“ਕਈ ਵਾਰ ਹਾਥੀ ਮੇਰੇ ਪਿੱਛੇ ਪਏ ਹਨ, ਪਰ ਅਜੇ ਤੱਕ ਮੇਰਾ ਬਚਾਅ ਹੀ ਰਿਹਾ ਹੈ,” ਰਵੀ ਕੁਮਾਰ ਨੇਤਾਮ ਨੇ ਮੁਸਕੁਰਾਉਂਦਿਆਂ ਕਿਹਾ।
25 ਸਾਲਾ ਗੋਂਡ ਆਦਿਵਾਸੀ ਅਰਸੀਕਨਹਰ ਰੇਂਜ ਵਿਚਲੇ ਜੰਗਲੀ ਰਸਤੇ ’ਤੇ ਚੱਲ ਰਿਹਾ ਹੈ। ਛੱਤੀਸਗੜ੍ਹ ਦੇ ਉਦੰਤੀ ਸੀਤਾਨਦੀ ਟਾਈਗਰ ਰਿਜ਼ਰਵ ਵਿੱਚ ਹਾਥੀ ਟ੍ਰੈਕਰ (ਹਾਥੀਆਂ ਦੀ ਹਿਲਜੁਲ ’ਤੇ ਨਜ਼ਰ ਰੱਖਣ ਵਾਲਾ) ਦੇ ਤੌਰ ’ਤੇ ਕੰਮ ਕਰਨ ਵਾਲਾ ਰਵੀ ਪੈਰਾਂ ਦੇ ਨਿਸ਼ਾਨਾਂ ਅਤੇ ਮਲ ਤੋਂ ਇਹਨਾਂ ਪਕੀਡਰਮਾਂ (ਮੋਟੀ ਚਮੜੀ ਵਾਲੇ ਜੀਵਾਂ) ਦਾ ਪਤਾ ਲਾਉਣਾ ਜਾਣਦਾ ਹੈ।
“ਮੈਂ ਜੰਗਲ ਵਿੱਚ ਪੈਦਾ ਹੋਇਆਂ ਤੇ ਇੱਥੇ ਹੀ ਪਲਿਆਂ। ਮੈਨੂੰ ਇਹ ਸਭ ਸਿੱਖਣ ਲਈ ਸਕੂਲ ਜਾਣ ਦੀ ਲੋੜ ਨਹੀਂ,” ਧਮਤਰੀ ਜ਼ਿਲ੍ਹੇ ਦੇ ਥੇਨਹੀ ਪਿੰਡ ਦੇ ਰਹਿਣ ਵਾਲੇ ਰਵੀ ਨੇ ਦੱਸਿਆ। ਉਹਨੇ 12ਵੀਂ ਤੱਕ ਪੜ੍ਹਾਈ ਕੀਤੀ ਅਤੇ ਹੁਣ ਵਾਲੇ ਕੰਮ ਤੋਂ ਪਹਿਲਾਂ, ਕਰੀਬ ਚਾਰ ਸਾਲ ਪਹਿਲਾਂ ਜੰਗਲਾਤ ਵਿਭਾਗ ਵਿੱਚ ਫਾਇਰ ਗਾਰਡ ਦੇ ਤੌਰ ’ਤੇ ਕੰਮ ਕਰਨ ਲੱਗਿਆ।
ਜਿਵੇਂ-ਜਿਵੇਂ ਸਾਨੂੰ ਟ੍ਰੈਕਰ ਜੰਗਲ ਵਿੱਚ ਲੈ ਕੇ ਜਾ ਰਹੇ ਹਨ, ਤਾਂ ਸਿਰਫ਼ ਕੀੜੇ-ਮਕੌੜਿਆਂ ਦੀ ਹਲਕੀ ਗੂੰਜ ਤੇ ਸਾਲ ਤੇ ਟੀਕ ਦੇ ਰੁੱਖਾਂ ਨੂੰ ਛੂਹ ਕੇ ਲੰਘਦੀ ਹਵਾ ਦੀ ਆਵਾਜ਼ ਸੁਣਾਈ ਦੇ ਰਹੀ ਹੈ। ਕਦੇ-ਕਦਾਈਂ ਕਿਸੇ ਪੰਛੀ ਦੇ ਕੂਕਣ ਜਾਂ ਕਿਸੇ ਟਹਿਣੀ ਦੇ ਟੁੱਟਣ ਦੀ ਆਵਾਜ਼ ਕੰਨੀਂ ਪੈਂਦੀ ਹੈ। ਹਾਥੀ ਟ੍ਰੈਕਰਾਂ ਨੂੰ ਪਰਤੱਖ ਸੁਰਾਗਾਂ ਦੇ ਨਾਲ਼ ਇਹਨਾਂ ਆਵਾਜ਼ਾਂ ਵੱਲ ਵੀ ਧਿਆਨ ਰੱਖਣਾ ਪੈਂਦਾ ਹੈ।












