ਪਹਾੜਾਂ ਨੂੰ ਸੂਰਜ ਦੀ ਪਹਿਲੀ ਕਿਰਨ ਛੂਹੇ ਇਸ ਤੋਂ ਪਹਿਲਾਂ ਹੀ ਇਹ ਪਹਾੜੀ ਔਰਤਾਂ ਉੱਠ ਖੜ੍ਹਦੀਆਂ ਹਨ ਤੇ ਫਿਰ ਆਪਣੇ ਘਰਾਂ ਦੇ ਕੰਮ ਨਿਪਟਾਉਂਦੇ ਸਾਰ ਹੀ ਖੇਤਾਂ ਦੇ ਰਾਹ ਪੈਂਦੀਆਂ ਹਨ। ਉੱਥੋਂ ਕੁਝ ਵਹਿਲੀਆਂ ਹੋ ਕੇ ਆਪਣੇ ਬੱਚਿਆਂ ਤੇ ਪਤੀਆਂ ਤੇ ਬਾਕੀ ਪਰਿਵਾਰ ਦੀ ਦੇਖਭਾਲ਼ ਕਰਨ ਲੱਗਦੀਆਂ ਹਨ। ਘਰਾਂ ਵਿੱਚ ਪਾਲ਼ੇ ਡੰਗਰ ਵੀ ਉਨ੍ਹਾਂ ਦਾ ਰਾਹ ਤੱਕਦੇ ਹਨ। ਉਹ ਹਿਮਾਲਿਆਂ ਦੀਆਂ ਟੀਸੀਆਂ 'ਤੇ ਮੌਜੂਦ ਆਪਣੇ ਘਰਾਂ ਤੇ ਖੇਤਾਂ ਵਿੱਚ ਖੁਆਰ ਹੁੰਦੀਆਂ ਰਹਿੰਦੀਆਂ ਹਨ, ਜਿਨ੍ਹਾਂ ਪਥਰੀਲੀਆਂ ਪਗਡੰਡੀਆਂ ਤੋਂ ਤੁਰਦੀਆਂ ਡੰਗਰਾਂ ਲਈ ਪੱਠਿਆਂ ਦੀਆਂ ਭਾਰੀਆਂ ਪੰਡਾਂ ਸਿਰਾਂ 'ਤੇ ਲੱਦੀ ਵਾਪਸ ਮੁੜਦੀਆਂ ਹਨ। ਆਓ ਇਸ ਤੁਹਾਨੂੰ ਪਹਾੜੀ ਔਰਤਾਂ ਨਾਲ਼ ਮਿਲਾਉਣ ਚੱਲੀਏ।
ਦੀਵਾਲੀ ਤੋਂ ਠੀਕ ਦੋ ਦਿਨ ਪਹਿਲਾਂ ਸੁਭੱਦਰਾ ਠਾਕੁਰ (ਹੇਠਲੀ ਸੱਜੇ ਪਾਸੇ ਦੀ ਤਸਵੀਰ ਵਿੱਚ) ਆਪਣੇ ਘਰ ਦੇ ਰੰਗ-ਰੋਗਣ ਦਾ ਕੰਮ ਕਰ ਰਹੇ ਹਨ। ਘਰ ਦੀਆਂ ਕੰਧਾਂ ਨੀਲੀਆਂ ਹਨ ਤੇ ਦਸਤਾਨੇ ਪਾਈ ਨੀਲੀਆਂ ਕੰਧਾਂ 'ਤੇ ਚਿੱਟਾ ਰੋਗਣ ਫੇਰ ਰਹੇ ਹਨ। ਕਿਚਨ ਕਾਊਂਟਰ ਬੜੇ ਸਲੀਕੇ ਨਾਲ਼ ਸਜਾਈ ਹੋਈ ਹੈ। ਖਾਣਾ ਬਣਾਉਣ ਦਾ ਕੰਮ ਕਰ ਲਿਆ ਗਿਆ ਹੈ। ਤਕਰੀਬਨ 11:30 ਵਜੇ ਕੁਝ ਪਲਾਂ ਦੇ ਅਰਾਮ ਦੀ ਤਲਾਸ਼ ਵਿੱਚ ਉਹ ਘਰੋਂ ਬਾਹਰ ਨਿਕਲ਼ਦੇ ਹਨ; ਉਨ੍ਹਾਂ ਦੇ ਪੋਤੇ-ਪੋਤੀਆਂ, ਜੋ ਉਨ੍ਹਾਂ ਕੋਲ਼ ਆਏ ਹੋਏ ਹਨ, ਧੁੱਪੇ ਖੇਡ ਰਹੇ ਹਨ। ਬੱਚਿਆਂ ਨੂੰ ਖੇਡਦੇ ਦੇਖਣ ਦੀ ਖੁਸ਼ੀ ਉਨ੍ਹਾਂ ਦੇ ਚਿਹਰੇ 'ਤੇ ਤੈਰਨ ਲੱਗਦੀ ਹੈ। ਗਰਮੀਆਂ ਦੇ ਦਿਨੀਂ ਇਨ੍ਹਾਂ ਦਾ ਪੂਰਾ ਦਿਨ ਆਪਣੇ ਖੇਤਾਂ ਵਿੱਚ ਹੀ ਬੀਤਦਾ ਹੈ। ਪਰ, ਹੁਣ ਠੰਡ ਨੇ ਦਸਤਕ ਦੇ ਦਿੱਤੀ ਹੈ ਤੇ ਹੁਣ ਉਨ੍ਹਾਂ ਨੂੰ ਥੋੜ੍ਹੀ ਰਾਹਤ ਮਿਲ਼ੇਗੀ...











