ਬਜਟ ਬਾਰੇ ਮੇਰੇ ਵਾਰ-ਵਾਰ ਪੁੱਛੇ ਗਏ ਸਵਾਲਾਂ ਨੂੰ ਰੱਦ ਕਰਦਿਆਂ ਬਾਬਾਸਾਹੇਬ ਪਵਾਰ ਕਹਿੰਦੇ ਹਨ, "ਅਸੀਂ ਇਸ ਬਾਰੇ ਕੁਝ ਨਹੀਂ ਜਾਣਦੇ।"
ਉਨ੍ਹਾਂ ਦੀ ਪਤਨੀ ਮੰਦਾ ਸਵਾਲ ਕਰਦੇ ਹਨ,"ਸਰਕਾਰ ਨੇ ਕਦੇ ਸਾਡੇ ਤੋਂ ਪੁੱਛਿਆ ਕਿ ਅਸੀਂ ਕੀ ਚਾਹੁੰਦੇ ਹਾਂ? ਬਿਨਾਂ ਜਾਣੇ ਉਹ ਸਾਡੇ ਲਈ ਫ਼ੈਸਲੇ ਕਿਵੇਂ ਲੈ ਸਕਦੇ ਨੇ? ਅਸੀਂ ਮਹੀਨੇ ਦੇ 30 ਦੇ 30 ਦਿਨ ਕੰਮ ਚਾਹੁੰਦੇ ਹਾਂ।"
ਪੁਣੇ ਜ਼ਿਲ੍ਹੇ ਦੇ ਸ਼ਿਰੂਰ ਤਾਲੁਕਾ ਦੇ ਕੁਰੂਲੀ ਪਿੰਡ ਦੇ ਬਾਹਰੀ ਇਲਾਕੇ ਵਿੱਚ ਉਨ੍ਹਾਂ ਦਾ ਇੱਕ ਕਮਰੇ ਦਾ ਘਰ ਅੱਜ ਸਵੇਰੇ ਖ਼ਾਸ ਤੌਰ 'ਤੇ ਬਹੁਤਾ ਹੀ ਰੁੱਝਿਆ ਜਾਪ ਰਿਹਾ ਹੈ। "ਅਸੀਂ 2004 ਵਿੱਚ ਜਾਲਨਾ ਤੋਂ ਇੱਥੇ ਆਏ ਸਾਂ। ਸਾਡਾ ਆਪਣਾ ਪਿੰਡ ਕਦੇ ਨਹੀਂ ਰਿਹਾ। ਸਾਡੇ ਲੋਕ ਹਮੇਸ਼ਾਂ ਪਿੰਡਾਂ ਦੇ ਬਾਹਰਵਾਰ ਹੀ ਰਿਹਾ ਕਰਦੇ ਸਨ ਕਿਉਂਕਿ ਅਸੀਂ ਘੁੰਮਦੇ (ਪ੍ਰਵਾਸ ਕਰਦੇ) ਰਹਿੰਦੇ ਹਾਂ," ਬਾਬਾਸਾਹੇਬ ਦੱਸਦੇ ਹਨ।
ਹਾਲਾਂਕਿ, ਉਹ ਇਸ ਗੱਲ ਦਾ ਜ਼ਿਕਰ ਨਹੀਂ ਕਰਦੇ ਕਿ ਭੀਲ ਪਾਰਧੀ ਕਬੀਲਾ, ਜਿਸ ਨੂੰ ਬ੍ਰਿਟਿਸ਼ ਕਾਲ ਦੌਰਾਨ 'ਅਪਰਾਧੀ' ਦਾ ਲੇਬਲ ਦਿੱਤਾ ਗਿਆ ਸੀ, ਉਸ ਠੱਪੇ ਤੋਂ ਮੁਕਤ ਹੋਣ ਦੇ 70 ਸਾਲ ਬਾਅਦ ਵੀ ਸਮਾਜਿਕ ਭੇਦਭਾਵ ਦਾ ਸਾਹਮਣਾ ਕਰਦਾ ਹੈ ਅਤੇ ਉਨ੍ਹਾਂ ਨੂੰ ਬਹੁਤ ਸਾਰੀਆਂ ਚੀਜ਼ਾਂ ਤੋਂ ਵਾਂਝੇ ਰੱਖਿਆ ਜਾਂਦਾ ਹੈ। ਮਹਾਰਾਸ਼ਟਰ ਵਿੱਚ ਅਨੁਸੂਚਿਤ ਜਨਜਾਤੀ ਵਜੋਂ ਸੂਚੀਬੱਧ ਹੋਣ ਤੋਂ ਬਾਅਦ ਵੀ, ਉਨ੍ਹਾਂ ਨੂੰ ਅਕਸਰ ਹੁੰਦੇ ਉਤਪੀੜਨ ਕਾਰਨ ਪਰਵਾਸ ਕਰਨਾ ਪੈਂਦਾ ਹੈ।
ਇਹ ਸਪੱਸ਼ਟ ਹੈ ਕਿ ਉਨ੍ਹਾਂ ਨੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਆਪਣੇ ਬਜਟ ਪੇਸ਼ ਕਰਨ ਦੌਰਾਨ ਪ੍ਰਵਾਸ ਦੇ ਮੁੱਦੇ ਬਾਰੇ ਬੋਲਦੇ ਨਹੀਂ ਸੁਣਿਆ। ਜੇ ਉਨ੍ਹਾਂ ਨੇ ਸੁਣਿਆ ਵੀ ਹੁੰਦਾ, ਤਾਂ ਵੀ ਇਸ ਦਾ ਭਾਈਚਾਰੇ 'ਤੇ ਕੋਈ ਅਸਰ ਨਹੀਂ ਪੈਂਦਾ। ਨਿਰਮਲਾ ਸੀਤਾਰਮਨ ਨੇ 2025-26 ਦੇ ਬਜਟ ਭਾਸ਼ਣ 'ਚ ਕਿਹਾ,"ਸਾਡਾ ਟੀਚਾ ਪੇਂਡੂ ਖੇਤਰਾਂ 'ਚ ਲੋੜੀਂਦੇ ਮੌਕੇ ਪ੍ਰਦਾਨ ਕਰਨਾ ਹੈ ਤਾਂ ਜੋ ਪ੍ਰਵਾਸ ਇੱਕ ਵਿਕਲਪ ਹੋਵੇ, ਜ਼ਰੂਰਤ ਨਹੀਂ।"



