"ਆਓ ਆਓ ਸੁਨੋ ਅਪਨਾ ਭਵਿਸ਼ਯਬਾਨੀ, ਸੁਨੋ ਅਪਨੀ ਆਗੇ ਕੀ ਕਹਾਣੀ..." ਇਹ ਆਵਾਜ਼ ਹਰ ਸ਼ਾਮ ਜੁਹੂ ਬੀਚ ਦੀ ਗਹਿਮਾ-ਗਹਿਮੀ ਵਿਚਾਲੇ ਕਿਸੇ ਰਹੱਸਮਈ ਮੰਤਰ ਵਾਂਗ ਗੂੰਜਦੀ ਹੈ। ਉਪਨਗਰ ਮੁੰਬਈ ਦੇ ਇਸ ਖੂਬਸੂਰਤ ਸਮੁੰਦਰੀ ਕੰਢੇ 'ਤੇ ਸੂਰਜ ਡੁੱਬਣ ਦਾ ਵੇਲ਼ਾ ਹੈ ਤੇ 27 ਸਾਲਾ ਉਦੈ ਕੁਮਾਰ ਲੋਕਾਂ ਨੂੰ ਆਪੋ-ਆਪਣਾ ਭਵਿੱਖ ਜਾਣਨ/ਪੁੱਛਣ ਦਾ ਸੱਦਾ ਦੇ ਰਹੇ ਹਨ।
ਇਹ ਕੋਈ ਸਿਖਲਾਈ ਪ੍ਰਾਪਤ ਜੋਤਸ਼ੀ ਨਹੀਂ ਹੈ ਤੇ ਨਾ ਹੀ ਕੋਈ ਹੱਥ ਦੀਆਂ ਲਕੀਰਾਂ ਪੜ੍ਹਨ ਵਾਲ਼ਾ ਜੋਗੀ... ਨਾ ਹੀ ਗਾਨੀ ਵਾਲ਼ੇ ਤੋਤੋ ਲਈ ਟੈਰੋ ਕਾਰਡ ਰੀਡਰ ਹੀ। ਉਹ ਤਾਂ ਉੱਥੇ ਚਾਰ ਫੁੱਟ ਉੱਚੇ ਫੋਲਡਿੰਗ ਟੇਬਲ 'ਤੇ ਰੱਖੇ ਇੱਕ ਛੋਟੇ ਜਿਹੇ ਕਰੀਬ ਇੱਕ ਫੁੱਟੇ ਰੋਬੋਟ ਦੇ ਨਾਲ਼ ਖੜ੍ਹੇ ਹਨ। ਜਿਸ 'ਤੇ ਸਜਾਵਟੀ ਬੱਤੀਆਂ ਲਾਈਆਂ ਹੋਈਆਂ ਹਨ। ''ਇਹਨੂੰ ਜੋਤਿਸ਼ ਕੰਪਿਊਟਰ ਲਾਈਵ ਸਟੋਰੀ ਕਹਿੰਦੇ ਨੇ,'' ਉਹ ਇਸ ਰਿਪੋਰਟਰ ਨਾਲ਼ ਰੋਬੋਟ ਦੀ ਜਾਣ-ਪਛਾਣ ਕਰਾਉਂਦਿਆਂ ਕਹਿੰਦੇ ਹਨ।
ਆਪਣੇ ਵੱਲ ਆਉਂਦੇ ਇੱਕ ਆਦਮੀ ਨੂੰ ਦੇਖ ਕੇ ਮਸ਼ੀਨ ਨਾਲ਼ ਜੁੜੇ ਹੈਡਫ਼ੋਨ ਨੂੰ ਉਸ ਉਤਸੁਕ ਗਾਹਕ ਦੇ ਹੱਥ ਵਿੱਚ ਫੜ੍ਹਾਉਂਦਿਆਂ ਉਹ ਦੱਸਦੇ ਹਨ ਇਹ ਮਸ਼ੀਨ ਇਨਸਾਨ ਦੇ ਕੰਪਨ ਨੂੰ ਸਮਝ ਸਕਦੀ ਹੈ। ਅਲਪ ਵਿਰਾਮ ਤੋਂ ਬਾਅਦ ਹਿੰਦੀ ਵਿੱਚ ਔਰਤ ਦੀ ਅਵਾਜ਼ ਆਉਂਦੀ ਹੈ ਜੋ ਭਵਿੱਖ ਦੀ ਗੋਦ ਵਿੱਚ ਲੁਕੇ ਰਹਿਸਮਈ ਭੇਦਾਂ ਨੂੰ ਉਹਦੇ ਸਾਹਮਣੇ ਪ੍ਰਗਟ ਕਰਨ ਲੱਗਦੀ ਹੈ। ਇਸ ਸੇਵਾ ਬਦਲ ਹਰ ਕਿਸੇ ਨੇ ਸਿਰਫ਼ 30 ਰੁਪਏ ਹੀ ਦੇਣੇ ਹੁੰਦੇ ਹਨ।
ਉਦੈ ਆਪਣੇ ਚਾਚਾ, ਰਾਜੂ ਤੋਂ ਵਿਰਾਸਤ ਵਿੱਚ ਮਿਲ਼ੇ ਇਸ ਤਕਨੀਕੀ ਚਮਤਕਾਰ ਦੇ ਇਕਲੌਤੇ ਵਾਰਸ ਹਨ, ਜੋ ਕਈ ਦਹਾਕੇ ਪਹਿਲਾਂ ਬਿਹਾਰ ਦੇ ਰਕਸੌਲ ਪਿੰਡ ਤੋਂ ਮੁੰਬਈ ਆਣ ਵੱਸੇ ਸਨ। ਜਦੋਂ ਵੀ ਉਨ੍ਹਾਂ ਦੇ ਚਾਚਾ ਘਰ ਵਾਪਸ ਆਉਂਦੇ ਆਪਣੇ ਨਾਲ਼ ਸ਼ਹਿਰ ਦੀਆਂ ਕਈ ਕਹਾਣੀਆਂ ਲੈ ਕੇ ਆਉਂਦੇ। "ਚਾਚਾ ਨੇ ਮੈਨੂੰ ਦੱਸਿਆ ਕਿ ਉਨ੍ਹਾਂ ਕੋਲ਼ ਇੱਕ ਅਜੂਬਾ ਹੈ ਜੋ ਲੋਕਾਂ ਨੂੰ ਉਨ੍ਹਾਂ ਦਾ ਭਵਿੱਖ ਦੱਸ ਸਕਦਾ ਹੈ ਅਤੇ ਇਹ ਵੀ ਕਿ ਕਿਵੇਂ ਉਹਦੀ ਮਦਦ ਨਾਲ਼ ਉਹ ਪੈਸੇ ਕਮਾ ਰਹੇ ਹਨ। ਉਨ੍ਹਾਂ ਦੀ ਗੱਲ ਨੂੰ ਮਜ਼ਾਕ ਸਮਝ ਅਸੀਂ ਉਨ੍ਹਾਂ ਦੀ ਖਿੱਲੀ ਉਡਾਉਂਦੇ। ਪਰ ਇਨ੍ਹਾਂ ਗੱਲਾਂ ਨੇ ਮੈਨੂੰ ਆਕਰਸ਼ਿਤ ਕੀਤਾ!" ਪੁਰਾਣੇ ਦਿਨਾਂ ਨੂੰ ਚੇਤੇ ਕਰਦਿਆਂ ਉਦੈ ਕਹਿੰਦੇ ਹਨ। ਰਾਜੂ ਨੇ ਹੀ ਆਪਣੇ 11 ਸਾਲਾ ਭਤੀਜੇ ਨੂੰ ਇਸ ਮਹਾਨਗਰ ਦੀ ਹੈਰਾਨ ਕਰ ਸੁੱਟਣ ਵਾਲ਼ੀ ਦੁਨੀਆ ਤੇ ਇਸ ਮਸ਼ੀਨ ਨਾਲ਼ ਮਿਲ਼ਵਾਇਆ ਸੀ।















