ਆਪਣੇ ਖੇਤ ਦੀ ਵੱਟ 'ਤੇ ਖੜ੍ਹੇ ਉਹ ਇੱਕਟੱਕ ਆਪਣੇ ਫ਼ਸਲ ਨੂੰ ਘੂਰ ਰਹੇ ਸਨ, ਜੋ ਹੁਣ ਮੋਹਲੇਧਾਰ ਮੀਂਹ ਕਾਰਨ ਗੋਡੇ-ਗੋਡੇ ਪਾਣੀ ਵਿੱਚ ਡੁੱਬ ਕੇ ਚਾਂਦੀ ਰੰਗੀ ਹੋ ਚੁੱਕੀ ਹੈ। ਵਿਦਰਭ ਦੇ ਇਲਾਕੇ ਵਿੱਚ ਵਿਜੈ ਮਾਰੋਤਰ ਦੀ ਕਪਾਹ ਦੀ ਫ਼ਸਲ ਪੂਰੀ ਤਰ੍ਹਾਂ ਤਬਾਹ ਹੋ ਚੁੱਕੀ ਹੈ। 25 ਸਾਲਾ ਵਿਜੈ ਕਹਿੰਦੇ ਹਨ,''ਮੈਂ ਇਸ ਫ਼ਸਲ ਵਿੱਚ ਕਰੀਬ 1.25 ਲੱਖ ਰੁਪਏ ਲਾਏ ਸਨ। ਮੇਰੀ ਫ਼ਸਲ ਲਗਭਗ ਪੂਰੀ ਤਰ੍ਹਾਂ ਤਬਾਹ ਹੋ ਚੁੱਕੀ ਹੈ।'' ਸਾਲ 2022 ਦਾ ਸਤੰਬਰ ਮਹੀਨਾ ਸੀ ਤੇ ਵਿਜੈ ਵਾਸਤੇ ਖੇਤੀ ਦਾ ਪਹਿਲਾ ਸੀਜ਼ਨ ਵੀ। ਮੰਦਭਾਗੀਂ ਅਜਿਹਾ ਕੋਈ ਨਹੀਂ ਸੀ ਜਿਹਦੇ ਨਾਲ਼ ਵਿਜੈ ਆਪਣੇ ਦੁੱਖ ਵੰਡ ਪਾਉਂਦੇ।
ਉਨ੍ਹਾਂ ਦੇ ਪਿਤਾ ਘਣਸ਼ਿਆਮ ਮਾਰੋਤਰ ਨੇ ਪੰਜ ਮਹੀਨੇ ਪਹਿਲਾਂ ਹੀ ਆਤਮਹੱਤਿਆ ਕਰ ਲਈ ਸੀ ਤੇ ਉਨ੍ਹਾਂ ਦੀ ਮਾਂ ਕੋਈ ਦੋ ਸਾਲ ਪਹਿਲਾਂ ਅਚਾਨਕ ਪਏ ਦਿਲ ਦੇ ਦੌਰੇ ਕਾਰਨ ਨਾ ਰਹੀ। ਮੌਸਮ ਦੀ ਬੇਯਕੀਨੀ ਅਤੇ ਕਰਜੇ ਦੇ ਵੱਧਦੇ ਭਾਰ ਕਾਰਨ ਉਨ੍ਹਾਂ ਦੇ ਮਾਪੇ ਡੂੰਘੇ ਤਣਾਓ ਤੇ ਚਿੰਤਾ ਦੀ ਹਾਲਤ ਦਾ ਸਾਹਮਣਾ ਕਰ ਰਹੇ ਸਨ। ਵਿਦਰਭ ਇਲਾਕੇ ਦੇ ਹੋਰ ਕਾਫ਼ੀ ਕਿਸਾਨ ਵੀ ਇਨ੍ਹਾਂ ਮਾਨਸਿਕ ਪਰੇਸ਼ਾਨੀਆਂ ਵਿੱਚੋਂ ਦੀ ਲੰਘ ਰਹੇ ਸਨ ਤੇ ਉਨ੍ਹਾਂ ਨੂੰ ਵੀ ਕਿਸੇ ਤਰ੍ਹਾਂ ਦੀ ਮਦਦ ਨਹੀਂ ਮਿਲ਼ ਪਾ ਰਹੀ ਸੀ।
ਹਾਲਾਂਕਿ, ਵਿਜੈ ਜਾਣਦੇ ਸਨ ਕਿ ਆਪਣੇ ਪਿਤਾ ਵਾਂਗਰ ਦਿਲ ਛੱਡਿਆਂ ਉਨ੍ਹਾਂ ਦਾ ਕੰਮ ਨਹੀਂ ਚੱਲ਼ਣ ਵਾਲ਼ਾ। ਅਗਲੇ ਦੋ ਮਹੀਨਿਆਂ ਤੱਕ ਉਨ੍ਹਾਂ ਨੇ ਖ਼ੁਦ ਨੂੰ ਖੇਤ ਵਿੱਚੋਂ ਪਾਣੀ ਕੱਢਣ ਦੇ ਕੰਮ ਵਿੱਚ ਲਾਈ ਰੱਖਿਆ। ਰੋਜ਼ ਦੋ ਘੰਟੇ ਬਾਲਟੀ ਫੜ੍ਹੀ ਖੇਤ ਵਿੱਚੋਂ ਚਿੱਕੜ (ਪਾਣੀ) ਕੱਢਣ ਵਿੱਚ ਮਸ਼ਰੂਫ਼ ਰਹੇ। ਉਨ੍ਹਾਂ ਨੇ ਆਪਣੀ ਟ੍ਰੈਕ ਪੈਂਟ ਗੋਡਿਆਂ ਤੀਕਰ ਚੜ੍ਹਾਈ ਹੁੰਦੀ ਤੇ ਉਨ੍ਹਾਂ ਦੀ ਟੀ-ਸ਼ਰਟ ਮੁੜ੍ਹਕੇ ਨਾਲ਼ ਗੜੁੱਚ ਹੁੰਦੀ। ਹੱਥੀਂ ਪਾਣੀ ਕੱਢਦਿਆਂ ਲੱਕ ਦੂਹਰਾ ਹੁੰਦਾ ਜਾਂਦਾ। ਵਿਜੈ ਦੱਸਦੇ ਹਨ,''ਮੇਰਾ ਖੇਤ ਢਲ਼ਾਣ 'ਤੇ ਹੈ। ਇਸਲਈ ਵੱਧ ਮੀਂਹ ਪੈਣ ਨਾਲ਼ ਮੈਂ ਵੱਧ ਪ੍ਰਭਾਵਤ ਹੁੰਦਾ ਹਾਂ। ਨੇੜਲੇ ਖੇਤਾਂ ਦਾ ਪਾਣੀ ਵੀ ਮੇਰੇ ਹੀ ਖੇਤ ਵਿੱਚ ਆ ਵੜ੍ਹਦਾ ਹੈ ਤੇ ਇਸ ਸਮੱਸਿਆਂ ਵਿੱਚੋਂ ਨਿਕਲ਼ ਸਕਣਾ ਮੁਸ਼ਕਲ ਕੰਮ ਹੈ।'' ਇਸ ਤਜ਼ਰਬੇ ਨੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਡਰਾ ਦਿੱਤਾ ਹੋਇਆ ਹੈ।
ਵਿਤੋਂਵੱਧ ਮੀਂਹ, ਲੰਬੇ ਸਮੇਂ ਤੱਕ ਸੋਕਾ ਤੇ ਗੜ੍ਹੇਮਾਰੀ ਜਿਹੀ ਮੌਸਮ ਦੀ ਮਾਰ ਨੇ ਜਦੋਂ ਖੇਤੀ ਨੂੰ ਭਿਅੰਕਰ ਸੰਕਟ ਨਾਲ਼ ਜੂਝਣਾ ਪੈਂਦਾ ਹੋਵੇ, ਤਦ ਮਾਨਸਿਕ ਸਿਹਤ ਜਿਹੇ ਗੰਭੀਰ ਮੁੱਦਿਆਂ ਨੂੰ ਸਰਕਾਰ ਵੱਲ਼ੋਂ ਅੱਖੋਂ-ਪਰੋਖੇ ਕੀਤਾ ਜਾਣਾ ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਵਧਾਉਣ ਦਾ ਹੀ ਕੰਮ ਕਰਦਾ ਹੈ (ਪੜ੍ਹੋ- ਵਿਦਰਭ ਵਿਖੇ: ਖੇਤੀ ਸੰਕਟ ਸਿਰਫ਼ ਖੇਤੀ ਦਾ ਸੰਕਟ ਨਹੀਂ ਮਾਨਸਿਕ ਸੰਕਟ ਵੀ ਹੈ)। ਮਾਨਸਿਕ ਤਣਾਵਾਂ ਤੇ ਮਾਨਸਿਕ ਸੰਤੁਲਨ ਦੇ ਵਿਗਾੜ ਨਾਲ਼ ਜੂਝ ਰਹੇ ਲੋਕਾਂ ਤੱਕ ਮਾਨਸਿਕ ਸਿਹਤ ਐਕਟ, 2017 ਤਹਿਤ ਮਿਲ਼ਣ ਵਾਲ਼ੀਆਂ ਸਿਹਤ ਸੇਵਾਵਾਂ ਦੀ ਕੋਈ ਸੂਚਨਾ ਜਾਂ ਉਸ ਨਾਲ਼ ਜੁੜੇ ਪ੍ਰੋਵੀਜ਼ਨਾਂ ਦੀ ਕੋਈ ਜਾਣਕਾਰੀ ਵਿਜੈ ਜਾਂ ਉਨ੍ਹਾਂ ਦੇ ਪਿਤਾ, ਘਣਸ਼ਿਆਮ ਨੂੰ ਕਦੇ ਨਾ ਮਿਲ਼ ਸਕੀ। ਨਾ ਹੀ ਕਦੇ ਉਨ੍ਹਾਂ ਨੂੰ 1996 ਵਿੱਚ ਸ਼ੁਰੂ ਹੋਏ ਜ਼ਿਲ੍ਹਾ ਮਾਨਸਿਕ ਸਿਹਤ ਯੋਜਨਾ ਤਹਿਤ ਅਯੋਜਿਤ ਸਿਹਤ ਕੈਂਪਾਂ ਵਿੱਚ ਹੀ ਲਿਜਾਇਆ ਗਿਆ।
ਨਵੰਬਰ 2014 ਵਿੱਚ ਮਹਾਰਾਸ਼ਟਰ ਸਰਕਾਰ ਨੇ 'ਪ੍ਰੇਰਣਾ ਪ੍ਰਕਲਪ ਫਾਰਮਰ ਕਾਊਂਸਲਿੰਗ ਹੈਲਥ ਸਰਵਿਸ ਪ੍ਰੋਗਰਾਮ' ਦੀ ਸ਼ੁਰੂਆਤ ਕੀਤੀ ਸੀ। ਇਹ ਪਹਿਲ ਜ਼ਿਲ੍ਹਾ ਕਲੈਕਟਰ ਦਫ਼ਤਰ ਤੇ ਯਵਤਮਾਲ ਦੇ ਇੱਕ ਗ਼ੈਰ-ਸਰਕਾਰੀ ਸੰਗਠਨ ਇੰਦਰਾਬਾਈ ਸੀਤਾਰਾਮ ਦੇਸ਼ਮੁਖ ਬਹੁ-ਉਦੇਸ਼ੀ ਸੰਸਥਾ ਜ਼ਰੀਏ ਹੋਈ ਤੇ ਇਹਦਾ ਟੀਚਾ ਪੇਂਡੂ ਇਲਾਕਿਆਂ ਵਿਖੇ ਇਲਾਜ ਦੀਆਂ ਕਮੀਆਂ ਨੂੰ ਨਿੱਜੀ-ਜਨਤਕ (ਸਿਵਲ ਸੋਸਾਇਟੀ) ਸਾਂਝੇਦਾਰੀ ਦੇ ਮਾਡਲ ਦੀ ਤਰਜ਼ 'ਤੇ ਪੂਰਾ ਕਰਨਾ ਹੈ। ਪਰ 2022 ਵਿੱਚ ਜਦੋਂ ਵਿਜੈ ਨੇ ਆਪਣੇ ਪਿਤਾ ਨੂੰ ਗੁਆਇਆ, ਉਦੋਂ ਤੱਕ ਉਸ ਅਖੌਤੀ ਰੂਪ ਵਿੱਚ ਚਰਚਾ ਵਿੱਚ ਆਈ ਪ੍ਰੇਰਣਾ ਯੋਜਨਾ ਦੀ ਹਵਾ ਵੀ ਨਿਕਲ਼ ਚੁੱਕੀ ਸੀ।









