ਸੰਤੋਸ਼ ਕੋਰੀ ਨੂੰ ਨਵਾਂ ਨਵਾਂ ਮਾਲਿਕਾਨਾ ਅਹਿਸਾਸ ਬਹੁਤ ਵਧੀਆ ਲੱਗ ਰਿਹਾ ਹੈ। “ਇਹ ਕਿਸਾਨ ਸਹਿਕਾਰੀ ਅਸੀਂ ਔਰਤਾਂ ਨੇ ਮਿਲ ਕੇ ਬਣਾਈ ਸੀ। ਤੇ ਹੁਣ ਸਾਡੇ ਪਿੰਡ ਦੇ ਆਦਮੀਆਂ ਨੂੰ ਵੀ ਲੱਗਦਾ ਹੈ ਕਿ ਇਹ ਇੱਕ ਚੰਗਾ ਵਿਚਾਰ ਹੈ,” ਉਹ ਹੱਸਦਿਆਂ ਕਹਿੰਦੇ ਹਨ।
ਭੈਰਹਾ ਪੰਚਾਇਤ ਦੀ ਗੁਚਰਾ ਬਸਤੀ ਦੀ ਇੱਕ ਦਲਿਤ ਕਿਸਾਨ ਨੇ ਰੂੰਜ ਮਹਿਲਾ ਸਹਿਕਾਰੀ ਲਿਮਿਟਡ (ਐਮ. ਐਫ. ਪੀ. ਓ.) ਦੀ ਮੈਂਬਰਸ਼ਿਪ 1000 ਰੁਪਏ ਵਿੱਚ ਲਈ ਸੀ ਜੋ ਕਿ ਜਨਵਰੀ 2024 ਵਿੱਚ ਅਜਿਹਾ ਕਰਨ ਵਾਲੀਆਂ ਪੰਨਾ ਜਿਲ੍ਹੇ ਦੀਆਂ 300 ਆਦਿਵਾਸੀ, ਦਲਿਤ ਅਤੇ ਹੋਰ ਪਿਛੜੇ ਵਰਗ ਦੀਆਂ ਔਰਤਾਂ ਵਿੱਚੋਂ ਇੱਕ ਹਨ। ਸੰਤੋਸ਼ੀ ਰੂੰਜ ਦੀਆਂ ਪੰਜ ਬੋਰਡ ਮੈਂਬਰਾਂ ਵਿੱਚੋਂ ਇੱਕ ਹਨ ਅਤੇ ਉਹਨਾਂ ਨੂੰ ਇਕੱਠ ਨੂੰ ਸੰਬੋਧਨ ਕਰਨ ਅਤੇ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਬੁਲਾਇਆ ਜਾਂਦਾ ਹੈ।
“ਪਹਿਲਾਂ ਵਿਚੋਲੀਏ [ਵਪਾਰੀ] ਆ ਕੇ ਸਾਡੇ ਕੋਲੋਂ ਅਰਹਰ ਦੀ ਦਾਲ ਘੱਟ ਮੁੱਲ ਤੇ ਲੈ ਜਾਂਦੇ ਸਨ ਕਿਉਂਕਿ ਦਲ਼ੀ ਨਹੀਂ ਹੁੰਦੀ ਸੀ। ਫਿਰ ਉਹ ਨਾ ਤਾ ਕਦੀ ਸਮੇਂ ਸਿਰ ਆਉਂਦਾ ਸੀ ਅਤੇ ਨਾ ਹੀ ਕਦੇ ਸਾਡੇ ਪੈਸੇ ਸਮੇਂ ਸਿਰ ਦਿੰਦਾ ਸੀ,” ਉਹ ਪਾਰੀ ਨੂੰ ਦੱਸਦੇ ਹਨ। 45 ਸਾਲਾ ਸੰਤੋਸ਼ੀ ਤਿੰਨ ਬੱਚਿਆਂ ਦੀ ਮਾਂ ਹਨ ਅਤੇ ਆਪਣੇ ਪਰਿਵਾਰ ਦੀ 2 ਏਕੜ ਜ਼ਮੀਨ ਤੇ ਬਿਨਾਂ ਕਿਸੇ ਸਿੰਚਾਈ ਸੁਵਿਧਾ ਦੇ ਅਰਹਰ ਦਾਲ ਦੀ ਖੇਤੀ ਕਰਦੇ ਹਨ, ਅਤੇ ਹਾਲ ਵਿੱਚ ਹੀ ਉਹਨਾਂ ਨੇ ਇੱਕ ਏਕੜ ਜ਼ਮੀਨ ਹੋਰ ਠੇਕੇ ਤੇ ਲਈ ਹੈ। ਸਾਡੇ ਦੇਸ਼ ਵਿੱਚ ਸਿਰਫ਼ 11 ਪ੍ਰਤੀਸ਼ਤ ਔਰਤਾਂ ਕੋਲ ਹੀ ਜ਼ਮੀਨ ਦੀ ਮਲਕੀਅਤ ਹੈ ਅਤੇ ਮੱਧ ਪ੍ਰਦੇਸ਼ ਦੇ ਹਾਲਾਤ ਵੀ ਕੋਈ ਵੱਖਰੇ ਨਹੀਂ ਹਨ।
ਰੂੰਜ ਐਮ. ਐਫ. ਪੀ. ਓ. ਦਾ ਨਾਮ ਰੂੰਜ ਨਦੀ ਤੇ ਪਿਆ ਹੈ ਜੋ ਕਿ ਬਾਗੇਨ ਨਦੀ ਦੀ ਸ਼ਾਖਾ ਹੈ ਜੋ ਯਮੁਨਾ ਵਿੱਚ ਜਾ ਰਲਦੀ ਹੈ। ਅਜੈਗੜ ਐਂਡ ਪੰਨਾ ਬਲਾਕ ਦੇ 28 ਪਿੰਡਾਂ ਦੀਆਂ ਔਰਤਾਂ ਰੂੰਜ ਐਫ. ਪੀ. ਓ. ਦਾ ਹਿੱਸਾ ਹਨ। ਸਾਲ 2024 ਵਿੱਚ ਬਣੇ ਇਸ ਐਫ. ਪੀ. ਓ. ਨੂੰ 40 ਲੱਖ ਰੁਪਏ ਦੀ ਕਮਾਈ ਹੋ ਚੁੱਕੀ ਹੈ ਜੋ ਕਿ ਅਗਲੇ ਸਾਲ ਵੱਧ ਕੇ ਦੁੱਗਣੀ ਹੋਣ ਦੇ ਆਸਾਰ ਹਨ।










