ਤੇਜਾਲੀਬਾਈ ਢੇਧੀਆ ਹੌਲ਼ੀ-ਹੌਲ਼ੀ ਆਪਣੇ ਦੇਸੀ ਬੀਜਾਂ ਵੱਲ ਨੂੰ ਵਾਪਸ ਆ ਰਹੇ ਹਨ।
ਲਗਭਗ 15 ਸਾਲ ਪਹਿਲਾਂ, ਤੇਜਾਲੀਬਾਈ ਸਮੇਤ ਭੀਲ ਆਦਿਵਾਸੀਆਂ, ਜੋ ਮੱਧ ਪ੍ਰਦੇਸ਼ ਦੇ ਅਲੀਰਾਜਪੁਰ ਅਤੇ ਦੇਵਾਸ ਜ਼ਿਲ੍ਹਿਆਂ ਵਿੱਚ ਖੇਤੀਬਾੜੀ ਵਿੱਚ ਲੱਗੇ ਹੋਏ ਸਨ, ਨੇ ਹਾਈਬ੍ਰਿਡ ਬੀਜਾਂ ਦੀ ਵਰਤੋਂ ਕਰਨੀ ਸ਼ੁਰੂ ਕੀਤੀ ਜੋ ਜੈਵਿਕ ਖੇਤੀ ਦੇ ਤਰੀਕਿਆਂ ਰਾਹੀਂ ਉਗਾਏ ਗਏ ਸਥਾਨਕ ਬੀਜਾਂ ਦੀ ਬਜਾਏ ਰਸਾਇਣਕ ਬੀਜਾਂ 'ਤੇ ਨਿਰਭਰ ਕਰਦੇ ਹਨ। ਇਸ ਤਬਦੀਲੀ ਕਾਰਨ ਰਵਾਇਤੀ ਬੀਜ ਅਲੋਪ ਹੋ ਗਏ। ਤੇਜਾਲੀਬਾਈ ਇਸ ਤਬਦੀਲੀ ਬਾਰੇ ਦੱਸਦੇ ਹਨ: "ਰਵਾਇਤੀ ਖੇਤੀ ਲਈ ਬਹੁਤ ਜ਼ਿਆਦਾ ਮਿਹਨਤ ਤੇ ਧਿਆਨ ਦੇਣ ਦੀ ਲੋੜ ਹੁੰਦੀ ਸੀ ਅਤੇ ਉਨ੍ਹਾਂ ਨੂੰ ਸਹੀ ਮੰਡੀ ਮੁੱਲ ਨਹੀਂ ਮਿਲਦਾ ਸੀ। ਕੰਮ ਵਿੱਚੋਂ ਜੋ ਸਮਾਂ ਬੱਚਦਾ ਉਦੋਂ ਅਸੀਂ ਗੁਜਰਾਤ ਚਲੇ ਜਾਂਦੇ ਅਤੇ ਦਿਹਾੜੀਆਂ ਲਾਉਂਦੇ," 71 ਸਾਲਾ ਉਹ ਕਹਿੰਦੇ ਹਨ।
ਪਰ ਹੁਣ, ਇਨ੍ਹਾਂ ਜ਼ਿਲ੍ਹਿਆਂ ਦੇ 20 ਪਿੰਡਾਂ ਵਿੱਚ, ਲਗਭਗ 500 ਔਰਤਾਂ ਆਪਣੇ ਪਿੰਡ ਦੇ ਰਵਾਇਤੀ ਬੀਜਾਂ ਨੂੰ ਸੰਭਾਲ਼ ਰਹੀਆਂ ਹਨ ਅਤੇ ਕੰਸਾਰੀ ਨੂ ਬਦਾਨੂ (ਕੇਐੱਨਵੀ/KnV) ਦੀ ਅਗਵਾਈ ਹੇਠ ਜੈਵਿਕ ਖੇਤੀ ਵੱਲ ਪਰਤ ਰਹੀਆਂ ਹਨ। ਕੇਐੱਨਵੀ ਦੀ ਸਥਾਪਨਾ 1997 ਵਿੱਚ ਭੀਲ ਆਦਿਵਾਸੀ ਔਰਤਾਂ ਦੇ ਸਮੂਹਕ ਸੰਗਠਨ ਵਜੋਂ ਔਰਤਾਂ ਦੇ ਅਧਿਕਾਰਾਂ ਲਈ ਲੜਨ ਅਤੇ ਉਨ੍ਹਾਂ ਦੇ ਸਿਹਤ ਮੁੱਦਿਆਂ ਨੂੰ ਹੱਲ ਕਰਨ ਲਈ ਕੀਤੀ ਗਈ ਸੀ। ਸਿਹਤ ਮੁੱਦਿਆਂ ਦੇ ਖੇਤਰ ਵਿੱਚ ਇੱਕ ਦਹਾਕੇ ਤੋਂ ਵੱਧ ਸਮੇਂ ਤੱਕ ਕੰਮ ਕਰਨ ਤੋਂ ਬਾਅਦ, ਆਦਿਵਾਸੀ ਔਰਤਾਂ, ਜੋ ਕੇਐੱਨਵੀ ਗਠਨ ਦਾ ਹਿੱਸਾ ਸਨ, ਨੂੰ ਅਹਿਸਾਸ ਹੋਇਆ ਕਿ ਰਵਾਇਤੀ ਫ਼ਸਲਾਂ ਵੱਲ ਮੁਹਾਰ ਮੋੜਨ ਨਾਲ਼ ਉਨ੍ਹਾਂ ਦੀਆਂ ਭੋਜਨ ਦੀਆਂ ਪੋਸ਼ਕ ਸਬੰਧੀ ਸਮੱਸਿਆਵਾਂ ਦਾ ਹੱਲ ਕੀਤਾ ਜਾ ਸਕਦਾ ਹੈ।
ਕਵਾੜਾ ਪਿੰਡ ਦੇ ਵਸਨੀਕ ਰਿੰਕੂ ਅਲਾਵਾ ਦਾ ਕਹਿਣਾ ਹੈ ਕਿ ਕੇਐੱਨਵੀ ਵਿਖੇ ਚੁਣੇ ਬੀਜ ਜੈਵਿਕ ਖੇਤੀ ਦਾ ਪਸਾਰ ਕਰਨ ਹੇਤੂ ਹੋਰ ਕਿਸਾਨਾਂ ਨੂੰ ਵੇਚਣ ਅਤੇ ਵੰਡਣ ਲਈ ਵੱਖਰੇ ਤੌਰ 'ਤੇ ਸਟੋਰ ਕੀਤੇ ਜਾਂਦੇ ਹਨ ਅਤੇ ਬਾਕੀ ਫ਼ਸਲ ਨੂੰ ਵਰਤੋਂ ਲਈ ਰੱਖਿਆ ਜਾਂਦਾ ਹੈ। "ਫ਼ਸਲ ਦੀ ਵਾਢੀ ਖਤਮ ਹੋਣ ਤੋਂ ਬਾਅਦ ਸਾਨੂੰ ਇੱਕ ਚੰਗਾ ਬੀਜ ਚੁਣਨਾ ਪੈਂਦਾ ਹੈ," 39 ਸਾਲਾ ਰਿੰਕੂ ਕਹਿੰਦੇ ਹਨ।
ਕਕਰਾਨਾ ਪਿੰਡ ਦੀ ਇੱਕ ਕਿਸਾਨ ਔਰਤ ਅਤੇ ਕੇਐੱਨਵੀ ਦੀ ਮੈਂਬਰ, ਰਈਤੀਬਾਈ ਸੋਲੰਕੀ ਸਹਿਮਤੀ ਜਤਾਉਂਦਿਆਂ ਕਹਿੰਦੇ ਹਨ: "ਬੀਜ ਦੀ ਚੋਣ ਬੀਜਾਂ ਦੀ ਗੁਣਵੱਤਾ ਵਿੱਚ ਸੁਧਾਰ ਲਿਆਉਣ ਅਤੇ ਉਨ੍ਹਾਂ ਦੀ ਉਤਪਾਦਕਤਾ ਵਧਾਉਣ ਦਾ ਸਭ ਤੋਂ ਵਧੀਆ ਤਰੀਕਾ ਹੈ।''
40 ਸਾਲਾ ਰਾਇਤੀਬਾਈ ਕਹਿੰਦੇ ਹਨ, "ਮੋਟੇ ਅਨਾਜ ਅਤੇ ਜਵਾਰ ਵਰਗੇ ਅਨਾਜ ਸਾਡੇ ਭੀਲ ਕਬੀਲੇ ਦਾ ਮੁੱਖ ਭੋਜਨ ਸਨ। ਮੋਟੇ ਅਨਾਜਾਂ ਦੀ ਕਾਸ਼ਤ ਵਿੱਚ ਪਾਣੀ ਘੱਟ ਲੱਗਦਾ ਹੈ ਪਰ ਪੋਸ਼ਣ ਦੀ ਗੱਲ ਕਰੀਏ ਤਾਂ ਹਰ ਅਨਾਜ ਨੂੰ ਪਿਛਾਂਹ ਛੱਡਦੇ ਹਨ, ਉਹ ਬਾਜਰੇ ਦੀਆਂ ਕਿਸਮਾਂ ਦੇ ਨਾਮ ਸੂਚੀਬੱਧ ਕਰਨਾ ਸ਼ੁਰੂ ਕਰਦੇ ਹਨ - ਬੱਤੀ (ਸੁਆਂਕ), ਭਾਦੀ, ਰਾਲਾ (ਕੰਗਣੀ), ਰਾਗੀ , ਬਾਜਰਾ, ਕੋਡੋ, ਕੁਟਕੀ, ਸਾਂਗਰੀ। "ਇਹ ਮੋਟਾ ਅਨਾਜ ਫਲ਼ੀਆਂ, ਦਾਲਾਂ ਅਤੇ ਤੇਲ ਬੀਜਾਂ ਵਰਗੀਆਂ ਫਲੀਆਂ ਨਾਲ਼ ਮਿਸ਼ਰਤ ਫ਼ਸਲ ਵਜੋਂ ਉਗਾਏ ਜਾਂਦੇ ਹਨ ਤਾਂ ਜੋ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਕੁਦਰਤੀ ਤੌਰ 'ਤੇ ਬਣਾਈ ਰੱਖਿਆ ਜਾ ਸਕੇ," ਉਹ ਕਹਿੰਦੇ ਹਨ।
































