸਭਿਆਚਾਰਾਂ , ਆਰਕੀਟੈਕਚਰ , ਸਾਹਿਤ ਅਤੇ ਭਾਸ਼ਾ ਵਿਚ ਬਹੁਤ ਕੁਝ ਦੇਣ-ਲੈਣ ਚੱਲਦਾ ਰਹਿੰਦਾ ਸੀ
"ਅਜਿਹੇ ਬਹੁਤ ਸਾਰੇ ਵਾਕ ਹਨ ਜਿਵੇਂ "ਤਾਰਾ ਦੀਦਾਰ ਤੋ ਜੋ," (ਆਪਣੀ ਸੁੰਦਰਤਾ ਵੱਲ ਧਿਆਨ ਦਿਓ)। '' ਤਾਰੂ ਖਾਮਿਸ ਧੋਵਾ ਆਪ (ਲਿਆ ਮੈਨੂੰ ਆਪਮੀ ਕਮੀਜ਼ ਧੋਣ ਦੇ), " ਮੋਨਹਮਤੀ ਏਕ ਹਰਫ ਕਧਤੋ ਨਾਥੀ (ਕੀ ਤੁਸੀਂ ਆਪਣਾ ਮੂੰਹੋਂ ਇੱਕ ਸ਼ਬਦ ਨਹੀਂ ਬੋਲ ਸਕਦੇ?" ਜਾਂ ਉਹ ਕਿਹਾ ਕਰਦੀ, ''ਮੁਲਾਨੇ ਤਯੰਤੀ ਗੋਸ਼ ਲਾਈ ਆਵ (ਮੁਲਾ ਦੇ ਘਰ ਜਾਓ ਅਤੇ ਕੁਝ ਮਾਸ ਲਿਆਓ)। ਉਰਦੂ ਵਿੱਚ ਇਹਨੂੰ ਗੋਸ਼ਤ ਕਹਿੰਦੇ ਪਰ ਅਸੀਂ ਗੋਸ਼ ਹੀ ਕਹਿੰਦੇ ਸਾਂ। ਇਹ ਸਾਰੇ ਸ਼ਬਦ ਸਾਡੀ ਬੋਲੀ (ਭਾਸ਼ਾ) ਦਾ ਹਿੱਸਾ ਸਨ, ਪਰ ਹੁਣ ਇਹ ਸਭ ਵਿਸਰ ਗਏ ਹਨ। ਜਦੋਂ ਵੀ ਮੈਂ ਕਿਸੇ ਕਵਿਤਾ ਵਿੱਚ ਇਨ੍ਹਾਂ ਉਰਦੂ ਸ਼ਬਦਾਂ ਨੂੰ ਦੇਖਦਾ ਹਾਂ, ਤਾਂ ਮੈਨੂੰ ਉਥੇ ਆਪਣੀ ਮਾਂ ਦੀ ਤਸਵੀਰ ਮਿਲਦੀ ਹੈ।''
ਹੁਣ ਸਥਿਤੀ ਬਦਲ ਗਈ ਹੈ, ਮੌਸਮ, ਸ਼ਹਿਰ ਦਾ ਭੂਗੋਲ ਆਦਿ। "ਉਸ ਸਮੇਂ, ਅਹਿਮਦਾਬਾਦ ਸ਼ਹਿਰ ਦੇ ਅੰਦਰ ਸਾਰੇ ਭਾਈਚਾਰਿਆਂ ਦੇ ਲੋਕ ਇਕੱਠੇ ਰਹਿ ਰਹੇ ਸਨ; ਉੱਥੋਂ ਦਾ ਸਭਿਆਚਾਰ ਫਿਰਕੂ ਨਹੀਂ ਸੀ। ਦੀਵਾਲੀ ਦੇ ਦੌਰਾਨ, ਅਸੀਂ ਆਪਣੇ ਘਰ ਤੋਂ ਆਪਣੇ ਮੁਸਲਿਮ ਦੋਸਤਾਂ ਨੂੰ ਮਠਿਆਈਆਂ ਅਤੇ ਸੁਆਦੀ ਪਕਵਾਨ ਦਿੰਦੇ ਸੀ। ਅਸੀਂ ਇੱਕ ਦੂਜੇ ਨੂੰ ਗਲ਼ੇ ਮਿਲ਼ਿਆ ਕਰਦੇ। ਅਸੀਂ ਸਾਰੇ ਮੁਹੱਰਮ ਦੌਰਾਨ ਤਾਜ਼ੀਆ ਜਲੂਸ ਦੇਖਣ ਜਾਂਦੇ ਸੀ। ਜਲੂਸ ਵਿੱਚ ਦੂਤਾਂ ਲਈ ਬਣਾਏ ਗਏ ਸੁੰਦਰ, ਚੰਗੀ ਤਰ੍ਹਾਂ ਸਜਾਏ ਗੁੰਬਦ ਸ਼ਾਮਲ ਹੁੰਦੇ। ਛੋਟੇ ਬੱਚੇ ਉਨ੍ਹਾਂ ਦੇ ਹੇਠੋਂ ਲੰਘਦੇ, ਬਿਹਤਰ ਸਿਹਤ ਅਤੇ ਖੁਸ਼ਹਾਲੀ ਦੀ ਕਾਮਣਾ ਕਰਦੇ ਸਨ," ਉਹ ਕਹਿੰਦੇ ਹਨ।
ਫਿਰ ਇੱਕ ''ਅਦਾਨ-ਪ੍ਰਦਾਨ'' ਹੁੰਦਾ ਸੀ, ਲੈਣ-ਦੇਣ ਦਾ ਮੁਫ਼ਤ ਤੇ ਵਧੀਆ ਢੰਗ। "ਸਾਡੀ ਆਪਣੀ ਭਾਸ਼ਾ ਹੁਣ ਦਰਸਾਉਂਦੀ ਹੈ ਕਿ ਅਸੀਂ ਅਜਿਹੇ ਮਾਹੌਲ ਵਿੱਚ ਨਹੀਂ ਰਹਿ ਰਹੇ ਹਾਂ। ਪਰ ਮੈਂ ਉਮੀਦ ਨਹੀਂ ਛੱਡੀ। ਮੈਂ ਮਰਾਠੀ, ਪੰਜਾਬੀ ਅਤੇ ਬੰਗਾਲੀ ਜਾਣਦਾ ਹਾਂ ਤੇ ਕਈ ਸ਼ਬਦ ਉਧਾਰ ਲਏ ਹਨ ਅਤੇ ਉਨ੍ਹਾਂ ਨੂੰ ਉਰਦੂ ਵਿੱਚ ਵਰਤਿਆ ਹੈ। ਫਿਲਹਾਲ, ਇਨ੍ਹਾਂ ਸ਼ਬਦਾਂ ਨੂੰ ਘੱਟੋ ਘੱਟ ਕਵਿਤਾਵਾਂ ਵਿੱਚ ਵਰਤ ਕੇ ਬਰਕਰਾਰ ਰੱਖਣਾ ਸੰਭਵ ਹੈ," ਉਹ ਕਹਿੰਦੇ ਹਨ।
ਸ਼ਬਦ ਕੁਝ ਨਹੀਂ ਮਹਿਜ ਰੇਤ ਦੇ ਕਣ ਹੀ ਤਾਂ ਹਨ।
ਅੱਡੋ-ਅੱਡ ਥਾਵਾਂ ਤੇ ਅੱਡੋ-ਅੱਡ ਪਿਛੋਕੜਾਂ 'ਤੇ ਅਧਾਰਤ ਇਹ ਸਟੋਰੀ ਪਾਰੀਭਾਸ਼ਾ ਦੇ ਦੇਵੇਸ਼ (ਹਿੰਦੀ), ਜੋਸ਼ੁਆ ਬੋਧੀਨੇਤਰਾ (ਬੰਗਲਾ), ਕਮਲਜੀਤ ਕੌਰ (ਪੰਜਾਬੀ), ਮੇਧਾ ਕਾਲੇ (ਮਰਾਠੀ), ਮੁਹੰਮਦ ਕਮਰ ਤਬਰੇਜ਼ (ਉਰਦੂ), ਨਿਰਮਲ ਕੁਮਾਰ ਸਾਹੂ (ਛੱਤੀਸਗੜ੍ਹੀ), ਪੰਕਜ ਦਾਸ (ਅਸਾਮੀ), ਪ੍ਰਣਤੀ ਪਰੀਦਾ (ਓਡੀਆ), ਰਾਜਸੰਗੀਥਨ (ਤਾਮਿਲ), ਰਾਜੀਵ ਚੇਲਾਨਤ (ਮਲਿਆਲਮ), ਸਮਿਤਾ ਖਟੋਰ (ਬੰਗਾਲੀ), ਸਵਰਨ ਕਾਂਤਾ (ਭੋਜਪੁਰੀ), ਸ਼ੰਕਰ ਐਨ ਕੇਂਚਨੂਰੂ (ਕੰਨੜ) ਅਤੇ ਸੁਧਾਮਈ ਸਤੇਨਾਪੱਲੀ (ਤੇਲਗੂ) ਦੇ ਯੋਗਦਾਨ ਨਾਲ਼ ਸੰਭਵ ਹੋਈ ਹੈ।
ਅਸੀਂ ਜਯੰਤ ਪਰਮਾਰ (ਉਰਦੂ ਵਿੱਚ ਲਿਖਣ ਵਾਲੇ ਗੁਜਰਾਤੀ ਦਲਿਤ ਕਵੀ), ਅਕਾਂਕਸ਼ਾ, ਅੰਤਰਾ ਰਮਨ, ਮੰਜੂਲਾ ਮਸਤੀਕਾਟੇ, ਪੀ ਸਾਈਨਾਥ, ਪੁਰਸ਼ੋਤਮ ਠਾਕੁਰ, ਰਿਤਿਆਨ ਮੁਖਰਜੀ, ਸੰਕੇਤ ਜੈਨ ਅਤੇ ਉਨ੍ਹਾਂ ਦੇ ਯੋਗਦਾਨ ਲਈ ਧੰਨਵਾਦ ਕਰਦੇ ਹਾਂ।
ਇਸ ਕਹਾਣੀ ਦਾ ਸੰਪਾਦਨ ਪ੍ਰਤਿਸ਼ਠਾ ਪਾਂਡਿਆ ਨੇ ਪੀ. ਸਾਈਨਾਥ, ਪ੍ਰੀਤੀ ਡੇਵਿਡ, ਸਮਿਤਾ ਖਟੋਰ ਅਤੇ ਮੇਧਾ ਕਾਲੇ ਦੇ ਸਮਰਥਨ ਨਾਲ ਕੀਤਾ ਹੈ। ਅਨੁਵਾਦ ਸਮਰਥਨ: ਜੋਸ਼ੂਆ ਬੋਧੀਨੇਤਰਾ. ਫੋਟੋ ਐਡੀਟਿੰਗ ਅਤੇ ਲੇਆਉਟ: ਬਿਨੈਫਰ ਭਰੂਚਾ ਨੇ ਕੀਤਾ ਹੈ।
ਪੰਜਾਬੀ ਤਰਜਮਾ: ਕਮਲਜੀਤ ਕੌਰ