ਪੰਨਾ ਜ਼ਿਲ੍ਹੇ ਵਿਖੇ ਅਗਸਤ ਮਹੀਨੇ ਦੀ ਬਾਰਸ਼ ਹੋ ਰਹੀ ਹੈ ਅਤੇ ਕੈਤਾਬਾਰੋ ਡੈਮ ਪੂਰੀ ਤਰ੍ਹਾਂ ਭਰ ਗਿਆ ਹੈ। ਇਹ ਉਛਲ਼-ਉਛਲ਼ ਕੇ ਨੇੜਲੀਆਂ ਪੰਨਾ ਟਾਈਗਰ ਰਿਜ਼ਰਵ (ਪੀ.ਟੀ.ਆਰ.) ਪਹਾੜੀਆਂ ਵੱਲ ਵਗਣ ਲੱਗਿਆ।
ਸੁਰੇਨ ਆਦਿਵਾਸੀ ਹਥੌੜਾ ਲੈ ਕੇ ਡੈਮ 'ਤੇ ਪਹੁੰਚਦੇ ਹਨ। ਉਹ ਤੇਜ਼ੀ ਨਾਲ਼ ਵਗ ਰਹੇ ਪਾਣੀ ਨੂੰ ਧਿਆਨ ਨਾਲ਼ ਦੇਖਦੇ ਹੋਏ ਇਹ ਜਾਂਚ ਕਰਦੇ ਹਨ ਕਿ ਕਿਤੇ ਕੋਈ ਨਵਾਂ ਪੱਥਰ ਜਾਂ ਮਲਬਾ ਵਹਾਅ ਦੇ ਰਾਹ ਵਿੱਚ ਅੜਿਕਾ ਤਾਂ ਨਹੀਂ ਬਣ ਰਿਹਾ। ਉਹ ਪਾਣੀ ਦੇ ਵਹਾਅ ਨੂੰ ਸੁਚਾਰੂ ਬਣਾਉਣ ਲਈ ਹਥੌੜੇ ਮਾਰ-ਮਾਰ ਕੇ ਕੁਝ ਪੱਥਰ ਤੋੜਦੇ ਹਨ ਤੇ ਕਈਆਂ ਨੂੰ ਰਾਹ 'ਚੋਂ ਹਟਾ ਵੀ ਦਿੰਦੇ ਹਨ।
"ਮੈਂ ਇਹ ਦੇਖਣ ਆਇਆ ਹਾਂ ਕਿ ਕੀ ਪਾਣੀ ਸਹੀ ਢੰਗ ਨਾਲ਼ ਵਹਿ ਰਿਹਾ ਹੈ," ਉਨ੍ਹਾਂ ਨੇ ਪਾਰੀ ਨੂੰ ਦੱਸਿਆ। "ਹਾਂ, ਇਹ ਸਹੀ ਢੰਗ ਨਾਲ਼ ਵਗ ਰਿਹਾ ਹੈ," ਬਿਲਪੁਰ ਪਿੰਡ ਦੇ ਛੋਟੇ ਕਿਸਾਨ ਨੇ ਸਿਰ ਹਿਲਾਇਆ, ਇਸ ਗੱਲ ਤੋਂ ਸੁਰਖ਼ਰੂ ਹੁੰਦੇ ਹੋਏ ਕਿ ਉਨ੍ਹਾਂ ਦੀ ਝੋਨੇ ਦੀ ਫ਼ਸਲ, ਜੋ ਕੁਝ ਮੀਟਰ ਹੇਠਾਂ ਹੈ, ਸੁੱਕ ਨਹੀਂ ਜਾਵੇਗੀ।
ਜਿਵੇਂ ਹੀ ਉਸ ਦੀਆਂ ਨਜ਼ਰਾਂ ਛੋਟੇ ਡੈਮ 'ਤੇ ਪਈਆਂ, ਉਸਨੇ ਕਿਹਾ, "ਇਹ ਬਹੁਤ ਵੱਡੀ ਕਿਸਮਤ ਹੈ. ਝੋਨਾ ਉਗਾਇਆ ਜਾ ਸਕਦਾ ਹੈ, ਕਣਕ ਵੀ ਉਗਾਈ ਜਾ ਸਕਦੀ ਹੈ। ਪਹਿਲਾਂ, ਮੈਂ ਇੱਥੇ ਇੱਕ ਏਕੜ ਜ਼ਮੀਨ ਦੀ ਸਿੰਚਾਈ ਅਤੇ ਖੇਤੀ ਕਰਨ ਦੇ ਯੋਗ ਨਹੀਂ ਸੀ।
ਇਹ ਅਜਿਹੀ ਬਰਕਤ ਹੈ ਜੋ ਬਿਲਪੁਰਾ ਦੇ ਲੋਕਾਂ ਨੇ ਡੈਮ ਬਣਾਉਣ ਵਿੱਚ ਮਦਦ ਕਰਕੇ ਆਪਣੇ ਆਪ ਨੂੰ ਦਿੱਤੀ ਹੈ।
ਲਗਭਗ ਇੱਕ ਹਜ਼ਾਰ ਲੋਕਾਂ ਦੀ ਆਬਾਦੀ ਵਾਲੇ, ਬਿਲਾਪੁਰ ਵਿੱਚ ਗੋਂਡ ਆਦਿਵਾਸੀ (ਅਨੁਸੂਚਿਤ ਜਨਜਾਤੀ) ਕਿਸਾਨਾਂ ਦੀ ਗਿਣਤੀ ਸਭ ਤੋਂ ਵੱਧ ਹੈ, ਹਰੇਕ ਕੋਲ਼ ਕੁਝ ਪਸ਼ੂ ਹਨ। 2011 ਦੀ ਮਰਦਮਸ਼ੁਮਾਰੀ ਨੇ ਦਰਜ ਕੀਤਾ ਕਿ ਪਿੰਡ ਵਿੱਚ ਸਿਰਫ਼ ਇੱਕ ਨਲ਼ਕਾ ਅਤੇ ਇੱਕ ਖੂਹ ਸੀ। ਰਾਜ ਨੇ ਜ਼ਿਲ੍ਹੇ ਦੇ ਅੰਦਰ ਤੇ ਆਲ਼ੇ-ਦੁਆਲ਼ੇ ਪੱਥਰ ਚਿਣ-ਚਿਣ ਕੇ ਛੱਪੜ ਬਣਾਏ, ਪਰ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇੱਥੇ ਕੋਈ ਕੈਚਮੈਂਟ ਖੇਤਰ ਨਾ ਹੋਣ ਕਾਰਨ "ਪਾਣੀ ਰੁਕਤਾ ਨਹੀਂ ਹੈ।"








