ਬਬਨ, ਪ੍ਰਵਾਸੀ ਮਜ਼ਦੂਰ, ਅਕਤੂਬਰ ਦੇ ਅੱਧ ਤੋਂ ਦਸੰਬਰ ਤੱਕ ਦਾ ਸਮਾਂ ਪੱਛਮੀ ਬੰਗਾਲ ਵਿੱਚ ਸਮਾਂ ਬਿਤਾਉਣਗੇ ਅਤੇ ਫਿਰ ਥੋੜ੍ਹੇ ਸਮੇਂ ਲਈ ਬਿਹਾਰ ਵਾਪਸ ਆ ਜਾਣਗੇ। ਫਰਵਰੀ ਵਿੱਚ, ਉਹ ਅਸਾਮ ਦੇ ਚਾਹ ਬਗ਼ਾਨਾਂ ਵਿੱਚ ਚਲੇ ਜਾਂਦੇ ਹਨ। ਉਸ ਸਮੇਂ ਚਾਹ-ਪੱਤੀਆਂ ਦੀ ਤੁੜਾਈ ਦਾ ਮੌਸਮ ਹੁੰਦਾ ਹੈ। ਉਹ ਅਗਲੇ ਛੇ ਤੋਂ ਅੱਠ ਮਹੀਨੇ ਉੱਥੇ ਬਿਤਾਉਣਗੇ। ''ਅਸਾਮ 'ਚ ਅਜਿਹੀ ਕੋਈ ਥਾਂ ਨਹੀਂ, ਜਿੱਥੇ ਮੈਂ ਗਿਆ ਨਾ ਹੋਵਾਂ। ਡਿਬਰੂਗੜ੍ਹ, ਤੇਜ਼ਪੁਰ, ਤਿਨਸੁਕੀਆ, ਗੋਲਾਘਾਟ, ਜੋਰਹਾਟ, ਗੁਹਾਟੀ," ਵੱਡੇ ਕਸਬਿਆਂ ਅਤੇ ਸ਼ਹਿਰਾਂ ਦਾ ਨਾਮ ਲੈਂਦੇ ਹੋਏ ਉਹ ਕਹਿੰਦੇ ਹਨ।
ਅਸਾਮ ਵਿੱਚ ਉਹ ਬਾਂਸ ਦੀਆਂ ਜੋ ਟੋਕਰੀਆਂ ਬਣਾਉਂਦੇ ਹਨ, ਉਨ੍ਹਾਂ ਨੂੰ ਡੋਕੋ ਕਿਹਾ ਜਾਂਦਾ ਹੈ। ਡੁਲੀ ਦੇ ਮੁਕਾਬਲੇ, ਡੋਕੋ ਉਚਾਈ ਵਿੱਚ ਬਹੁਤ ਛੋਟੀ ਹੁੰਦੀ ਹੈ- ਤਿੰਨ ਫੁੱਟ। ਇਨ੍ਹਾਂ ਦੀ ਵਰਤੋਂ ਚਾਹ ਦੀਆਂ ਪੱਤੀਆਂ ਤੋੜਨ ਵੇਲੇ ਕੀਤੀ ਜਾਂਦੀ ਹੈ। ਉੱਥੇ ਉਹ ਇੱਕ ਮਹੀਨੇ ਵਿੱਚ 400 ਟੋਕਰੀਆਂ ਬਣਾਉਂਦੇ ਹਨ ਜਿੰਨ੍ਹਾਂ ਦੀ ਮੰਗ ਚਾਹ ਬਗ਼ਾਨਾਂ ਵੱਲੋਂ ਕੀਤੀ ਜਾਂਦੀ ਹੈ, ਇੰਨਾ ਹੀ ਨਹੀਂ ਉਹ ਬਾਂਸ ਵੀ ਆਪ ਦਿੰਦੇ ਹਨ ਤੇ ਕਾਰੀਗਰ ਦੇ ਰਹਿਣ ਲਈ ਥਾਂ ਵੀ।
"ਬਾਂਸ ਕਾ ਕਾਮ ਕੀਆ, ਗੋਬਰ ਕਾ ਕਾਮ ਕੀਆ, ਮਾਟੀ ਕਾ ਕਾਮ ਕੀਆ, ਖੇਤੀ ਮੇਂ ਕਾਮ ਕੀਆ, ਆਈਸਕ੍ਰੀਮ ਕਾ ਭੀ ਕਾਮ ਕੀਆ...'' ਅੱਡੋ-ਅੱਡ ਕੰਮ ਕਰਨ ਵਾਲ਼ੇ ਬਬਨ ਸਾਲ ਭਰ ਕੀਤੇ ਗਏ ਕੰਮ ਦੀ ਵਿਆਖਿਆ ਕਰਦੇ ਹੋਏ ਕਹਿੰਦੇ ਹਨ।
ਜੇ ਅਸਾਮ ਵਿੱਚ ਟੋਕਰੀ ਦੀ ਮੰਗ ਘੱਟ ਜਾਂਦੀ ਹੈ, ਤਾਂ ਉਹ ਰਾਜਸਥਾਨ ਜਾਂ ਦਿੱਲੀ ਜਾਂਦੇ ਹਨ ਅਤੇ ਸਟਰੀਟ ਵਿਕਰੇਤਾ ਵਜੋਂ ਆਈਸਕ੍ਰੀਮ ਵੇਚਦੇ ਹਨ। ਉਨ੍ਹਾਂ ਦੇ ਪਿੰਡ ਦੇ ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਕਾਰੋਬਾਰ ਵਿੱਚ ਲੱਗੇ ਹੋਏ ਹਨ ਅਤੇ ਜਦੋਂ ਵੀ ਲੋੜ ਪੈਂਦੀ ਹੈ, ਉਹ ਜਾ ਕੇ ਉਨ੍ਹਾਂ ਨਾਲ਼ ਜੁੜ ਜਾਂਦੇ ਹਨ। "ਰਾਜਸਥਾਨ, ਦਿੱਲੀ, ਅਸਾਮ, ਬੰਗਾਲ - ਮੈਂ ਆਪਣੀ ਪੂਰੀ ਜ਼ਿੰਦਗੀ ਇਨ੍ਹਾਂ ਥਾਵਾਂ ਦੇ ਵਿਚਕਾਰ ਬਿਤਾਈ ਹੈ," ਉਹ ਕਹਿੰਦੇ ਹਨ।