ਜਿਸ ਵੇਲ਼ੇ ਮੈਂ ਉਨ੍ਹਾਂ ਨੂੰ ਮਿਲ਼ਿਆਂ ਉਹ ਕਰੀਬ 104 ਸਾਲ ਦੇ ਸਨ ਤੇ ਆਸਰਾ ਦੇਣ ਲਈ ਵੱਧਦੇ ਹੱਥਾਂ ਨੂੰ ਨਿਮਰਤਾ ਨਾਲ਼ ਪਿਛਾਂਹ ਕਰਦਿਆਂ ਆਪਣੇ-ਆਪ ਤੁਰ ਕੇ ਕਮਰੇ ਵਿੱਚੋਂ ਬਾਹਰ ਆਏ। ਉਹ ਆਪਣੀ ਖੂੰਡੀ ਸਹਾਰੇ ਔਖੇ-ਸੌਖੇ ਤੁਰਦੇ ਰਹੇ ਪਰ ਕਿਸੇ ਦੀ ਮਦਦ ਲੈਣ ਨੂੰ ਤਿਆਰ ਨਾ ਹੋਏ। ਉਮਰ ਦੇ ਉਸ ਦੌਰ ਵਿੱਚ ਵੀ ਉਹ ਬਗ਼ੈਰ ਕਿਸੇ ਸਹਾਰੇ ਦੇ ਤੁਰਦੇ, ਖੜ੍ਹੇ ਹੁੰਦੇ ਤੇ ਆਪੇ ਬੈਠਦੇ ਵੀ। ਪੱਛਮੀ ਬੰਗਾਲ ਦੇ ਪੁਰੂਲੀਆ ਜ਼ਿਲ੍ਹੇ ਦੇ ਚੇਪੂਆ ਪਿੰਡ ਵਿੱਚ ਉਨ੍ਹਾਂ ਦਾ ਵਿਸ਼ਾਲ ਸਾਂਝਾ ਪਰਿਵਾਰ ਸਧਾਰਣ ਜੀਵਨ ਜਿਊਂਦਾ ਹੋਇਆ ਖੇਤੀਬਾੜੀ 'ਤੇ ਨਿਰਭਰ ਹੈ ਤੇ ਔਰਤਾਂ ਘਰ ਸੰਭਾਲ਼ਦੀਆਂ ਹਨ।

ਅਜ਼ਾਦੀ ਵਿਰਾਂਗਣਾ, ਭਾਬਾਨੀ ਮਾਹਾਤੋ 29-30 ਅਗਸਤ, 2024 ਦੀ ਅੱਧੀ ਰਾਤੀਂ ਆਪਣੀ ਨੀਂਦ ਵਿੱਚ ਹੀ ਦੁਨੀਆ ਛੱਡ ਗਏ। ਉਹ 106 ਸਾਲ ਦੇ ਸਨ। ਉਨ੍ਹਾਂ ਦੀ ਮੌਤ ਹੋਈ ਤੇ ਮੇਰੀ ਕਿਤਾਬ 'ਅਖ਼ੀਰਲੇ ਨਾਇਕ: ਭਾਰਤੀ ਅਜ਼ਾਦੀ ਦੇ ਪੈਦਲ ਸਿਪਾਹੀ' (ਪੇਂਗੁਇਨ ਨਵੰਬਰ 2022) ਦੇ 16 ਅਜ਼ਾਦੀ ਘੁਲਾਟੀਆਂ ਵਿੱਚੋਂ ਸਿਰਫ਼ ਚਾਰ ਹੀ ਹੁਣ ਜਿਉਂਦੇ ਰਹਿ ਗਏ ਹਨ। ਦੇਖਿਆ ਜਾਵੇ ਤਾਂ ਭਵਾਨੀ ਮਾਹਾਤੋ ਉਨ੍ਹਾਂ ਅਸਧਾਰਣ ਸੁਤੰਤਰਤਾ ਸੈਨਾਨੀਆਂ ਨਾਲ਼ੋਂ ਵੀ ਅਸਧਾਰਣ ਸਨ, ਜਿਨ੍ਹਾਂ ਦੀਆਂ ਇੰਟਰਵਿਊ ਪਾਰੀ ਦੀ ਸੁਤੰਤਰਤਾ ਸੈਨਾਨੀ ਗੈਲਰੀ ਵਿੱਚ ਦਰਜ ਹਨ। ਭਬਾਨੀ ਮਾਹਾਤੋ ਨੇ ਪਾਰੀ ਨਾਲ਼ ਹੋਈ ਲੰਬੀ ਗੱਲਬਾਤ ਦੌਰਾਨ ਇੱਕ ਵਾਰ ਵੀ ਅਜ਼ਾਦੀ ਸੰਗਰਾਮ ਵਿੱਚ ਨਿਭਾਈ ਆਪਣੀ ਭੂਮਿਕਾ ਕਬੂਲ ਨਾ ਕੀਤੀ ਤੇ ਕੋਈ ਗੱਲ ਨਾ ਚਿਤਾਰੀ।  ਜਦੋਂ ਅਸੀਂ 2022 ਵਿੱਚ ਉਨ੍ਹਾਂ ਨੂੰ ਮਿਲੇ, ਤਾਂ ਉਨ੍ਹਾਂ ਨੇ ਕਿਹਾ, "ਮੇਰਾ ਅਜ਼ਾਦੀ ਦੀ ਲੜਾਈ ਨਾਲ਼ ਕੀ ਲੈਣਾ ਦੇਣਾ? ਅਜਿਹੇ ਸੰਘਰਸ਼ਾਂ ਵਿੱਚ ਮੇਰੀ ਕੋਈ ਭੂਮਿਕਾ ਨਹੀਂ।" ਪੜ੍ਹੋ: ਭਬਾਨੀ ਮਾਹਾਤੋ ਦੇ ਹੱਥੀਂ ਪਲ਼ਿਆ ਇਨਕਲਾਬ

1940ਵਿਆਂ ਵਿੱਚ ਜਦੋਂ ਬੰਗਾਲ ਦਾ ਉਹ ਅਕਾਲ ਪਿਆ ਤਾਂ ਭਬਾਨੀ ਦੇ ਸਿਰ 'ਤੇ ਕੰਮ ਦਾ ਬੋਝ ਮਣਾਂ-ਮੂੰਹੀਂ ਹੋ ਗਿਆ। ਉਸ ਵੇਲ਼ੇ ਉਨ੍ਹਾਂ ਨੇ ਜੋ ਕਠਿਨਾਈਆਂ ਝੱਲੀਆਂ ਹੋਣੀਆਂ, ਉਨ੍ਹਾਂ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ

ਵੀਡੀਓ ਦੇਖੋ: ਭਬਾਨੀ ਮਾਹਾਤੋ - ਪੁਰੂਲੀਆਂ ਦੀ ਬੇਖ਼ਬਰ ਅਜ਼ਾਦੀ ਵੀਰਾਂਗਣਾ

ਖ਼ੈਰ, ਉਨ੍ਹਾਂ ਭਾਵੇਂ ਕਬੂਲ ਨਹੀਂ ਸੀ ਕੀਤਾ ਪਰ ਸੁਤੰਤਰਤਾ ਸੰਗਰਾਮ ਵਿੱਚ ਉਨ੍ਹਾਂ ਦਾ ਆਪਣੇ ਪਤੀ, ਮੰਨੇ-ਪ੍ਰਮੰਨੇ ਸੁਤੰਤਰਤਾ ਸੈਨਾਨੀ, ਬੈਦਿਆਨਾਥ ਮਾਹਾਤੋ ਨਾਲ਼ੋਂ ਵੀ ਕਿਤੇ ਵੱਧ ਯੋਗਦਾਨ ਰਿਹਾ ਸੀ। ਜਦੋਂ ਮੈਂ ਆਪਣੀ ਸਹਿਕਰਮੀ ਸਮਿਤਾ ਖਟੋਰ ਨਾਲ਼ ਮਾਨ ਮਜ਼ਾਰ ਬਲਾਕ ਵਿਖੇ ਪੈਂਦੇ ਉਨ੍ਹਾਂ ਦੇ ਘਰ ਗਿਆ ਸੀ। ਉਸ ਸਮੇਂ ਤੱਕ, ਉਨ੍ਹਾਂ ਦੇ ਪਤੀ ਦੀ ਮੌਤ ਨੂੰ 20 ਸਾਲ ਬੀਤ ਚੁੱਕੇ ਸਨ। ਦਰਅਸਲ, ਭਵਾਨੀ ਮਾਹਾਤੋ ਨੇ ਆਪਣੇ ਹੀ ਤਰੀਕੇ ਨਾਲ਼ ਸੁਤੰਤਰਤਾ ਸੰਗਰਾਮ ਵਿੱਚ ਯੋਗਦਾਨ ਪਾਇਆ ਸੀ, ਜਿਸ ਬਾਰੇ ਉਹ ਘੰਟਿਆਂ-ਬੱਧੀ ਗੱਲਬਾਤ ਕਰਦੇ ਰਹਿਣ ਤੋਂ ਬਾਅਦ ਵੀ ਇਨਕਾਰੀ ਹੀ ਰਹੀ।

ਦਰਅਸਲ, ਉਹ 1980 ਵਿੱਚ ਸ਼ੁਰੂ ਕੀਤੀ ਗਈ ਸਵਤੰਤਰਤਾ ਸੈਨਿਕ ਸਨਮਾਨ ਯੋਜਨਾ ਦੇ ਮਾਪਦੰਡਾਂ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਇਹ ਮਾਪਦੰਡ ਜ਼ਿਆਦਾਤਰ ਔਰਤਾਂ ਨੂੰ ਅਜ਼ਾਦੀ ਘੁਲਾਟੀਆਂ ਦੀ ਪਰਿਭਾਸ਼ਾ ਤੋਂ ਬਾਹਰ ਰੱਖਦੇ ਹਨ। ਕਿਉਂਕਿ ਉਨ੍ਹਾਂ ਦਾ ਮੁੱਖ ਧਿਆਨ ਇਸ ਗੱਲ 'ਤੇ ਹੈ ਕਿ ਉਨ੍ਹਾਂ ਨੇ ਕਿੰਨਾ ਸਮਾਂ ਜੇਲ੍ਹ ਵਿੱਚ ਬਿਤਾਇਆ। ਇਸ ਲਈ ਗ੍ਰਿਫ਼ਤਾਰੀ ਤੋਂ ਬਚ ਕੇ ਭੂਮੀਗਤ ਕੰਮ ਕਰਨ ਵਾਲੇ ਬਹੁਤ ਸਾਰੇ ਕ੍ਰਾਂਤੀਕਾਰੀਆਂ ਨੂੰ ਵੀ ਇਸ ਸੂਚੀ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਹੈ। ਇੰਨਾ ਹੀ ਨਹੀਂ, ਉਨ੍ਹਾਂ ਤੋਂ ਇਸ ਗੱਲ ਦਾ ਸਬੂਤ ਮੰਗਿਆ ਗਿਆ ਕਿ ਉਸ ਸਮੇਂ ਦੀ ਸਰਕਾਰ ਨੇ ਉਨ੍ਹਾਂ ਨੂੰ ਅਪਰਾਧੀ ਐਲਾਨ ਦਿੱਤਾ ਸੀ- ਇਹ ਤਾਂ ਇੰਝ ਸੀ ਜਿਵੇਂ ਭਾਰਤ ਦੀ ਅਜ਼ਾਦੀ ਲਈ ਲੜਨ ਵਾਲ਼ਿਆਂ ਨੂੰ ਬ੍ਰਿਟਿਸ਼ ਸਰਕਾਰ ਵੱਲੋਂ ਸਰਟੀਫਿਕੇਟ ਦਿੱਤਾ ਜਾਣਾ ਹੋਵੇ।

ਜਦੋਂ ਅਸੀਂ ਇਸ ਪੱਖ ਤੋਂ ਚੀਜਾਂ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਤੇ ਵਿਚਾਰਿਆ, ਤਾਂ ਭਵਾਨੀ ਮਾਹਾਤੋ ਦੀ ਕੁਰਬਾਨੀ ਦੇ ਮਿਆਰ ਨੇ ਸਾਨੂੰ ਹੈਰਾਨ ਕਰ ਦਿੱਤਾ। ਉਹ ਪੁਰੂਲੀਆ ਦੇ ਜੰਗਲਾਂ ਵਿੱਚ ਲੁਕੇ ਕ੍ਰਾਂਤੀਕਾਰੀਆਂ ਨੂੰ ਭੋਜਨ ਖੁਆਉਣ ਲਈ ਆਪਣੀ ਜਾਨ 'ਤੇ ਖੇਡ ਜਾਇਆ ਕਰਦੇ। ਉਨ੍ਹਾਂ ਨੂੰ ਨਾ ਸਿਰਫ਼ 25 ਜਣਿਆਂ ਦੇ ਟੱਬਰ ਲਈ ਖਾਣਾ ਬਣਾਉਣਾ ਪੈਂਦਾ ਬਲਕਿ ਜੰਗਲ ਵਿੱਚ ਲੁਕੇ 20 ਜਾਂ ਕਈ ਵਾਰ ਇਸ ਤੋਂ ਵੀ ਵੱਧ ਕ੍ਰਾਂਤੀਕਾਰੀਆਂ ਲਈ ਵੀ ਖਾਣਾ ਬਣਾਉਣਾ ਪੈਂਦਾ ਸੀ। ਉਨ੍ਹਾਂ 1942-43 ਦੌਰਾਨ ਹੱਥੀਂ ਅਨਾਜ ਉਗਾਇਆ ਜਦੋਂ ਬੰਗਾਲ ਅਕਾਲ ਦੀ ਚਪੇਟ ਵਿੱਚੋਂ ਲੰਘ ਰਿਹਾ ਸੀ। ਇਹ ਕਹਿਣਾ ਕੋਈ ਅਤਿਕਥਨੀ ਨਹੀਂ ਹੈ ਕਿ ਭਾਰਤ ਦੇ ਅਜ਼ਾਦੀ ਸੰਘਰਸ਼ ਵਿੱਚ ਉਨ੍ਹਾਂ ਦਾ ਬਹੁਤ ਵੱਡਾ ਯੋਗਦਾਨ ਹੈ!

ਭਵਾਨੀ ਦੀ , ਤੁਸੀਂ ਸਾਡੀਆਂ ਯਾਦਾਂ ਵਿੱਚ ਰਹੋਗੇ।

PHOTO • P. Sainath
PHOTO • P. Sainath
PHOTO • P. Sainath

2022 ਵਿੱਚ ਪੀ.ਸਾਈਨਾਥ ਨੂੰ ਮਿਲ਼ਣ ਵੇਲ਼ੇ ਭਵਾਨੀ ਮਾਹਾਤੋ 101 ਤੋਂ 104 ਸਾਲਾਂ ਦੇ ਸਨ। ਭਵਾਨੀ ਮਾਹਾਤੋ (ਖੱਬੇ) ਆਪਣੇ 70 ਸਾਲਾ ਬੇਟੇ ਸ਼ਿਆਮ ਸੁੰਦਰ ਮਾਹਾਤੋ ਨਾਲ਼

PHOTO • Courtesy: the Mahato family

ਭਵਾਨੀ ਮਾਹਾਤੋ (ਵਿਚਕਾਰ) 1980 ਦੇ ਦਹਾਕੇ ਵਿੱਚ ਆਪਣੇ ਪਤੀ ਬੈਦਿਆਨਾਥ ਅਤੇ ਭੈਣ ਉਰਮਿਲਾ ਨਾਲ਼। ਇਸ ਤੋਂ ਪਹਿਲਾਂ ਦੇ ਦੌਰ ਦੀਆਂ ਪਰਿਵਾਰਕ ਤਸਵੀਰਾਂ ਉਪਲਬਧ ਨਹੀਂ ਹਨ

PHOTO • Pranab Kumar Mahato

ਅਜ਼ਾਦੀ ਵਿਰਾਂਗਣਾ, ਭਵਾਨੀ ਮਾਹਾਤੋ ਨੇ 2024 ' ਚ ਵੋਟ ਪਾਈ

PHOTO • P. Sainath

ਭਵਾਨੀ ਮਾਹਾਤੋ ਅਤੇ ਉਨ੍ਹਾਂ ਦੇ ਪੋਤੇ ਪਾਰਥ ਸਾਰਥੀ ਮਾਹਾਤੋ ਸਮੇਤ ਉਨ੍ਹਾਂ ਦੇ ਪਰਿਵਾਰ ਦੇ 13 ਹੋਰ ਮੈਂਬਰ। ਜਦੋਂ ਫੋਟੋ ਖਿੱਚੀ ਗਈ ਤਾਂ ਪਰਿਵਾਰ ਦੇ ਕੁਝ ਮੈਂਬਰ ਮੌਜੂਦ ਨਹੀਂ ਸਨ

ਤਰਜਮਾ: ਕਮਲਜੀਤ ਕੌਰ

P. Sainath

ପି. ସାଇନାଥ, ପିପୁଲ୍ସ ଆର୍କାଇଭ୍ ଅଫ୍ ରୁରାଲ ଇଣ୍ଡିଆର ପ୍ରତିଷ୍ଠାତା ସମ୍ପାଦକ । ସେ ବହୁ ଦଶନ୍ଧି ଧରି ଗ୍ରାମୀଣ ରିପୋର୍ଟର ଭାବେ କାର୍ଯ୍ୟ କରିଛନ୍ତି ଏବଂ ସେ ‘ଏଭ୍ରିବଡି ଲଭସ୍ ଏ ଗୁଡ୍ ଡ୍ରଟ୍’ ଏବଂ ‘ଦ ଲାଷ୍ଟ ହିରୋଜ୍: ଫୁଟ୍ ସୋଲଜର୍ସ ଅଫ୍ ଇଣ୍ଡିଆନ୍ ଫ୍ରିଡମ୍’ ପୁସ୍ତକର ଲେଖକ।

ଏହାଙ୍କ ଲିଖିତ ଅନ୍ୟ ବିଷୟଗୁଡିକ ପି.ସାଇନାଥ
Translator : Kamaljit Kaur

କମଲଜୀତ କୌର, ପଞ୍ଜାବରେ ରହୁଥିବା ଜଣେ ମୁକ୍ତବୃତ୍ତିର ଅନୁବାଦିକା। ସେ ପଞ୍ଜାବୀ ସାହିତ୍ୟରେ ସ୍ନାତକୋତ୍ତର ଶିକ୍ଷାଲାଭ କରିଛନ୍ତି। କମଲଜିତ ସମତା ଓ ସମାନତାପୂର୍ଣ୍ଣ ସମାଜରେ ବିଶ୍ୱାସ କରନ୍ତି, ଏବଂ ଏହାକୁ ସମ୍ଭବ କରିବା ଦିଗରେ ସେ ପ୍ରୟାସରତ ଅଛନ୍ତି।

ଏହାଙ୍କ ଲିଖିତ ଅନ୍ୟ ବିଷୟଗୁଡିକ Kamaljit Kaur