“ਪਹਿਲੇ ਦਿਨ ਮਜੀਦਾਂ ਨੇ ਮੇਰੇ ਹੱਥ ਤੇ ਮਾਰੀਆਂ ਸੀ,” 65 ਸਾਲਾ ਕਰਸੈਦ ਬੇਗਮ ਸ਼ਰਾਰਤ ਭਰੇ ਲਹਿਜੇ ਵਿੱਚ ਪੁਰਾਣੇ ਪਲ ਯਾਦ ਕਰਦੇ ਹਨ। ਉਹਨਾਂ ਦੇ ਕੋਲ਼ ਬੈਠੇ ਮਜੀਦਾਂ ਬੇਗਮ ਇਸ ਪੁਰਾਣੀ ਯਾਦ ਤੇ ਮੁਸਕੁਰਾਉਂਦਿਆਂ ਆਪਣੇ ਬਚਾਅ ਵਿੱਚ ਪੱਖ ਪੇਸ਼ ਕਰਦੇ ਹਨ। “ਸ਼ੁਰੂ ਸ਼ੁਰੂ ਵਿੱਚ ਕਰਸੈਦ ਨੂੰ ਧਾਗਿਆਂ ਨਾਲ਼ ਕੰਮ ਕਰਨਾ ਨਹੀਂ ਆਉਂਦਾ ਸੀ। ਮੈਂ ਸਿਰਫ਼ ਇੱਕ ਵਾਰ ਹੀ ਮਾਰਿਆ ਸੀ,” ਉਹ ਨਾਲ਼ ਹੀ ਦੱਸਦੇ ਹਨ, “ਪਰ ਫਿਰ ਇਹ ਛੇਤੀ ਹੀ ਸਿੱਖ ਗਈ ਸੀ।”
ਪੰਜਾਬ ਦੇ ਬਠਿੰਡਾ ਜਿਲ੍ਹੇ ਦੇ ਪਿੰਡ ਘੰਡਾ ਬੰਨਾ ਦੀਆਂ ਦੋ ਬਜ਼ੁਰਗ ਔਰਤਾਂ ਮਜੀਦਾਂ ਤੇ ਕਰਸੈਦ ਸੂਤ, ਜੂਟ ਤੇ ਕਈ ਵਾਰ ਪੁਰਾਣੇ ਕੱਪੜਿਆਂ ਤੋਂ ਬੁਣੀਆਂ ਗੁੰਝਲਦਾਰ ਨਮੂਨੇ ਦੀਆਂ ਰੰਗ ਬਿਰੰਗੀਆਂ ਦਰੀਆਂ ਲਈ ਮਸ਼ਹੂਰ ਹਨ।
“ਮੈਂ 35 ਸਾਲਾਂ ਦੀ ਉਮਰ ਵਿੱਚ ਮਜੀਦਾਂ ਕੋਲੋਂ ਦਰੀਆਂ ਬੁਣਨਾ ਸਿੱਖਿਆ ਸੀ,” ਕਰਸੈਦ ਦੱਸਦੇ ਹਨ। “ਉਦੋਂ ਤੋਂ ਅਸੀਂ ਇਕੱਠੇ ਦਰੀਆਂ ਬੁਣ ਰਹੇ ਹਾਂ,” 71 ਸਾਲਾ ਮਜੀਦਾਂ ਦੱਸਦੇ ਹਨ। “ਇਸ ਕੰਮ ਲਈ ਦੋ ਜਣੇ ਚਾਹੀਦੇ ਹਨ ਇਹ ਇਕੱਲੇ ਬੰਦੇ ਦਾ ਕੰਮ ਨਹੀਂ।”
ਇਹ ਦੋਨੋਂ ਸਕੇ ਭਰਾਵਾਂ ਨੂੰ ਵਿਆਹੀਆਂ ਹਨ ਅਤੇ ਆਪਣੇ ਆਪ ਨੂੰ ਭੈਣਾਂ ਤੇ ਇੱਕ ਦੂਜੇ ਦੇ ਪਰਿਵਾਰ ਦਾ ਹਿੱਸਾ ਮੰਨਦੀਆਂ ਹਨ। “ਸਾਨੂੰ ਤਾਂ ਸਕੀਆਂ ਭੈਣਾਂ ਵਾਂਗ ਹੀ ਮਹਿਸੂਸ ਹੁੰਦਾ ਹੈ,” ਕਰਸੈਦ ਕਹਿੰਦੇ ਹਨ। ਮਜੀਦਾਂ ਨਾਲ਼ ਹੀ ਦੱਸਦੇ ਹਨ, “ਹਾਲਾਂਕਿ ਸਾਡੇ ਸੁਭਾਅ ਇੱਕ ਦੂਜੇ ਤੋਂ ਉਲਟ ਹਨ।” ਜਿਸ ਦੇ ਜਵਾਬ ਵਿੱਚ ਕਰਸੈਦ ਕਹਿੰਦੇ ਹਨ, “ਇਹ ਬੜਬੋਲੀ ਹੈ ਜਦਕਿ ਮੈਂ ਚੁੱਪ ਰਹਿੰਦੀ ਹਾਂ।”
ਆਪਣੇ ਪਰਿਵਾਰ ਦੀ ਆਰਥਿਕ ਮਦਦ ਕਰਨ ਲਈ ਦਰੀਆਂ ਬੁਣਨ ਦੇ ਕੰਮ ਤੋਂ ਇਲਾਵਾ ਮਜੀਦਾਂ ਤੇ ਕਰਸੈਦ ਲੋਕਾਂ ਦੇ ਘਰਾਂ ਵਿੱਚ ਕੰਮ ਕਰ ਕੇ ਕੁਝ ਕਮਾਈ ਕਰ ਲੈਂਦੀਆਂ ਹਨ। ਉਮਰ ਦੇ ਇਸ ਪੜਾਅ ਵਿੱਚ ਇਹ ਦੋਵੇਂ ਕੰਮ ਹੀ ਇਹਨਾਂ ਲਈ ਬਹੁਤ ਮੁਸ਼ਕਿਲ ਹਨ।


















