ਦੋ ਬੱਚਿਆਂ ਦੀ ਇਕੱਲੀ ਮਾਂ ਕੇ. ਨਾਗੰਮਾ ਪੁੱਛਦੇ ਹਨ, "ਕੀ ਇਸ ਬਜਟ ਨਾਲ਼ ਤਕਲੀਫ਼ਾਂ ਮਾਰੀ ਸਾਡੀ ਜ਼ਿੰਦਗੀ ਵਿੱਚ ਕੋਈ ਤਬਦੀਲੀ ਆਏਗੀ?" ਉਨ੍ਹਾਂ ਦੇ ਪਤੀ ਦੀ 2007 ਵਿੱਚ ਸੈਪਟਿਕ ਟੈਂਕ ਦੀ ਸਫ਼ਾਈ ਕਰਦੇ ਸਮੇਂ ਮੌਤ ਹੋ ਗਈ ਸੀ। ਇਸ ਦੁਖਦਾਈ ਘਟਨਾ ਨੇ ਉਨ੍ਹਾਂ ਨੂੰ ਸਫ਼ਾਈ ਕਰਮਚਾਰੀਆਂ ਦੇ ਅੰਦੋਲਨ ਨਾਲ਼ ਜੋੜਿਆ, ਜਿੱਥੇ ਉਹ ਹੁਣ ਕੋਆਰਡੀਨੇਟਰ ਦੀ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਦੀ ਵੱਡੀ ਧੀ ਸ਼ੈਲਾ ਨਰਸ ਹਨ, ਜਦਕਿ ਉਨ੍ਹਾਂ ਦੀ ਛੋਟੀ ਬੇਟੀ ਆਨੰਦੀ ਅਸਥਾਈ ਸਰਕਾਰੀ ਨੌਕਰੀ ਵਿੱਚ ਹਨ।
''ਬਜਟ ਸਾਡੇ ਲਈ ਇੱਕ ਫੈਂਸੀ ਸ਼ਬਦ ਤੋਂ ਵੱਧ ਕੁਝ ਨਹੀਂ। ਅਸੀਂ ਜੋ ਕਮਾਉਂਦੇ ਹਾਂ ਉਸ ਨਾਲ਼ ਆਪਣਾ ਘਰੇਲੂ ਬਜਟ ਤੱਕ ਨਹੀਂ ਤੋਰ ਪਾਉਂਦੇ ਅਤੇ ਅਸੀਂ ਸਰਕਾਰੀ ਯੋਜਨਾਵਾਂ ਤੋਂ ਵਾਂਝੇ ਰਹਿ ਜਾਂਦੇ ਹਾਂ। ਵੈਸੇ ਵੀ, ਬਜਟ ਦਾ ਕੀ ਮਤਲਬ ਹੈ? ਕੀ ਇਹ ਬਜਟ ਮੇਰੀਆਂ ਧੀਆਂ ਦੇ ਵਿਆਹ ਵਿੱਚ ਮਦਦ ਕਰੇਗਾ?"
ਨਾਗੰਮਾ ਦੇ ਮਾਪੇ ਉਨ੍ਹਾਂ ਦੇ ਜਨਮ ਤੋਂ ਪਹਿਲਾਂ ਚੇਨੱਈ ਚਲੇ ਗਏ ਸਨ, ਇਸ ਲਈ ਨਾਗੰਮਾ ਦਾ ਜਨਮ ਅਤੇ ਪਾਲਣ-ਪੋਸ਼ਣ ਚੇਨੱਈ ਵਿੱਚ ਹੋਇਆ ਸੀ। 1995 ਵਿੱਚ, ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਦਾ ਵਿਆਹ ਆਪਣੀ ਭੈਣ ਦੇ ਬੇਟੇ ਨਾਲ਼ ਕਰਵਾ ਦਿੱਤਾ, ਜੋ ਉਨ੍ਹਾਂ ਦੇ ਜੱਦੀ ਸ਼ਹਿਰ ਨਗੁਲਾਪੁਰਮ ਵਿੱਚ ਰਹਿੰਦਾ ਸੀ। ਆਂਧਰਾ ਪ੍ਰਦੇਸ਼ ਦੇ ਪ੍ਰਕਾਸ਼ਮ ਜ਼ਿਲ੍ਹੇ ਦੇ ਪਾਮੁਰੂ ਕਸਬੇ ਦੇ ਨੇੜੇ ਸਥਿਤ ਇਸ ਪਿੰਡ ਵਿੱਚ, ਉਨ੍ਹਾਂ ਦੇ ਪਤੀ, ਕੰਨਨ ਮਿਸਤਰੀ ਦਾ ਕੰਮ ਕਰਦੇ ਸਨ। ਉਨ੍ਹਾਂ ਦਾ ਪਰਿਵਾਰ ਮਦੀਗਾ ਭਾਈਚਾਰੇ ਨਾਲ਼ ਸਬੰਧਤ ਹੈ, ਜੋ ਅਨੁਸੂਚਿਤ ਜਾਤੀ ਵਜੋਂ ਸੂਚੀਬੱਧ ਹੈ। ਨਾਗੰਮਾ ਯਾਦ ਕਰਦੇ ਹਨ,"ਦੋ ਬੱਚਿਆਂ ਦੇ ਜਨਮ ਤੋਂ ਬਾਅਦ, ਅਸੀਂ ਆਪਣੀਆਂ ਧੀਆਂ ਦੀ ਪੜ੍ਹਾਈ ਲਈ 2004 ਵਿੱਚ ਚੇਨੱਈ ਜਾਣ ਦਾ ਫ਼ੈਸਲਾ ਕੀਤਾ। ਹਾਲਾਂਕਿ, ਚੇਨੱਈ ਜਾਣ ਦੇ ਸਿਰਫ਼ ਤਿੰਨ ਸਾਲ ਬਾਅਦ ਕੰਨਨ ਦੀ ਮੌਤ ਹੋ ਗਈ।




