''ਇੱਕ ਛੋਟੀ ਜਿਹੀ ਗ਼ਲਤੀ ਹੋਈ ਨਹੀਂ ਕਿ ਬਣਾਉਣਾ ਸਾਤੂਰ ਹੋਊ ਤੇ ਬਣ ਕੋਯਤਾ ਜਾਣਾ!'' ਰਾਜੇਸ਼ ਸਾਫੇਕਰ ਨੂੰ ਕਸਾਈ ਦੇ ਚਾਕੂ ਤੇ ਦਾਤੀ ਵਿਚਾਲੇ ਫ਼ਰਕ ਪਤਾ ਹੈ। ਮਹਾਰਾਸ਼ਟਰ ਦੇ ਪਿੰਡ ਅਕਟਨ ਦੇ ਇਸ ਨਿਪੁੰਨ ਲੁਹਾਰ ਨੇ ਆਪਣੀ ਵਰਕਸ਼ਾਪ ਵਿੱਚ 10,000 ਦੇ ਕਰੀਬ ਸੰਦ ਬਣਾਏ ਹਨ।
52 ਸਾਲਾ ਇਸ ਲੁਹਾਰ ਨੇ ਆਪਣੇ ਪਿਤਾ, ਦੱਤਾਤ੍ਰੇਯ ਸਾਫੇਕਰ ਪਾਸੋਂ ਕੰਮ ਸਿੱਖਿਆ ਤੇ ਉਨ੍ਹਾਂ ਦਾ ਤਾਅਲੁੱਕ ਪੰਚਾਲ ਲੋਹਾਰਾਂ ਦੀ ਜਾਤੀ ਨਾਲ਼ ਹੈ ਜਿਨ੍ਹਾਂ ਨੇ ਮਹਾਰਾਸ਼ਟਰ ਦੇ ਕਿਸਾਨ ਭਾਈਚਾਰੇ ਅੰਦਰ ਆਪਣੀ ਵੱਖਰੀ ਸ਼ਾਖ ਬਣਾਈ। ਵਸਾਈ ਤਾਲੁਕਾ ਦੇ ਇਸ ਸੱਤਵੀਂ ਪੀੜ੍ਹੀ ਦੇ ਲੁਹਾਰ ਦਾ ਕਹਿਣਾ ਹੈ,''ਲੋਕੀਂ ਕਹਿੰਦੇ,'ਅਕਟਨ ਸੇ ਹੀ ਹਥਿਆਰ ਲੇਕੇ ਆਓ'।'' ਉਹ ਖੇਤੀ ਨਾਲ਼ ਜੁੜੇ 25 ਅੱਡ-ਅੱਡ ਕਿਸਮਾਂ ਦੇ ਸੰਦ ਬਣਾ ਸਕਦੇ ਹਨ।
ਗਾਹਕ 90 ਕਿਲੋਮੀਟਰ (ਜਿੰਨੀ ਉਰਾਨ ਤੇ ਨਵੀਂ ਮੁੰਬਈ ਦੀ ਦੂਰੀ ਹੈ) ਦਾ ਪੈਂਡਾ ਮਾਰ ਕੇ ਤਾਸਨੀ ਬਣਾਉਣ ਦਾ ਲੰਬਾ-ਚੌੜਾ ਆਰਡਰ ਦੇਣ ਆਇਆ ਕਰਦੇ। ਇਹ ਸੰਦ ਕਿਸ਼ਤੀ ਬਣਾਉਣ ਵਿੱਚ ਵਰਤਿਆ ਜਾਂਦਾ ਹੈ। ''ਚਾਰ ਦਿਨ ਗਿਰਾਹਕ ਸਾਡੇ ਘਰ ਹੀ ਠਹਿਰਦੇ ਤੇ ਸੰਦ ਬਣਨ ਦੀ ਪੂਰੀ ਪ੍ਰਕਿਰਿਆ ਨੂੰ ਬੜੇ ਗਹੁ ਨਾਲ਼ ਦੇਖਿਆ ਕਰਦੇ,'' ਉਹ ਚੇਤੇ ਕਰਦੇ ਹਨ।
ਅਕਟਨ ਪਿੰਡ ਦੀਆਂ ਭੀੜੀਆਂ ਗਲ਼ੀਆਂ ਪੀੜ੍ਹੀਆਂ ਤੋਂ ਤੁਰੇ ਆਉਂਦੇ ਜਾਤ-ਅਧਾਰਤ ਪੇਸ਼ਿਆਂ ਨੂੰ ਸਮਝਣ ਦੀ ਇੱਕ ਚੰਗੀ ਮਿਸਾਲ ਹਨ। ਇੱਥੇ ਸੁਨਾਰ (ਸੁਨਿਆਰੇ), ਲੁਹਾਰ, ਸੁਤਾਰ (ਤਰਖ਼ਾਣ), ਚੰਬਭਾਰ (ਮੋਚੀ) ਤੇ ਕੁੰਭਾਰ (ਘੁਮਿਆਰ) ਰਹਿੰਦੇ ਹਨ। ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਉਹ ਵਿਸ਼ਵਾਕਰਮਾ ਬਾਬੇ ਦੇ ਭਗਤ ਹਨ। ਪੰਚਾਲ ਲੁਹਾਰ 2008 ਤੋਂ ਹੀ ਖ਼ਾਨਾਬਦੋਸ਼ ਕਬੀਲਿਆਂ ਵਿੱਚ ਗਿਣੇ ਜਾਣ ਲੱਗੇ ਹਨ, ਇਸ ਤੋਂ ਪਹਿਲਾਂ ਉਨ੍ਹਾਂ ਨੂੰ ਓਬੀਸੀ (ਹੋਰ ਪਿਛੜੇ ਵਰਗ) ਵਜੋਂ ਸੂਚੀਬੱਧ ਕੀਤਾ ਗਿਆ ਸੀ।
ਰਾਜੇਸ਼ ਦਾ ਕਹਿਣਾ ਹੈ ਕਿ 19 ਸਾਲ ਦੇ ਹੁੰਦਿਆਂ ਤੱਕ ਉਨ੍ਹਾਂ ਦਾ ਲੁਹਾਰ ਦੇ ਆਪਣੇ ਜੱਦੀ ਪੇਸ਼ੇ ਨੂੰ ਅਪਣਾਉਣ ਤੇ ਜਾਰੀ ਰੱਖਣ ਦਾ ਕੋਈ ਵਿਚਾਰ ਨਹੀਂ ਸੀ। ਸੋ ਉਨ੍ਹਾਂ ਨੇ ਬਿਜਲੀ ਦੀ ਦੁਕਾਨ 'ਤੇ ਸਟੋਰ-ਕੀਪਰ ਵਜੋਂ ਕੰਮ ਕਰਨਾ ਸ਼ੁਰੂ ਕੀਤਾ ਜਿੱਥੇ ਉਨ੍ਹਾਂ ਨੂੰ ਮਹੀਨੇ ਦੇ 1,200 ਰੁਪਏ ਮਿਲ਼ਿਆ ਕਰਦੇ। ਇੱਕ ਸਮਾਂ ਆਇਆ ਜਦੋਂ ਉਨ੍ਹਾਂ ਦੇ ਸਾਂਝੇ ਟੱਬਰ ਵਿੱਚ ਝਗੜਾ ਛਿੜ ਗਿਆ ਤੇ ਉਨ੍ਹਾਂ ਦੇ ਪਿਤਾ ਦੇ ਹੱਥੋਂ ਕੰਮ ਖੁੱਸਦਾ ਗਿਆ। ਇੰਝ ਪਰਿਵਾਰ ਦਾ ਵੱਡਾ ਬੇਟਾ ਹੋਣ ਨਾਤੇ ਰਾਜੇਸ਼ ਨੂੰ ਆਪਣੇ ਪਰਿਵਾਰਕ ਕੰਮ ਵੱਲ ਮੁੜਨਾ ਪਿਆ।
























