ਖੇਤਾਂ ਵਿੱਚ ਕੰਮ ਕਰਦੇ ਖੇਤ-ਮਜ਼ਦੂਰ ਜਾਂ ਉੱਚੀ-ਉੱਚੀ ਗਾਉਂਦੇ ਲੂਣ ਕਿਆਰੀਆਂ ਵਿੱਚ ਕੰਮ ਕਰਨ ਵਾਲ਼ੇ ਜਾਂ ਖੰਦਕਾਂ ਪੁੱਟਣ ਵਾਲ਼ੇ ਮਜ਼ਦੂਰ ਜਾਂ ਆਪਣੀਆਂ ਕਿਸ਼ਤੀਆਂ 'ਤੇ ਸਵਾਰ ਮਛੇਰੇ, ਕੋਈ ਹੈਰਾਨੀਜਨਕ ਦ੍ਰਿਸ਼ ਪੇਸ਼ ਨਹੀਂ ਕਰ ਰਹੇ। ਸਾਡੇ ਰਵਾਇਤੀ ਸਭਿਆਚਾਰਾਂ ਵਿੱਚ, ਸਖ਼ਤ ਸਰੀਰਕ ਮਿਹਨਤ ਅਤੇ ਕਿਸੇ ਖਾਸ ਕਿੱਤੇ ਜਾਂ ਕਿਰਤ ਨਾਲ਼ ਜੁੜੇ ਗੀਤਾਂ ਵਿਚਕਾਰ ਇੱਕ ਅਟੁੱਟ ਬੰਧਨ ਹੈ। ਕਿੱਤਿਆਂ ਨਾਲ਼ ਜੁੜੇ ਲੋਕ ਗੀਤ ਲੰਬੇ ਸਮੇਂ ਤੋਂ ਸਾਡੇ ਸੱਭਿਆਚਾਰ ਦਾ ਹਿੱਸਾ ਰਹੇ ਹਨ। ਕਈ ਵਾਰ, ਇਹ ਗੀਤ ਇਕੱਠੇ ਕੰਮ ਕਰਨ ਵਾਲ਼ੇ ਲੋਕ ਸਮੂਹਾਂ ਨੂੰ ਉਤਸ਼ਾਹਤ ਕਰਨ ਅਤੇ ਤਾਲਮੇਲ ਸਥਾਪਤ ਕਰਨ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਉਂਦੇ ਹਨ ਅਤੇ ਕਈ ਵਾਰ ਉਹ ਆਪਣੇ ਥਕਾਵਟ ਭਰੇ ਕੰਮ ਦੀ ਰੁਟੀਨ, ਦੁੱਖ ਅਤੇ ਬੋਰੀਅਤ ਨੂੰ ਘਟਾਉਣ ਦਾ ਕੰਮ ਕਰਦੇ ਹਨ।
170 ਮੀਟਰ ਲੰਬੀ ਕੱਛ ਦੀ ਖਾੜੀ, ਛੋਟੀਆਂ ਨਦੀਆਂ, ਮੁਹਾਨਿਆਂ ਅਤੇ ਚਿੱਕੜ ਲੱਦੀਆਂ ਜ਼ਮੀਨਾਂ ਵਾਲ਼ਾ ਇਹ ਵਿਸ਼ਾਲ ਅੰਤਰ-ਜਵਾਰ ਖੇਤਰ ਵੱਡੀ ਵਾਤਾਵਰਣ ਪ੍ਰਣਾਲੀ ਅਤੇ ਕਈ ਸਮੁੰਦਰੀ ਜੀਵਾਂ ਦੇ ਪ੍ਰਜਨਨ ਸਥਾਨ ਵਜੋਂ ਵੀ ਕੰਮ ਕਰਦਾ ਹੈ। ਇਸ ਤਟੀ ਖੇਤਰ ਵਿੱਚ ਮੱਛੀ ਫੜ੍ਹਨਾ ਇੱਥੋਂ ਦੀ ਵੱਡੀ ਆਬਾਦੀ ਲਈ ਇੱਕ ਰਵਾਇਤੀ ਕਿੱਤਾ ਹੈ। ਇਹ ਗੀਤ ਮਛੇਰਿਆਂ ਨੂੰ ਦਰਪੇਸ਼ ਚੁਣੌਤੀਆਂ ਨੂੰ ਉਜਾਗਰ ਕਰਦਾ ਹੈ ਜਿਨ੍ਹਾਂ ਦੀ ਰੋਜ਼ੀ-ਰੋਟੀ ਤਟਵਰਤੀ ਖੇਤਰਾਂ ਵਿੱਚ ਚੱਲ ਰਹੀਆਂ ਵਿਕਾਸ ਗਤੀਵਿਧੀਆਂ ਦੇ ਨਾਮ 'ਤੇ ਤਬਾਹੀ ਵੱਲ ਨੂੰ ਜਾ ਰਹੀ ਹੈ।
ਕੱਛ ਦੇ ਮਛੇਰਿਆਂ ਦੀਆਂ ਯੂਨੀਅਨਾਂ, ਬੁੱਧੀਜੀਵੀ ਹਲਕਿਆਂ ਅਤੇ ਕਈ ਹੋਰ ਲੋਕਾਂ ਨੇ ਵੀ ਇਨ੍ਹਾਂ ਗਤੀਵਿਧੀਆਂ ਦੇ ਮਾੜੇ ਪ੍ਰਭਾਵਾਂ ਵਿਰੁੱਧ ਸ਼ਿਕਾਇਤ ਕੀਤੀ ਹੈ। ਉਹ ਮੁੰਦਰਾ ਥਰਮਲ ਪਲਾਂਟ (ਟਾਟਾ) ਅਤੇ ਮੁੰਦਰਾ ਪਾਵਰ ਪ੍ਰੋਜੈਕਟ (ਅਡਾਨੀ ਸਮੂਹ) ਨੂੰ ਤੇਜ਼ੀ ਨਾਲ਼ ਖਤਮ ਹੋ ਰਹੀ ਸਮੁੰਦਰੀ ਵਿਭਿੰਨਤਾ ਲਈ ਜ਼ਿੰਮੇਵਾਰ ਠਹਿਰਾਉਂਦੇ ਹਨ। ਸਭ ਤੋਂ ਵੱਧ ਬੁਰਾ ਪ੍ਰਭਾਵ ਇਸ ਖੇਤਰ ਦੇ ਮਛੇਰਾ ਭਾਈਚਾਰੇ ਨੂੰ ਪਿਆ ਹੈ। ਇੱਥੇ ਪੇਸ਼ ਕੀਤਾ ਗਿਆ ਗੀਤ, ਬਹੁਤ ਹੀ ਸਰਲ ਭਾਸ਼ਾ ਵਿੱਚ, ਇਨ੍ਹਾਂ ਚੁਣੌਤੀਆਂ ਵੱਲ ਇਸ਼ਾਰਾ ਕਰਦਾ ਹੈ।
ਇਸ ਗੀਤ ਨੂੰ ਮੁੰਦਰਾ ਤਾਲੁਕਾ ਦੀ ਜੁਮਾ ਵਾਘੇਰ ਨੇ ਖੂਬਸੂਰਤੀ ਨਾਲ਼ ਗਾਇਆ ਹੈ। ਜੁਮਾ ਖੁਦ ਇੱਕ ਮਛੇਰਾ ਹਨ। ਉਹ ਇਸ ਗਾਣੇ ਦੇ ਮੁੱਖ ਗਾਇਕ ਹਨ ਅਤੇ ਕੋਰਸ ਇਸੇ ਟੇਕ ਨੂੰ ਦੁਹਰਾਉਂਦਾ ਹੈ - ਹੋ ਜਮਾਲੋ (ਸੁਣੋ ਮਛੇਰਿਓ)। ਮਨ ਨੂੰ ਮੋਹ ਲੈਣ ਵਾਲ਼ੇ ਇਸ ਗੀਤ ਦਾ ਸੁਰੀਲਾਪਣ ਸਾਨੂੰ ਤੇਜ਼ੀ ਨਾਲ਼ ਬਦਲ ਰਹੇ ਕੱਛ ਦੇ ਦੂਰ-ਦੁਰਾਡੇ ਤਟਾਂ ਤੱਕ ਖਿੱਚ ਲੈ ਜਾਂਦਾ ਹੈ।



