27 ਮਾਰਚ ਨੂੰ ਸਵੇਰ ਦੇ 1 ਵੱਜੇ ਸਨ ਜਦੋਂ ਹੀਰਾ ਮੁਕਾਨੇ ਆਪਣੇ ਘਰ ਪੁੱਜੀ ਜਿਹੜਾ ਠਾਣੇ ਤਹਿਸੀਲ ਦੀ ਤਾਲੁਕਾ ਸ਼ਾਹਪੁਰ ਦੇ ਪਿੰਡ ਡਾਲਖਾਨ ਦੇ ਬਾਹਰਵਾਰ ਸਥਿਤ ਸੀ। ਹੀਰਾ, ਉਸਦਾ ਪੁੱਤਰ ਮਨੋਜ ਅਤੇ ਨੂੰਹ ਸ਼ਾਲੂ ਨੇ 104 ਕਿਲੋਮੀਟਰ ਦਾ ਪੈਂਡਾ ਬਿਨਾ ਕਿਤੇ ਥੋੜੀ ਦੇਰ ਵਾਸਤੇ ਵੀ ਰੁਕਿਆਂ ਪੈਦਲ ਤੈਅ ਕੀਤਾ ਸੀ। ਉਹ ਤਹਿਸੀਲ ਪਾਲਘਰ ਦੀ ਤਾਲੁਕਾ ਡਹਾਣੂ ਦੇ ਪਿੰਡ ਗੰਜਡ ਦੇ ਨੇੜੇ ਇਕ ਭੱਠੇ ਤੋਂ ਵਾਪਸ ਮੁੜੇ ਸਨ, ਜਿੱਥੇ ਉਹ ਕੰਮ ਕਰਨ ਗਏ ਸਨ।
“ਆਵਾਜਾਈ ਦਾ ਕੋਈ ਵੀ ਸਾਧਨ ਉਪਲਬਧ ਨਹੀਂ ਸੀ, ਇਸ ਲਈ ਅਸੀਂ ਸਾਰਾ ਦਿਨ ਤੁਰਦੇ ਰਹੇ। ਆਮ ਤੌਰ ਤੇ ਐਸ. ਟੀ. (ਸਟੇਟ ਟਰਾਂਸਪੋਰਟ) ਬੱਸ ਗੰਜਡ ਤੋਂ ਸ਼ਾਹਪੁਰ ਜਾਂਦੀ ਹੈ,” 45 ਸਾਲਾ ਹੀਰਾ ਦੱਸਦੀ ਹੈ। 26 ਮਾਰਚ ਤੜਕੇ 4 ਵਜੇ, ਹੀਰਾ ਅਤੇ ਸ਼ਾਲੂ ਆਪਣੇ ਸਿਰਾਂ ਉੱਪਰ ਕੱਪੜਿਆਂ ਦੀ ਪੰਡ ਤੇ ਭਾਂਡਿਆਂ ਦੀ ਬੋਰੀ ਲੱਦ ਨਿਕਲ ਪਏ। ਮਨੋਜ ਨੇ 21 ਘੰਟਿਆਂ ਦਾ ਸਫ਼ਰ ਸਿਰ ਉੱਪਰ 12 ਕਿੱਲੋ ਚੌਲਾਂ ਦੀ ਬੋਰੀ ਅਤੇ ਹੱਥ ਵਿੱਚ 8 ਕਿੱਲੋ ਦੀ ਰਾਗੀ ਦੀ ਬੋਰੀ ਚੁੱਕ ਕੇ ਕੀਤਾ। “ਸਾਡੀਆਂ ਲੱਤਾ ਪੀੜ ਨਹੀਂ ਕਰਦੀਆਂ ਕਿਉਂਕਿ ਐਸ. ਟੀ. ਬੱਸਾਂ ਦੇ ਸਮੇਂ ਸਿਰ ਨਾ ਚੱਲਣ ਕਰਕੇ ਅਸੀਂ ਵੈਸੇ ਵੀ ਲੰਮੇ ਪੈਂਡੇ ਤੈ ਕਰਨ ਦੇ ਆਦੀ ਹਾਂ। ਪਰ ਨਿੱਕਾ ਧੇਲਾ ਵੀ ਨਾ ਕਮਾ ਸਕਣਾ ਕਿਤੇ ਵਧੇਰੇ ਦੁਖਦਾਈ ਹੈ,” ਉਹ ਹੋਰ ਦੱਸਦੀ ਹੈ।
2 ਮਾਰਚ ਨੂੰ ਜਦੋਂ ਹੀਰਾ ਨੇ 27 ਸਾਲਾ ਮਨੋਜ ਅਤੇ 25 ਸਾਲਾ ਸ਼ਾਲੂ ਨਾਲ ਭੱਠੇ 'ਚ ਕੰਮ ਕਰਨ ਲਈ ਘਰ ਛੱਡਿਆ ਸੀ ਤਾਂ ਉਹਨਾਂ ਦਾ ਵਾਪਸੀ ਦਾ ਇਰਾਦਾ ਕੇਵਲ ਇਸ ਸਾਲ ਦੀ ਮਈ ਵਿੱਚ ਹੀ ਸੀ। ਪਰ ਉਹਨਾਂ ਦੀ ਇਹ ਯੋਜਨਾ ਉਦੋਂ ਧਰੀ-ਧਰਾਈ ਰਹਿ ਗਈ ਜਦੋਂ 24 ਮਾਰਚ ਨੂੰ ਦੇਸ਼ ਭਰ ਵਿੱਚ ਲਾਕਡਾਉਨ ਦਾ ਐਲਾਨ ਕਰ ਦਿੱਤਾ ਗਿਆ। “ਅਸੀਂ ਮਾਰਚ ਤੋਂ ਮਈ ਤੀਕਰ ਘੱਟੋ-ਘੱਟ 50,000 ਰੁਪਏ ਤਕ ਕਮਾ ਲੈਣ ਦੀ ਉਮੀਦ ਲਾਈ ਬੈਠੇ ਸਾਂ,” ਹੀਰਾ ਨੇ ਮੈਨੂੰ ਫ਼ੋਨ ਤੇ ਦੱਸਿਆ। “ਮਾਲਕ ਨੇ ਕੰਮ ਬੰਦ ਕਰ ਦਿੱਤਾ ਅਤੇ ਸਾਨੂੰ ਵਾਪਸ ਜਾਣ ਲਈ ਕਿਹਾ। ਉਸਨੇ ਤਿੰਨ ਹਫ਼ਤਿਆਂ ਦੇ ਕੰਮ ਲਈ ਸਿਰਫ਼ 8000 ਰੁਪਏ ਮੁਆਵਜ਼ਾ ਤਾਰਿਆ।”
ਇਸ ਲਈ ਜਦੋਂ ਉਹ ਤਿੰਨੇ ਜਣੇ ਮਾਰਚ ਦੇ ਅਖੀਰ ਵਿੱਚ ਅਚਾਨਕ ਡਾਲਖਾਨ ਵਾਪਸ ਪਰਤੇ ਤਾਂ ਹੀਰਾ ਦਾ 52 ਸਾਲਾ ਘਰਵਾਲ਼ਾ ਵਿਠੱਲ ਅਤੇ 15 ਸਾਲਾ ਧੀ ਸੰਗੀਤਾਂ ਉਹਨਾਂ ਨੂੰ ਵੇਖ ਹੈਰਾਨ ਰਹਿ ਗਏ। ਹੀਰਾ ਉਹਨਾਂ ਨੂੰ ਫ਼ੋਨ 'ਤੇ ਆਪਣੀ ਵਾਪਸੀ ਬਾਰੇ ਸੂਚਿਤ ਨਹੀਂ ਸੀ ਕਰ ਸਕੀ। ਵਿਠੱਲ ਜੋ ਕਿ ਸਿਕੱਲ ਸੈਲ ਦੀ ਬਿਮਾਰੀ ਨਾਲ ਗ੍ਰਸਤ ਹੈ ਅਤੇ ਸਰੀਰਕ ਕੰਮ ਕਰਨ ਤੋਂ ਅਸਮਰਥ ਹੈ, ਸੰਗੀਤਾਂ ਨਾਲ ਪਿੰਡ ਵਿੱਚ ਪਿੱਛੇ ਰਹਿ ਗਿਆ ਸੀ ਜਦੋਂ ਬਾਕੀ ਜਣੇ ਗੰਜਡ ਗਏ ਸਨ।
ਮੈਂ ਹੀਰਾ ਨੂੰ ਡਾਲਖਾਨ ਵਿੱਚ ਜੁਲਾਈ 2018 'ਚ ਉਦੋਂ ਮਿਲੀ ਜਦੋਂ ਉਹ ਆਪਣੇ ਪਰਿਵਾਰ ਵਾਸਤੇ ਰਾਤ ਦਾ ਖਾਣਾ ਬਨਾਉਣ ਲਈ ਪੈਲ਼ੀਆਂ ਵਿੱਚ ਸਬਜ਼ੀਆਂ ਚੁਗ ਰਹੀ ਸੀ। ਉਹ ਕਟਕਰੀ ਕਬੀਲੇ ਤੋਂ ਹੈ, ਜੋ ਇਕ ਐਸੀ ਆਦਿਵਾਸੀ ਬਰਾਦਰੀ ਹੈ ਜਿਹੜੀ ਕਿ ਮਹਾਰਾਸ਼ਟਰ ਵਿੱਚ ਵਿਸ਼ੇਸ਼ ਰੂਪ ਨਾਲ ਕਮਜ਼ੋਰ ਆਦਿਵਾਸੀ ਸਮੂਹ ਦੇ ਤੌਰ ਤੇ ਸੂਚਿਤ ਕੀਤੀ ਗਈ ਹੈ।






