ਰਾਜੇਸ਼ ਅੰਧਾਰੇ ਨੇ ਆਪਣੀ ਜਿੰਦਗੀ ਵਿੱਚ ਪਹਿਲੀ ਵਾਰ 2500 ਰੁਪਏ ਦੀ ਪੇਸ਼ਗੀ ਰਕਮ ਅਦਾ ਕਰ ਕੇ ਸਮਾਰਟਫੋਨ ਖਰੀਦਿਆ। ਦੋ ਸਾਲ ਬਾਅਦ, ਉਹ ਹਾਲੇ ਵੀ ਇਸ ਨੂੰ ਚਲਾਓਣਾ ਨਹੀਂ ਜਾਣਦੇ। “ਇਹ ਮੇਰੇ ਵੱਡੇ ਬੇਟੇ ਦਿਨੇਸ਼ ਲਈ ਤੋਹਫਾ ਸੀ ਜੋ ਹੁਣ ਸਕੂਲ ਪਾਸ ਕਰ ਚੁੱਕਿਆ ਹੈ,” 43 ਸਾਲਾ ਰਾਜੇਸ਼ ਦੱਸਦੇ ਹਨ। ਅਸੀਂ ਬਾਕੀ ਦੀ ਰਕਮ 1000 ਰੁਪਏ ਦੀਆਂ ਪੰਜ ਕਿਸ਼ਤਾਂ ਵਿੱਚ ਅਦਾ ਕੀਤੀ ਜਿਸ ਦੀ ਕੁੱਲ ਕੀਮਤ 7500 ਰੁਪਏ ਸੀ।
ਸਮਾਰਟਫੋਨ 16 ਸਾਲਾ ਦਿਨੇਸ਼ ਕੋਲ ਹੈ, ਪਰ ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ ਦੇ ਪਿੰਡ ਡੋਂਗਰੀ ਵਿਖੇ ਆਪਣੇ ਘਰ ਵਿੱਚ ਰਾਜੇਸ਼ ਨੇ ਵੀ ਇਸ ਫੋਨ ਨੂੰ ਚਲਾਓਣ ਦੀ ਨਾਕਾਮ ਕੋਸ਼ਿਸ਼ ਕੀਤੀ ਹੈ।
ਫੋਨ ਦੀ ਕੀਮਤ ਓਨੀ ਹੀ ਹੈ ਜਿੰਨਾ ਰਾਜੇਸ਼ ਇੱਕ ਮਹੀਨੇ ਵਿੱਚ 250-300 ਰੁਪਏ ਦਿਹਾੜੀ ਤੇ ਕੰਮ ਕਰ ਕੇ ਕਮਾਓਂਦਾ ਹੈ। “ਮੈਂ ਇਸ ਨੂੰ ਚਲਾਓਣਾ ਸਿੱਖਣ ਦੀ ਕੋਸ਼ਿਸ਼ ਕੀਤੀ ਹੈ,” ਉਹ ਕਹਿੰਦੇ ਹਨ। “ਪਰ ਕੁਝ ਦਿਨਾਂ ਬਾਦ ਕੋਸ਼ਿਸ਼ ਛੱਡ ਦਿੱਤੀ। ਮੈਨੂੰ ਆਪਣਾ ਪੁਰਾਣਾ ਬਟਨਾਂ ਵਾਲਾ ਫ਼ੋਨ ਹੀ ਠੀਕ ਲੱਗਦਾ ਹੈ”।
ਤਾਲਾਸਰੀ ਤਾਲੁਕਾ ਦੇ ਮੁਸ਼ਕਿਲ ਹਾਲਾਤਾਂ ਵਿੱਚ ਜਿੱਥੇ ਜਿਆਦਾ ਗਿਣਤੀ ਗਰੀਬ ਆਦਿਵਾਸੀ ਤਬਕੇ ਦੀ ਹੈ, ਉੱਥੇ ਵੀ ਉਸ ਦਾ ਪੁੱਤਰ ਅਤੇ ਇਸ ਪੀੜੀ ਦੇ ਬੱਚੇ ਬੜੇ ਹੀ ਅਰਾਮ ਨਾਲ ਸਮਾਰਟਫੋਨ ਚਲਾ ਲੈਂਦੇ ਹਨ। ਪਰ ਉਹਨਾਂ ਦੇ ਰਾਹ ਵਿੱਚ ਖਰਚੇ ਅਤੇ ਨੈਟਵਰਕ ਵਰਗੇ ਅੜਿੱਕੇ ਹਨ।
ਗੁਜਰਾਤ ਬਾਰਡਰ ਦੇ ਨਾਲ ਲੱਗਦੀ ਇਹ ਕਬਾਇਲੀ ਪੱਟੀ ਹੈ ਜੋ ਮੁੰਬਈ ਤੋਂ ਦੂਰ ਤਾਂ ਸਿਰਫ਼ 130 ਕਿਲੋਮੀਟਰ ਹੀ ਹੈ ਪਰ ਇੱਥੇ ਇੰਟਰਨੈਟ ਦੀ ਸੁਵਿਧਾ ਬਹੁਤ ਖਰਾਬ ਹੈ। “ਇੱਥੋਂ ਤੱਕ ਕਿ ਬਿਜਲੀ ਵੀ ਕਦੇ ਕਦਾਈਂ ਹੀ ਆਓਂਦੀ ਹੈ ਖਾਸ ਕਰ ਕੇ ਮੌਨਸੂਨ ਦੌਰਾਨ,” ਰਾਜੇਸ਼ ਦੱਸਦੇ ਹਨ ਜੋ ਕਿ ਵਰਲੀ ਕਬੀਲੇ ਨਾਲ ਸਬੰਧ ਰੱਖਦੇ ਹਨ।
ਜੇਕਰ ਡੋਂਗਰੀ ਵਿਖੇ ਮੁੰਡਿਆਂ ਦਾ ਝੁੰਡ ਦਰੱਖਤ ਥੱਲੇ ਬੈਠਾ ਦਿਖਾਈ ਦੇਵੇ ਤਾਂ ਬਸ ਸਮਝ ਲਓ ਕਿ ਇੱਥੇ ਥੋੜਾ ਬਹੁਤ ਨੈਟਵਰਕ ਹੈ। ਝੁੰਡ ਵਿੱਚੋਂ ਇੱਕ ਜਾਂ ਦੋ ਕੋਲ ਸਮਾਰਟਫੋਨ ਹੋਵੇਗਾ ਜਦਕਿ ਬਾਕੀ ਉਹਨਾਂ ਵੱਲ ਉਤਸੁਕਤਾ ਨਾਲ ਦੇਖ ਰਹੇ ਹੋਣਗੇ। ਇੱਕ ਗੱਲ ਹੋਰ ਕਿ ਇੱਥੇ ਸਿਰਫ਼ ਲੜਕੇ ਹੀ ਹੋਣਗੇ। ਕਿਓਂਕਿ ਅਜਿਹੀਆਂ ਲੜਕੀਆਂ ਲੱਭਣਾ ਬੇਹੱਦ ਮੁਸ਼ਕਿਲ ਹੈ ਜਿਨ੍ਹਾਂ ਕੋਲ ਸਮਾਰਟਫੋਨ ਹੋਵੇ।
ਤਾਂ ਫਿਰ ਮਹਾਰਾਸ਼ਟਰ ਦੇ ਪੇਂਡੂ ਜ਼ਿਲ੍ਹਿਆਂ ਵਿੱਚ ਵੱਸਦੇ ਲੱਖਾਂ ਗਰੀਬ ਵਿਦਿਆਰਥੀ ਕੋਰੋਨਾ ਵਾਇਰਸ ਕਾਰਨ ਲੱਗੇ ਲੌਕਡਾਊਨ ਕਾਰਨ ਤੇਜੀ ਨਾਲ ਆਨਲਾਈਨ ਕਲਾਸਾਂ ਦੇ ਆ ਰਹੇ ਬਦਲਾਵ ਨਾਲ ਕਿਸ ਤਰ੍ਹਾਂ ਨਜਿੱਠਣਗੇ? ਰਾਜ ਆਰਥਿਕ ਸਰਵੇ ਅਨੁਸਾਰ 15 ਲੱਖ ਤੋਂ ਜਿਆਦਾ ਬੱਚੇ ਤਾਂ ਸਿਰਫ਼ ਪ੍ਰਾਇਮਰੀ ਸਕੂਲਾਂ ਵਿੱਚ ਹੀ ਹਨ, ਜਿਨ੍ਹਾਂ ‘ਚੋਂ 77 ਪ੍ਰਤੀਸ਼ਤ ਦਿਹਾਤੀ ਜ਼ਿਲ੍ਹਿਆਂ ਨਾਲ ਸਬੰਧ ਰੱਖਦੇ ਹਨ। ਇਨ੍ਹਾਂ ਵਿਦਿਆਰਥੀਆਂ ਦੇ ਮਾਪੇ ਵੀ ਰਾਜੇਸ਼ ਅੰਧਾਰੇ ਵਾਂਗ ਆਰਥਿਕ ਮੰਦਹਾਲੀ ਦੇ ਸ਼ਿਕਾਰ ਹਨ।
******
“ਇਹ ਹੋਰ ਕੁਝ ਨਹੀਂ ਬਲਕਿ ਡਿਜਿਟਲ ਪਾੜਾ ਹੈ,” ਆਨਲਾਈਨ ਪੜ੍ਹਾਈ ਬਾਰੇ ਇਹ ਵਿਚਾਰ ਭਾਊ ਚਾਸਕਰ ਦੇ ਹਨ, ਜੋ ਕਿ ਅਹਿਮਦਨਗਰ ਜ਼ਿਲ੍ਹੇ ਦੇ ਅਕੋਲੇ ਕਸਬੇ ਵਿੱਚ ਸਕੂਲ ਮਾਸਟਰ ਹੋਣ ਦੇ ਨਾਲ ਨਾਲ ਇੱਕ ਕਾਰਕੁੰਨ ਵੀ ਹਨ। “ਵਾਟਸਐਪ ਕਦੇ ਵੀ ਸਿੱਖਿਆ ਦਾ ਸਹੀ ਮਾਧਿਅਮ ਨਹੀਂ ਬਣ ਸਕਦਾ”।
ਇਸ ਸਾਲ ਦੀ 15 ਜੂਨ ਨੂੰ ਮਹਾਰਾਸ਼ਟਰ ਸਰਕਾਰ ਨੇ ਇੱਕ ਸਰਕੂਲਰ ਜਾਰੀ ਕਰ ਅਕਾਦਮਿਕ ਵਰ੍ਹੇ ਨੂੰ ਸ਼ੁਰੂ ਕਰਨ ਵਿੱਚ ਆਓਂਦੀਆਂ ਦਿੱਕਤਾਂ ਬਾਰੇ ਚਾਨਣਾ ਪਾਇਆ। ਇਸ ਵਿੱਚ ਤਿੰਨ ਮਹੀਨਿਆਂ ਤੋਂ ਸਕੂਲਾਂ ਦੇ ਬੰਦ ਰਹਿਣ ਕਾਰਨ ਪੈਦਾ ਹੋਏ ਸੰਕਟ ਦੇ ਤਰੀਕਿਆਂ ਬਾਰੇ ਵੀ ਗੱਲ ਕੀਤੀ ਗਈ ਹੈ।
ਸਰਕੂਲਰ ਅਨੁਸਾਰ, “ਅਗਾਂਹ ਵਧਣ ਲਈ ਸਿੱਖਿਆ ਪ੍ਰਦਾਨ ਕਰਨ ਦੇ ਹੋਰ ਵਸੀਲਿਆਂ ਬਾਰੇ ਵਿਚਾਰ ਕਰਨ ਦੀ ਲੋੜ ਹੈ। ਅਸੀਂ ਹੁਣ ਪਹਿਲਾਂ ਵਾਂਗ ਕਲਾਸਾਂ ਤਾਂ ਲਗਾ ਨਹੀਂ ਸਕਦੇ। ਵਿਦਿਆਰਥੀ ਆਪਣੇ ਪੱਧਰ ਤੇ ਪੜ੍ਹਾਈ ਕਰ ਕੇ ਫਿਰ ਅਧਿਆਪਕਾਂ ਨਾਲ ਆਪਣੀਆਂ ਸਮੱਸਿਆਵਾਂ ਸਾਂਝੀਆਂ ਕਰ ਸਕਦੇ ਹਨ। ਸਾਡੇ ਕੋਲ ਟੀਵੀ, ਰੇਡੀਓ ਅਤੇ ਇੰਟਰਨੈਟ ਵਰਗੀਆਂ ਸਹੂਲਤਾਂ ਹਨ, ਅਤੇ ਇਨ੍ਹਾਂ ਦੀ ਸਹੀ ਢੰਗ ਨਾਲ ਵਰਤੋਂ ਕਰਨੀ ਚਾਹੀਦੀ ਹੈ”।
ਆਮ ਵਰਤੋਂ ਵਿੱਚ ਜਿਆਦਾ ਜ਼ੋਰ ਇੰਟਰਨੈਟ ਦੀ ਵਰਤੋਂ ‘ਤੇ ਹੀ ਹੈ।
15 ਜੂਨ ਦੇ ਇਸ ਸਰਕੂਲਰ ਤੋਂ ਬਾਅਦ, ਰਵੀ ਰੱਖ ਜੋ ਕਿ ਡੋਂਗਰੀ ਪਿੰਡ ਦੇ ਜਿਲ੍ਹਾ ਪਰਿਸ਼ਦ ਸਕੂਲ ਵਿੱਚ ਅਧਿਆਪਕ ਹਨ, ਦਾ ਕਹਿਣਾ ਹੈ ਕਿ ਉਹਨਾਂ ਨੇ ਅਤੇ ਉਹਨਾਂ ਦੇ ਸਹਿਕਰਮੀਆਂ ਨੇ ਮਿਲ ਕੇ ਹਿਸਾਬ ਲਾਇਆ ਕਿ ਕਿੰਨੇ ਘਰਾਂ ਵਿੱਚ ਸਮਾਰਟਫੋਨ ਹੈ। “ਸਾਡਾ ਅਧਿਆਪਕਾਂ ਦਾ ਇੱਕ ਵੱਟਸਐਪ ਗਰੁੱਪ ਬਣਿਆ ਹੋਇਆ ਹੈ ਜਿਸ ਵਿੱਚ ਸਾਨੂੰ ਬੱਚਿਆਂ ਦੇ ਸਿਲੇਬਸ ਅਤੇ ਹੋਰ ਨਿਰਦੇਸ਼ਾਂ ਸਬੰਧੀ ਜ਼ਰੂਰੀ ਦਸਤਾਵੇਜ ਅਤੇ ਵਿਡੀਉ ਮਿਲਦੀਆਂ ਹਨ,” ਉਹ ਦੱਸਦੇ ਹਨ। “ਅਸੀਂ ਇਹ ਸਭ ਉਹਨਾਂ ਵਿਦਿਆਰਥੀਆਂ ਨੂੰ ਭੇਜ ਦਿੰਦੇ ਹਾਂ ਜਿਨ੍ਹਾਂ ਕੋਲ ਸਮਾਰਟਫੋਨ ਹੈ। ਅਸੀਂ ਨਾਲ ਹੀ ਮਾਪਿਆਂ ਨੂੰ ਵੀ ਗੁਜ਼ਾਰਿਸ਼ ਕਰਦੇ ਹਾਂ ਕਿ ਉਹ ਬੱਚਿਆਂ ਨੂੰ ਸਮਾਰਟਫੋਨ ਮੁਹਈਆ ਕਰਵਾਓਣ। ਉਹ ਹਾਮੀ ਜਰੂਰ ਭਰਦੇ ਹਨ ਪਰ ਕੁਝ ਖਾਸ ਫ਼ਰਕ ਨਹੀਂ ਪੈਂਦਾ”।
ਇਸ ਤੋਂ ਇਲਾਵਾ ਹੋਰ ਕੀ ਰਾਹ ਹੋ ਸਕਦਾ ਇਹ ਖੋਜਣਾ ਵੀ ਕਾਫ਼ੀ ਮੁਸ਼ਕਿਲ ਹੈ।
ਰਾਸ਼ਟਰੀ ਸੈਂਪਲ ਸਰਵੇ ਦੀ 2017-18 ਦੀ ਇੱਕ ਰਿਪੋਰਟ ਅਨੁਸਾਰ ਮਹਾਰਾਸ਼ਟਰ ਦੇ ਸਿਰਫ਼ 18.5 ਪ੍ਰਤੀਸ਼ਤ ਪੇਂਡੂ ਘਰਾਂ ਵਿੱਚ ਹੀ ਇੰਟਰਨੈਟ ਦੀ ਸੁਵਿਧਾ ਹੈ। ਦਿਹਾਤੀ ਇਲਾਕਿਆਂ ਵਿੱਚ 6 ਵਿੱਚੋਂ ਸਿਰਫ਼ 1 ਆਦਮੀ ਹੀ ਇੰਟਰਨੈਟ ਚਲਾਓਣਾ ਜਾਣਦਾ ਹੈ, ਅਤੇ ਔਰਤਾਂ ਵਿੱਚ ਇਹ ਅੰਕੜਾ 11 ਵਿੱਚੋਂ ਸਿਰਫ਼ 1 ਦਾ ਹੈ।
ਇਸ ਰਿਪੋਰਟ ਅਨੁਸਾਰ ਇਸ ਸਰਵੇ ਕਰਨ ਤੋਂ 30 ਦਿਨ ਪਹਿਲਾਂ ਤੱਕ ਦਿਹਾਤੀ ਮਹਾਰਾਸ਼ਟਰ ਵਿੱਚ 7 ਆਦਮੀਆਂ ਵਿੱਚੋਂ 1, ਅਤੇ 12 ਔਰਤਾਂ ਵਿੱਚੋਂ ਸਿਰਫ਼ 1 ਨੇ ਇੰਟਰਨੈਟ ਦੀ ਵਰਤੋਂ ਕਰਨਾ ਸਿੱਖਿਆ ਸੀ। ਇੱਥੇ ਸਭ ਤੋਂ ਵੱਧ ਨੁਕਸਾਨ ਆਦਿਵਾਸੀ ਅਤੇ ਦਲਿਤ ਭਾਈਚਾਰੇ ਦਾ ਹੈ ਜੋ ਮਹਾਰਾਸ਼ਟਰ ਦੀ ਜਨਸੰਖਿਆ ਦਾ ਕ੍ਰਮਵਾਰ 9.4 ਅਤੇ 12 ਪ੍ਰਤੀਸ਼ਤ ਹਿੱਸਾ ਹਨ।
ਬੰਬੇ ਯੂਨੀਵਰਸਿਟੀ ਅਤੇ ਕਾਲਜ ਅਧਿਆਪਕ ਯੂਨੀਅਨ ਸਰਵੇ ਅਨੁਸਾਰ ਇਹਨਾਂ ਕਬਾਇਲੀ ਇਲਾਕਿਆਂ ਵਿੱਚ ਉੱਚ ਸਿੱਖਿਆ ਹੀ ਸਕੂਲਾਂ ਦੀ ਹਾਲਤ ਬਿਆਨ ਕਰਦੀ ਹੈ। ਡਾ. ਤਾਪਤੀ ਮੁਖੋਪਾਧਿਆ ਅਤੇ ਡਾ. ਮਧੂ ਪਰੰਜਪੇ ਵੱਲੋਂ ਲਿਖਿਤ 7 ਜੂਨ ਦੀ ਇਹ ਰਿਪੋਰਟ ਪਾਲਘਰ ਜ਼ਿਲ੍ਹਾ ਦੇ ਜਵਾਹਰ ਤਾਲੂਕਾ ਤੇ ਝਾਤ ਮਾਰਦੀ ਹੈ। ਇਸ ਰਿਪੋਰਟ ਅਨੁਸਾਰ “ਸਭ ਕੁਝ ਬੰਦ ਹੋ ਚੁੱਕਿਆ ਹੈ”, ਸਾਰੇ ਅਦਾਰੇ, ਸਿੱਖਿਆ ਅਤੇ ਹੋਰ ਗਤੀਵਿਧੀਆਂ ਸਭ ਰੁਕ ਚੁੱਕਿਆ ਹੈ। ਜਿੱਥੇ ਇੰਟਰਨੈਟ ਦੀ ਸੁਵਿਧਾ ਹੈ ਵੀ ਉੱਥੇ ਕਨੈਕਸ਼ਨ ਬਹੁਤ ਖਰਾਬ ਹੈ, ਅਤੇ ਬਿਜਲੀ ਸਪਲਾਈ ਦਾ ਵੀ ਮੰਦਾ ਹਾਲ ਹੈ। “ਅਜਿਹੇ ਹਾਲਾਤਾਂ ਵਿੱਚ ਆਨਲਾਈਨ ਪੜ੍ਹਾਈ ਕਰਨਾ ਤੇ ਕਰਵਾਓਣਾ ਬਹੁਤ ਮੁਸ਼ਕਿਲ ਹੈ,” ਉਹ ਜ਼ੋਰ ਦੇ ਕੇ ਕਹਿੰਦੇ ਹਨ।
ਭਾਊ ਚਾਸਕਰ ਚੇਤਾਵਨੀ ਦਿੰਦੇ ਹਨ ਕਿ ਜੋ ਬੱਚੇ ਮਹਿੰਗੇ ਉਪਕਰਣ ਨਾ ਖਰੀਦ ਪਾਓਣ ਕਰ ਕੇ ਸਿੱਖਿਆ ਵਿੱਚ ਪਿੱਛੜ ਜਾਣਗੇ, ਉਹਨਾਂ ਵਿੱਚ ਹੀਣ ਭਾਵਨਾ ਪੈਦਾ ਹੋ ਸਕਦੀ ਹੈ। ਉਹ ਤਰਕ ਦਿੰਦੇ ਹਨ ਕਿ ਪੇਂਡੂ ਇਲਾਕਿਆਂ ਵਿੱਚ ਟੀਵੀ ਦੀ ਪਹੁੰਚ ਬਹੁਤ ਹੈ, ਇਸ ਲਈ, “ਰਾਜ ਸਰਕਾਰ ਨੂੰ ਇੱਕ ਚੈਨਲ ਸ਼ੁਰੂ ਕਰਨਾ ਚਾਹੀਦਾ ਹੈ ਜਿਸ ਰਾਹੀਂ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਹੋਰ ਗਤੀਵਿਧੀਆਂ ਵਿੱਚ ਸ਼ਾਮਿਲ ਕੀਤਾ ਜਾਂ ਸਕਦਾ ਹੈ। ਇਸ ਕੰਮ ਲਈ ਸਰਕਾਰ ਨੂੰ ਫ਼ੌਰਨ ਇੱਕ ਕਿਤਾਬਚਾ ਤਿਆਰ ਕਰਨਾ ਚਾਹੀਦਾ ਹੈ। ਕੇਰਲ ਸਰਕਾਰ ਨੇ ਵੀ ਕੁਝ ਅਜਿਹਾ ਹੀ ਕੀਤਾ ਸੀ। ਮਹਾਰਾਸ਼ਟਰ ਦਾ ਸਰਕੂਲਰ ਟੀਵੀ ਅਤੇ ਰੇਡੀਓ ਦੀ ਗੱਲ ਤਾਂ ਕਰਦਾ ਹੈ ਪਰ ਇਸ ਸਬੰਧੀ ਕਿਸੇ ਵੀ ਤਰ੍ਹਾਂ ਦੀ ਕੋਈ ਵਿਓਂਤਬੰਦੀ ਨਹੀਂ ਹੈ”।
*****
ਰਾਜੇਸ਼ ਅੰਧਾਰੇ ਦੀ ਛੋਟੀ ਬੱਚੀ, ਅਨੀਤਾ (11) ਪਿੰਡ ਦੇ ਜਿਲ੍ਹਾ ਪਰਿਸ਼ਦ ਸਕੂਲ ਵਿੱਚ ਪੜ੍ਹਦੀ ਹੈ। ਕੀ ਉਸ ਦਾ ਵੱਡਾ ਭਰਾ ਦਿਨੇਸ਼ ਪੜ੍ਹਾਈ ਲਈ ਉਸ ਨੂੰ ਫੋਨ ਦੇ ਦਿੰਦਾ ਹੈ? “ਦਿੰਦਾ ਹੈ ਪਰ ਅਨਮਨੇ ਮਨ ਨਾਲ,” ਅਨੀਤਾ ਕਹਿੰਦੀ ਹੈ। “ਲੌਕਡਾਊਨ ਤੋਂ ਪਹਿਲਾਂ ਵੀ ਉਹ ਮੈਨੂੰ ਫੋਨ ਜਿਆਦਾ ਵਰਤਣ ਨਹੀਂ ਦਿੰਦਾ ਸੀ”।
ਪਿਛਲੇ ਦੋ ਸਾਲਾਂ ਵਿੱਚ ਅਨੀਤਾ ਨੇ ਕੁਝ ਹੱਦ ਤੱਕ ਸਮਾਰਟਫੋਨ ਚਲਾਓਣਾ ਸਿੱਖ ਲਿਆ ਹੈ। ਪਰ ਇਸ ਨੂੰ ਚਲਾਓਣਾ ਸਿੱਖਣ ਦੇ ਬਾਅਦ ਉਸ ਨੂੰ ਫੋਨ ਤੇ ਪੜ੍ਹਾਈ ਕਰਨ ਸਬੰਧੀ ਕੁਝ ਸ਼ੰਕੇ ਹਨ। “ਮੈਂ ਆਨਲਾਈਨ ਕਲਾਸ ਦੀ ਕਲਪਨਾ ਵੀ ਨਹੀਂ ਕਰ ਸਕਦੀ। ਜੇ ਮੇਰੇ ਮਨ ਵਿੱਚ ਕੋਈ ਸਵਾਲ ਹੋਵੇ ਤਾਂ? ਜੇ ਮੈਂ ਆਪਣਾ ਹੱਥ ਖੜਾ ਕਰਾਂਗੀ ਤਾਂ ਅਧਿਆਪਕਾਂ ਨੂੰ ਦਿਖਾਈ ਦੇਵੇਗਾ?”
ਵਿਕਲੂ ਵਿਲਾਟ (13) ਨੂੰ ਅਜਿਹੀ ਕੋਈ ਫ਼ਿਕਰ ਨਹੀਂ। ਗੁਆਂਡ ਪਿੰਡ ਦੀ ਇਸ ਅੱਠਵੀਂ ਜਮਾਤ ਦੀ ਵਿਦਿਆਰਥਣ ਨੇ ਆਨਲਾਈਨ ਕਲਾਸ ਤਾਂ ਦੂਰ ਕਦੇ ਹੱਥ ਵਿੱਚ ਸਮਾਰਟਫੋਨ ਤੱਕ ਫੜ ਕੇ ਨਹੀਂ ਦੇਖਿਆ। ਉਸ ਦੇ ਪਿਤਾ ਸ਼ੰਕਰ, ਰਾਜੇਸ਼ ਵਾਂਗ ਹੀ ਗਰੀਬ ਮਜ਼ਦੂਰ ਹਨ। “ਸਾਡੇ ਕੋਲ ਇੱਕ ਕਿੱਲੇ ਤੋਂ ਵੀ ਘੱਟ ਜ਼ਮੀਨ ਹੈ,” ਉਹ ਦੱਸਦੇ ਹਨ। “ਇੱਥੇ ਹੋਰ ਹੋਰ ਸਭਨਾਂ ਵਾਂਗ ਮੈਂ ਵੀ ਮਜਦੂਰੀ ਕਰ ਕੇ ਪਰਿਵਾਰ ਦਾ ਪੇਟ ਪਾਲਦਾ ਹਾਂ”।
ਤਾਂ ਫਿਰ ਉਹਨਾਂ ਦਾ ਕੀ ਜਿਨ੍ਹਾਂ ਕੋਲ ਸਮਾਰਟਫੋਨ ਹੈ ਹੀ ਨਹੀਂ? ਡੋਂਗਰੀ ਦੇ ਅਧਿਆਪਕ ਰਵੀ ਰੱਖ ਕਹਿੰਦੇ ਹਨ ਕਿ ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਕਿਤਾਬਾਂ ਤਾਂ ਵੰਡ ਹੀ ਦਿੱਤੀਆਂ ਹਨ। “ਅਸੀਂ ਉਹਨਾਂ ਨੂੰ ਕੁਝ ਪਾਠ ਪੜ੍ਹਨਾ ਸ਼ੁਰੂ ਕਰਨ ਲਈ ਕਹਿ ਦਿੱਤਾ ਹੈ,” ਉਹ ਦੱਸਦੇ ਹਨ। “ਅਸੀਂ ਮਾਪਿਆਂ ਨੂੰ ਗੁਜ਼ਾਰਿਸ਼ ਕੀਤੀ ਹੈ ਕਿ ਉਹ ਬੱਚਿਆਂ ਦੀ ਪੜ੍ਹਾਈ ਤੇ ਧਿਆਨ ਰੱਖਣ, ਪਰ ਇਹ ਕੰਮ ਉਹਨਾਂ ਲਈ ਵੀ ਮੁਸ਼ਕਿਲ ਹੈ”।
ਪਿਛਲੇ ਸਾਲਾਂ ਦੌਰਾਨ ਜਦ ਇਸ ਸਮੇਂ ਦੌਰਾਨ ਸਕੂਲ ਖੁੱਲਦੇ ਸਨ ਤਾਂ ਮਾਪਿਆਂ ਨੂੰ ਕੰਮ ਤੇ ਜਾਣ ਲੱਗਿਆਂ ਘਰ ਛੱਡਣ ਲੱਗੇ ਕੋਈ ਫ਼ਿਕਰ ਨਹੀਂ ਹੁੰਦੀ ਸੀ। “ਅਧਿਆਪਕ ਬੱਚਿਆਂ ਦਾ ਧਿਆਨ ਬਹੁਤ ਚੰਗੇ ਤਰੀਕੇ ਨਾਲ ਰੱਖਦੇ ਸਨ,” ਅਨੀਤਾ ਦੀ 40 ਸਾਲਾ ਮਾਂ ਚੰਦਨ ਦਾ ਕਹਿਣਾ ਹੈ। “ਬੱਚਿਆਂ ਨੂੰ ਦੁਪਿਹਰ ਵੇਲੇ ਮਿਡ-ਡੇ ਮੀਲ ਮਿਲਦਾ ਸੀ ਤਾਂ ਘੱਟੋ ਘੱਟ ਇੱਕ ਵੇਲੇ ਦੇ ਖਾਣੇ ਦੀ ਫ਼ਿਕਰ ਨਹੀਂ ਹੁੰਦੀ ਸੀ”।
ਪਰ ਹੁਣ ਲੌਕਡਾਊਨ ਵਿੱਚ ਉਹਨਾਂ ਨੂੰ ਹਰ ਵੇਲੇ ਇਹ ਫ਼ਿਕਰ ਰਹਿੰਦੀ ਹੈ। ਇਸ ਖਿੱਤੇ ਵਿੱਚ ਮਜਦੂਰ ਜੋ ਪਹਿਲਾਂ ਤੋਂ ਹੀ ਗੁਜ਼ਰ ਬਸਰ ਲਈ ਜੱਦੋ ਜਹਿਦ ਕਰ ਰਹੇ ਸਨ, ਉਹਨਾਂ ਦੇ ਹਾਲਾਤ ਹੋਰ ਵੀ ਵਿਗੜ ਰਹੇ ਹਨ। ਆਰਥਿਕ ਹਲਚਲ ਦੇ ਮੁੜ ਸ਼ੁਰੂ ਹੁੰਦਿਆਂ ਹੀ ਬੱਚਿਆਂ ਦੇ ਮਾਪੇ ਕੰਮ ਕਰਨ ਲਈ ਦੁਬਾਰਾ ਘਰੋਂ ਨਿਕਲ ਰਹੇ ਹਨ। “ਅਸੀਂ ਪਿਛਲੇ ਢਾਈ ਮਹੀਨਿਆਂ ਦੇ ਨੁਕਸਾਨ ਦੀ ਭਰਪਾਈ ਕਰਨਾ ਚਾਹੁੰਦੇ ਹਾਂ,” ਸ਼ੰਕਰ ਦਾ ਕਹਿਣਾ ਹੈ। “ਨਾਲ ਹੀ ਅਸੀਂ ਜਲਦ ਹੀ ਆਪਣੇ ਖੇਤ ਵਿੱਚ ਝੋਨੇ ਦੀ ਲਵਾਈ ਸ਼ੁਰੂ ਕਰ ਦੇਣੀ ਹੈ। ਅਤੇ ਇਹ ਫ਼ਸਲ ਘਰ ਵਿੱਚ ਖਪਤ ਲਈ ਹੈ, ਵਿੱਕਰੀ ਲਈ ਨਹੀਂ। ਆਪਣੇ ਖੇਤ ਵਿੱਚ ਅਤੇ ਬਾਹਰ ਮਜਦੂਰੀ ਕਰਨ ਦੇ ਨਾਲ ਨਾਲ ਅਸੀਂ ਘਰ ਬਹਿ ਕੇ ਬੱਚਿਆਂ ਦਾ ਧਿਆਨ ਨਹੀਂ ਰੱਖ ਸਕਦੇ”।
ਮਾਪਿਆਂ ਦੇ ਸਿਰ ਤੇ ਬੱਚਿਆਂ ਦੀ ਪੜ੍ਹਾਈ ਅਤੇ ਵੱਟਸਐਪ ਤੇ ਆਓਂਦੇ ਨਿਰਦੇਸ਼ਾਂ ਦਾ ਧਿਆਨ ਰੱਖਣ ਦਾ ਬੋਝ ਪਾਓਣਾ ਸਹੀ ਨਹੀਂ ਹੈ। “ਅਸੀਂ ਆਪ ਜਿਆਦਾ ਪੜ੍ਹੇ ਲਿਖੇ ਨਹੀਂ ਹਾਂ,” ਚੰਦਨ ਕਹਿੰਦੀ ਹੈ, “ਤਾਂ ਅਸੀਂ ਕਿਵੇਂ ਦੱਸ ਸਕਦੇ ਹਾਂ ਕਿ ਬੱਚੇ ਚੰਗੀ ਤਰ੍ਹਾਂ ਪੜ੍ਹਾਈ ਕਰ ਰਹੇ ਹਨ ਜਾਂ ਨਹੀਂ। ਇਹ ਸਕੂਲ ਹੀ ਠੀਕ ਰਹਿੰਦੇ ਹਨ। ਹਾਂ, ਕੋਰੋਨਾ ਦਾ ਡਰ ਤਾਂ ਹੈ ਪਰ ਜੇ ਸਰਕਾਰ ਸਕੂਲ ਦੁਬਾਰਾ ਖੋਲਦੀ ਹੈ ਤਾਂ ਅਸੀਂ ਅਨੀਤਾ ਨੂੰ ਜਰੂਰ ਭੇਜਾਂਗੇ”।
ਇੱਥੇ ਮਾਪਿਆਂ ਵਿੱਚ ਇੰਟਰਨੈਟ ਸਾਖਰਤਾ ਨਾਂ ਦੇ ਬਰਾਬਰ ਹੈ, ਅਤੇ ਸਿਰਫ਼ ਕੁਝ ਹੀ ਪਰਿਵਾਰ ਹਨ ਜੋ ਸਮਾਰਟਫੋਨ ਖਰੀਦਣ ਦੀ ਹੈਸੀਅਤ ਰੱਖਦੇ ਹਨ। ਨਾਲ ਹੀ ਰੱਖ ਦੱਸਦੇ ਹਨ, “ਡੋਂਗਰੀ ਵਿੱਚ ਸਾਡਾ ਸਕੂਲ ਉੱਚ ਪ੍ਰਾਇਮਰੀ ਹੈ, ਅੱਠਵੀਂ ਜਮਾਤ ਤੱਕ। ਜਿਹੜੇ ਵਿਦਿਆਰਥੀਆਂ ਕੋਲ ਸਮਾਰਟਫੋਨ ਹੈ, ਉਹਨਾਂ ਦੀ ਉਮਰ 16 ਸਾਲ ਤੋਂ ਜਿਆਦਾ ਹੈ”।
*****
15 ਜੂਨ ਦੇ ਸਰਕੂਲਰ ਅਨੁਸਾਰ ਸਕੂਲਾਂ ਨੂੰ ਹੌਲੀ ਹੌਲੀ ਕਈ ਚਰਨਾਂ ਵਿੱਚ ਖੋਲਿਆ ਜਾਂ ਸਕਦਾ ਹੈ, ਬਸ਼ਰਤੇ ਕਿ ਪਿੰਡ ਵਿੱਚ ਕੋਰੋਨਾਵਾਇਰਸ ਦਾ ਕੋਈ ਕੇਸ ਨਾ ਹੋਵੇ। ਛੇਵੀਂ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀ ਅਗਸਤ 2020 ਤੋਂ ਸਕੂਲ ਵਾਪਿਸ ਆਓਣਾ ਸ਼ੁਰੂ ਕਰ ਸਕਦੇ ਹਨ। ਤੀਜੀ ਤੋਂ ਪੰਜਵੀਂ ਜਮਾਤ ਦੇ ਵਿਦਿਆਰਥੀ ਇਸ ਤੋਂ ਇੱਕ ਮਹੀਨਾ ਬਾਅਦ ਸ਼ੁਰੂ ਕਰ ਸਕਦੇ ਹਨ। ਪਹਿਲੀ ਅਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਲਈ ਫ਼ੈਸਲਾ ਸਕੂਲ ਦੀ ਪ੍ਰਬੰਧਕ ਕਮੇਟੀ ਤੇ ਛੱਡਿਆ ਜਾਂਦਾ ਹੈ।
ਨਾਲ ਹੀ ਸਰਕੂਲਰ ਵਿੱਚ ਇਹ ਵੀ ਕਿਹਾ ਗਿਆ ਸੀ ਕਿ ਸਕੂਲ ਸ਼ੁਰੂ ਕਰਨ ਤੋਂ ਪਹਿਲਾਂ, “ਹਰ ਸਕੂਲ ਵਿੱਚ ਸਾਫ਼ ਸਫ਼ਾਈ, ਬੈਠਣ ਦਾ ਇੰਤਜਾਮ ਅਤੇ ਸਵੱਛਤਾ ਦਾ ਖਾਸ ਧਿਆਨ ਰੱਖਿਆ ਜਾਵੇ। ਜੇ ਸਕੂਲ ਖੁੱਲਣ ਤੋਂ ਬਾਅਦ ਕੋਰੋਨਾਵਾਇਰਸ ਕਾਰਨ ਸਕੂਲ ਦੁਬਾਰਾ ਬੰਦ ਕਰਨਾ ਪਵੇ ਤਾਂ ਸਿੱਖਿਆ ਆਨਲਾਈਨ ਜਾਰੀ ਰੱਖਣ ਦਾ ਪ੍ਰਬੰਧ ਕੀਤਾ ਜਾਵੇ”।
ਪਰ ਤਾਲਾਸਰੀ ਦੇ ਅਧਿਆਪਕ ਸਕੂਲ ਦੁਬਾਰਾ ਖੋਲਣ ਨੂੰ ਲੈ ਕੇ ਚਿੰਤਾ ਵਿੱਚ ਹਨ, ਭਾਵੇਂ ਕਿ ਇਹ ਤਾਲੂਕਾ ਹਰੇ ਜ਼ੋਨ ਵਿੱਚ ਪੈਂਦੀ ਹੈ ਜਿੱਥੇ ਕੋਈ ਵੀ ਕੇਸ ਨਹੀਂ ਹੈ।
ਦੱਤਾਤ੍ਰੇਅ ਕੌਮ, ਜੋ ਤਾਲਾਸਰੀ ਕਸਬੇ ਦੇ ਇੱਕ ਜਿਲ੍ਹਾ ਪਰਿਸ਼ਦ ਸਕੂਲ ਵਿੱਚ ਅਧਿਆਪਕ ਹਨ, ਨੂੰ ਇਹ ਕੰਮ ਜੋਖਿਮ ਭਰਿਆ ਲੱਗਦਾ ਹੈ। “ਸਾਡੇ ਇੱਥੇ ਭਾਵੇਂ ਕੋਈ ਐਕਟਿਵ ਕੇਸ ਨਹੀਂ ਹੈ, ਪਰ ਗੁਆਂਡ ਦੀ ਦਹਾਨੂ ਤਾਲੂਕਾ ਵਿੱਚ ਤਾਂ ਹੈ,” ਉਹ ਦੱਸਦੇ ਹਨ। ਤਾਲਾਸਰੀ ਵਿੱਚ ਕਈ ਅਧਿਆਪਕ ਉੱਥੋਂ ਅਤੇ ਹੋਰ ਥਾਵਾਂ ਤੋਂ ਆਓਂਦੇ ਹਨ। ਕਈ ਮਾਪੇ ਵੀ ਮਜਦੂਰੀ ਲਈ ਇਸ ਤਾਲੂਕਾ ਤੋਂ ਬਾਹਰ ਜਾਂਦੇ ਹਨ”।
ਕੌਮ ਦਾ ਕਹਿਣਾ ਹੈ ਕਿ ਸਕੂਲਾਂ ਵਿੱਚ ਪਹਿਲਾਂ ਬੱਚਿਆਂ ਅਤੇ ਅਧਿਆਪਕਾਂ ਲਈ ਲੋੜੀਂਦੀ ਮਾਤਰਾ ਵਿੱਚ ਮਾਸਕ ਅਤੇ ਸੈਨੀਟਾਈਜ਼ਰ ਦੀ ਲੋੜ ਹੈ। ਨਾਲ ਹੀ ਦੱਸਦੇ ਹਨ ਕਿ, “ਬੱਚਿਆਂ ਨੂੰ ਸੁਰੱਖਿਅਤ ਤਰੀਕੇ ਨਾਲ ਮਿਡ-ਡੇ ਮੀਲ ਮੁਹਈਆ ਕਰਵਾਓਣ ਦਾ ਸੋਚਣ ਪਵੇਗਾ। ਆਮ ਤੌਰ ਤੇ ਮਿਡ-ਡੇ ਮੀਲ ਇੱਕ ਵੱਡੇ ਬਰਤਨ ਵਿੱਚ ਤਿਆਰ ਕਰ ਕੇ ਬੱਚਿਆਂ ਨੂੰ ਪਰੋਸਿਆ ਜਾਂਦਾ ਹੈ”।
ਅਧਿਆਪਕਾਂ ਨੂੰ ਇਸ ਗੱਲ ਦੀ ਵੀ ਚਿੰਤਾ ਹੈ 7-13 ਸਾਲ ਦੇ ਬੱਚਿਆਂ ਨੂੰ ਉਹ ਆਪਸ ਵਿੱਚ ਦੂਰੀ ਬਣਾਏ ਰੱਖਣ ਲਈ ਕਿਵੇਂ ਮਨਾ ਪਾਓਣਗੇ। “ਬੱਚੇ ਤਾਂ ਸ਼ਰਾਰਤਾਂ ਕਰਨਗੇ ਹੀ,” ਕੌਮ ਕਹਿੰਦੇ ਹਨ। “ਰੱਬ ਨਾ ਕਰੇ ਜੇ ਉਹਨਾਂ ਨੂੰ ਕੋਰੋਨਾ ਹੋ ਗਿਆ ਤਾਂ ਇਲਜ਼ਾਮ ਅਧਿਆਪਕਾਂ ਤੇ ਹੀ ਆਵੇਗਾ। ਅਸੀਂ ਆਪਣੇ ਮਨ ਤੇ ਅਜਿਹਾ ਬੋਝ ਕਿਵੇਂ ਲੈ ਸਕਦੇ ਹਾਂ”।
ਡੋਂਗਰੀ ਪਿੰਡ ਦੇ ਆਂਕੇਸ਼ ਯਾਲਵੀ (21) ਸਰਕਾਰੀ ਨੌਕਰੀ ਲਈ ਇਮਤਿਹਾਨ ਦੀ ਤਿਆਰੀ ਕਰ ਰਹੇ ਹਨ। ਉਹਨਾਂ ਕੋਲ ਸਮਾਰਟਫੋਨ ਹੈ ਅਤੇ ਪੈਸੇ ਭਾਰ ਕੇ ਆਨਲਾਈਨ ਐਪ ਰਾਹੀਂ ਪੜ੍ਹਾਈ ਕਰਦੇ ਹਨ, ਪਰ ਉਹਨਾਂ ਦਾ ਕਹਿਣਾ ਹੈ, “ਮੈਂ ਪੜ੍ਹਾਈ ਸਿਰਫ਼ ਉਦੋਂ ਕਰ ਪਾਓਂਦਾ ਹਾਂ ਜਦ ਨੈਟਵਰਕ ਆਓਂਦਾ ਹੈ”।
ਆਂਕੇਸ਼ ਆਪਣੀ 12 ਸਾਲਾ ਭੈਣ ਪ੍ਰਿਅੰਕਾ ਨੂੰ ਪੜ੍ਹਾਈ ਲਈ ਫੋਨ ਦੇਣ ਤੋਂ ਹਿਚਕਿਚਾਓਂਦੇ ਨਹੀਂ। “ਪਰ ਜੇ ਅਸੀਂ ਦੋਵੇਂ ਨਿਯਮਿਤ ਰੂਪ ਵਿੱਚ ਫੋਨ ਵਰਤਣ ਲੱਗ ਪਏ ਤਾਂ ਸਾਨੂੰ ਮਹਿੰਗੇ ਡਾਟਾ ਪੈਕ ਦੀ ਲੋੜ ਪਵੇਗੀ,” ਉਹ ਕਹਿੰਦੇ ਹਨ। “ਇਸ ਸਮੇਂ ਅਸੀਂ 2 ਜੀਬੀ ਪ੍ਰਤੀ ਦਿਨ ਡਾਟਾ ਲਈ 200 ਰੁਪਏ ਪ੍ਰਤੀ ਮਹੀਨਾ ਖਰਚਦੇ ਹਾਂ”।
ਪਿੰਡ ਡੋਂਗਰੀ ਤੋਂ 13 ਕਿਲੋਮੀਟਰ ਦੂਰ ਤਾਲਾਸਰੀ ਕਸਬੇ ਵਿੱਚ ਰਹਿਣ ਵਾਲੇ 9 ਸਾਲਾ ਨਿਖਿਲ ਡੋਭਾਰੇ ਉਹਨਾਂ ਕਿਸਮਤ ਵਾਲਿਆਂ ਵਿੱਚੋਂ ਹਨ ਜਿਨ੍ਹਾਂ ਕੋਲ ਵਧੀਆ ਸਮਾਰਟਫੋਨ ਹੈ- ਜਿਸ ਦੀ ਕੀਮਤ ਰਾਜੇਸ਼ ਅੰਧਾਰੇ ਦੇ ਫੋਨ ਨਾਲੋਂ ਚਾਰ ਗੁਣਾ ਜਿਆਦਾ ਹੈ। ਉਹ ਪ੍ਰਾਈਵੇਟ ਸਕੂਲ ਵਿੱਚ ਪੜ੍ਹਦਾ ਹੈ ਅਤੇ ਉਸ ਦੇ ਪਿਤਾ ਕਸਬੇ ਦੇ ਜਿਲ੍ਹਾ ਪਰਿਸ਼ਦ ਸਕੂਲ ਵਿੱਚ ਪੜ੍ਹਾਓਦੇ ਹਨ। ਨਿਖਿਲ ਕੋਲ ਬਿਹਤਰ ਨੈਟਵਰਕ ਦੀ ਸੁਵਿਧਾ ਵੀ ਹੈ।
ਪਰ ਉਸ ਦੇ ਪਿਤਾ ਦਾ ਕਹਿਣਾ ਹੈ, “ਉਸ ਨੂੰ ਸ਼ਾਇਦ ਇਹ ਸਭ ਪਸੰਦ ਨਹੀਂ ਆ ਰਿਹਾ ...”
“ਮੈਨੂੰ ਬੇਸਬਰੀ ਨਾਲ ਸਕੂਲ ਦੇ ਖੁੱਲਣ ਦਾ ਇੰਤਜ਼ਾਰ ਹੈ,” ਨਿਖਿਲ ਦਾ ਕਹਿਣਾ ਹੈ। “ਮੈਨੂੰ ਆਪਣੇ ਦੋਸਤਾਂ ਦੀ ਯਾਦ ਆਓਂਦੀ ਹੈ। ਇਕੱਲੇ ਪੜ੍ਹਾਈ ਕਰਨ ਵਿੱਚ ਕੋਈ ਮਜ਼ਾ ਨਹੀਂ”।
ਤਰਜਮਾ: ਨਵਨੀਤ ਕੌਰ ਧਾਲੀਵਾਲ