"ਮੈਂ ਛੋਟੀ ਉਮਰੇ ਹੀ ਡਰਾਇੰਗ ਦਾ ਅਨੰਦ ਲੈਂਦਾ ਸੀ। ਕੋ ਸ਼੍ਰੇਣੀ (ਪਹਿਲੀ ਜਮਾਤ) ਵਿੱਚ ਪੜ੍ਹਦੇ ਸਮੇਂ, ਅਧਿਆਪਕ ਨੇ ਸਾਨੂੰ ਸੰਤਰਾ ਜਾਂ ਹਲਵਾ ਕੱਦੂ ਵਾਹੁਣ ਲਈ ਕਿਹਾ। ਮੈਂ ਇੱਕ-ਇੱਕ ਕਰਕੇ ਚਿੱਤਰਕਾਰੀ ਕੀਤੀ," ਰਮੇਸ਼ ਦੱਤ ਕਹਿੰਦੇ ਹਨ ਤੇ ਇੱਕ ਮੁਸਕਰਾਨ ਉਨ੍ਹਾਂ ਦੇ ਚਿਹਰੇ 'ਤੇ ਫਿਰ ਗਈ। "ਇਸ ਤਰ੍ਹਾਂ ਇਹ ਸਭ ਸ਼ੁਰੂ ਹੋਇਆ।"
ਅੱਜ, ਉਹ ਅਸਾਮ ਦੇ ਗਰਮੂਰ ਸਰੂ ਸਤਰਾ ਦੇ ਥੀਏਟਰ ਗਤੀਵਿਧੀਆਂ ਵਾਸਤੇ ਪ੍ਰਾਇਮਰੀ ਸੈੱਟ ਡਿਜ਼ਾਈਨਰ ਤੇ ਮਾਸਕ ਬਣਾਉਂਦੇ ਹਨ। ਇਹ ਥਾਂ ਅਸਾਮ ਦੇ ਕਈ ਵੈਸ਼ਣਵ ਮੱਠਾਂ ਵਿੱਚੋਂ ਇੱਕ ਹੈ। 52 ਸਾਲਾ ਰਮੇਸ਼ ਦੱਤ ਨੂੰ ਸਾਰੇ ਪਿਆਰ ਨਾਲ਼ ਰਮੇਸ਼ ਦਾ ਕਹਿ ਕੇ ਬੁਲਾਉਂਦੇ ਹਨ। ਬ੍ਰਹਮਪੁੱਤਰ ਦੇ ਸਭ ਤੋਂ ਵੱਡੇ ਨਦੀ ਟਾਪੂ ਮਾਜੁਲੀ ਵਿੱਚ, ਰਮੇਸ਼ ਦਾ ਨੂੰ ਘੱਟ ਬੋਲਣ ਵਾਲ਼ੇ ਇਨਸਾਨ ਵਜੋਂ ਪਰ ਗੁਣਾਂ ਦੀ ਖਾਨ ਵਜੋਂ ਜਾਣਿਆ ਜਾਂਦਾ ਹੈ। ਉਹ ਸਥਾਨਕ ਥੀਏਟਰ, ਕਲਾ ਤੇ ਸੰਗੀਤ ਲਈ ਜਾਣੇ ਜਾਂਦੇ ਹਨ।
ਬੀਤੇ ਨੂੰ ਯਾਦ ਕਰਦਿਆਂ, ਉਹ ਕਹਿੰਦੇ ਹਨ, "ਬਚਪਨ ਵਿੱਚ, ਮੈਂ ਬੜੇ ਮਜ਼ੇ ਨਾਲ਼ ਕਠਪੁਤਲੀ ਸ਼ੋਅ ਦੇਖਿਆ ਕਰਦਾ। ਮੈਂ ਅਤੀਤ ਵਿੱਚ ਹੋਰ ਲੋਕਾਂ ਨੂੰ ਕਠਪੁਤਲੀਆਂ ਬਣਾਉਂਦੇ ਵੇਖਦਾ ਅਤੇ ਇਸ ਤਰ੍ਹਾਂ ਮੈਨੂੰ ਵੀ ਇਸ ਕਲਾ ਵਿੱਚ ਦਿਲਚਸਪੀ ਹੋ ਗਈ। ਉਸ ਸਮੇਂ, ਮੈਂ ਦੂਜੀ ਜਮਾਤ ਵਿੱਚ ਸਾਂ। ਮੈਨੂੰ ਲੱਗਿਆ ਕਿ ਮੈਂ ਕਠਪੁਤਲੀਆਂ ਬਣਾਵਾਂਗਾ ਅਤੇ ਸਕੂਲ ਵਿੱਚ ਦਿਖਾਵਾਂਗਾ।"
ਇਨ੍ਹੀਂ ਦਿਨੀਂ ਉਹ ਜੋ ਕਲਾ (ਕਲਾਕ੍ਰਿਤੀ) ਬਣਾਉਂਦੇ ਹਨ, ਜਿੰਨਾ ਚਿਰ ਮਾਜੁਲੀ ਵਿਖੇ ਸਟੇਜ 'ਤੇ ਪ੍ਰਦਰਸ਼ਿਤ ਨਹੀਂ ਕੀਤੀ ਜਾਣੀ ਹੁੰਦੀ, ਓਨਾ ਚਿਰ ਉਨ੍ਹਾਂ ਦੇ ਘਰ ਦੇ ਨੇੜੇ ਖੁੱਲ੍ਹੇ ਵਿੱਚ ਰੱਖੀ ਜਾਂਦੀ ਹੈ। ਜਦੋਂ ਅਸੀਂ ਉਨ੍ਹਾਂ ਦੇ ਨੇੜੇ ਪਹੁੰਚੇ ਤਾਂ ਅਸੀਂ ਅੰਦਰ ਇੱਕ ਪੁੱਠੀ ਰੱਖੀ ਕਿਸ਼ਤੀ ਵੇਖੀ। ਉਹਦੇ ਨਾਲ਼ ਕਰਕੇ ਹੀ ਰਮੇਸ਼ ਦਾ ਦੁਆਰਾ ਬਣਾਏ ਗਏ ਮਾਸਕ, ਬੁਰਸ਼ ਅਤੇ ਰੰਗ ਦੇ ਡੱਬੇ ਰੱਖੇ ਗਏ ਹਨ। ਇਨ੍ਹਾਂ ਮਾਸਕਾਂ ਵਿੱਚ ਰਾਸ ਮਹਾਂਉਤਸਵ ਲਈ ਤਿਆਰ ਕੀਤੇ ਗਏ ਬਗਲੇ ਦੇ ਮਾਸਕ ਵੀ ਸ਼ਾਮਲ ਹਨ। (ਪੜ੍ਹੋ: ਵੰਨ-ਸੁਵੰਨੇ ਮਖੌਟੇ ਮਾਜੁਲੀ ਦੇ)






















