ਕੋਈ ਉਦਾਸੀ, ਕੋਈ ਕੜਵਾਹਟ ਨਹੀਂ? 60 ਸਾਲ ਪਹਿਲਾਂ ਜਦੋਂ ਕਮਿਊਨਿਸਟ ਪਾਰਟੀ ਆਫ਼ ਇੰਡੀਆ ਦੁਫਾੜ ਹੋਈ ਸੀ, ਉਨ੍ਹਾਂ ਆਪੋ ਆਪਣੀ ਡੰਡੀ ਫੜੀ। ਇਹ ਕੋਈ ਦੋਸਤਾਨਾ ਵਿਦਾਇਗੀ ਨਹੀਂ ਹੋਈ ਸੀ।
ਨੱਲਾਕੰਨੂੰ ਦੱਸਦਾ ਹੈ, “ਤਾਂ ਵੀ ਬਹੁਤ ਸਾਰੇ ਮਸਲਿਆਂ ’ਤੇ, ਸੰਘਰਸ਼ ਵਿੱਚ ਅਸੀਂ ਇਕੱਠਿਆਂ ਕੰਮ ਵੀ ਕੀਤਾ, ਉਸੇ ਲਹਿਜੇ ਵਿੱਚ ਜਿਵੇਂ ਪਹਿਲਾਂ ਕਰਿਆ ਕਰਦੇ ਸਾਂ।”
ਸੰਕਰਈਆ ਨੇ ਕਿਹਾ, “ਜਦੋਂ ਅਸੀਂ ਦੋਵੇਂ ਮਿਲਦੇ ਹਾਂ ਉਦੋਂ ਅਸੀਂ ਇਕੋ ਪਾਰਟੀ ਹੋਇਆ ਕਰਦੇ ਹਾਂ।”
ਅਜੋਕੇ ਫ਼ਿਰਕੂ ਹਿੰਸਾ ਅਤੇ ਨਫ਼ਰਤ ਬਾਰੇ ਉਨ੍ਹਾਂ ਕੀ ਨਜ਼ਰੀਆ ਹੈ? ਰਾਸ਼ਟਰ ਦੇ ਬਚੇ ਰਹਿਣ ਦੀ ਚਿੰਤਾ ਹੈ, ਉਸ ਰਾਸ਼ਟਰ ਦੀ ਸੁਰੱਖਿਆ ਦਾ ਫ਼ਿਕਰ ਜਿਸ ਦੀ ਆਜ਼ਾਦੀ ਵਾਸਤੇ ਉਨ੍ਹਾਂ ਨੇ ਸੰਘਰਸ਼ ਕੀਤਾ?
ਨੱਲਾਕੰਨੂ ਦੱਸਦਾ ਹੈ, “ਆਜ਼ਾਦੀ ਦੇ ਸੰਗਰਾਮ ਵੇਲ਼ੇ ਵੀ ਕਦੀ ਕਦਾਈਂ ਮਾਹੌਲ ਨਾਗਵਾਰ ਲੱਗਿਆ ਕਰਦਾ। ਸਾਨੂੰ ਦੱਸਿਆ ਜਾਦਾ ਕਿ ਅਸੀਂ ਜਿੱਤ ਨਹੀਂ ਸਕਦੇ, ਦੁਨੀਆ ਦੀ ਸਭ ਤੋਂ ਵੱਡੀ ਹਕੂਮਤ ਵਿਰੁੱਧ ਲੜ ਰਹੇ ਹੋ। ਸਾਡੇ ਕੁਝ ਕੁ ਪਰਿਵਾਰਾਂ ਨੂੰ ਕਿਹਾ ਜਾਂਦਾ ਕਿ ਇਸ ਖੱਪਖਾਨੇ ਤੋਂ ਪਰ੍ਹੇ ਹਟ ਕੇ ਰਹੋ। ਤਾੜਨਾਵਾਂ ਮਿਲਦੀਆਂ। ਪਰ ਅਸੀਂ ਸਭ ਧਮਕੀਆਂ, ਤਾੜਨਾਵਾਂ ਤੋਂ ਉੱਪਰ ਉੱਠ ਚੁੱਕੇ ਸਾਂ। ਜਿਵੇਂ ਕਿਵੇਂ ਯੁੱਧ ਲੜਦੇ ਰਹੇ। ਇਸੇ ਕਰਕੇ ਤਾਂ ਇੱਥੇ ਪੁੱਜੇ ਹਾਂ ਅੱਜ।''
ਦੋਵੇਂ ਆਖਦੇ ਹਨ, ਵਿਆਪਕ ਏਕਤਾ ਬਣਾਉਣ ਦੀ ਲੋੜ ਹੈ। ਇੱਕ ਦੂਜੇ ਤੋਂ ਪਹਿਲਾਂ ਵਾਂਗ ਸਿੱਖਣ ਦੀ ਲੋੜ ਹੈ। ਆਰ.ਐੱਨ.ਕੇ. ਕਹਿੰਦਾ ਹੈ, “ਮੇਰਾ ਖ਼ਿਆਲ ਐ ਈ.ਐਮ.ਐਸ. (ਨੰਬੂਦਰੀਪਾਦ) ਦੇ ਕਮਰੇ ਵਿੱਚ ਗਾਂਧੀ ਦੀ ਤਸਵੀਰ ਹੋਇਆ ਕਰਦੀ ਸੀ।''
ਅਜੋਕੀ ਸਿਆਸੀ ਸਥਿਤੀ ਜਿਹੜੀ ਸਾਡੇ ਵਿੱਚ ਲੱਖਾਂ ਨੂੰ ਭੈਭੀਤ ਕਰ ਦਿੰਦੀ ਹੈ, ਤੁਸੀਂ ਦੋਵੇਂ ਉਸ ਵਿੱਚ ਵੀ ਸ਼ਾਂਤ ਅਤੇ ਸੰਤੁਸ਼ਟ ਕਿਵੇਂ ਰਹਿ ਰਹੇ ਹੋ? ਇਹ ਸਵਾਲ ਨੱਲਾਕੰਨੂੰ ਨੂੰ ਝੰਜੋੜਦਾ ਹੈ, “ਅਸੀਂ ਇਸ ਤੋਂ ਵੀ ਮਾੜਾ ਸਮਾਂ ਦੇਖਿਆ ਹੈ।”
ਵਧੀਕ ਟਿੱਪਣੀ:
ਸੁਤੰਤਰਤਾ ਦਿਵਸ, 2022 ਮੌਕੇ- ਜਦੋਂ 'ਦਿ ਲਾਸਟ ਹੀਰੋਜ਼: ਫੁੱਟ ਸ਼ੋਲਜਿਅਰ ਆਫ਼ ਇੰਡੀਅਨ ਫ੍ਰੀਡਮ' ਕਿਤਾਬ ਛਪਣ ਲਈ ਪ੍ਰੈੱਸ ਵਿੱਚ ਜਾ ਚੁੱਕੀ ਸੀ, ਤਮਿਲਨਾਡੂ ਸਰਕਾਰ ਨੇ ਆਰਐੱਨਕੇ ਨੂੰ ਥਾਗੈਸਲ ਥਮੀਲਾਰ ਪੁਰਸਕਾਰ ਨਾਲ਼ ਸਨਮਾਨਤ ਕੀਤਾ। ਇਹ ਤਮਿਲਨਾਡੂ ਦਾ ਸਿਰਮੌਰ ਪੁਰਸਕਾਰ ਹੈ, ਜਿਹਦੀ ਸਥਾਪਨਾ 2021 ਵਿੱਚ ਕੀਤੀ ਗਈ, ਇਸ ਉੱਘੀ ਸ਼ਖਸੀਅਤ ਲਈ ਜਿਹਨੇ ਰਾਜ ਤੇ ਤਾਮਿਲ ਭਾਈਚਾਰੇ ਲਈ ਅਹਿਮ ਯੋਗਦਾਨ ਪਾਇਆ। ਜਿਸ ਵਿੱਚ 10 ਲੱਖ ਰੁਪਏ ਦੀ ਨਕਦ ਰਾਸ਼ੀ ਸੀ ਜੋ ਮੁੱਖ ਮੰਤਰੀ ਐੱਮ.ਕੇ. ਸਟਾਲਿਨ ਨੇ ਫੋਰਟ ਸੇਂਟ ਜਾਰਜ ਦੀ ਫਸੀਲ ਤੋਂ ਆਰਐੱਨਕੇ ਨੂੰ ਇਸ ਪੁਰਸਕਾਰ ਦੇ ਰੂਪ ਵਿੱਚ ਸੌਂਪੀ।
ਤਰਜਮਾ: ਹਰਪਾਲ ਸਿੰਘ ਪੰਨੂ