ਵਾਰਾਨਸੀ ਵਿਖੇ ਚੋਣਾਂ ਵਾਲ਼ੇ ਦਿਨ ਸਲਮਾ ਨੇ ਕੀ ਦੇਖਿਆ ਕਿ ਵੋਟਾਂ ਪਾਉਣ ਵਾਲ਼ੇ ਪੁਰਸ਼ਾਂ ਤੇ ਔਰਤਾਂ ਲਈ ਅੱਡੋ-ਅੱਡ ਦੋ ਕਤਾਰਾਂ ਬਣਾਈਆਂ ਗਈਆਂ ਸਨ। ਮਸ਼ਹੂਰ ਵਿਸ਼ਵਨਾਥ ਮੰਦਰ ਦੇ ਕੋਲ਼ ਇੱਕ ਭੀੜੀ ਜਿਹੀ ਗਲ਼ੀ ਦੇ ਸਰਕਾਰੀ ਸਕੂਲ ਵਿੱਚ ਬੰਗਾਲੀ ਟੋਲੇ ਦੀਆਂ ਵੋਟਾਂ ਪੈ ਰਹੀਆਂ ਸਨ।
25 ਸਾਲਾ ਦੁਵਲੰਗੀ (ਟ੍ਰਾਂਸ) ਔਰਤ ਚੁੱਪਚਾਪ ਔਰਤਾਂ ਵਾਲ਼ੀ ਕਤਾਰ ਵਿੱਚ ਖੜ੍ਹੀ ਹੋ ਗਈ ਪਰ ਉਨ੍ਹਾਂ ਦਾ ਕਹਿਣਾ ਹੈ, ''ਆਖੇਂ ਬੜੀ ਹੋ ਗਈ ਥੀ ਸਬਕੀ। ਪੁਰਸ਼ਾਂ ਨੇ ਤਾਂ ਮੈਨੂੰ ਅਣਦੇਖਿਆ ਕਰਨ ਦਾ ਡਰਾਮਾ ਕੀਤਾ ਤੇ ਔਰਤਾਂ ਮੈਨੂੰ ਆਪਣੀ ਕਤਾਰ ਦੇ ਐਨ ਮਗਰਲੇ ਪਾਸੇ ਖੜ੍ਹੀ ਦੇਖ ਦੰਦ ਕੱਢਣ ਲੱਗ ਗਈਆਂ ਤੇ ਕਈਆਂ ਦੀ ਕਾਨਾਫੂਸੀ ਸ਼ੁਰੂ ਹੋ ਗਈ।''
ਪਰ ਸਲਮਾ ਨੇ ਪਰਵਾਹ ਨਾ ਕੀਤੀ। ''ਮੈਂ ਵੋਟ ਪਾਉਣ ਦਾ ਪੱਕਾ ਇਰਾਦਾ ਕੀਤਾ ਹੋਇਆ ਸੀ। ਇਹ ਤਾਂ ਮੇਰਾ ਜਮਹੂਰੀ ਅਧਿਕਾਰ ਹੈ ਤੇ ਸਾਨੂੰ ਬਦਲਾਅ ਲਿਆਉਣ ਵਾਸਤੇ ਵੋਟ ਪਾਉਣੀ ਹੀ ਚਾਹੀਦੀ ਹੈ।''
ਭਾਰਤੀ ਚੋਣ ਕਮਿਸ਼ਨ (ਈਸੀ) ਦੇ ਅੰਕੜੇ ਦੱਸਦੇ ਹਨ ਕਿ ਭਾਰਤ ਅੰਦਰ 48,044 ''ਤੀਜੇ ਲਿੰਗ ਦੇ ਵੋਟਰ'' ਹਨ। ਇਨ੍ਹਾਂ ਵੋਟਰਾਂ ਦੀ ਠੀਕ-ਠਾਕ ਗਿਣਤੀ ਹੋਣ ਦੇ ਬਾਵਜੂਦ ਵੀ ਇੱਕ ਟ੍ਰਾਂਸ ਵਿਅਕਤੀ ਲਈ ਵੋਟਰ ਆਈਡੀ ਪ੍ਰਾਪਤ ਕਰਨਾ ਅਸਾਨ ਨਹੀਂ। ਵਾਰਾਨਸੀ ਦੀ ਇੱਕ ਗ਼ੈਰ-ਸਰਕਾਰੀ ਸੰਸਥਾ, ਪ੍ਰਿਜ਼ਮੈਟਿਕ ਦੀ ਸੰਸਥਾਪਕ-ਨਿਰਦੇਸ਼ਕ, ਨੀਤੀ ਦਾ ਕਹਿਣਾ ਹੈ ਕਿ ਇਸ ਇਲਾਕੇ ਵਿੱਚ 300 ਦੇ ਕਰੀਬ ਟ੍ਰਾਂਸ ਲੋਕ ਰਹਿੰਦੇ ਹਨ ਤੇ ਉਨ੍ਹਾਂ ਲਈ ਵੋਟਰ ਆਈਡੀ ਹਾਸਲ ਕਰਨਾ ਕਿਸੇ ਜੰਗ ਤੋਂ ਘੱਟ ਨਹੀਂ ਰਿਹਾ। ''ਸਾਨੂੰ ਕਰੀਬ 50 ਕੁ ਟ੍ਰਾਂਸ ਲੋਕਾਂ ਦੀ ਹੀ ਵੋਟਰ ਆਈਡੀ ਪ੍ਰਾਪਤ ਹੋਈ। ਪਰ ਚੋਣ ਕਮਿਸ਼ਨ ਦਾ ਇੱਕ ਲੋੜੀਂਦਾ ਕਦਮ ਹੈ ਕਿ ਉਹ ਜਾਂਚ ਲਈ ਘਰੋ-ਘਰੀ ਜਾਂਦੇ ਹਨ, ਸੋ ਇਸ ਨਾਲ਼ ਕੁਝ ਲੋਕਾਂ ਨੂੰ ਸਮੱਸਿਆ ਦਰਪੇਸ਼ ਆਈ ਕਿਉਂਕਿ ਉਹ ਨਹੀਂ ਚਾਹੁੰਦੇ ਸਨ ਕਿ ਕੋਈ ਉਨ੍ਹਾਂ ਦੇ ਘਰੇ ਆਵੇ ਤੇ ਲਿੰਗ ਪੁਸ਼ਟੀ ਕਰੇ,'' ਉਨ੍ਹਾਂ ਗੱਲ ਪੂਰੀ ਕੀਤੀ।
ਭਾਵੇਂ ਕਿ ਸਲਮਾ ਇੱਕ ਅਜਿਹਾ ਅਪਵਾਦ ਹਨ ਜਿਨ੍ਹਾਂ ਨੂੰ ਵੋਟਰ ਆਈਡੀ ਬਣਵਾਉਣ ਲਈ ਕੋਈ ਦਿੱਕਤ ਪੇਸ਼ ਨਹੀਂ ਆਈ ''ਨਾ ਮੈਂ ਆਪਣੇ ਪਰਿਵਾਰ ਨਾਲ਼ ਰਹਿੰਦੀ ਹਾਂ ਤੇ ਨਾ ਹੀ ਕਿਸੇ ਅਜਿਹੇ ਵਿਅਕਤੀ ਨਾਲ਼ ਜੋ ਮੇਰੀ ਪਛਾਣ ਤੋਂ ਅਣਜਾਣ ਹੋਵੇ,'' ਉਹ ਕਹਿੰਦੀ ਹਨ।







