ਤਾਲਿਬ ਕਸਾਨਾ ਕਹਿੰਦੇ ਹਨ, "ਸਾਡੇ ਸਮੇਂ ਦੇ ਲੋਕਾਂ ਲਈ ਭੇਡ ਬੱਕਰੀ ਚਰਾਨਾ (ਪਸ਼ੂ ਪਾਲਣ) ਔਖਾ ਕੰਮ ਹੈ। ਉਹ ਭੋਰਥੈਨ ਪਿੰਡ ਦੇ ਬਕਰਵਾਲ ਪਿੰਡ ਪਹਲੀ ਦੇ ਰਹਿਣ ਵਾਲ਼ੇ ਹਨ। ਉਹ ਡਿਸਟੈਂਸ ਐਜੂਕੇਸ਼ਨ ਰਾਹੀਂ ਰਾਜਨੀਤੀ ਸ਼ਾਸਤਰ ਵਿੱਚ ਮਾਸਟਰ ਡਿਗਰੀ ਦੀ ਪੜ੍ਹਾਈ ਕਰ ਰਹੇ ਹਨ।
ਬਕਰਵਾਲ ਲੋਕ, ਖ਼ਾਨਾਬਦੋਸ਼ ਆਜੜੀ ਭਾਈਚਾਰਾ, ਵੱਡੇ-ਵੱਡੇ ਸਮੂਹਾਂ ਵਿੱਚ ਆਪਣੇ ਪਸ਼ੂਆਂ ਲਈ ਚਾਰੇ ਦੀ ਭਾਲ਼ ਲਈ ਇੱਕ ਵਾਰ ਫਿਰ ਹਿਮਾਲਿਆ ਦੇ ਆਲ਼ੇ-ਦੁਆਲ਼ੇ ਪੈਂਦੇ ਇਲਾਕੇ ਵੱਲ ਨੂੰ ਨਿਕਲ਼ ਪਏ। "ਇੱਕ ਵਾਰ ਜਦੋਂ ਸਾਨੂੰ ਪਿੰਡਾਂ ਵਿੱਚ ਰਹਿਣ ਤੇ ਭੇਡ-ਬੱਕਰੀਆਂ ਚਰਾਉਣ ਦੀ ਬਜਾਏ ਪੜ੍ਹਨ-ਲਿਖਣ ਦੀ ਆਦਤ ਲੱਗ ਜਾਂਦੀ ਹੈ ਤਾਂ ਉਹਦੇ ਬਾਅਦ ਸਾਨੂੰ ਕਈ ਹੋਰ ਨਵੀਂਆਂ ਆਦਤਾਂ ਪੈ ਜਾਂਦੀਆਂ ਹਨ...ਅਸੀਂ ਆਪਣੇ ਲਈ ਇੱਕ ਬੰਦ ਗ਼ੁਸਲਖਾਨਾ ਚਾਹੁੰਣ ਲੱਗਦੇ ਹਾਂ ਜਾਂ ਇੱਕੋ ਥਾਵੇਂ ਬੈਠ ਕੇ ਪੜ੍ਹਨ ਚਾਹੁੰਦੇ ਹਾਂ।"
ਤਾਲਿਬ ਜੰਮੂ ਦੇ ਕਠੂਆ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਬਕਰਵਾਲ ਬਸਤੀ ਵਿੱਚ ਰਹਿੰਦੇ ਹਨ। ਇਹ ਇੱਕ ਅਸਥਾਈ ਬਸਤੀ ਹੈ, ਜਿੱਥੇ ਰਹਿਣ ਵਾਲ਼ਿਆਂ ਵਿੱਚੋਂ ਕਿਸੇ ਦਾ ਵੀ ਜ਼ਮੀਨ ਉੱਤੇ ਕੋਈ ਦਾਅਵਾ ਨਹੀਂ ਹੈ।
ਪਿਛਲੇ ਇੱਕ ਦਹਾਕੇ ਦੌਰਾਨ, ਇਸ ਅਰਧ-ਖ਼ਾਨਾਬਦੋਸ਼ ਭਾਈਚਾਰੇ ਦੇ ਬਹੁਤ ਸਾਰੇ ਨੌਜਵਾਨ ਆਪਣੇ ਰਵਾਇਤੀ ਪੇਂਡੂ ਜੀਵਨ ਤੋਂ ਦੂਰ ਚਲੇ ਗਏ ਹਨ ਅਤੇ ਉੱਚ ਸਿੱਖਿਆ ਦੀ ਚੋਣ ਕਰ ਰਹੇ ਹਨ। ਜਿਨ੍ਹਾਂ ਕੋਲ਼ ਪੈਸਾ ਹੈ ਉਹ ਮੈਡੀਕਲ ਜਾਂ ਇੰਜੀਨੀਅਰਿੰਗ ਦੀ ਪੜ੍ਹਾਈ ਕਰ ਰਹੇ ਹਨ। ਬਾਕੀ ਵੀ ਰਾਜਨੀਤਿਕ ਅਤੇ ਸਿਵਲ ਸੇਵਾਵਾਂ ਦੀਆਂ ਨੌਕਰੀਆਂ ਵਿੱਚ ਕੈਰੀਅਰ ਦੀ ਤਲਾਸ਼ ਕਰ ਰਹੇ ਹਨ।
ਜਦੋਂ ਬਕਰਵਾਲ ਪਰਿਵਾਰਾਂ ਵਿੱਚ ਦੋ ਪੁੱਤਰ ਹੁੰਦੇ ਹਨ, ਤਾਂ ਆਮ ਤੌਰ 'ਤੇ ਇਹੀ ਮੰਨਿਆ ਜਾਂਦਾ ਹੈ ਕਿ ਉਨ੍ਹਾਂ ਵਿੱਚੋਂ ਇੱਕ ਭੇਡਾਂ ਦੀ ਦੇਖਭਾਲ਼ ਕਰੇਗਾ ਜਦੋਂ ਕਿ ਦੂਜਾ ਨੌਕਰੀ ਦੀ ਤਲਾਸ਼ ਵਿੱਚ ਬਾਹਰ ਜਾਵੇਗਾ। ਤਾਲਿਬ ਕਸਾਨਾ ਆਪਣੀ ਪੜ੍ਹਾਈ ਜਾਰੀ ਰੱਖਣ ਬਾਰੇ ਸੋਚ ਰਹੇ ਹਨ, ਪਰ ਉਨ੍ਹਾਂ ਦੇ ਛੋਟੇ ਭਰਾ ਨੂੰ ਭੇਡਾਂ ਚਰਾਉਣ ਦਾ ਕੰਮ ਪਸੰਦ ਨਹੀਂ ਹੈ। ਉਹ ਵੀ ਬਾਹਰ ਕੰਮ ਲੱਭਣਾ ਚਾਹੁੰਦਾ ਹੈ। ਪਰ ਤੌਖ਼ਲਿਆਂ ਨਾਲ਼ ਘਿਰਿਆ ਵੱਡਾ ਭਰਾ ਆਪਣੇ ਛੋਟੇ ਭਰਾ ਨੂੰ ਕਹਿੰਦਾ ਹੈ, "ਸਾਡੇ ਜਿਹੇ ਲੋਕਾਂ ਲਈ ਨੌਕਰੀਆਂ ਹੀ ਕਿੱਥੇ ਨੇ।''














