ਮਈ ਦੀ ਤਪਸ਼ ਭਰੀ ਤੇ ਹੁੰਮਸ ਭਰੀ ਦੁਪਹਿਰ ਹੈ, ਪਰ ਮੋਹਾ ਵਿਖੇ ਹਜ਼ਰਤ ਸੱਯਦ ਅਲਵੀਂ (ਰਹਿਮਤਉੱਲਾ ਅਲਾਇਹ) ਦਰਗਾਹ ਵਿੱਚ ਲੋਕਾਂ ਦਾ ਹਜ਼ੂਮ ਉਮੜ ਆਇਆ ਹੈ। ਉੱਥੇ ਮੁਸਲਮਾਨਾਂ ਨਾਲ਼ੋਂ ਵੀ ਹਿੰਦੂ ਵੱਧ ਦਿਖਾਈ ਦੇ ਰਹੇ ਹਨ। ਚਾਲ਼ੀ ਦੇ ਕਰੀਬ ਪਰਿਵਾਰ ਆਪਣੀ ਸਲਾਨਾ ਪੂਜਾ ਤੇ ਦਾਅਵਤ, ਜਿਹਨੂੰ ਕੰਦੁਰੀ ਕਿਹਾ ਜਾਂਦਾ ਹੈ ਵਿੱਚ ਮਸ਼ਰੂਫ਼ ਹਨ। ਉਨ੍ਹਾਂ ਪਰਿਵਾਰਾਂ ਵਿੱਚੋਂ ਹੀ ਇੱਕ ਪਰਿਵਾਰ ਹੈ ਢੋਬਲੇ ਪਰਿਵਾਰ। ਓਸਮਾਨਾਬਾਦ ਜ਼ਿਲ੍ਹੇ ਵਿੱਚ ਪੈਂਦੀ ਇਸ 200 ਸਾਲ ਪੁਰਾਣੀ ਦਰਗਾਹ ਵਿਖੇ ਮੈਂ ਤੇ ਮੇਰਾ ਪਰਿਵਾਰ ਉਨ੍ਹਾਂ ਦੇ ਮਹਿਮਾਨ ਹਾਂ।
ਗਰਮੀ ਦੇ ਮਹੀਨਿਆਂ ਵਿੱਚ ਜਦੋਂ ਕਿਸਾਨ ਪਰਿਵਾਰਾਂ ਕੋਲ਼ ਥੋੜ੍ਹੀ ਜਿਹੀ ਫ਼ੁਰਸਤ ਹੁੰਦੀ ਹੈ ਤਾਂ ਉਹ ਮਰਾਠਵਾੜਾ ਖੇਤਰ ਦੇ ਓਸਮਾਨਾਬਾਦ, ਲਾਤੂਰ ਦੇ ਨਾਲ਼-ਨਾਲ਼ ਛੇ ਹੋਰ ਜ਼ਿਲ੍ਹਿਆਂ- ਬੀੜ, ਜਾਲਨਾ, ਔਰੰਗਾਬਾਦ, ਪਰਭਨੀ, ਨੰਦੇੜ ਤੇ ਹਿੰਗੋਲੀ ਦੀਆਂ ਦਰਗਾਹਾਂ ਵਿਖੇ ਇਕੱਠੇ ਹੋ ਪੂਜਾ ਅਰਚਨਾ ਕਰਦੇ ਹਨ। ਵੀਰਵਾਰ ਤੇ ਐਤਵਾਰ ਨੂੰ ਵੱਡੀ ਗਿਣਤੀ ਵਿੱਚ ਪਰਿਵਾਰ ਦਰਗਾਹ ਪਹੁੰਚਦੇ ਹਨ। ਉੱਥੇ ਉਹ ਬੱਕਰੇ ਦੀ ਬਲ਼ੀ ਦਿੰਦੇ ਹਨ, ਰਿੱਝੇ ਗੋਸ਼ਤ ਦਾ ਨਿਵਾਦ ਚੜ੍ਹਾਉਂਦੇ ਹਨ, ਅਸ਼ੀਰਵਾਦ ਲੈਂਦੇ ਹਨ, ਇਕੱਠਿਆਂ ਬਹਿ ਖਾਂਦੇ ਹਨ ਤੇ ਹੋਰਾਂ ਨੂੰ ਵੀ ਖੁਆਉਂਦੇ ਹਨ।
ਓਸਮਾਨਾਬਾਦ ਦੇ ਯੇੜਸ਼ੀ (ਯੇੜਸੀ ਵੀ ਕਿਹਾ ਜਾਂਦਾ ਹੈ) ਦੇ ਸਾਡੇ ਇੱਕ ਰਿਸ਼ਤੇਦਾਰ, 60 ਸਾਲਾ ਭਾਗੀਰਥੀ ਕਦਮ ਕਹਿੰਦੇ ਹਨ,''ਅਸੀਂ ਇਹ (ਕੰਦੁਰੀ) ਪੀੜ੍ਹੀਆਂ ਤੋਂ ਕਰਦੇ ਆਏ ਹਾਂ।'' ਮਰਾਠਵਾੜਾ ਦਾ ਇਲਾਕਾ 600 ਤੋਂ ਵੀ ਵੱਧ (ਹੈਦਰਾਬਾਦ ਨਿਜ਼ਾਮ ਦੇ 224 ਸਾਲਾਂ ਦੇ ਸ਼ਾਸਨ ਸਮੇਤ) ਸਾਲਾਂ ਤੱਕ ਇਸਲਾਮੀ ਹਕੂਮਤ ਦਾ ਹਿੱਸਾ ਰਿਹਾ ਸੀ। ਇਨ੍ਹਾਂ ਇਸਲਾਮਕ ਧਾਰਮਿਕ ਅਸਥਾਨਾਂ ਪ੍ਰਤੀ ਆਸਥਾ ਅਤੇ ਹੁੰਦੀ ਪੂਜਾ ਅਸਲ ਵਿੱਚ ਲੋਕਾਂ ਦੇ ਵਿਸ਼ਵਾਸ ਤੇ ਰੀਤੀ-ਰਿਵਾਜਾਂ ਵਿੱਚ ਸ਼ਾਮਲ ਹਨ- ਜੋ ਜੀਵਨ ਦੇ ਸੁਮੇਲ ਨੂੰ ਦਰਸਾਉਂਦਾ ਹੈ।
''ਅਸੀਂ ਗੜ ਦੇਵਦੜੀ ਵਿੱਚ ਪੂਜਾ ਕਰਦੇ ਹਾਂ। ਜੋ ਲੋਕੀਂ ਤਵਾਰਾਜ ਖੇੜਾ ਤੋਂ ਹੁੰਦੇ ਹਨ ਉਹ ਇੱਥੇ ਮੋਹਾ ਆਉਂਦੇ ਹਨ ਤੇ ਤੁਹਾਡੇ ਪਿੰਡ (ਬੋਰਗਾਓਂ ਬੀਕੇ. ਜ਼ਿਲਾ ਲਾਤੂਰ) ਦਿਆਂ ਨੂੰ ਸ਼ੇਰਾ ਜਾਣਾ ਪੈਂਦਾ ਹੈ,'' ਭਾਗੀਰਥੀ, ਜਿਨ੍ਹਾਂ ਨੂੰ ਪਿਆਰ ਨਾਲ਼ ਭਾਗਾ ਮਾਵਸ਼ੀ ਕਿਹਾ ਜਾਂਦਾ ਹੈ, ਨੇ ਕਿਹਾ, ਦਰਅਸਲ ਇਹ ਨਿਯਮ ਪਿੰਡਾਂ ਨੂੰ ਪੂਜਾ ਵਾਸਤੇ ਖ਼ਾਸ ਦਰਗਾਹਾਂ ਬਖ਼ਸ਼ੀਆਂ ਜਾਣ ਦੇ ਸਦੀਆਂ ਪੁਰਾਣੇ ਰਿਵਾਜ ਨੂੰ ਦਰਸਾਉਂਦਾ ਹੈ।
ਮੋਹਾ ਦੀ ਰਹਿਮਤਉੱਲਾ ਦਰਗਾਹ ਵਿਖੇ, ਹਰ ਰੁੱਖ ਦੀ ਛਾਵੇਂ ਤੇ ਟੀਨ ਜਾਂ ਤਿਰਪਾਲ ਦੀ ਛੱਤ ਵਾਲ਼ੀ ਹਰ ਠ੍ਹਾਰ ਹੇਠ, ਲੋਕਾਂ ਆਰਜ਼ੀ ਚੁੱਲ੍ਹੇ ਬਣਾ ਲਏ ਹੋਏ ਹਨ ਅਤੇ ਦਰਗਾਹ ਦੀਆਂ ਰਸਮਾਂ ਦੌਰਾਨ ਭੇਟ ਕਰਨ ਲਈ ਭੋਜਨ ਪਕਾਇਆ ਜਾ ਰਿਹਾ ਹੈ। ਪੁਰਸ਼ ਤੇ ਔਰਤਾਂ ਗੱਲੀਂ ਲੱਗੇ ਹੋਏ ਹਨ ਜਦੋਂ ਕਿ ਬੱਚੇ ਆਪਣੀ ਮਨਪਸੰਦ ਖੇਡੀਂ ਲੱਗੇ ਹੋਏ ਹਨ। ਗਰਮ ਹਵਾ ਚੱਲ ਰਹੀ ਹੈ ਪਰ ਪੱਛਮ ਵਾਲ਼ੇ ਪਾਸਿਓਂ ਬੱਦਲਵਾਈ ਹੋਣ ਲੱਗਦੀ ਹੈ। ਬੱਦਲਾਂ ਦੇ ਗੁੰਬਦ ਇਓਂ ਜਾਪਣ ਲੱਗਦੇ ਹਨ ਜਿਓਂ ਦਰਗਾਹ ਦੇ ਪ੍ਰਵੇਸ਼ ਦੁਆਰ 'ਤੇ ਲੱਗੇ ਇਮਲੀ ਦੇ ਬੂਟਿਆਂ ਦੀਆਂ ਛੱਤਰੀਆਂ ਹੋਣ। ਰੁੱਖ ਦੀ ਛਾਂ ਵਰਗੀ ਠੰਡੀ ਹਵਾ ਗਰਮੀ ਤੋਂ ਰਾਹਤ ਦੇਣ ਲੱਗਦੀ ਹੈ। ਦਰਗਾਹ ਦਾ 90 ਫੁੱਟ ਡੂੰਘਾ ਖ਼ੂਹ, ਜੋ ਪੁਰਾਣੇ ਪੱਥਰ ਦਾ ਬਣਿਆ ਹੈ ਜਿਹਨੂੰ ਬਾਰਵ ਕਿਹਾ ਜਾਂਦਾ ਹੈ, ਸੁੱਕਿਆ ਪਿਆ ਹੈ ਪਰ ਸ਼ਰਧਾਲੂਆਂ ਦਾ ਕਹਿਣਾ ਹੈ,''ਮਾਨਸੂਨ ਦੌਰਾਨ ਇਹ ਪਾਣੀ ਨਾਲ਼ ਭਰ ਜਾਂਦਾ ਹੈ।''
ਇੱਕ 65-66 ਸਾਲਾ ਵਿਅਕਤੀ ਦਰਗਾਹ ਅੰਦਰ ਦਾਖ਼ਲ ਹੁੰਦਾ ਹੈ ਤੇ ਉਹਨੇ ਆਪਣੇ ਕੰਧਾੜੇ ਆਪਣੇ ਬਿਰਧ ਮਾਂ ਨੂੰ ਚੁੱਕਿਆ ਹੋਇਆ ਹੈ। 85 ਸਾਲਾ ਇਸ ਬਿਰਧ ਔਰਤ ਨੇ ਨੌਂ ਗਜ਼ ਲੰਬੀ ਫਿੱਕੇ ਹਰੇ ਰੰਗ ਦੀ ਸਾੜੀ ਪਾਈ ਹੋਈ ਹੈ ਜੋ ਇਸ ਇਲਾਕੇ ਦੀਆਂ ਹਿੰਦੂ ਤੇ ਮੁਸਲਮਾਨ ਔਰਤਾਂ ਪਹਿਨਦੀਆਂ ਹਨ। ਜਿਓਂ ਹੀ ਆਪਣੀ ਮਾਂ ਨੂੰ ਚੁੱਕੀ ਇਹ ਪੁੱਤਰ ਮਜ਼ਾਰ ਦੀਆਂ ਪੰਜ ਕੁ ਪੌੜੀਆਂ ਚੜ੍ਹਦਾ ਹੈ, ਉਹਦੀ ਮਾਂ ਦੇ ਹੰਝੂ ਕਿਰਨ ਲੱਗਦੇ ਹਨ ਤੇ ਉਹ ਹੱਥ ਜੋੜ ਕੇ ਅਰਦਾਸ ਕਰਨ ਲੱਗਦੀ ਹੈ।
ਕਈ ਹੋਰ ਸ਼ਰਧਾਲੂ ਅੰਦਰ ਆਉਂਦੇ ਹਨ ਜਿਨ੍ਹਾਂ ਵਿੱਚ ਚਾਲ਼ੀ ਕੁ ਸਾਲਾਂ ਦੀ ਇੱਕ ਜੋਤ-ਹੀਣ ਤੇ ਦਿਮਾਗ਼ੀ ਪਰੇਸ਼ਾਨ ਔਰਤ ਜੋ ਆਪਣੀ ਮਾਂ ਨਾਲ਼ ਆਈ ਹੁੰਦੀ ਹੈ, ਮਜ਼ਾਰ ਅੰਦਰ ਦਾਖ਼ਲ ਹੁੰਦੀ ਹੈ। ਆਪਣੇ ਪ੍ਰਵੇਸ਼ ਦੁਆਰ ਤੋਂ ਮਜ਼ਾਰ ਕੋਈ 500 ਮੀਟਰ ਦੂਰ ਸਥਿਤ ਹੈ ਤੇ ਇਹ ਦੋਵੇਂ ਹੀ ਔਰਤਾਂ ਨਿੱਕੇ-ਨਿੱਕੇ ਕਦਮ ਪੁੱਟਦਿਆਂ ਅੱਗੇ ਵੱਲ ਨੂੰ ਵੱਧ ਰਹੀਆਂ ਹਨ। ਉਹ ਨਾਰੀਅਲ ਤੇ ਕੁਝ ਫੁੱਲ ਚੜ੍ਹਾਉਂਦੀਆਂ ਹਨ ਤੇ ਮਜ਼ਾਰ 'ਤੇ ਧੂਫ਼ ਬਾਲ਼ਦੀਆਂ ਹਨ। ਮੁਜਾਵਰ (ਦਰਗਾਹ ਦਾ ਮੌਲ਼ਵੀ) ਉਨ੍ਹਾਂ ਨੂੰ ਨਾਰੀਅਲ ਦੀ ਗਿਰੀ ਦਿੰਦਾ ਹੈ ਤੇ ਬੀਮਾਰ ਔਰਤ ਦੇ ਗੁੱਟ 'ਤੇ ਬੰਨ੍ਹਣ ਲਈ ਧਾਗਾ ਵੀ। ਮਾਂ ਬੁਝੀ ਧੂਫ਼ ਦੀ ਚੁਟਕੀ ਭਰ ਸਵਾਹ ਲੈ ਕੇ ਆਪਣੀ ਧੀ ਦੇ ਮੱਥੇ 'ਤੇ ਲਾ ਦਿੰਦੀ ਹੈ। ਦੋਵੇਂ ਥੋੜ੍ਹੀ ਕੁ ਦੇਰ ਲਈ ਇਮਲੀ ਦੇ ਰੁੱਖ ਹੇਠ ਬਹਿੰਦੀਆਂ ਹਨ ਤੇ ਫਿਰ ਚਲੀਆਂ ਜਾਂਦੀਆਂ ਹਨ।
ਮਜ਼ਾਰ ਦੇ ਮਗਰ ਲੋਹੇ ਦੀ ਇੱਕ ਗਰਿਲ ਕੱਚ ਦੀਆਂ ਗੂੜੀਆਂ ਤੇ ਫਿੱਕੀਆਂ ਹਰੀਆਂ ਚੂੜੀਆਂ ਨਾਲ਼ ਭਰੀ ਹੋਈ ਹੈ। ਔਰਤਾਂ ਆਪਣੀਆਂ ਧੀਆਂ ਲਈ ਚੰਗਾ ਵਰ ਮਿਲ਼ਣ ਦੀ ਉਮੀਦ ਵਿੱਚ ਚੂੜੀਆਂ ਬੰਨ੍ਹਦੀਆਂ ਹਨ। ਇੱਕ ਪਾਸੇ ਖੂੰਜੇ ਵਿੱਚ ਲੱਕੜ ਦਾ ਵੱਡਾ ਸਾਰਾ ਘੋੜਾ ਪਿਆ ਹੈ ਤੇ ਉਹਦੇ ਨਾਲ਼ ਕਰਕੇ ਮਿੱਟੀ ਦੇ ਕਈ ਹੋਰ ਘੋੜੇ ਵੀ ਪਏ ਹੋਏ ਹਨ। ''ਇਹ ਚੜ੍ਹਾਵਾ ਆਪਣੇ ਮੁਸਲਮਾਨ ਸੰਤਾਂ ਦੀ ਯਾਦ ਵਿੱਚ ਚੜ੍ਹਾਇਆ ਜਾਂਦਾ ਹੈ ਜਿਨ੍ਹਾਂ ਨੇ ਆਪਣੇ ਜੀਵਨ ਕਾਲ ਵਿੱਚ ਘੋੜ ਸਵਾਰੀ ਕੀਤੀ ਸੀ,'' ਭਾਗਾ ਮਾਵਸ਼ੀ ਨੇ ਮੈਨੂੰ ਵੇਰਵਾ ਦਿੰਦਿਆਂ ਕਿਹਾ।
ਮੈਨੂੰ ਚੇਤਾ ਹੈ ਮੇਰੇ ਸਹੁਰੇ ਘਰ ਵੀ ਦੋ ਘੋੜਿਆਂ ਦੀ ਹਰ ਰੋਜ਼ ਪੂਜਾ ਹੁੰਦੀ ਸੀ। ਉਨ੍ਹਾਂ ਦਾ ਵੀ ਆਪਣਾ ਹੀ ਮਤਲਬ ਹੁੰਦਾ। ਇੱਕ ਘੋੜੇ ਦਾ ਹਿੰਦੂ ਦੇਵਤਾ, ਭੈਰੋਬਾ ਨਾਲ਼ ਤਾਅਲੁੱਕ ਮੰਨਿਆ ਜਾਂਦਾ ਤੇ ਦੂਜੇ ਦਾ ਪੀਰ, ਮੁਸਲਮਾਨ ਫ਼ਕੀਰ (ਮੁਫ਼ਲਿਸ) ਦੇ ਨਾਲ਼।
*****
ਕਈ ਔਰਤਾਂ ਅੱਧੀ-ਰਾਤ ਤੋਂ ਹੀ ਕੰਦੁਰੀ ਦਾਅਵਤ ਦੀ ਤਿਆਰੀ ਕਰ ਰਹੀਆਂ ਹਨ ਜਿਸ ਵਿੱਚ ਮੀਟ ਦੀ ਤਰੀ ਤੇ ਭਾਖਰੀ ਸ਼ਾਮਲ ਹਨ। ਪਰ ਉਨ੍ਹਾਂ ਵਿੱਚੋਂ ਹਰ ਕੋਈ ਗੋਸ਼ਤ ਨਹੀਂ ਖਾਣਗੇ ਕਿਉਂਕਿ ਉਨ੍ਹਾਂ ਦੇ ਕੈਲੰਡਰ ਦੀ ਮੰਨੀਏ ਤਾਂ ਉਹ ਵੀਰਵਾਰ ਗੋਸ਼ਤ ਨਹੀਂ ਖਾਂਦੇ। ''ਖਾਣਾ ਕੋਈ ਇੰਨਾ ਮਹੱਤਵਪੂਰਨ ਵੀ ਨਹੀਂ ਹੈ,'' ਉਨ੍ਹਾਂ ਵਿੱਚੋਂ ਇੱਕ ਔਰਤ ਮੈਨੂੰ ਦੱਸਦੀ ਹੈ,'' ਹੇ ਦੇਵਚਾ ਕਾਮ ਆਹੇ, ਮਾਏ (ਅਸੀਂ ਇਹ ਸਭ ਆਪਣੇ ਪਿਆਰੇ ਦੇਵਤੇ ਨੂੰ ਖ਼ੁਸ਼ ਕਰਨ ਲਈ ਕਰਦੇ ਹਾਂ।)''
ਔਰਤਾਂ ਹੀ ਅਜਿਹੀਆਂ ਦਾਅਵਤਾਂ ਦੀ ਰੀੜ੍ਹ ਹਨ, ਪਰ ਉਨ੍ਹਾਂ ਵਿੱਚੋਂ ਭੋਜਨ ਨਾ ਕਰਨ ਵਾਲ਼ੇ ਬਹੁਤ ਸਾਰੇ ਲੋਕ ਆਪਣੇ ਲਈ ਪਕਾਏ ਵਰਤ ਵਾਲ਼ੇ ਸ਼ਾਕਾਹਾਰੀ ਭੋਜਨ ਨੂੰ ਖਾ ਕੇ ਵੀ ਬੜੇ ਖ਼ੁਸ਼ ਹਨ। ਸੱਚਾਈ ਤਾਂ ਇਹ ਵੀ ਹੈ ਕਿ ਇਹ ਗੋਸ਼ਤ ਉਸੇ ਇੱਕੋ ਚੁੱਲ੍ਹੇ 'ਤੇ ਪਕਾਇਆ ਜਾਣਾ ਹੈ ਤੇ ਉਨ੍ਹਾਂ ਹੀ ਪਲੇਟਾਂ ਵਿੱਚ ਖਾਧਾ ਵੀ ਜਾਣਾ ਹੈ, ਫਿਰ ਵੀ ਉਨ੍ਹਾਂ ਨੂੰ ਇਸ ਗੱਲ ਤੋਂ ਕੋਈ ਪਰੇਸ਼ਾਨੀ ਨਹੀਂ ਹੈ। ਨਾ ਤਾਂ ਕਿਸੇ ਦੀ ਭਾਵਨਾ ਨੂੰ ਠੇਸ ਹੀ ਪਹੁੰਚਦੀ ਹੈ ਤੇ ਨਾ ਹੀ ਕਿਸੇ ਦੇ ਮਨ ਵਿੱਚ ਕੋਈ ਕ੍ਰੋਧ ਹੀ ਜਾਗਦਾ ਹੈ।
ਲਕਸ਼ਮੀ ਕਦਮ ਪੂਨੇ ਤੋਂ ਇੱਥੇ ਆਈ ਹਨ ਜੋ ਸੈਂਕੜੇ ਹੀ ਭਾਕਰੀਆਂ ਬਣਾ ਕੇ ਤੇ ਤਰੀ ਵਾਸਤੇ ਮਸਾਲੇ ਪੀਹ-ਪੀਹ ਕੇ ਤੇ ਸਾਫ਼-ਸਫ਼ਾਈ ਕਰਕੇ ਉਹ ਥੱਕ ਕੇ ਚੂਰ ਹੋ ਚੁੱਕੀ ਹਨ। ਆਪਣੀ ਥੱਕੀ ਅਵਾਜ਼ ਵਿੱਚ ਕਹਿੰਦੀ ਹਨ,''ਮੈਨੂੰ 'ਉਨ੍ਹਾਂ' ਮੁਸਲਮ ਔਰਤਾਂ ਤੋਂ ਜਲਨ ਹੁੰਦੀ ਹੈ। ਇੱਕ ਵੱਡਾ ਪਤੀਲਾ ਬਰਿਆਨੀ ਦਾ ਬਣਾਇਆ ਤੇ ਕੰਮ ਖ਼ਤਮ! ਹਾ ਅਸਲਾ ਰਾਦਾ ਨਾਕੋ ਨਾ ਕਹੀ ਨਾਕੋ (ਉਨ੍ਹਾਂ ਨੂੰ ਓਨਾ ਕੰਮ ਨਹੀਂ ਕਰਨਾ ਪੈਂਦਾ ਜਿੰਨਾ ਸਾਨੂੰ ਕਰਨਾ ਪੈਂਦਾ ਹੈ)।''
''ਉਨ੍ਹਾਂ ਦੀਆਂ ਗੱਲ੍ਹਾਂ ਦੇਖੋ, ਸੋਹਣੀਆਂ ਤੇ ਗੁਲਾਬੀ!'' ਲਕਸ਼ਮੀ ਦੀ ਜਲਨ ਹੁਣ ਵਿਚਾਰਾਂ ਤੇ ਕਲਪਨਾਵਾਂ ਦਾ ਰਾਹ ਫੜ੍ਹ ਲੈਂਦੀ ਹੈ। ਸਾਡੇ ਆਸ-ਪਾਸ ਦੀਆਂ ਜ਼ਿਆਦਾਤਰ ਔਰਤਾਂ ਪਤਲੀਆਂ ਤੇ ਕੰਮ ਦੇ ਬੋਝ ਹੇਠ ਦੱਬੀਆਂ ਜਿਹੀਆਂ ਲੱਗ ਰਹੀਆਂ ਹਨ। ਉਨ੍ਹਾਂ ਵਿੱਚੋਂ ਕੁਝ ਚੰਗੇ ਪਰਿਵਾਰਾਂ ਤੇ ਕੁਝ ਉੱਚੀਆਂ ਜਾਤਾਂ 'ਚੋਂ ਜ਼ਰੂਰ ਹਨ ਪਰ ''ਗ਼ੁਲਾਬੀ ਗੱਲ੍ਹਾਂ'' ਵਾਲ਼ੀਆਂ ਨਹੀਂ ਜਿਨ੍ਹਾਂ ਦੀ ਲਕਸ਼ਮੀ ਕਲਪਨਾ ਕਰਦੀ ਹਨ।
ਅਜਿਹੇ ਤਿਓਹਾਰਾਂ ਵੇਲ਼ੇ ਗੋਸ਼ਤ ਰਿੰਨ੍ਹਣਾ ਪੁਰਸ਼ਾਂ ਦਾ ਖ਼ਾਸਮ-ਖ਼ਾਸ ਕੰਮ ਹੈ। ਮੁਸਲਮ ਸ਼ਰਧਾਲੂ ਖ਼ੁਸ਼ਬੂਦਾਰ ਤੇ ਮੂੰਹ ਵਿੱਚ ਪਾਣੀ ਲਿਆਉਣ ਵਾਲ਼ੀ ਬਰਿਆਨੀ ਪਰੋਸ ਰਹੇ ਹਨ।
ਪੰਜ ਭਾਕਰੀਆਂ, ਸ਼ੋਰਬੇ ਨਾਲ਼ ਭਰਿਆ ਕਟੋਰਾ ਅਤੇ ਮਾਸ ਦੇ ਚੋਣਵੇਂ ਹਿੱਸੇ ਅਤੇ ਇੱਕ ਮਿੱਠਾ ਮਲੀਦਾ, ਜੋ ਕਿ ਕਣਕ ਦੀਆਂ ਰੋਟੀਆਂ, ਘਿਓ ਅਤੇ ਖੰਡ ਜਾਂ ਗੁੜ ਤੋਂ ਬਣਿਆ ਹੁੰਦਾ ਹੈ, ਦਰਗਾਹ 'ਤੇ ਮੁਜਾਵਰ ਨੂੰ ਨਿਵਾਦ ਵਜੋਂ ਭੇਟ ਕੀਤਾ ਜਾਂਦਾ ਹੈ। ਬੰਦੇ ਮਜ਼ਾਰ ਦੇ ਨੇੜੇ ਜਾ ਕੇ ਨਿਵਾਦ ਭੇਟ ਕਰਦੇ ਹਨ। ਔਰਤਾਂ ਬਾਹਰ ਪੌੜੀਆਂ 'ਤੇ ਬੈਠੀਆਂ ਦੇਖਦੀਆਂ ਰਹਿੰਦੀਆਂ ਹਨ ਅਤੇ ਅਸ਼ੀਰਵਾਦ ਪ੍ਰਾਪਤ ਕਰਦੀਆਂ ਹਨ, ਉਨ੍ਹਾਂ ਦੇ ਸਿਰ ਸਾੜੀਆਂ ਦੇ ਪੱਲਿਆਂ ਨਾਲ਼ ਢੱਕੇ ਹੋਏ ਹਨ ਜਿਵੇਂ ਕਿਸੇ ਮੰਦਰ ਵਿੱਚ ਹੁੰਦਾ ਹੈ।
ਪ੍ਰਾਰਥਨਾਵਾਂ ਖ਼ਤਮ ਹੋਣ ਤੇ ਤੋਹਫ਼ਿਆਂ ਦੇ ਲੈਣ-ਦੇਣ ਤੋਂ ਬਾਅਦ ਵੇਲ਼ਾ ਆਉਂਦਾ ਹੈ ਦਾਅਵਤ ਦਾ। ਔਰਤਾਂ ਦੇ ਪੁਰਸ਼ ਅੱਡੋ-ਅੱਡ ਪੰਗਤਾਂ ਲਾਉਂਦੇ ਹਨ। ਜਿਨ੍ਹਾਂ ਨੇ ਵਰਤ ਰੱਖੇ ਹੁੰਦੇ ਹਨ ਉਹ ਉਪਵਾਸ ਭੋਜਨ ਖਾਂਦੇ ਹਨ। ਦਾਅਵਤ ਰਸਮੀ ਤੌਰ 'ਤੇ ਉਦੋਂ ਹੀ ਖਤਮ ਮੰਨੀ ਜਾਂਦੀ ਹੈ ਜਦੋਂ ਦਰਗਾਹ ਦੇ ਪੰਜ ਫਕੀਰਾਂ (ਮੈਂਡਿਕੈਂਟਾਂ) ਅਤੇ ਕੰਮ ਕਰਨ ਵਾਲ਼ੀਆਂ ਪੰਜ ਔਰਤਾਂ ਨੂੰ ਭੋਜਨ ਪਰੋਸਿਆ ਜਾਂਦਾ ਹੈ।
*****
ਕੁਝ ਹਫ਼ਤਿਆਂ ਬਾਅਦ, ਮੇਰੀ 75 ਸਾਲਾ ਸੱਸ, ਗਯਾਬਾਈ ਕਾਲੇ ਨੇ ਘਰ ਦੇ ਨੇੜੇ ਇੱਕ ਦਰਗਾਹ ਵਿੱਚ ਇੱਕ ਦਾਅਵਤ ਦਾ ਆਯੋਜਨ ਕੀਤਾ। ਉਹ ਪਿਛਲੇ ਕੁਝ ਸਮੇਂ ਤੋਂ ਇਹਦੀ ਯੋਜਨਾ ਬਣਾ ਰਹੀ ਸਨ ਅਤੇ ਇਸ ਸਾਲ (2023) ਸ਼ੇਰਾ ਵਿਖੇ ਰਹਿੰਦੀ ਉਨ੍ਹਾਂ ਦੀ ਛੋਟੀ ਧੀ, ਜ਼ੁੰਬਰ ਨੇ ਉਨ੍ਹਾਂ ਦਾ ਸਾਥ ਦਿੱਤਾ। ਸ਼ੇਰਾ ਲਾਤੂਰ ਦੇ ਬਲਾਕ ਰੇਨਾਪੁਰ ਦਾ ਇੱਕ ਛੋਟਾ ਜਿਹਾ ਪਿੰਡ ਹੈ।
ਇਹ ਦਰਗਾਹ, ਦਾਵਲ ਮਲਿਕ, ਮੋਹਾ ਦੀ ਦਰਗਾਹ ਨਾਲ਼ੋਂ ਛੋਟੀ ਹੈ। ਅਸੀਂ ਵੱਖ-ਵੱਖ ਜਾਤੀਆਂ ਨਾਲ਼ ਸਬੰਧਤ 15 ਹਿੰਦੂ ਪਰਿਵਾਰਾਂ ਨੂੰ ਮਿਲ਼ਦੇ ਹਾਂ। ਔਰਤਾਂ ਦਾ ਇੱਕ ਸਮੂਹ ਮਜ਼ਾਰ ਦੇ ਸਾਮ੍ਹਣੇ ਬੈਠਦਾ ਹੈ ਅਤੇ ਹਿੰਦੂ ਦੇਵਤਿਆਂ ਦਾ ਸਤਿਕਾਰ ਕਰਦੇ ਹੋਏ ਕੁਝ ਭਜਨ, ਭਗਤੀ ਦੇ ਗੀਤ ਗਾਉਂਦਾ ਹੈ; ਕੁਝ ਲੋਕ ਇੱਕ ਬਜ਼ੁਰਗ ਮੁਸਲਿਮ ਫ਼ਕੀਰ ਨਾਲ਼ ਗੱਲ ਕਰ ਰਹੇ ਹਨ ਅਤੇ ਘਰੇਲੂ ਮਾਮਲਿਆਂ ਬਾਰੇ ਸਲਾਹ ਲੈ ਰਹੇ ਹਨ। ਮੁੰਡਿਆਂ ਦਾ ਇੱਕ ਸਮੂਹ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਦਲਿਤ ਹਨ ਤੇ ਜਿਨ੍ਹਾਂ ਦੇ ਪ੍ਰਵੇਸ਼ ਦਾ ਅਜੇ ਵੀ ਬਹੁਤ ਸਾਰੇ ਮੰਦਰਾਂ ਵੱਲੋਂ ਸੁਆਗਤ ਨਹੀਂ ਕੀਤਾ ਜਾਂਦਾ, ਜਦੋਂ ਲੋਕ ਨਿਵਾਦ ਚੜ੍ਹਾਉਂਦੇ ਹਨ ਤਾਂ ਉਹ ਹਲਗੀ (ਢੋਲ) ਵਜਾਉਂਦੇ ਹਨ।
ਗਯਾਬਾਈ ਦੇ ਵੱਡੇ ਬੇਟੇ ਬਾਲਾਸਾਹਿਬ ਕਾਲੇ ਖਾਣਾ ਪਕਾਉਣ ਦੀ ਨਿਗਰਾਨੀ ਕਰਦੇ ਹਨ। ਲਾਤੂਰ ਦੇ ਬੋਰਗਾਓਂ ਬੀਕੇ ਦਾ ਇਹ ਛੋਟਾ ਕਿਸਾਨ, ਬੱਕਰੇ ਹਲਾਲ ਕਰਨ ਵੇਲ਼ੇ ਉਨ੍ਹਾਂ ਦੀ ਮਦਦ ਕਰਦਾ ਹੈ। ਉਹ ਮਸਾਲੇਦਾਰ, ਸੁਆਦੀ ਤਰੀ ਵੀ ਬਣਾਉਂਦੇ ਹਨ। ਮਾਂ-ਧੀ ਦੀ ਜੋੜੀ ਨਿਵਾਦ ਚੜ੍ਹਾਉਂਦੀ ਹੈ ਅਤੇ ਪਰਿਵਾਰ ਦਰਗਾਹ 'ਤੇ ਮੌਜੂਦ ਹੋਰ ਲੋਕਾਂ ਨਾਲ਼ ਭੋਜਨ ਸਾਂਝਾ ਕਰਦੇ ਹੋਏ ਆਪ ਵੀ ਖਾਂਦਾ ਹੈ।
ਜਿਹੜੀਆਂ ਔਰਤਾਂ ਨੂੰ ਮੈਂ ਦੋਹਾਂ ਦਰਗਾਹਾਂ ਵਿੱਚ ਮਿਲ਼ਦੀ ਹਾਂ, ਉਨ੍ਹਾਂ ਲਈ ਪ੍ਰਾਰਥਨਾ ਅਤੇ ਦਾਅਵਤ ਦੀ ਇਹ ਰਸਮ ਕਿਸੇ ਵਾਅਦੇ/ਮੰਨਤ ਦੀ ਤਰ੍ਹਾਂ ਹੈ ਜਿਸ ਨੂੰ ਪੂਰਾ ਕਰਨਾ ਜ਼ਰੂਰੀ ਹੈ। "ਇਹ ਕੋਈ ਚੋਣ ਨਹੀਂ ਹੈ। ਵਾਝਾ ਆਸਤ , ਉਤਾੜਵ ਲਗਾਤਾ (ਇਹ ਇੱਕ ਭਾਰ ਹੈ, ਜਿਹਨੂੰ ਲਾਹੁਣ ਦੀ ਲੋੜ ਹੈ)।'' ਉਨ੍ਹਾਂ ਨੂੰ ਡਰ ਹੈ ਕਿ ਜੇ ਇਹ ਵਾਅਦਾ ਪੂਰਾ ਨਾ ਕੀਤਾ ਗਿਆ ਤਾਂ ਕੁਝ ਭਿਆਨਕ ਵਾਪਰੇਗਾ।
ਯਾਤਰਾ ਕਰਨ, ਖਾਣਾ ਪਕਾਉਣ, ਦਾਅਵਤ ਦੇਣ ਅਤੇ ਵੰਡ ਕੇ ਖਾਣ ਦੀ ਇਸ ਰਮਸ ਨਾਲ਼ ਉਹ ਆਪਣੀ ਹਿੰਦੂ ਪਛਾਣ ਬਣਾਈ ਰੱਖਦੇ ਹਨ ਅਤੇ ਇਨ੍ਹਾਂ ਧਾਰਮਿਕ ਅਸਥਾਨਾਂ ਨੂੰ ਆਪਣੇ ਸਤਿਕਾਰਯੋਗ ਪੂਜਾ ਸਥਾਨਾਂ ਵਜੋਂ ਵੀ ਵੇਖਦੇ ਹਨ।
"ਇਹ (ਪੀਰ) ਮੇਰਾ ਦੇਵਤਾ ਹੈ, ਅਤੇ ਮੈਂ ਇਸ ਦੀ ਪੂਜਾ ਕਰਦੀ ਰਹਾਂਗੀ। ਪਹਿਲਾਂ ਮੇਰੇ ਦਾਦਾ ਜੀ ਭਗਤ ਰਹੇ, ਮੇਰੇ ਪਿਤਾ ਜੀ ਨੇ ਵੀ ਜਾਰੀ ਰੱਖਿਆ ਅਤੇ ਮੈਂ ਵੀ ਜਾਰੀ ਰੱਖਾਂਗੀ," ਗਯਾਬਾਈ ਦ੍ਰਿੜਤਾ ਅਤੇ ਅਟੱਲ ਵਿਸ਼ਵਾਸ ਨਾਲ਼ ਕਹਿੰਦੀ ਹਨ।
*****
ਜਿਸ ਮਹੀਨੇ (ਮਈ 2023) ਗਯਾਬਾਈ, ਭਾਗਾ ਮਾਵਸ਼ੀ ਅਤੇ ਹੋਰ ਲੋਕ ਆਪਣੇ ਵਾਅਦਿਆਂ 'ਤੇ ਮੋਹਰ ਲਗਾ ਰਹੇ ਸਨ ਅਤੇ 500 ਕਿਲੋਮੀਟਰ ਦੂਰ ਇਨ੍ਹਾਂ ਦਰਗਾਹਾਂ ਦੀ ਯਾਤਰਾ ਕਰ ਰਹੇ ਸਨ, ਉਸੇ ਮਹੀਨੇ (ਮਈ 2023) ਤ੍ਰਿਮਬਕੇਸ਼ਵਰ ਦੇ ਰਹਿਣ ਵਾਲ਼ੇ ਸਲੀਮ ਸੱਯਦ ਨਾਸਿਕ ਜ਼ਿਲ੍ਹੇ ਦੇ ਤ੍ਰਿਮਬਕੇਸ਼ਵਰ ਮੰਦਰ ਦੇ ਪ੍ਰਵੇਸ਼ ਦੁਆਰ 'ਤੇ ਚੰਦਰ ਧੂਫ ਧੁਖਾਉਣ ਗਏ ਸਨ। 60 ਸਾਲਾ ਸਲੀਮ ਨਾਲ਼ ਉਹ ਲੋਕ ਵੀ ਸ਼ਾਮਲ ਹੋ ਗਏ ਜੋ ਕਰੀਬ 100 ਤੋਂ ਵੱਧ ਸਾਲਾਂ ਤੋਂ ਇੱਥੇ ਧੂਫ਼ ਧੁਖਾਉਂਦੇ ਆਏ ਹਨ।
ਉਨ੍ਹਾਂ ਨੂੰ ਆਪਣੇ 'ਤ੍ਰਿਮਬਕ ਰਾਜਾ' 'ਤੇ ਅਟੁੱਟ ਵਿਸ਼ਵਾਸ ਸੀ ਅਤੇ ਸਲਾਨਾ ਉਰਸ ਮੌਕੇ ਚਾਦਰ ਵੀ ਚੜ੍ਹਾਉਂਦੇ ਹਨ।
ਪਰ ਸੱਯਦ ਅਤੇ ਹੋਰਾਂ ਨੂੰ ਬੇਰਹਿਮੀ ਨਾਲ਼ ਪ੍ਰਵੇਸ਼ ਦੁਆਰ 'ਤੇ ਹੀ ਰੋਕ ਦਿੱਤਾ ਗਿਆ ਅਤੇ ਮੰਦਰ ਵਿੱਚ ਜ਼ਬਰਦਸਤੀ ਦਾਖਲ ਹੋਣ ਦਾ ਦੋਸ਼ ਲਾਇਆ ਗਿਆ। ਇੱਕ ਕੱਟੜ ਹਿੰਦੂ ਨੇਤਾ ਨੇ ਮੁਸਲਮਾਨ ਵਿਅਕਤੀਆਂ ਨੂੰ ਕਿਹਾ ਕਿ ਉਹ 'ਆਪਣੀ ਪੂਜਾ ਨੂੰ ਆਪਣੇ ਹੀ ਧਰਮ ਅਸਥਾਨਾਂ ਤੱਕ ਸੀਮਤ ਰੱਖਣ'। ਉਨ੍ਹਾਂ ਨੇ ਇਨ੍ਹਾਂ 'ਤੇ ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਵੀ ਲਾਇਆ ਜੋ ਉੱਥੇ ਪੂਜਾ ਕਰਦੇ ਹਨ। 'ਦਹਿਸ਼ਤਗਰਦੀ ਦੀ ਇਸ ਕਾਰਵਾਈ' ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਦਾ ਗਠਨ ਕੀਤਾ ਗਿਆ ਸੀ।
ਹੱਕੇ-ਬੱਕੇ ਰਹਿ ਗਏ ਸੱਯਦ ਨੇ ਜਨਤਕ ਤੌਰ 'ਤੇ ਮੁਆਫੀ ਮੰਗੀ। ਉਨ੍ਹਾਂ ਨੇ ਸਮਾਜਿਕ ਸਦਭਾਵਨਾ ਬਣਾਈ ਰੱਖਣ ਲਈ ਸਦੀਆਂ ਪੁਰਾਣੀ ਇਸ ਪ੍ਰਥਾ ਨੂੰ ਬੰਦ ਕਰਨ ਦਾ ਵਾਅਦਾ ਵੀ ਕੀਤਾ। ਕੈਸੀ ਵਿਡੰਬਨਾ ਹੈ...
ਤਰਜਮਾ: ਕਮਲਜੀਤ ਕੌਰ