"ਇਸ ਸ਼ਹਿਰ ਵਿਆਹ ਕਰਵਾਉਣ ਦਾ ਮੈਨੂੰ ਸਦਾ ਅਫ਼ਸੋਸ ਰਹੇਗਾ।''
29 ਸਾਲਾ ਸੱਜ-ਵਿਆਹੀ, ਰੋਜ਼ੀ ਆਪਣਾ ਤਜ਼ਰਬਾ ਸਾਂਝਾ ਕਰ ਰਹੀ ਹਨ। ਅਜਿਹੀ ਰਾਇ ਸਿਰਫ਼ ਉਨ੍ਹਾਂ ਦੀ ਹੀ ਨਹੀਂ ਹੈ। ਸ਼੍ਰੀਨਗਰ ਦੇ ਡਲ ਝੀਲ ਇਲਾਕੇ ਦੇ ਵਸਨੀਕਾਂ ਦਾ ਕਹਿਣਾ ਹੈ ਕਿ ਇੱਥੋਂ ਦੇ ਕਿਸੇ ਵੀ ਵਸਨੀਕ ਨਾਲ਼ ਕੋਈ ਕੁੜੀ ਵਿਆਹ ਨਹੀਂ ਕਰਨਾ ਚਾਹੁੰਦੀ। "ਅਸੀਂ ਪਹਿਲਾਂ ਹੀ ਤਿੰਨ ਥਾਓਂ ਵਿਆਹ ਲਈ ਨਾਂਹ-ਨਾਂਹ ਸੁਣ ਚੁੱਕੇ ਹਾਂ," ਗੁਲਸ਼ਨ ਨਜ਼ੀਰ ਕਹਿੰਦੀ ਹਨ, ਜੋ ਆਪਣੇ ਵੱਡੇ ਬੇਟੇ ਲਈ ਰਿਸ਼ਤਾ ਭਾਲ਼ ਕਰ ਰਹੀ ਹਨ। "ਇੱਥੋਂ ਤੱਕ ਕਿ ਵਿਚੋਲਿਆਂ ਨੇ ਵੀ ਇੱਥੇ ਆਉਣਾ ਬੰਦ ਕਰ ਦਿੱਤਾ ਹੈ।''
ਬਾਰੋ ਮੁਹੱਲੇ ਦੀ ਵਾਸੀ ਇਸ ਮਾਂ ਦਾ ਕਹਿਣਾ ਹੈ ਕਿ ਇਸ ਦਾ ਵੱਡਾ ਕਾਰਨ ਪਾਣੀ ਦੀ ਕਮੀ ਹੈ। ਵਿਡੰਬਨਾ ਦੇਖੋ ਇਸ ਥਾਵੇਂ ਰਾਜ ਦੀ ਸਭ ਤੋਂ ਵੱਡੀ ਤਾਜ਼ੇ ਪਾਣੀ ਦੀ ਝੀਲ ਮੌਜੂਦ ਹੈ।
"ਨੌਂ ਸਾਲ ਪਹਿਲਾਂ, ਅਸੀਂ ਆਪਣੀਆਂ ਕਿਸ਼ਤੀਆਂ ਲੈ ਕੇ ਡਲ ਝੀਲ ਵਿੱਚ ਵੱਖ-ਵੱਖ ਥਾਵਾਂ ਤੋਂ ਪਾਣੀ ਇਕੱਠਾ ਕਰਿਆ ਕਰਦੇ," ਮੁਸ਼ਤਾਕ ਅਹਿਮਦ ਕਹਿੰਦੇ ਹਨ, ਜੋ ਕਾਰਪੇਂਟਰ ਦਾ ਕੰਮ ਕਰਦੇ ਹਨ। "ਉਸ ਸਮੇਂ ਪਾਣੀ ਦੇ ਟੈਂਕਰ ਨਹੀਂ ਸਨ ਹੁੰਦੇ।''
ਪਰ ਪਿਛਲੇ ਇੱਕ ਦਹਾਕੇ ਤੋਂ, ਮੁਸ਼ਤਾਕ ਸਵੇਰੇ 9 ਵਜੇ ਮੁੱਖ ਸੜਕ 'ਤੇ ਆਉਣ ਵਾਲ਼ੇ ਸਰਕਾਰੀ ਪਾਣੀ ਦੇ ਟੈਂਕਰਾਂ ਦੀ ਉਡੀਕ ਕਰ ਰਹੇ ਹਨ। ਗੁਡੂ ਮੁਹੱਲੇ ਵਿੱਚ ਰਹਿਣ ਵਾਲ਼ਾ ਉਨ੍ਹਾਂ ਦਾ 10 ਮੈਂਬਰੀ ਪਰਿਵਾਰ ਉਨ੍ਹਾਂ 'ਤੇ ਹੀ ਨਿਰਭਰ ਹੈ। ਸਥਿਤੀ ਨੂੰ ਸੁਖਾਲਾ ਬਣਾਉਣ ਲਈ, ਉਨ੍ਹਾਂ ਨੇ ਪਾਣੀ ਸਟੋਰ ਕਰਨ ਵਾਲ਼ੀਆਂ ਟੈਂਕੀਆਂ ਵੀ ਖਰੀਦੀਆਂ ਅਤੇ 20,000-25,000 ਰੁਪਏ ਦੀ ਲਾਗਤ ਨਾਲ਼ ਪਾਈਪਲਾਈਨ ਵਿਛਾਈ। "ਇਹ ਪ੍ਰਣਾਲੀ ਉਦੋਂ ਹੀ ਕੰਮ ਕਰੇਗੀ ਜਦੋਂ ਬਿਜਲੀ ਹੋਵੇਗੀ, ਜੋ ਕਸ਼ਮੀਰ ਵਿੱਚ ਸਰਦੀਆਂ ਵੇਲ਼ੇ ਦੀ ਇੱਕ ਵੱਡੀ ਸਮੱਸਿਆ ਹੈ," ਉਹ ਕਹਿੰਦੇ ਹਨ। ਇਸ ਮਹੀਨੇ (ਮਾਰਚ) ਟਰਾਂਸਫਾਰਮਰ ਵਿੱਚ ਖ਼ਰਾਬੀ ਕਾਰਨ ਉਨ੍ਹਾਂ ਨੂੰ ਮੁੜ ਬਾਲਟੀਆਂ ਵਿੱਚ ਪਾਣੀ ਢੋਹਣਾ ਪਿਆ।
ਮੁਰਸ਼ਿਦਾਬਾਦ ਜ਼ਿਲ੍ਹੇ ਦੀ ਬੇਗੁਨਬਾੜੀ ਗ੍ਰਾਮ ਪੰਚਾਇਤ ਦੀ ਇੱਕ ਬਸਤੀ ਹਿਜੁਲੀ ਦੇ ਵਸਨੀਕ ਪਾਣੀ ਲਈ ਟੈਂਕਰਾਂ 'ਤੇ ਨਿਰਭਰ ਕਰਦੇ ਹਨ। ਪਰ ਇੱਥੇ ਪਾਣੀ ਦੀ ਸਪਲਾਈ ਨਿੱਜੀ ਹੱਥਾਂ ਵਿੱਚ ਹੈ। ਪੱਛਮੀ ਬੰਗਾਲ 'ਚ 20 ਲੀਟਰ ਪਾਣੀ ਦੀ ਕੀਮਤ 10 ਰੁਪਏ ਹੈ।
"ਸਾਡੇ ਕੋਲ਼ ਕੋਈ ਵਿਕਲਪ ਨਹੀਂ ਹੈ। ਇਹ ਉਹ ਪਾਣੀ ਹੈ ਜੋ ਅਸੀਂ ਖਰੀਦਦੇ ਹਾਂ। ਜੇ ਤੁਸੀਂ ਇਹ ਮੌਕਾ ਵੀ ਗੁਆ ਲਿਆ ਤਾਂ ਪੀਣ ਲਈ ਦੋਬਾਰਾ ਪਾਣੀ ਨਹੀਂ ਮਿਲ਼ੇਗਾ," ਲਾਲ ਬਾਨੋ ਬੀਬੀ ਕਹਿੰਦੀ ਹਨ।
ਇਹ ਸਪੱਸ਼ਟ ਹੈ ਕਿ ਰੋਜ਼ੀ, ਮੁਸ਼ਤਾਕ ਅਤੇ ਲਾਲ ਬਾਨੋ ਉਨ੍ਹਾਂ ਲੋਕਾਂ ਵਿੱਚ ਸ਼ਾਮਲ ਹਨ ਜਿਨ੍ਹਾਂ ਨੂੰ ਕੇਂਦਰ ਸਰਕਾਰ ਦੀ ਜਲ ਜੀਵਨ ਮਿਸ਼ਨ (ਜੇਜੇਐੱਮ) ਯੋਜਨਾ ਦਾ ਲਾਭ ਨਹੀਂ ਮਿਲਿਆ ਹੈ। ਜੇਜੇਐੱਮ ਦੀ ਵੈੱਬਸਾਈਟ ਮੁਤਾਬਕ 75 ਫੀਸਦੀ ਪੇਂਡੂ ਘਰਾਂ (19 ਕਰੋੜ) ਕੋਲ਼ ਪੀਣ ਵਾਲ਼ਾ ਸਾਫ਼ ਪਾਣੀ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ 2019 'ਚ 3.5 ਲੱਖ ਕਰੋੜ ਰੁਪਏ ਦੇ ਖਰਚ ਨਾਲ਼ ਪੰਜ ਸਾਲਾਂ 'ਚ ਟੂਟੀਆਂ ਦੀ ਗਿਣਤੀ ਤਿੰਨ ਗੁਣਾ ਹੋ ਗਈ ਹੈ ਅਤੇ ਇਸ ਤਰ੍ਹਾਂ ਅੱਜ 46 ਫੀਸਦੀ ਪੇਂਡੂ ਘਰਾਂ 'ਚ ਨਲ ਦੇ ਪਾਣੀ ਦੇ ਕੁਨੈਕਸ਼ਨ ਹਨ।
ਸਾਲ 2017-18 'ਚ ਬਿਹਾਰ ਸਰਕਾਰ ਦੀ ਸਾਤ ਨਿਸ਼ਚਯ ਯੋਜਨਾ ਤਹਿਤ ਬਿਹਾਰ ਦੇ ਅਕਬਰਪੁਰ 'ਚ ਚਿੰਤਾ ਦੇਵੀ ਅਤੇ ਸੁਸ਼ੀਲਾ ਦੇਵੀ ਪਿੰਡ 'ਚ ਟੂਟੀਆਂ ਲਗਾਈਆਂ ਗਈਆਂ ਸਨ। "ਨਲ਼ [ਟੂਟੀ] ਛੇ-ਸੱਤ ਸਾਲ ਪਹਿਲਾਂ ਲਗਾਇਆ ਗਿਆ ਸੀ। ਇੱਕ ਟੈਂਕ ਵੀ ਬਣਾਇਆ ਗਿਆ ਸੀ। ਪਰ ਹੁਣ ਤੱਕ ਇਨ੍ਹਾਂ ਟੂਟੀਆਂ ਵਿੱਚੋਂ ਪਾਣੀ ਦੀ ਇੱਕ ਬੂੰਦ ਵੀ ਨਹੀਂ ਨਿਕਲ਼ੀ ਹੈ," ਚਿੰਤਾ ਦੇਵੀ ਕਹਿੰਦੀ ਹਨ।
ਉਨ੍ਹਾਂ ਨੂੰ ਪਾਣੀ ਨਾ ਮਿਲ਼ਣ ਦਾ ਕਾਰਨ ਇਹ ਹੈ ਕਿ ਉਹ ਦਲਿਤ ਹਨ। ਚਿੰਤਾ ਅਤੇ ਸੁਸ਼ੀਲਾ ਵਰਗੇ ਲਗਭਗ 40 ਦਲਿਤ ਪਰਿਵਾਰਾਂ ਕੋਲ਼ ਅਜੇ ਵੀ ਪਾਣੀ ਨਹੀਂ ਪਹੁੰਚਿਆ। ਪਰ ਪਿੰਡ ਦੇ ਉੱਚ ਜਾਤੀ ਦੇ ਘਰਾਂ ਨੂੰ ਪਾਣੀ ਦੇ ਕੁਨੈਕਸ਼ਨ ਮਿਲ਼ ਗਏ ਹਨ। ਟੂਟੀਆਂ ਦਾ ਸੁੱਕੇ ਹੋਣਾ ਪਿੰਡ ਵਿੱਚ ਜਾਤ ਦਾ ਪ੍ਰਤੀਕ ਹਨ।
ਅਕਬਰਪੁਰ ਦੀ ਦਲਿਤ ਕਲੋਨੀ ਵਿੱਚ, ਜਿੱਥੇ ਉਹ ਰਹਿੰਦੇ ਹਨ, ਸਿਰਫ਼ ਇੱਕ ਹੈਂਡ ਪੰਪ (ਨਲ਼ਕਾ) ਹੈ, ਜਿਸ ਦੀ ਵਰਤੋਂ ਜ਼ਿਆਦਾਤਰ ਮੁਸਾਹਰ ਅਤੇ ਚਮਾਰ ਭਾਈਚਾਰੇ ਦੁਆਰਾ ਕੀਤੀ ਜਾਂਦੀ ਹੈ। (ਰਾਜ ਵਿੱਚ ਕ੍ਰਮਵਾਰ ਸਭ ਤੋਂ ਪੱਛੜੀਆਂ ਜਾਤੀਆਂ ਅਤੇ ਅਨੁਸੂਚਿਤ ਜਾਤੀਆਂ ਵਜੋਂ ਸੂਚੀਬੱਧ)।
ਇਹ ਨਲ਼ਕਾ ਅਕਸਰ ਟੁੱਟ ਜਾਂਦਾ ਹੈ। ਅਜਿਹੇ ਮਾਮਲਿਆਂ ਵਿੱਚ, "ਅਸੀਂ ਸਾਰੇ ਇਸ ਦੀ ਮੁਰੰਮਤ ਕਰਵਾਉਣ ਲਈ ਕੁਝ ਪੈਸਾ ਲਗਾਉਂਦੇ ਹਾਂ," ਨਾਲੰਦਾ ਜ਼ਿਲ੍ਹੇ ਦੀ ਇਸ ਕਲੋਨੀ ਦੀ ਵਸਨੀਕ, 60 ਸਾਲਾ ਚਿੰਤਾ ਕਹਿੰਦੀ ਹਨ। ਉਨ੍ਹਾਂ ਕੋਲ਼ ਇੱਕੋ ਵਿਕਲਪ ਬਚਿਆ ਹੈ ਕਿ ਪਾਣੀ ਲਈ ਪਿੰਡ ਦੀ ਉੱਚ ਜਾਤੀ ਯਾਦਵ ਨਾਲ਼ ਰਾਬਤਾ ਕਰਨ। ਪਰ ਉਨ੍ਹਾਂ ਵੱਲੋਂ ਤਾਂ ਸ਼ੁਰੂ ਤੋਂ ਕੋਰਾ ਜਵਾਬ ਹੀ ਮਿਲ਼ਦਾ ਆਇਆ ਹੈ।
ਨੈਸ਼ਨਲ ਕੈਂਪੇਨ ਆਨ ਦਲਿਤ ਹਿਊਮਨ ਰਾਈਟਸ (ਐਨਸੀਡੀਐਚਆਰ) ਦੁਆਰਾ ਕੀਤੇ ਗਏ ਇੱਕ ਅਧਿਐਨ ਅਨੁਸਾਰ, ਭਾਰਤ ਵਿੱਚ, ਸਾਰੇ ਪਿੰਡਾਂ ਵਿੱਚ ਲਗਭਗ ਅੱਧੇ (48.4 ਪ੍ਰਤੀਸ਼ਤ) ਦਲਿਤਾਂ ਨੂੰ ਪਾਣੀ ਦੇ ਸਰੋਤਾਂ ਤੱਕ ਪਹੁੰਚ ਬਣਾਉਣ ਤੋਂ ਵਾਂਝਾ ਰੱਖਿਆ ਜਾਂਦਾ ਹੈ ਅਤੇ 20 ਪ੍ਰਤੀਸ਼ਤ ਤੋਂ ਵੱਧ ਦੀ ਪੀਣ ਵਾਲ਼ੇ ਸਾਫ਼ ਪਾਣੀ ਤੱਕ ਪਹੁੰਚ ਨਹੀਂ ਹੈ।
ਮਹਾਰਾਸ਼ਟਰ ਦੇ ਪਾਲਘਰ ਦੇ ਕੇ ਠਾਕੁਰ ਆਦਿਵਾਸੀ ਰਾਕੂ ਨਾਦਾਗੇ ਅਨੁਸਾਰ, ਆਦਿਵਾਸੀਆਂ ਨੂੰ ਵੀ ਅਜਿਹੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਪਣੇ ਪਿੰਡ ਗੋਂਡੇ ਖ. ਵਿਖੇ, ਉਹ ਦੱਸਦੀ ਹਨ, "ਟੈਂਕਰ ਕਦੇ ਵੀ ਪਾਣੀ ਦੇਣ ਨਹੀਂ ਆਏ।'' ਜਦੋਂ ਸਥਾਨਕ ਖੂਹ, ਜੋ ਗਰਮੀਆਂ ਵਿੱਚ 1,137 ਲੋਕਾਂ ਨੂੰ ਪਾਣੀ ਮੁਹੱਈਆ ਕਰਵਾਉਂਦਾ ਹੈ, ਸੁੱਕ ਜਾਂਦਾ ਹੈ, ਤਾਂ ਉਹ ਕਹਿੰਦੀ ਹਨ, "ਦੋ ਕਲਸ਼ (ਘੜੇ) ਲਿਆਉਣ ਲਈ ਵੀ ਜੰਗਲ ਦਾ ਰਾਹ ਫੜ੍ਹਨ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਰਹਿੰਦਾ। ਇੱਕ ਘੜਾ ਸਿਰ 'ਤੇ ਅਤੇ ਦੂਜਾ ਢਾਕੇ ਲਾਇਆ ਹੁੰਦਾ ਹੈ। ਪੂਰਾ ਰਸਤਾ ਵੀ ਕੱਚਾ ਹੈ।''
ਪਾਣੀ ਲਿਆਉਣ ਲਈ ਕੁੱਲ ਤਿੰਨ ਗੇੜੇ ਲਾਉਣੇ ਪੈਂਦੇ ਹਨ। ਕਰੀਬ 30 ਕਿਲੋਮੀਟਰ ਦੀ ਇਸ ਪੈਦਲ ਵਾਟ 'ਤੇ ਕੋਈ 9 ਘੰਟੇ ਲੱਗਦੇ ਹਨ ਤੇ ਜੋ ਰਾਕੂ ਦੇ ਪਰਿਵਾਰ ਦੀ ਇੱਕ ਦਿਨ ਦੀ ਪਾਣੀ ਦੀ ਵਰਤੋਂ ਲਈ ਜ਼ਰੂਰੀ ਵੀ ਹੈ।
*****
ਕਕਰੰਬਾ ਪਿੰਡ ਦੇ ਵਸਨੀਕ ਸ਼ਿਵਮੂਰਤੀ ਸਾਠੇ ਨੇ ਆਪਣੀ ਜ਼ਿੰਦਗੀ ਦੇ ਛੇ ਦਹਾਕਿਆਂ ਵਿੱਚ ਪੰਜ ਸੋਕੇ ਦੇਖੇ ਹਨ।
ਉਹ ਕਹਿੰਦੇ ਹਨ ਕਿ ਮਹਾਰਾਸ਼ਟਰ ਦੇ ਤੁਲਜਾਪੁਰ ਇਲਾਕੇ ਵਿੱਚ, ਪਿਛਲੇ ਦੋ ਦਹਾਕਿਆਂ ਵਿੱਚ ਉਪਜਾਊ ਜ਼ਮੀਨ ਵੀ ਬੰਜਰ ਬਣ ਗਈ ਹੈ; ਘਾਹ ਦੀ ਇੱਕ ਵੀ ਤਿੜ ਤੱਕ ਨਹੀਂ ਉੱਗੀ। ਇਸ ਸਭ ਕਾਸੇ ਲਈ ਉਹ ਟਰੈਕਟਰਾਂ ਦੀ ਵਰਤੋਂ ਨੂੰ ਜ਼ਿੰਮੇਵਾਰ ਠਹਿਰਾਉਂਦੇ ਹਨ: "ਹਲਾਂ ਅਤੇ ਬਲਦਾਂ ਦੀ ਵਰਤੋਂ ਕਰਦੇ ਸਮੇਂ, ਮਿੱਟੀ ਵਿਚਲਾ ਘਾਹ ਵਾਸਨ [ਕੁਦਰਤੀ ਬੰਨ੍ਹ] ਬਣਦਾ ਜਾਂਦਾ ਜਿਸ ਰਾਹੀਂ ਪਾਣੀ ਘੱਟ ਲੱਗਦਾ ਸੀ ਤੇ ਜ਼ਮੀਨ ਵਿੱਚ ਰਿਸਦਾ ਵੀ ਰਹਿੰਦਾ ਸੀ। ਦੂਜੇ ਪਾਸੇ, ਟਰੈਕਟਰ ਮਿੱਟੀ ਨੂੰ ਭੋਰ (ਪੂਰੀ ਤਰ੍ਹਾਂ ਬਾਹਰ ਕੱਢਣਾ) ਦਿੰਦੇ ਹਨ ਅਤੇ ਪਾਣੀ ਨੂੰ ਸਿੱਧੇ ਦੂਜੇ ਸਿਰੇ ਤੱਕ ਲੈ ਜਾਂਦੇ ਹਨ।
ਉਹ 1972 ਦੇ ਸਮੇਂ ਨੂੰ ਯਾਦ ਕਰਦੇ ਹਨ ਜਦੋਂ ਉਹ ਨੌਂ ਸਾਲ ਦੇ ਸਨ ਤੇ ਉਨ੍ਹਾਂ ਦੀ ਜ਼ਿੰਦਗੀ ਦਾ "ਪਹਿਲਾ ਅਤੇ ਸਭ ਤੋਂ ਵੱਡਾ ਅਕਾਲ ਪਿਆ ਸੀ। ਉਦੋਂ ਪਾਣੀ ਤਾਂ ਸੀ ਪਰ ਭੋਜਨ ਨਹੀਂ ਸੀ। ਉਸ ਤੋਂ ਬਾਅਦ, ਸਥਿਤੀ ਕਦੇ ਵੀ ਪਹਿਲਾਂ ਜਿਹੀ ਨਾ ਹੋਈ।" ਸਾਠੇ ਕਾਕਾ ਤੁਲਜਾਪੁਰ ਕਸਬੇ ਦੀ ਐਤਵਾਰੀ ਮੰਡੀ ਵਿੱਚ ਸਬਜ਼ੀਆਂ ਅਤੇ ਚੀਕੂ ਵੇਚਦੇ ਹਨ। 2014 ਦੇ ਅਕਾਲ ਵਿੱਚ ਉਨ੍ਹਾਂ ਨੇ ਆਪਣਾ ਇੱਕ ਏਕੜ ਅੰਬ ਦਾ ਬਾਗ ਗੁਆ ਲਿਆ। "ਪਹਿਲਾਂ ਅਸੀਂ ਅੰਨ੍ਹੇਵਾਹ ਧਰਤੀ ਹੇਠਲੇ ਪਾਣੀ ਦੀ ਵਰਤੋਂ ਕੀਤੀ ਅਤੇ ਫਿਰ ਧਰਤੀ ਦੀ ਹਿੱਕ ਨੂੰ ਜ਼ਹਿਰੀਲੇ ਰਸਾਇਣਾਂ ਨਾਲ਼ ਲੂਹ ਸੁੱਟਿਆ ਤੇ ਇੰਝ ਧਰਤੀ ਹੇਠਲਾ ਪਾਣੀ ਜ਼ਹਿਰੀਲਾ ਹੁੰਦਾ ਚਲਾ ਗਿਆ।"
ਅਸੀਂ ਮਾਰਚ ਵਿੱਚ ਉਨ੍ਹਾਂ ਨਾਲ਼ ਗੱਲ ਕੀਤੀ। ਉਨ੍ਹਾਂ ਕਿਹਾ,"ਅਸੀਂ ਮਈ 'ਚ ਪ੍ਰੀ-ਮੌਨਸੂਨ ਬਾਰਸ਼ ਹੋਣ ਦੀ ਉਮੀਦ ਲਾਈ ਹੋਈ ਹੈ। ਜੇਕਰ ਇੰਝ ਨਾ ਹੋਇਆ ਤਾਂ ਇਸ ਸਾਲ ਸਥਿਤੀ ਖ਼ਰਾਬ ਹੋ ਜਾਵੇਗੀ।" ਪੀਣ ਵਾਲ਼ਾ ਪਾਣੀ ਤਾਂ ਪਹਿਲਾਂ ਹੀ ਮੁਸ਼ਕਲ ਮਿਲ਼ਦਾ ਹੈ। "ਅਸੀਂ 300 ਰੁਪਏ ਵਿੱਚ 1,000 ਲੀਟਰ ਪਾਣੀ ਖਰੀਦ ਰਹੇ ਹਾਂ। ਸਾਨੂੰ ਇਨਸਾਨਾਂ ਨੂੰ ਨਾ ਸਿਰਫ਼ ਆਪਣੇ ਲਈ, ਬਲਕਿ ਪਸ਼ੂਆਂ ਲਈ ਵੀ ਪਾਣੀ ਦੀ ਲੋੜ ਹੈ।"
ਸਵਾਮੀਨਾਥਨ ਕਮਿਸ਼ਨ ਦੀ ਪਹਿਲੀ ਰਿਪੋਰਟ ਦੱਸਦੀ ਹੈ ਕਿ ਚਾਰੇ ਦੀ ਘਾਟ, ਜਿਸ ਕਾਰਨ ਪਸ਼ੂਆਂ ਦੀ ਮੌਤ ਹੋ ਜਾਂਦੀ ਹੈ, ਨੇ ਕਿਸਾਨਾਂ ਲਈ ਅਗਲੇ ਸੀਜ਼ਨ ਵਿੱਚ ਪੈਦਾ ਹੋਣ ਵਾਲ਼ੀਆਂ ਅਣਕਿਆਸੀ ਸਥਿਤੀਆਂ ਨਾਲ਼ ਨਜਿੱਠਣਾ ਹੋਰ ਵੀ ਮੁਸ਼ਕਲ ਬਣਾ ਦਿੱਤਾ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ, "ਇਸ ਤਰ੍ਹਾਂ ਸੋਕਾ ਹੁਣ ਕੋਈ ਆਰਜ਼ੀ ਵਰਤਾਰਾ ਨਹੀਂ ਰਹਿਣਾ, ਸਗੋਂ ਇਹਨੂੰ ਪੱਥਰ 'ਤੇ ਲੀਕ ਸਮਝਣਾ ਚਾਹੀਦਾ ਹੈ।''
2023 ਵਿੱਚ, ਜੂਨ ਤੋਂ ਸਤੰਬਰ ਤੱਕ, ਧਾਰਾਸ਼ਿਵ (ਪਹਿਲਾਂ ਓਸਮਾਨਾਬਾਦ) ਜ਼ਿਲ੍ਹੇ ਦੇ ਤੁਲਜਾਪੁਰ ਬਲਾਕ ਵਿੱਚ 570.3 ਮਿਲੀਮੀਟਰ ਬਾਰਸ਼ (ਆਮ 653 ਮਿਲੀਮੀਟਰ ਸਾਲਾਨਾ) ਹੋਈ। ਇਸ ਵਿੱਚੋਂ ਅੱਧੇ ਤੋਂ ਵੱਧ ਬਾਰਸ਼ ਜੁਲਾਈ ਦੇ 16 ਦਿਨਾਂ ਵਿੱਚ ਹੋ ਗਈ। ਜੂਨ, ਅਗਸਤ ਅਤੇ ਅਕਤੂਬਰ ਵਿੱਚ 3-4 ਹਫ਼ਤਿਆਂ ਤੱਕ ਚੱਲੇ ਖੁਸ਼ਕ ਮੌਸਮ ਨੇ ਜ਼ਮੀਨ ਨੂੰ ਲੋੜੀਂਦੀ ਨਮੀ ਤੋਂ ਵਾਂਝਾ ਕਰ ਦਿੱਤਾ; ਨਤੀਜੇ ਵਜੋਂ, ਜਲ ਸਰੋਤ ਮੁੜ ਭਰ ਨਾ ਸਕੇ।
ਇੰਝ ਕਕਰੰਬਾ ਦੇ ਕਿਸਾਨ ਸੰਘਰਸ਼ ਕਰ ਰਹੇ ਹਨ: ''ਸਾਨੂੰ ਆਪਣੀ ਲੋੜ ਦਾ ਮਸਾਂ 5-10 ਫ਼ੀਸਦ ਹੀ ਪਾਣੀ ਮਿਲ਼ਦਾ ਹੈ। ਪਿੰਡ ਵਿਖੇ ਤੁਰਦਿਆਂ ਤੁਸੀਂ ਘੜਿਆਂ ਤੇ ਹਾਂਡਿਆਂ ਦੀ ਲੰਬੀ ਕਤਾਰ ਦੇਖੋਗੇ,'' ਉਨ੍ਹਾਂ ਨੇ ਪਾਰੀ ਰਿਪੋਰਟ ਨੂੰ ਸੁਚੇਤ ਕਰਦਿਆਂ ਕਿਹਾ।
''ਇਹ ਸੋਕਾ ਮਨੁੱਖ ਨੇ ਸਹੇੜਿਆ ਹੈ,'' ਸੇਠਾ ਕਾਕਾ ਕਹਿੰਦੇ ਹਨ।
ਮੁਰਸ਼ਿਦਾਬਾਦ ਜ਼ਿਲ੍ਹੇ ਦੇ ਸੰਕਟ ਨੂੰ ਹੀ ਲਓ ਜਿੱਥੇ ਧਰਤੀ ਹੇਠਲਾ ਪਾਣੀ ਆਰਸੈਨਿਕ ਨਾਲ਼ ਦੂਸ਼ਿਤ ਹੈ। ਪੱਛਮੀ ਬੰਗਾਲ ਦੇ ਗੰਗਾ ਦੇ ਵਿਸ਼ਾਲ ਮੈਦਾਨਾਂ ਵਿੱਚ ਭਾਗੀਰਥੀ ਨਦੀ ਦੇ ਕੰਢੇ ਸਥਿਤ ਮਿੱਠੇ ਪਾਣੀ ਦੇ ਟਿਊਬਵੈੱਲ ਤੇਜ਼ੀ ਨਾਲ਼ ਸੁੱਕ ਰਹੇ ਹਨ।
ਲੋਕ ਟਿਊਬਵੈੱਲਾਂ 'ਤੇ ਨਿਰਭਰ ਸਨ ਕਿਉਂਕਿ ਬੇਗੁਨਬਾੜੀ ਗ੍ਰਾਮ ਪੰਚਾਇਤ ਕੋਲ਼ ਸਪਲਾਈ ਦੇ ਪਾਣੀ ਦਾ ਪ੍ਰਬੰਧ ਨਹੀਂ ਹੈ (ਆਬਾਦੀ: 10,983, ਮਰਦਮਸ਼ੁਮਾਰੀ 2011)। "ਅਸੀਂ ਟਿਊਬਵੈੱਲਾਂ ਦੀ ਵਰਤੋਂ ਕਰਦੇ ਹਾਂ, ਪਰ ਹੁਣ [2023] ਸਾਰੇ ਸੁੱਕ ਗਏ ਹਨ," ਰੌਸ਼ਨਾਰਾ ਬੀਬੀ ਕਹਿੰਦੀ ਹਨ। "ਜਿਵੇਂ ਕਿ ਇੱਥੇ ਬੇਲਡਾਂਗਾ-1 ਬਲਾਕ ਦੇ ਜਲ ਸਰੋਤਾਂ ਨਾਲ਼ ਹੋਈ ਬੀਤੀ। ਛੱਪੜ ਵੀ ਤੇਜ਼ੀ ਨਾਲ਼ ਅਲੋਪ ਰਹੇ ਹਨ।'' ਉਹ ਕਹਿੰਦੀ ਹਨ ਕਿ ਇਹ ਕਿੱਲਤ ਮੀਂਹ ਦੀ ਕਮੀ ਦੇ ਨਾਲ਼-ਨਾਲ਼ ਧਰਤੀ ਹੇਠਲੇ ਪਾਣੀ ਨੂੰ ਅੰਨ੍ਹੇਵਾਹ ਪੰਪਾਂ ਨਾਲ਼ ਬਾਹਰ ਖਿੱਚਦੇ ਰਹਿਣ ਕਾਰਨ ਹੁੰਦੀ ਹੈ।
2017 ਦੀ ਇਹ ਰਿਪੋਰਟ ਕਹਿੰਦੀ ਹੈ ਕਿ ਇਹ ਧਰਤੀ ਹੇਠਲਾ ਪਾਣੀ ਹੀ ਹੈ ਜੋ ਭਾਰਤ ਵਿੱਚ ਖੇਤੀਬਾੜੀ ਅਤੇ ਘਰੇਲੂ ਵਰਤੋਂ ਦੋਵਾਂ ਲਈ ਇੱਕ ਪ੍ਰਮੁੱਖ ਸਰੋਤ ਹੈ, ਜੋ ਪੇਂਡੂ ਜਲ ਸਪਲਾਈ ਵਿੱਚ 85 ਪ੍ਰਤੀਸ਼ਤ ਯੋਗਦਾਨ ਪਾਉਂਦਾ ਹੈ।
ਜਹਾਨਾਰਾ ਬੀਬੀ ਦੱਸਦੀ ਹਨ ਕਿ ਇੱਥੇ ਧਰਤੀ ਹੇਠਲੇ ਪਾਣੀ ਦੀ ਜ਼ਿਆਦਾ ਵਰਤੋਂ ਮਗਰ ਮਾਨਸੂਨ ਦੌਰਾਨ ਮੀਂਹ ਦੀ ਲਗਾਤਾਰ ਘਾਟ ਦਾ ਰਹਿਣਾ ਹੈ। ਹਿਜੁਲੀ ਬਸਤੀ ਦੀ ਰਹਿਣ ਵਾਲ਼ੀ 45 ਸਾਲਾ ਔਰਤ ਦਾ ਵਿਆਹ ਜੂਟ ਦੀ ਕਾਸ਼ਤ ਕਰਨ ਵਾਲ਼ੇ ਪਰਿਵਾਰ ਵਿੱਚ ਹੋਇਆ ਹੈ। "ਫ਼ਸਲ ਦੀ ਕਟਾਈ ਤਾਂ ਹੀ ਕੀਤੀ ਜਾ ਸਕਦੀ ਹੈ ਜੇ ਰੇਸ਼ੇ ਵੱਖ ਕਰਨ ਵਾਲ਼ੀ ਅਗਲੀ ਪ੍ਰਕਿਰਿਆ ਲਈ ਲੋੜੀਂਦਾ ਪਾਣੀ ਹੋਵੇ। ਇੱਕ ਵਾਰ ਕਟਾਈ ਹੋਣ ਤੋਂ ਬਾਅਦ, ਜੂਟ ਐਂਵੇਂ ਰੱਖਿਆ ਨਹੀਂ ਜਾ ਸਕਦਾ, ਇਹ ਨਸ਼ਟ ਹੋ ਜਾਂਦਾ ਹੈ।''
ਬੇਲਡਾਂਗਾ-1 ਬਲਾਕ ਵਿਖੇ ਅਗਸਤ 2023 ਦੇ ਅਖੀਰ ਵਿੱਚ ਖੇਤਾਂ ਵਿੱਚ ਖੜ੍ਹੀ ਜੂਟ ਦੀ ਪੱਕੀ ਫ਼ਸਲ, ਜਿਹਦੀ ਜ਼ਮੀਨ ਖ਼ੁਸ਼ਕ ਹੈ, ਮਾਨਸੂਨ ਦੀ ਬਾਰਸ਼ ਵਿੱਚ ਭਾਰੀ ਕਮੀ ਦਾ ਸਬੂਤ ਹੈ।
ਪਰ ਵਸਨੀਕਾਂ ਨੇ ਪਾਰੀ ਨੂੰ ਦੱਸਿਆ ਕਿ ਆਰਸੈਨਿਕ ਪ੍ਰਦੂਸ਼ਣ ਕਾਰਨ ਇਨ੍ਹਾਂ ਖੇਤਰਾਂ ਵਿੱਚ ਟਿਊਬਵੈੱਲਾਂ ਦੇ ਪਾਣੀ 'ਤੇ ਭਰੋਸਾ ਨਹੀਂ ਕੀਤਾ ਜਾ ਸਕਦਾ। ਜਦੋਂ ਧਰਤੀ ਹੇਠਲੇ ਪਾਣੀ ਵਿੱਚ ਆਰਸੈਨਿਕ ਦੀ ਗੱਲ ਆਉਂਦੀ ਹੈ ਤਾਂ ਮੁਰਸ਼ਿਦਾਬਾਦ ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹਿਆਂ ਵਿੱਚੋਂ ਇੱਕ ਬਣ ਕੇ ਉੱਭਰਦਾ ਹੈ, ਇਹ ਪਾਣੀ ਚਮੜੀ ਨੂੰ ਰੋਗੀ ਬਣਾਉਣ ਦੇ ਨਾਲ਼-ਨਾਲ਼ ਨਿਊਰੋਲੋਜੀਕਲ ਅਤੇ ਜਣਨ ਸਿਹਤ ਨੂੰ ਵੀ ਪ੍ਰਭਾਵਤ ਕਰਦਾ ਹੈ।
ਪਰ ਆਰਸੈਨਿਕ ਦੂਸ਼ਿਤਤਾ ਬਾਰੇ ਵੱਧ ਰਹੀ ਜਾਗਰੂਕਤਾ ਦੇ ਨਾਲ਼, ਇਹ ਕੰਮ ਰੁੱਕ ਗਿਆ ਹੈ। ਹਾਲਾਂਕਿ, ਲੋਕਾਈ ਹੁਣ ਪਾਣੀ ਲਈ ਪੂਰੀ ਤਰ੍ਹਾਂ ਨਿੱਜੀ ਡੀਲਰਾਂ 'ਤੇ ਨਿਰਭਰ ਹੋ ਕੇ ਰਹਿ ਗਈ ਹੈ। ਵਿਡੰਬਨਾ ਇਹ ਹੈ ਕਿ ਕੋਈ ਨਹੀਂ ਜਾਣਦਾ ਕਿ ਉਹ ਡੀਲਰਾਂ ਤੋਂ ਜੋ ਪਾਣੀ ਖ਼ਰੀਦ ਰਹੇ ਹਨ ਉਹ ਸੁਰੱਖਿਅਤ ਹੈ ਵੀ ਜਾਂ ਨਹੀਂ।
ਪਾਣੀ ਦੇ ਟੈਂਕਰਾਂ ਕਾਰਨ ਕੁਝ ਬੱਚਿਆਂ ਨੂੰ ਸਕੂਲ ਛੱਡਣੇ ਪੈਂਦੇ ਹਨ, ਜਿਵੇਂ ਕਿ ਬੇਗੁਨਬਾੜੀ ਹਾਈ ਸਕੂਲ ਦਾ ਪੰਜਵੀਂ ਜਮਾਤ ਦਾ ਵਿਦਿਆਰਥੀ ਅਤੇ ਹਿਜੂਲੀ ਦਾ ਵਸਨੀਕ, ਰੱਜੂ। ਉਹ ਮਾਪਿਆਂ ਦੀ ਮਦਦ ਕਰਨ ਲਈ ਨਲ਼ਕਾ ਗੇੜ-ਗੇੜ ਕੇ ਪਾਣੀ ਘਰ ਢੋਂਹਦਾ ਰਹਿੰਦਾ ਹੈ। ਇਸ ਰਿਪੋਰਟਰ ਵੱਲ ਇਕਟੱਕ ਵੇਖਦਿਆਂ ਅੱਖ ਮਾਰਦਿਆਂ ਉਹਨੇ ਕਿਹਾ ਕਿਹਾ, "ਘਰੇ ਰਹਿ ਕੇ ਪੜ੍ਹਨ ਨਾਲ਼ੋਂ ਤਾਂ ਇਹੀ ਚੰਗਾ।''
ਖ਼ੁਸ਼ੀ-ਖ਼ੁਸ਼ੀ ਪਾਣੀ ਢੋਹਣ ਵਾਲ਼ੇ ਬੱਚਿਆਂ ਵਿੱਚੋਂ ਉਹ ਇਕੱਲਾ ਨਹੀਂ ਹੈ। ਹਿਜੂਲੀ ਤੋਂ ਕੁਝ ਕਿਲੋਮੀਟਰ ਦੂਰ, ਕਾਜ਼ੀਸਾਹਾ ਵਿੱਚ, (ਆਬਾਦੀ 13,489, ਮਰਦਮਸ਼ੁਮਾਰੀ 2011) ਕੁਝ ਉਤਸ਼ਾਹੀ ਮੁੰਡੇ ਪਾਣੀ ਡੀਲਰਾਂ ਤੋਂ ਮਿਲ਼ਦੇ ਪਾਣੀ ਨੂੰ ਭਰਨ ਵਿੱਚ ਆਪਣੇ ਵੱਡਿਆਂ ਦੀ ਕਰ ਰਹੇ ਹਨ। ਮੁੰਡਿਆਂ ਦਾ ਕਹਿਣਾ ਹੈ ਕਿ ਸਾਨੂੰ ਇਹ ਕੰਮ ਚੰਗਾ ਲੱਗਦਾ ਹੈ ਕਿਉਂਕਿ "ਸਾਨੂੰ ਵੈਨ ਦੇ ਪਿੱਛੇ ਬੈਠ ਕੇ ਪਿੰਡ ਵਿੱਚ ਘੁੰਮਣ ਦਾ ਮੌਕਾ ਮਿਲ਼ਦਾ ਹੈ।''
ਮੁਰਸ਼ਿਦਾਬਾਦ ਵਿੱਚ ਆਰਸੈਨਿਕ ਅਤੇ ਮਹਾਰਾਸ਼ਟਰ ਦੇ ਪਾਲਘਰ ਵਿੱਚ ਦਸਤ – ਹਜ਼ਾਰਾਂ ਕਿਲੋਮੀਟਰ ਦੂਰੀ... ਪਰ ਸਮੱਸਿਆ ਇੱਕੋ ਜਿਹੀ ਹੀ, ਜੋ ਘੱਟ ਹੁੰਦੇ ਪਾਣੀ ਸ੍ਰੋਤਾਂ ਤੋਂ ਪੈਦਾ ਹੁੰਦੀ ਹੈ।
ਰਾਕੂ ਨਾਡਗੇ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਿੰਡ ਗੋਂਡੇ ਖ. ਦੇ ਖੂਹ ਵਿੱਚ ਪਾਣੀ ਦਾ ਪੱਧਰ ਤੇਜ਼ੀ ਨਾਲ਼ ਡਿੱਗ ਰਿਹਾ ਹੈ ਅਤੇ 227 ਪਰਿਵਾਰ ਇਸੇ ਇੱਕ ਸਰੋਤ 'ਤੇ ਨਿਰਭਰ ਕਰਦੇ ਹਨ। "ਇਹ ਸਾਡੇ ਲਈ ਪਾਣੀ ਦਾ ਸਭ ਤੋਂ ਨਜ਼ਦੀਕੀ ਅਤੇ ਇੱਕੋ ਇੱਕ ਸਰੋਤ ਹੈ," ਉਹ ਕਹਿੰਦੀ ਹਨ। ਮੋਖਾਡਾ ਤਾਲੁਕਾ ਦੇ ਇਸ ਪਿੰਡ ਦੇ ਜ਼ਿਆਦਾਤਰ ਲੋਕ ਕੇ. ਠਾਕੁਰ ਕਬੀਲੇ ਨਾਲ਼ ਸਬੰਧਤ ਹਨ।
ਦੋ ਸਾਲ ਪਹਿਲਾਂ, ਉਨ੍ਹਾਂ ਦਾ ਬੇਟਾ ਦੀਪਕ ਦਸਤ ਤੋਂ ਪੀੜਤ ਸੀ, ਜੋ ਸ਼ਾਇਦ ਪੀਣ ਲਈ ਵਰਤੇ ਜਾਂਦੇ ਪਾਣੀ ਤੋਂ ਹੋਇਆ ਸੀ। 2018 ਦੇ ਇੱਕ ਅਧਿਐਨ ਵਿੱਚ ਪਾਲਘਰ ਜ਼ਿਲ੍ਹੇ ਦੇ ਨੌਂ ਪਿੰਡਾਂ ਦੇ ਬੱਚਿਆਂ ਵਿੱਚ ਦਸਤ ਦਾ ਫੈਲਣਾ 33.4 ਪ੍ਰਤੀਸ਼ਤ ਦਰਜ ਕੀਤਾ ਗਿਆ ਹੈ। ਆਪਣੇ ਬੇਟੇ ਦੀ ਬੀਮਾਰੀ ਤੋਂ ਬਾਅਦ, ਰਾਕੂ ਨੇ ਹਰ ਰੋਜ਼ ਉਬਾਲ਼ ਕੇ ਪਾਣੀ ਪੀਣਾ ਸ਼ੁਰੂ ਕਰ ਦਿੱਤਾ ਹੈ।
ਪਰ ਉਬਾਲ਼ੇ ਜਾਣ ਤੋਂ ਪਹਿਲਾਂ ਪਾਣੀ ਤਾਂ ਲਿਆਉਣਾ ਹੀ ਪੈਂਦਾ ਹੈ। ਗਰਮੀਆਂ ਵਿੱਚ, ਜਦੋਂ ਖੂਹ ਦਾ ਪਾਣੀ ਸੁੱਕ ਜਾਂਦਾ ਹੈ, ਤਾਂ ਪਿੰਡ ਦੀਆਂ ਔਰਤਾਂ ਲਗਭਗ ਨੌਂ ਕਿਲੋਮੀਟਰ ਦੀ ਦੂਰੀ 'ਤੇ ਵਾਘ ਨਦੀ ਵੱਲ ਜਾਂਦੀਆਂ ਹਨ। ਦਿਨ ਵਿੱਚ 2-3 ਗੇੜੇ ਹੀ ਉਨ੍ਹਾਂ ਦੇ ਤਿੰਨ ਘੰਟੇ ਖਾ ਜਾਂਦੇ ਹਨ। ਇਹ ਢੋਆ-ਢੁਆਈ ਜਾਂ ਤਾਂ ਸਵੇਰੇ ਹੁੰਦੀ ਹੈ ਸ਼ਾਮ ਤੋਂ ਬਾਅਦ ਜਦੋਂ, ਤਾਪਮਾਨ ਥੋੜ੍ਹਾ ਜਿਹਾ ਬਿਹਤਰ ਹੁੰਦਾ ਹੈ, ਹੁੰਦੀ ਹੈ।
ਯੂਨੀਸੇਫ ਦੀ ਇੱਕ ਰਿਪੋਰਟ ਮੁਤਾਬਕ ਪੂਰੇ ਭਾਰਤੀ ਉਪਮਹਾਂਦੀਪ 'ਚ ਪਾਣੀ ਲਿਆਉਣ ਤੇ ਇਹਦੇ ਨਾਲ਼ ਜੁੜੇ ਘਰੇਲੂ ਕੰਮਾਂ ਦਾ ਬੋਝ ਔਰਤਾਂ 'ਤੇ ਪੈਂਦਾ ਹੈ ਅਤੇ ''ਲਗਭਗ 54 ਫੀਸਦੀ ਪੇਂਡੂ ਔਰਤਾਂ ਅਤੇ ਕੁਝ ਕਿਸ਼ੋਰ ਕੁੜੀਆਂ ਹਰ ਰੋਜ਼ ਪਾਣੀ ਲੈਣ 'ਚ 35 ਮਿੰਟ ਬਿਤਾਉਂਦੀਆਂ ਹਨ।'' ਇਹ ਇੱਕ ਸਾਲ ਵਿੱਚ 27 ਦਿਹਾੜੀਆਂ ਟੁੱਟਣ ਜਿੰਨੇ ਨੁਕਸਾਨ ਦੇ ਬਰਾਬਰ ਹੈ।
"ਮਰਦਾਂ ਨੂੰ ਕੰਮ ਕਰਨ ਲਈ ਬਾਹਰ ਜਾਣਾ ਪੈਂਦਾ ਹੈ, ਇਸ ਲਈ ਖਾਣਾ ਪਕਾਉਣ ਲਈ ਸਾਨੂੰ ਹੀ ਪਾਣੀ ਲਿਆਉਣਾ ਪੈਂਦਾ ਹੈ। ਸਵੇਰੇ, ਹੈਂਡ ਪੰਪ 'ਤੇ ਬਹੁਤ ਭੀੜ ਹੋ ਜਾਂਦੀ ਹੈ," ਚਿੰਤਾ ਦੇਵੀ ਕਹਿੰਦੀ ਹਨ। "ਦੁਪਹਿਰ ਨੂੰ, ਸਾਨੂੰ ਨਹਾਉਣ ਅਤੇ ਕੱਪੜੇ ਧੋਣ ਆਦਿ ਲਈ ਪਾਣੀ ਦੀ ਲੋੜ ਹੁੰਦੀ ਹੈ ਅਤੇ ਫਿਰ ਸ਼ਾਮ ਨੂੰ ਰਾਤ ਦਾ ਖਾਣਾ ਪਕਾਉਣ ਲਈ," ਉਹ ਅੱਗੇ ਕਹਿੰਦੀ ਹਨ।
ਇਸ ਦਲਿਤ ਬਸਤੀ ਵਿੱਚ ਪਾਣੀ ਦਾ ਇੱਕੋ ਇੱਕ ਸਰੋਤ ਚੰਪਾਕਲ (ਹੈਂਡਪੰਪ) ਹੈ, ਅਤੇ ਪਾਣੀ ਭਰਨ ਲਈ ਕਤਾਰਾਂ ਲੱਗੀਆਂ ਰਹਿੰਦੀਆਂ ਹਨ। "ਇੰਨੇ ਵੱਡੇ ਟੋਲੇ [ਬਸਤੀ] ਵਿੱਚ ਸਿਰਫ਼ ਇੱਕ ਹੈਂਡ ਪੰਪ ਹੈ। ਅਸੀਂ ਟੋਕਨਾ-ਬਾਲਟੀ (ਭਾਂਡੇ) ਲੈ ਕੇ ਖੜ੍ਹੇ ਵਾਰੀ ਦੀ ਉਡੀਕ ਕਰਦੇ ਰਹਿੰਦੇ ਹਾਂ," ਸੁਸ਼ੀਲਾ ਦੇਵੀ ਕਹਿੰਦੀ ਹਨ।
ਗਰਮੀਆਂ ਵਿੱਚ ਜਦੋਂ ਹੈਂਡਪੰਪ ਸੁੱਕ ਜਾਂਦਾ ਹੈ ਤਾਂ ਔਰਤਾਂ ਸਿੰਚਾਈ ਲਈ ਚਲਾਏ ਜਾਂਦੇ ਪੰਪਾਂ ਵਿੱਚੋਂ ਪਾਣੀ ਭਰਨ ਲਈ ਖੇਤੀਂ ਜਾਂਦੀਆਂ ਹਨ। "ਕਈ ਵਾਰ ਇਹ ਦੂਰੀ ਇੱਕ ਕਿਲੋਮੀਟਰ ਹੁੰਦੀ ਹੈ। ਪਾਣੀ ਲਿਆਉਣ ਵਿੱਚ ਔਰਤਾਂ ਦਾ ਬਹੁਤ ਸਾਰਾ ਸਮਾਂ ਜ਼ਾਇਆ ਹੋ ਜਾਂਦਾ ਹੈ," 45 ਸਾਲਾ ਸੁਸ਼ੀਲਾ ਦੇਵੀ ਕਹਿੰਦੀ ਹਨ।
" ਗਰਮੀ ਬੜਤਾ ਹੈ ਤੋ ਹਮ ਲੋਗੋਂ ਕੋ ਪਿਆਸੇ ਮਰਨੇ ਕਾ ਨੌਬਤ ਆ ਜਾਤਾ ਹੈ ," ਉਹ ਤਲਖ਼ ਅਵਾਜ਼ ਵਿੱਚ ਕਹਿੰਦੀ ਹੋਈ ਸ਼ਾਮ ਦਾ ਖਾਣਾ ਤਿਆਰ ਕਰਨ ਲੱਗ ਜਾਂਦੀ ਹਨ।
ਇਹ ਇੱਕ ਪਾਰੀ ਦੀ ਮਲਟੀ-ਲੋਕੇਸ਼ਨ ਸਟੋਰੀ ਹੈ , ਜਿਸ ਦੀ ਰਿਪੋਰਟ ਕਸ਼ਮੀਰ ਤੋਂ ਮੁਜ਼ਾਮਿਲ ਭੱਟ , ਪੱਛਮੀ ਬੰਗਾਲ ਤੋਂ ਸਮਿਤਾ ਖਟੋਰ , ਬਿਹਾਰ ਤੋਂ ਉਮੇਸ਼ ਕੇ ਰੇ , ਮਹਾਰਾਸ਼ਟਰ ਤੋਂ ਮੇਧਾ ਕਾਲੇ ਅਤੇ ਜੋਤੀ ਸ਼ਿਨੋਲੀ ਅਤੇ ਛੱਤੀਸਗੜ੍ਹ ਤੋਂ ਪੁਰਸ਼ੋਤਮ ਠਾਕੁਰ ਨੇ ਕੀਤੀ ਹੈ। ਨਮਿਤਾ ਵਾਈਕਰ ਅਤੇ ਪ੍ਰਤਿਸ਼ਠਾ ਪਾਂਡਿਆ ਨੇ ਗਾਣਿਆਂ ਵਿੱਚ ਯੋਗਦਾਨ ਪਾਇਆ। ਇਹ ਗੀਤ ਪਾਰੀ ਗ੍ਰਾਇੰਡਮਿਲ ਸੋਂਗਪ੍ਰੋਜੈਕਟ ਅਤੇ ਰਣ ਦੇ ਗੀਤ: ਕੱਛੀ ਲੋਕ ਗੀਤਾਂ ਦੀ ਇੱਕ ਲੜੀ ਤੋਂ ਲਏ ਗਏ ਹਨ , ਜਿਸ ਨੂੰ ਕ੍ਰਮਵਾਰ ਨਮਿਤਾ ਵਾਈਕਰ ਅਤੇ ਪ੍ਰਤਿਸ਼ਠਾ ਪਾਂਡਿਆ ਨੇ ਕੰਪੋਜ਼ ਕੀਤਾ ਹੈ ਅਤੇ ਸੰਵਿਤੀ ਅਈਅਰ ਨੇ ਇਸ ਰਿਪੋਰਟ ਲਈ ਗ੍ਰਾਫਿਕਸ ਤਿਆਰ ਕੀਤੇ ਹਨ।
ਕਵਰ ਫ਼ੋਟੋ: ਪੁਰਸ਼ੋਤਮ ਠਾਕੁਰ
ਪੰਜਾਬੀ ਤਰਜਮਾ: ਕਮਲਜੀਤ ਕੌਰ