ਮਹਸਵੜ ਵਿਖੇ, ਜਿੱਥੇ ਮੈਂ ਜੰਮਿਆ, ਪਲ਼ਿਆ ਤੇ ਵੱਡਿਆ ਹੋਇਆ ਹਾਂ, ਮੈਂ ਆਪਣੀਆਂ ਅੱਖਾਂ ਨਾਲ਼ ਲੋਕਾਂ ਨੂੰ ਹਰ ਰੋਜ਼ ਪਾਣੀ ਲਈ ਜੂਝਦੇ ਦੇਖਿਆ ਹੈ।
ਮਨਦੇਸ਼ ਦਾ ਇਹ ਖੇਤਰ ਮਹਾਰਾਸ਼ਟਰ ਦੇ ਕੇਂਦਰ ਵਿੱਚ ਸਥਿਤ ਹੈ, ਜਿੱਥੇ ਖਾਨਾਬਦੀ ਧੰਗਰ ਪਸ਼ੂ-ਪਾਲਕ ਸਦੀਆਂ ਤੋਂ ਭਟਕ ਰਹੇ ਹਨ। ਦੱਖਣ ਪਠਾਰ ਦੇ ਇਸ ਸੋਕਾ ਪ੍ਰਭਾਵਿਤ ਖੇਤਰ ਵਿੱਚ, ਉਹ ਪਾਣੀ ਦੇ ਸਰੋਤਾਂ ਨੂੰ ਲੱਭਣ ਦੇ ਗਿਆਨ ਦੁਆਰਾ ਬਚੇ ਹਨ।
ਕਈ ਸਾਲਾਂ ਤੋਂ, ਮੈਂ ਔਰਤਾਂ ਨੂੰ ਭਾਂਡੇ ਭਰਨ ਲਈ ਕਤਾਰਾਂ ਵਿੱਚ ਖੜ੍ਹੇ ਵੇਖਿਆ ਹੈ। ਰਾਜ ਸਰਕਾਰ 12 ਦਿਨਾਂ ਵਿੱਚ ਸਿਰਫ ਇੱਕ ਘੰਟੇ ਲਈ ਪਾਣੀ ਦੀ ਸਪਲਾਈ ਕਰਦੀ ਹੈ। ਹਫਤਾਵਾਰੀ ਬਾਜ਼ਾਰ ਵਿੱਚ, ਕਿਸਾਨ ਪਾਣੀ ਨਾਲ ਜੁੜੀਆਂ ਸਮੱਸਿਆਵਾਂ ਬਾਰੇ ਗੱਲ ਕਰਦੇ ਹਨ ਅਤੇ ਕਿਵੇਂ ਡੂੰਘੇਰੇ ਖੂਹ ਪੁੱਟਣ ਤੋਂ ਬਿਨਾ ਪਾਣੀ ਨਹੀਂ ਮਿਲ਼ਣਾ। ਜੇ ਉਨ੍ਹਾਂ ਨੂੰ ਪਾਣੀ ਮਿਲ ਵੀ ਜਾਵੇ ਤਾਂ ਇਹ ਅਕਸਰ ਦੂਸ਼ਿਤ ਹੋ ਜਾਂਦਾ ਹੈ, ਜਿਸ ਨਾਲ ਗੁਰਦੇ ਦੀ ਪੱਥਰੀ ਵਰਗੀਆਂ ਬਿਮਾਰੀਆਂ ਹੋ ਜਾਂਦੀਆਂ ਹਨ।
ਸਥਿਤੀ ਇਹ ਹੋ ਗਈ ਹੈ ਕਿ ਖੇਤੀ ਹੁਣ ਸੰਭਵ ਨਹੀਂ ਹੈ। ਪਿੰਡਾਂ ਦੇ ਨੌਜਵਾਨ ਮੁੰਬਈ ਵਰਗੇ ਵੱਡੇ ਸ਼ਹਿਰਾਂ ਵੱਲ ਪ੍ਰਵਾਸ ਕਰ ਰਹੇ ਹਨ।
ਕਰਖੇਲ ਦੇ ਇੱਕ ਕਿਸਾਨ ਗਾਇਕਵਾੜ ਨੇ ਆਪਣੇ ਸਾਰੇ ਪਸ਼ੂ ਵੇਚ ਦਿੱਤੇ ਹਨ ਅਤੇ ਹੁਣ ਉਹ ਸਿਰਫ ਬੱਕਰੀਆਂ ਪਾਲਦੇ ਹਨ। ਉਨ੍ਹਾਂ ਦੇ ਖੇਤ ਬੰਜਰ ਹਨ ਅਤੇ ਉਨ੍ਹਾਂ ਦੇ ਪੁੱਤਰ ਦਿਹਾੜੀਦਾਰ ਮਜ਼ਦੂਰਾਂ ਵਜੋਂ ਕੰਮ ਕਰਨ ਲਈ ਮੁੰਬਈ ਚਲੇ ਗਏ ਹਨ। 60 ਸਾਲਾ ਗਾਇਕਵਾੜ ਆਪਣੀ ਪਤਨੀ ਅਤੇ ਪੋਤੇ-ਪੋਤੀਆਂ ਨਾਲ਼ ਇਸੇ ਉਮੀਦ ਨਾਲ਼ ਰਹਿੰਦੇ ਹਨ ਕਿ ਉਨ੍ਹਾਂ ਦੀ ਮੌਤ ਤੋਂ ਪਹਿਲਾਂ ਪਾਣੀ ਮਿਲ ਜਾਵੇਗਾ। ਪਰਿਵਾਰ ਉਸੇ ਪਾਣੀ ਦੀ ਵਰਤੋਂ ਕਰਦਾ ਹੈ ਜੋ ਉਹ ਨਹਾਉਣ ਲਈ ਭਾਂਡੇ ਅਤੇ ਕੱਪੜੇ ਧੋਣ ਲਈ ਵਰਤਦੇ ਸਨ। ਇਹ ਪਾਣੀ ਘਰ ਦੇ ਸਾਹਮਣੇ ਅੰਬ ਦੇ ਰੁੱਖ ਵਿੱਚ ਪਾਇਆ ਜਾਂਦਾ ਹੈ।
ਸਤਾਰਾ ਜ਼ਿਲ੍ਹੇ ਦੇ ਮਾਨ ਤਾਲੁਕਾ 'ਚ ਸ਼ੂਟ ਕੀਤੀ ਗਈ ਫਿਲਮ 'ਇਨ ਸਰਚ ਫਾਰ ਵਾਟਰ' ਪਾਣੀ ਦੇ ਗੰਭੀਰ ਸੰਕਟ ਨਾਲ ਜੂਝ ਰਹੇ ਲੋਕਾਂ ਅਤੇ ਪਾਣੀ ਦੀ ਸਪਲਾਈ ਕਰਨ ਵਾਲਿਆਂ ਦੀਆਂ ਕਹਾਣੀਆਂ ਬਿਆਨ ਕਰਦੀ ਹੈ।
ਤਰਜ਼ਮਾ: ਕਮਲਜੀਤ ਕੌਰ