ਜਦ ਵੀ ਮੈਂ ਆਪਣੇ ਭਾਈਚਾਰੇ ਵਿੱਚੋਂ ਕਿਸੇ ਦੀ ਮੌਤ ਬਾਰੇ ਲਿਖਣ ਬੈਠਦਾ ਹਾਂ ਤਾਂ ਮੇਰਾ ਦਿਮਾਗ ਬਿਲਕੁਲ ਸੁੰਨ ਹੋ ਜਾਂਦਾ ਹੈ ਬਿਲਕੁਲ ਜਿਵੇਂ ਕਿਸੇ ਸਰੀਰ ਵਿੱਚੋਂ ਸਾਹ ਨਿਕਲ ਗਏ ਹੋਣ।
ਦੁਨੀਆਂ ਬਹੁਤ ਤਰੱਕੀ ਕਰ ਗਈ ਹੈ ਪਰ ਸਾਡਾ ਸਮਾਜ ਅੱਜ ਵੀ ਹੱਥੀਂ ਮੈਲ਼ਾ ਢੋਣ ਵਾਲ਼ਿਆਂ ਬਾਰੇ ਬਿਲਕੁਲ ਨਹੀਂ ਸੋਚਦਾ। ਸਰਕਾਰ ਇਹਨਾਂ ਮੌਤਾਂ ਨੂੰ ਨਕਾਰਦੀ ਰਹੀ ਹੈ ਪਰ ਇਸ ਸਾਲ ਲੋਕ ਸਭਾ ਵਿੱਚ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰੀ ਰਾਮਦਾਸ ਅਠਾਵਲੇ ਨੇ ਅੰਕੜੇ ਪੇਸ਼ ਕੀਤੇ ਜਿਸ ਅਨੁਸਾਰ 2019-2023 ਦੌਰਾਨ 377 ਮੌਤਾਂ “ਸੀਵਰੇਜ ਅਤੇ ਸੈਪਟਿਕ ਟੈਂਕ ਦੀ ਹਾਨੀਕਾਰਕ ਸਫਾਈ” ਕਾਰਨ ਹੋਈਆਂ ਹਨ।
ਮੈਂ ਆਪ ਪਿਛਲੇ ਸੱਤ ਸਾਲਾਂ ਤੋਂ ਸੀਵਰੇਜ ਸਾਫ ਕਰਨ ਵਾਲ਼ਿਆਂ ਦੀਆਂ ਅਣਗਿਣਤ ਮੌਤਾਂ ਦੇਖੀਆਂ ਹਨ। ਚੇੱਨਈ ਦੇ ਅਵਡੀ ਜਿਲੇ ਦੇ ਵਿੱਚ ਹੀ 2022 ਤੋਂ ਬਾਅਦ 12 ਮੌਤਾਂ ਸੀਵਰੇਜ ਦੀ ਸਫਾਈ ਕਰਨ ਕਾਰਨ ਹੋਈਆਂ ਹਨ।
11 ਅਗਸਤ ਨੂੰ ਅਵਡੀ ਨਿਵਾਸੀ ਅਰੂਨਦਤਿਆਰ ਭਾਈਚਾਰੇ ਨਾਲ਼ ਸਬੰਧ ਰੱਖਦੇ 25 ਸਾਲਾ ਹਰੀ ਜੋ ਕਿ ਠੇਕੇ ਤੇ ਮਜਦੂਰੀ ਦਾ ਕੰਮ ਕਰਦੇ ਸਨ, ਸੀਵਰੇਜ ਡ੍ਰੇਨ ਦੀ ਸਫਾਈ ਕਰਦੇ ਸਮੇਂ ਡੁੱਬ ਗਏ ਸਨ।
ਬਾਰਾਂ ਦਿਨਾਂ ਬਾਅਦ ਮੈਂ ਹਰੀ ਅੰਨਾ ਦੀ ਮੌਤ ਬਾਰੇ ਰਿਪੋਰਟ ਕਰਨ ਗਿਆ ਤਾਂ ਉਹਨਾਂ ਦੀ ਮ੍ਰਿਤਕ ਦੇਹ ਉਹਨਾਂ ਦੇ ਘਰ ਫਰੀਜ਼ਰ ਵਾਲੇ ਬਕਸੇ ਵਿੱਚ ਪਈ ਸੀ। ਉਹਨਾਂ ਦੀ ਪਤਨੀ ਤਮਿਲ ਸੇਲਵੀ ਦੇ ਪਰਿਵਾਰ ਵਾਲੇ ਚਾਹੁੰਦੇ ਹਨ ਕਿ ਉਹ ਸਾਰੀਆਂ ਰਸਮਾਂ ਨਿਭਾਉਣ ਜਿਨ੍ਹਾਂ ਦੀ ਇਸ ਵੇਲੇ ਇੱਕ ਵਿਧਵਾ ਤੋਂ ਆਸ ਕੀਤੀ ਜਾਂਦੀ ਹੈ। ਉਸਦੇ ਰਿਸ਼ਤੇਦਾਰਾਂ ਨੇ ਉਸਦੇ ਪੂਰੇ ਸਰੀਰ ਤੇ ਹਲਦੀ ਲਾ ਕੇ ਨਹਾਉਣ ਤੋਂ ਬਾਅਦ ਉਸ ਦੀ ਤਾਲੀ [ਵਿਆਹੁਤਾ ਔਰਤ ਦੀ ਨਿਸ਼ਾਨੀ] ਕੱਟ ਦਿੱਤੀ। ਇਹਨਾਂ ਪੂਰੀਆਂ ਰਸਮਾਂ ਦੌਰਾਨ ਉਹ ਗੰਭੀਰ ਅਤੇ ਸ਼ਾਂਤ ਬੈਠੇ ਰਹੇ।
ਜਦ ਉਹ ਕੱਪੜੇ ਬਦਲਣ ਲਈ ਦੂਸਰੇ ਕਮਰੇ ਵਿੱਚ ਗਏ ਤਾਂ ਪੂਰਾ ਘਰ ਸ਼ਾਂਤੀ ਨਾਲ਼ ਭਰ ਗਿਆ। ਉਹਨਾਂ ਦਾ ਪਲੱਸਤਰ ਤੋਂ ਸੱਖਣਾ ਘਰ ਲਾਲ ਇੱਟਾਂ ਦਾ ਮਹਿਜ ਢਾਂਚ ਹੈ। ਸਮੇਂ ਨਾਲ਼ ਹਰ ਇੱਟ ਭੁਰਨ ਤੇ ਖੁਰਨ ਲੱਗੀ ਹੈ। ਇਹ ਘਰ ਟੱਟਣ ਕਿਨਾਰੇ ਖੜਾ ਜਾਪਦਾ ਹੈ।
ਜਦ ਤਮਿਲ ਸੇਲਵੀ ਅੱਕਾ ਸਾੜੀ ਬਦਲ ਕੇ ਬਾਹਰ ਆਈ ਤਾਂ ਉਹ ਧਾਹਾਂ ਮਾਰਦੀ ਹੋਈ ਫਰੀਜ਼ਰ ਵੱਲ ਨੂੰ ਭੱਜਦੀ ਹੋਈ ਚਿੰਬੜ ਗਈ ਅਤੇ ਉੱਥੇ ਬੈਠ ਕੇ ਰੋਣ ਕੁਰਲਾਉਣ ਲੱਗੀ। ਉਸਦੇ ਕੀਰਨੇ ਭਰੇ ਕਮਰੇ ਨੂੰ ਸ਼ਾਂਤ ਕਰ ਦਿੰਦੇ ਹਨ।
“ਓ ਪਿਆਰੇ! ਉੱਠੋ! ਮੇਰੇ ਵੱਲ ਦੇਖੋ, ਮਾਮਾ [ਪਿਆਰ ਸੂਚਕ ਸ਼ਬਦ]। ਇਹ ਮੈਨੂੰ ਸਾੜੀ ਪਹਿਨਣ ਲਈ ਮਜਬੂਰ ਕਰ ਰਹੇ ਹਨ। ਤੁਹਾਨੂੰ ਪਸੰਦ ਨਹੀਂ ਜਦ ਮੈਂ ਸਾੜੀ ਪਹਿਨਦੀ ਹਾਂ, ਹੈ ਨਾ?ਉੱਠੋ ਤੇ ਇਹਨਾਂ ਨੂੰ ਕਹੋ ਕਿ ਮੈਨੂੰ ਮਜਬੂਰ ਨਾ ਕਰਨ।”
ਇਹ ਸ਼ਬਦ ਮੇਰੇ ਅੰਦਰ ਅੱਜ ਵੀ ਗੂੰਜਦੇ ਹਨ। ਤਮਿਲ ਸੇਲਵੀ ਅੱਕਾ ਇੱਕ ਬਾਂਹ ਨਾ ਹੋਣ ਕਾਰਨ ਦਿਵਿਆਂਗ ਹਨ। ਉਹਨਾਂ ਲਈ ਸਾੜੀ ਦਾ ਪੱਲੂ ਮੋਢੇ ਕੋਲ ਪਿੰਨ ਲਾ ਕੇ ਸੰਭਾਲਣਾ ਮੁਸ਼ਕਿਲ ਹੈ। ਇਸੇ ਲਈ ਉਹ ਸਾੜੀ ਨਹੀਂ ਪਹਿਨਦੇ। ਇਹ ਯਾਦ ਹਮੇਸ਼ਾ ਮੇਰੇ ਜ਼ਹਿਨ ਵਿੱਚ ਰਹਿੰਦੀ ਹੈ ਅਤੇ ਹਰ ਰੋਜ਼ ਮੈਨੂੰ ਪਰੇਸ਼ਾਨ ਕਰਦੀ ਹੈ।
ਅਜਿਹੀ ਹਰ ਇੱਕ ਮੌਤ ਜਿਸ ਨੂੰ ਮੈਂ ਦੇਖਿਆ ਹੈ ਇੰਜ ਲੱਗਦਾ ਹੈ ਜਿਵੇਂ ਉਹ ਮੇਰੇ ਅੰਦਰ ਵੱਸ ਗਈ ਹੈ।
ਮੈਲ਼ਾ ਢੋਣ ਵਾਲ਼ਿਆਂ ਦੀ ਹਰ ਮੌਤ ਪਿੱਛੇ ਕਈ ਕਹਾਣੀਆਂ ਲੁਕੀਆਂ ਹੋਈਆਂ ਹਨ। 22 ਸਾਲਾ ਦੀਪਾ, ਜਿਨ੍ਹਾਂ ਦੇ ਪਤੀ ਗੋਪੀ ਦੀ ਅਵਡੀ ਵਿੱਚ ਹਾਲ ਹੀ ਵਿੱਚ ਸੀਵਰੇਜ ਦੀ ਸਫਾਈ ਕਰਨ ਵਾਲ਼ਿਆਂ ਦੀ ਮੌਤਾਂ ਵਿੱਚੋਂ ਇੱਕ ਸਨ, ਦਾ ਸਵਾਲ ਹੈ ਕਿ ਕੀ 10 ਲੱਖ ਦਾ ਮੁਆਵਜ਼ਾ ਉਹਨਾਂ ਦੇ ਪਰਿਵਾਰ ਦੀਆਂ ਖੁਸ਼ੀਆਂ ਦੀ ਭਰਪਾਈ ਕਰ ਸਕਦਾ ਹੈ। “20 ਅਗਸਤ ਨੂੰ ਸਾਡੇ ਵਿਆਹ ਦੀ ਵਰੇਗੰਢ ਹੁੰਦੀ ਹੈ ਅਤੇ 30 ਅਗਸਤ ਨੂੰ ਸਾਡੀ ਬੇਟੀ ਦਾ ਜਨਮਦਿਨ, ਅਤੇ ਉਹ ਵੀ ਸਾਨੂੰ ਇਸੇ ਮਹੀਨੇ ਛੱਡ ਕੇ ਚਲੇ ਗਏ,” ਉਹ ਕਹਿੰਦੇ ਹਨ। ਉਹਨਾਂ ਨੂੰ ਜੋ ਮੁਆਵਜ਼ਾ ਮਿਲਿਆ ਹੈ ਉਸ ਨਾਲ਼ ਉਹਨਾਂ ਦੇ ਵਿੱਤੀ ਮਸਲੇ ਨਹੀਂ ਹੋਣਗੇ।
ਜਿਨ੍ਹਾਂ ਆਦਮੀਆਂ ਦੀ ਮੌਤ ਸੀਵਰੇਜ ਸਾਫ ਕਰਦਿਆਂ ਹੁੰਦੀ ਹੈ ਉਹਨਾਂ ਦੇ ਪਰਿਵਾਰ ਦੀਆਂ ਔਰਤਾਂ ਅਤੇ ਬੱਚਿਆਂ ਨੂੰ ਪੀੜਤ ਨਹੀਂ ਮੰਨਿਆ ਜਾਂਦਾ। ਵਿੱਲੁਪੁਰਮ ਜਿਲੇ ਦੇ ਮਾਡਮਪੱਟੂ ਪਿੰਡ ਦੀ ਅਨੂਸ਼ੀਆ ਅੱਕਾ ਦੇ ਪਤੀ ਮਾਰੀ ਦੀ ਜਦ ਸੀਵਰੇਜ ਵਿੱਚ ਮੌਤ ਹੋਈ ਤਾਂ ਉਹ ਰੋ ਵੀ ਨਹੀਂ ਸਕੀ ਕਿਉਂਕਿ ਉਸ ਵੇਲੇ ਉਹ ਅੱਠ ਮਹੀਨੇ ਗਰਭਵਤੀ ਸੀ। ਇਸ ਜੋੜੇ ਦੀਆਂ ਪਹਿਲਾਂ ਤਿੰਨ ਬੇਟੀਆਂ ਸਨ; ਉਸ ਦੀਆਂ ਵੱਡੀਆਂ ਦੋ ਬੇਟੀਆਂ ਵਿਲਕ ਰਹੀਆਂ ਸਨ ਪਰ ਸਭ ਤੋਂ ਛੋਟੀ ਤੀਜੀ ਬੇਟੀ ਜਿਸ ਨੂੰ ਹਾਲੇ ਕੋਈ ਸਮਝ ਨਹੀਂ ਉਹ ਤਮਿਲਨਾਡੂ ਦੇ ਪੂਰਬੀ ਸਿਰੇ ਤੇ ਬਣੇ ਉਹਨਾਂ ਦੇ ਘਰ ਵਿੱਚ ਦੌੜਦੀ ਫਿਰ ਰਹੀ ਸੀ।
ਸਰਕਾਰੀ ਮੁਆਵਜ਼ੇ ਨੂੰ ਖੂਨ ਦੇ ਪੈਸੇ ਦੀ ਤਰ੍ਹਾਂ ਦੇਖਿਆ ਜਾਂਦਾ ਹੈ। “ਮੈਂ ਆਪਣੇ ਆਪ ਨੂੰ ਇਹ ਪੈਸਾ ਖਰਚਣ ਲਈ ਮਨਾ ਨਹੀਂ ਪਾ ਰਹੀ। ਇਸ ਨੂੰ ਖਰਚਣਾ ਮੇਰੇ ਲਈ ਆਪਣੇ ਪਤੀ ਦਾ ਲਹੂ ਪੀਣ ਦੇ ਸਮਾਨ ਹੈ,” ਅਨੂਸ਼ੀਆ ਅੱਕਾ ਦਾ ਕਹਿਣਾ ਹੈ।
ਤਮਿਲਨਾਡੂ ਦੇ ਕਰੂਰ ਜਿਲੇ ਦੇ ਬਾਲਾਕ੍ਰਿਸ਼ਨਨ ਜਿਨ੍ਹਾਂ ਦੀ ਮੌਤ ਸੀਵਰੇਜ ਸਾਫ ਕਰਦਿਆਂ ਹੋਈ ਸੀ ਦੇ ਪਰਿਵਾਰ ਨੂੰ ਜਦ ਮੈਂ ਮਿਲਣ ਗਿਆ ਤਾਂ ਦੇਖਿਆ ਕਿ ਉਹਨਾਂ ਦੀ ਪਤਨੀ ਡਿਪਰੈਸ਼ਨ ਤੋਂ ਪੀੜਤ ਹਨ। ਉਹਨਾਂ ਨੇ ਦੱਸਿਆ ਕਿ ਕੰਮ ਕਰਦਿਆਂ ਅਕਸਰ ਹੀ ਉਹ ਆਪਣਾ ਆਲਾ ਦੁਆਲਾ ਭੁੱਲ ਜਾਂਦੇ ਹਨ। ਉਹਨਾਂ ਨੂੰ ਆਪਣੇ ਆਪ ਦੀ ਸੋਝੀ ਆਉਣ ਵਿੱਚ ਕਾਫ਼ੀ ਵਕਤ ਲੱਗ ਜਾਂਦਾ ਹੈ।
ਇਹਨਾਂ ਪਰਿਵਾਰਾਂ ਦੀ ਸਾਰੀ ਜ਼ਿੰਦਗੀ ਉੱਥਲ ਪੁੱਥਲ ਹੋ ਜਾਂਦੀ ਹੈ। ਸਾਡੇ ਲਈ ਇਹ ਮੌਤਾਂ ਇੱਕ ਖ਼ਬਰ ਤੋਂ ਇਲਾਵਾ ਕੁਝ ਵੀ ਨਹੀਂ।
11 ਸਤੰਬਰ 2023 ਨੂੰ ਅਵਡੀ ਦੇ ਭੀਮਾ ਨਗਰ ਦੇ ਸਫਾਈ ਕਰਮਚਾਰੀ ਮੋਸੇਸ ਦੀ ਮੌਤ ਹੋ ਗਈ। ਇਕੱਲਾ ਉਹਨਾਂ ਦਾ ਘਰ ਹੀ ਪੱਕੀ ਛੱਤ ਵਾਲ਼ਾ ਹੈ। ਉਹਨਾਂ ਦੀਆਂ ਦੋਨੋਂ ਬੇਟੀਆਂ ਨੂੰ ਹਾਲਾਤ ਦੀ ਪੂਰੀ ਸਮਝ ਹੈ। ਉਹਨਾਂ ਦਾ ਸਰੀਰ ਘਰ ਆਉਣ ਤੋਂ ਇੱਕ ਦਿਨ ਪਹਿਲਾਂ ਮੈਂ ਉਹਨਾਂ ਦੇ ਘਰ ਗਿਆ ਸਾਂ ਅਤੇ ਉਹਨਾਂ ਦੀਆਂ ਬੇਟੀਆਂ ਦੀਆਂ ਟੀ-ਸ਼ਰਟਾਂ ਤੇ ‘ਪਾਪਾ ਮੈਨੂੰ ਪਿਆਰ ਕਰਦੇ ਹਨ’ ਅਤੇ ‘ਪਾਪਾ ਦੀ ਛੋਟੀ ਸ਼ਹਿਜ਼ਾਦੀ’ ਲਿਖਿਆ ਹੋਇਆ ਸੀ। ਪਤਾ ਨਹੀਂ ਇਹ ਸਿਰਫ਼ ਇੱਕ ਇਤਿਫ਼ਾਕ ਸੀ ਜਾਂ ਨਹੀਂ।
ਉਹ ਸਾਰਾ ਦਿਨ ਰੋਂਦੀਆਂ ਕੁਰਲਾਉਂਦੀਆਂ ਰਹੀਆਂ, ਅਤੇ ਸਭ ਦੇ ਚੁੱਪ ਕਰਾਉਣ ਦੇ ਬਾਵਜੂਦ ਵੀ ਉਹਨਾਂ ਦੇ ਹਾਉਂਕੇ ਰੁਕ ਨਹੀਂ ਰਹੇ ਸਨ।
ਚਾਹੇ ਅਸੀਂ ਇਹਨਾਂ ਮੁੱਦਿਆਂ ਨੂੰ ਦਰਜ ਕਰ ਕੇ ਮੁੱਖ ਧਾਰਾ ਵਿੱਚ ਲੈ ਆਈਏ ਪਰ ਸ਼ਾਇਦ ਫਿਰ ਵੀ ਸਾਡੇ ਲਈ ਇਹ ਸਿਰਫ਼ ਇੱਕ ਖ਼ਬਰ ਤੋਂ ਵਧ ਕੇ ਕੁਝ ਨਾ ਹੋਵੇ।
ਦੋ ਸਾਲ ਪਹਿਲਾਂ ਸ਼੍ਰੀਪੇਰੰਬਦੂਰ ਦੀ ਬਸਤੀ ਕਾਂਜੀਪੱਟੂ ਦੇ ਤਿੰਨ ਸਫਾਈ ਕਰਮਚਾਰੀ- 25 ਸਾਲਾ ਨਵੀਨ ਕੁਮਾਰ, 20 ਸਾਲਾ ਥਿਰੂਮਲਾਈ ਅਤੇ 50 ਸਾਲਾ ਰੰਗਨਾਥਨ, ਦੀ ਮੌਤ ਹੋ ਗਈ। ਥਿਰੂਮਲਾਈ ਦਾ ਨਵਾਂ ਨਵਾਂ ਵਿਆਹ ਹੋਇਆ ਸੀ ਅਤੇ ਰੰਗਨਾਥਨ ਦੇ ਦੋ ਬੱਚੇ ਹਨ। ਮਰਨ ਵਾਲ਼ਿਆਂ ਵਿੱਚੋਂ ਕਾਫ਼ੀ ਕਾਮੇ ਨਵ-ਵਿਆਹੇ ਹੁੰਦੇ ਹਨ ਅਤੇ ਉਹਨਾਂ ਦੀਆਂ ਵਿਧਵਾਵਾਂ ਦੀਆਂ ਉਮੀਦਾਂ ਨੂੰ ਖਤਮ ਹੁੰਦੇ ਦੇਖਣਾ ਦਿਲ ਕੰਬਾਊ ਹੁੰਦਾ ਹੈ। ਮੁਥੂਲਕਸ਼ਮੀ ਦੀ ਮੌਤ ਦੇ ਕੁਝ ਮਹੀਨੇ ਬਾਅਦ ਹੀ ਬਾਕੀਆਂ ਨੇ ਉਹਨਾਂ ਦੀ ਗੋਦ ਭਰਾਈ ਦਾ ਆਯੋਜਨ ਕੀਤਾ।
ਮੈਲ਼ਾ ਢੋਣਾ ਸਾਡੇ ਦੇਸ਼ ਵਿੱਚ ਗੈਰ ਕਾਨੂੰਨੀਐਕਟ ਹੈ। ਪਰ ਫਿਰ ਵੀ ਅਸੀਂ ਸੀਵਰੇਜ ਦੀ ਸਫਾਈ ਦੌਰਾਨ ਹੋਣ ਵਾਲ਼ੀਆਂ ਮੌਤਾਂ ਦੀ ਗਿਣਤੀ ਘੱਟ ਕਰਨ ਵਿੱਚ ਅਸਫਲ ਰਹੇ ਹਾਂ। ਮੈਨੂੰ ਸਮਝ ਨਹੀਂ ਆ ਰਹੀ ਕਿ ਇਸ ਮਸਲੇ ਨੂੰ ਅੱਗੇ ਕਿਵੇਂ ਲੈ ਕੇ ਜਾਵਾਂ। ਮੇਰੇ ਲੇਖ ਅਤੇ ਫੋਟੋਆਂ ਹੀ ਮੇਰੇ ਕੋਲ ਇੱਕ ਤਰੀਕਾ ਹੈ ਜਿਸ ਨਾਲ਼ ਮੈਂ ਅੱਤਿਆਚਾਰੀ ਕਾਰਜ ਨੂੰ ਠੱਲ ਪਾਉਣ ਵਿੱਚ ਯੋਗਦਾਨ ਪ ਸਕਦਾ ਹਾਂ।
ਹਰ ਇੱਕ ਮੌਤ ਦਾ ਮੇਰੇ ਜ਼ਹਿਨ ਤੇ ਬਹੁਤ ਡੂੰਘਾ ਅਸਰ ਪੈਂਦਾ ਹੈ। ਮੈਂ ਸੋਚਦਾ ਰਹਿੰਦਾ ਹਾਂ ਕਿ ਕਿ ਕੀ ਇਹਨਾਂ ਅੰਤਿਮ ਰਸਮਾਂ ਤੇ ਮੇਰਾ ਰੋਣਾ ਸਹੀ ਹੈ ਜਾਂ ਨਹੀਂ। ਵਿਹਾਰਿਕ ਦੁੱਖ ਵਰਗੀ ਕੋਈ ਚੀਜ਼ ਨਹੀਂ ਹੈ। ਦੁੱਖ ਹਮੇਸ਼ਾ ਨਿੱਜੀ ਹੀ ਹੁੰਦਾ ਹੈ। ਪਰ ਇਹਨਾਂ ਮੌਤਾਂ ਕਾਰਨ ਹੀ ਮੈਂ ਫ਼ੋਟੋਗ੍ਰਾਫ਼ਰ ਬਣਿਆ ਹਾਂ। ਸੀਵਰੇਜ ਦੀ ਸਫਾਈ ਕਰਦਿਆਂ ਹੋਰ ਮੌਤਾਂ ਰੋਕਣ ਲਈ ਮੈਂ ਹੋਰ ਕੀ ਕਰ ਸਕਦਾ ਹਾਂ? ਅਸੀਂ ਸਭ ਕੀ ਕਰ ਸਕਦੇ ਹਾਂ?
ਤਰਜਮਾ: ਨਵਨੀਤ ਕੌਰ ਧਾਲੀਵਾਲ