ਲੋਕਗੀਤਾਂ ਨੇ ਸਦਾ ਹੀ ਸੱਭਿਆਚਾਰਕ ਗਿਆਨ ਦਾ ਵਾਹਕ ਬਣਨ ਤੇ ਸਮਾਜਿਕ ਮਾਪਦੰਡਾਂ ਨੂੰ ਅੱਗੇ ਲਿਜਾਣ ਦਾ ਕੰਮ ਕੀਤਾ ਹੈ। ਹਾਲਾਂਕਿ, ਅਕਸਰ ਇਨ੍ਹਾਂ ਨੂੰ ਸੱਭਿਆਚਾਰਕ ਬਦਲਾਵਾਂ ਲਈ ਵੀ ਸਹਾਇਕ ਮੰਨਿਆ ਜਾਂਦਾ ਹੈ ਤੇ ਇੰਨਾ ਹੀ ਨਹੀਂ ਇਹ ਜਾਗਰੂਕਤਾ ਵਧਾਉਣ ਦਾ ਵੀ ਕੰਮ ਕਰਦੇ ਰਹੇ ਹਨ। ਇਸ ਸ਼ੈਲੀ ਦੀ ਖ਼ਾਸ ਗੱਲ ਹੈ ਕਿ ਇਹ ਇੱਕ ਮੌਖਿਕ ਵਿਧਾ ਹੈ, ਜੋ ਹਰ ਇੱਕ ਪੇਸ਼ਕਾਰੀ ਦੇ ਨਾਲ਼ ਆਪਣਾ ਰੂਪ ਬਦਲਦੀ ਜਾਂਦੀ ਹੈ। ਇਸ ਤੋਂ ਇਲਾਵਾ ਇਹ ਲੋਕ ਸੱਭਿਆਚਾਰ ਦੇ ਨਾਲ਼ ਡੂੰਘਾ ਰਿਸ਼ਤਾ ਵੀ ਰੱਖਦੀ ਹੈ।
ਇੱਥੇ ਪੇਸ਼ ਕੀਤਾ ਗਿਆ ਗੀਤ ਲੋਕ ਸੰਗੀਤ ਸ਼ੈਲੀ ਦੇ ਬਦਲਦੇ ਸੁਭਾਅ ਦੀ ਇੱਕ ਉਦਾਹਰਣ ਹੈ। ਇਹ ਗੀਤ ਸਾਨੂੰ ਪੇਂਡੂ ਔਰਤਾਂ ਦੇ ਜੀਵਨ ਦੀਆਂ ਲਿੰਗਕ ਹਕੀਕਤਾਂ ਬਾਰੇ ਦੱਸਦਾ ਹੈ ਅਤੇ ਜਾਗਰੂਕਤਾ ਦਾ ਸੰਦੇਸ਼ ਦਿੰਦਾ ਹੈ। ਇਹ ਗੀਤ ਨਾ ਸਿਰਫ਼ ਇੱਕ ਸਮਾਜਿਕ ਆਲੋਚਨਾ ਹੈ, ਬਲਕਿ ਇੱਕ ਭਾਵਨਾਤਮਕ ਬੇਨਤੀ ਵੀ ਹੈ, ਜਿਸ ਨੂੰ ਕੱਛ ਅਤੇ ਅਹਿਮਦਾਬਾਦ ਦੀਆਂ ਮਹਿਲਾ ਕਲਾਕਾਰਾਂ ਨੇ ਗਾਇਆ ਹੈ।
ਇਸ ਗੀਤ 'ਚ ਇੱਕ ਖ਼ਾਸ ਸਾਜ਼ ਦੀ ਵਰਤੋਂ ਕੀਤੀ ਗਈ ਹੈ, ਜਿਸ ਨੂੰ ਜੋਡੀਆ ਪਾਵਾ ਜਾਂ ਅਲਗੋਜ਼ਾ ਕਿਹਾ ਜਾਂਦਾ ਹੈ। ਇਹ ਲੱਕੜ ਦਾ ਇੱਕ ਯੰਤਰ ਹੈ, ਜਿਸ ਨੂੰ ਦੋਵਾਂ ਪਾਸਿਆਂ ਤੋਂ ਫੂਕ ਕੇ ਵਜਾਇਆ ਜਾ ਸਕਦਾ ਹੈ। ਰਵਾਇਤੀ ਤੌਰ 'ਤੇ, ਪਾਕਿਸਤਾਨ ਦੇ ਸਿੰਧ ਅਤੇ ਭਾਰਤ ਦੇ ਕੱਛ, ਰਾਜਸਥਾਨ ਅਤੇ ਪੰਜਾਬ ਵਰਗੇ ਉੱਤਰ-ਪੱਛਮੀ ਖੇਤਰਾਂ ਦੇ ਕਲਾਕਾਰ ਇਸ ਯੰਤਰ ਦੀ ਵਰਤੋਂ ਕਰਦੇ ਰਹੇ ਹਨ।



