"ਸਾਡੇ ਲਈ ਆਪਣੇ ਸਰੀਰ ਨੂੰ ਰੰਗਣਾ ਇੱਕ ਮੁਸ਼ਕਲ ਕੰਮ ਹੈ। ਇਸ ਦੇ ਲਈ, ਸਾਨੂੰ ਸਾਰੀ ਰਾਤ ਜਾਗਣਾ ਪੈਂਦਾ ਹੈ," ਆਯੁਸ਼ ਨਾਇੱਕ ਕਹਿੰਦੇ ਹਨ, ਜੋ ਪਹਿਲੀ ਵਾਰ ਆਪਣੇ ਸਰੀਰ 'ਤੇ ਤੇਲ ਪੇਂਟ ਲਗਾ ਰਹੇ ਹਨ। "ਪੇਂਟਿੰਗ ਤੋਂ ਬਾਅਦ, ਇੰਝ ਜਾਪਦਾ ਹੈ ਜਿਵੇਂ ਸਾਡੀ ਚਮੜੀ ਸੜ ਰਹੀ ਹੋਵੇ। ਇਸ ਲਈ ਸਾਨੂੰ ਜਿੰਨੀ ਜਲਦੀ ਹੋ ਸਕੇ ਪੇਂਟ ਸੁਕਾਉਣਾ ਪੈਂਦਾ ਹੈ," 17 ਸਾਲਾ ਆਯੁਸ਼ ਕਹਿੰਦੇ ਹਨ।
ਆਯੁਸ਼ ਤੱਟਵਰਤੀ ਕਰਨਾਟਕ ਦੇ ਬਹੁਤ ਸਾਰੇ ਨੌਜਵਾਨ ਮੁੰਡਿਆਂ ਅਤੇ ਕੁੜੀਆਂ ਵਿੱਚੋਂ ਇੱਕ ਹਨ ਜੋ ਪੀਲ਼ੀ ਵੇਸ਼ਾ (ਜਿਸ ਨੂੰ ਹੁਲੀ ਵੇਸ਼ਾ ਵੀ ਕਿਹਾ ਜਾਂਦਾ ਹੈ) ਦੀ ਤਿਆਰੀ ਲਈ ਆਪਣੇ ਸਰੀਰ 'ਤੇ ਚਮਕਦਾਰ ਰੰਗ ਦੀਆਂ ਪੱਟੀਆਂ ਪੇਂਟ ਕਰਦੇ ਹਨ। ਇਹ ਲੋਕ ਨਾਚ ਦੁਸਹਿਰੇ ਅਤੇ ਜਨਮਅਸ਼ਟਮੀ ਦੇ ਸਮੇਂ ਕੀਤਾ ਜਾਂਦਾ ਹੈ। ਪ੍ਰਦਰਸ਼ਨ ਦੌਰਾਨ, ਕਲਾਕਾਰ ਨਗਾੜਿਆਂ ਦੀ ਉੱਚੀ ਥਾਪ 'ਤੇ ਟਾਈਗਰ ਮੁਖੌਟੇ ਪਹਿਨ ਕੇ ਨੱਚਦੇ ਹਨ।
ਕਰਨਾਟਕ ਦੇ ਤੱਟਵਰਤੀ ਖੇਤਰ ਵਿੱਚ ਬੋਲੀ ਜਾਣ ਵਾਲ਼ੀ ਤੁਲੂ ਭਾਸ਼ਾ ਵਿੱਚ, ਪੀਲ਼ੀ ਦਾ ਮਤਲਬ ਹੈ ਸ਼ੇਰ, ਅਤੇ ਵੇਸ਼ਾ ਦਾ ਮਤਲਬ ਹੈ ਮੇਕਅਪ। "ਤੁਹਾਨੂੰ ਕਿਸੇ ਤੋਂ ਕੁਝ ਵੀ ਸਿੱਖਣ ਦੀ ਲੋੜ ਨਹੀਂ ਹੈ। ਇਹ ਸਾਡੀ ਆਤਮਾ ਵਿੱਚ ਹੈ," ਵਿਰੇਂਦਰ ਸ਼ੇਟੀਗਰ ਕਹਿੰਦੇ ਹਨ, ਜੋ ਪਿਛਲੇ 22 ਸਾਲਾਂ ਤੋਂ ਪੀਲ਼ੀ ਵੇਸ਼ਾ ਪੇਸ਼ ਕਰ ਰਹੇ ਹਨ। "ਨਗਾੜੇ ਦੀ ਆਵਾਜ਼ ਅਤੇ ਆਲ਼ੇ-ਦੁਆਲ਼ੇ ਦੀ ਊਰਜਾ ਰਲ਼ ਕੇ ਅਜਿਹਾ ਮਾਹੌਲ ਬਣਾਉਂਦੀ ਹੈ ਕਿ ਤੁਸੀਂ ਨੱਚਣ ਤੋਂ ਬਿਨਾਂ ਨਹੀਂ ਰਹਿ ਸਕਦੇ," ਉਹ ਅੱਗੇ ਕਹਿੰਦੇ ਹਨ। 30 ਸਾਲਾ ਵਰਿੰਦਰ ਐਮਾਜ਼ਾਨ ਵਿੱਚ ਡਿਸਟ੍ਰੀਬਿਊਟਰ ਹਨ ਅਤੇ ਆਪਣੇ ਪਿੰਡ ਦੇ ਨੌਜਵਾਨਾਂ ਨੂੰ ਡਾਂਸ ਕਰਨ ਲਈ ਉਤਸ਼ਾਹਿਤ ਕਰਦੇ ਹਨ।
ਨੱਚਣ ਵਾਲ਼ੇ ਆਪਣੇ ਸਾਰੇ ਸਰੀਰ 'ਤੇ ਐਕ੍ਰਿਲਿਕ ਪੇਂਟ ਦੀਆਂ ਪੀਲ਼ੇ ਅਤੇ ਭੂਰੇ ਰੰਗ ਦੀਆਂ ਪੱਟੀਆਂ ਬਣਾਉਂਦੇ ਹਨ ਤਾਂ ਜੋ ਉਹ ਸ਼ੇਰ, ਚੀਤੇ ਅਤੇ ਬਾਘ ਵਾਂਗਰ ਜਾਪਣ। ਇਸ ਤੋਂ ਪਹਿਲਾਂ, ਇਹ ਕਲਾਕਾਰ ਸ਼ੇਰਾਂ ਵਰਗੇ ਦਿੱਸਣ ਲਈ ਰੰਗਾਂ ਵਾਸਤੇ ਚਾਰਕੋਲ, ਗਿੱਲੀ ਮਿੱਟੀ, ਜੜ੍ਹਾਂ ਅਤੇ ਫੰਗਸ ਦੀ ਵਰਤੋਂ ਕਰਦੇ ਸਨ।
ਸਮੇਂ ਦੇ ਬੀਤਣ ਦੇ ਨਾਲ਼, ਰਵਾਇਤੀ ਨਾਚ ਦੇ ਇਸ਼ਾਰਿਆਂ ਦੀ ਥਾਂ ਬਹੁਤ ਸਾਰੀਆਂ ਚਾਲਾਂ/ਕਰਤੱਬਾਂ, ਜਿਵੇਂ ਕਿ ਪਿੱਛੇ ਅਤੇ ਸੱਜੇ-ਖੱਬੇ ਪਲਟੀ ਮਾਰਨਾ, ਮੱਥਾ ਮਾਰ ਕੇ ਇੱਕੋ ਝਟਕੇ ਵਿੱਚ ਨਾਰੀਅਲ ਤੋੜਨਾ, ਮੂੰਹ ਤੋਂ ਅੱਗ ਦੀਆਂ ਲਪਟਾਂ ਉਗਲਣਾ ਅਤੇ ਹੋਰ ਕਲਾਬਾਜ਼ੀਆਂ ਨੇ ਲੈ ਲਈ ਹੈ। ਪੂਰੇ ਡਾਂਸ-ਸੰਯੋਜਨ ਲਈ ਇੰਨੀ ਸਰੀਰਕ ਮਿਹਨਤ ਦੀ ਲੋੜ ਹੁੰਦੀ ਹੈ ਕਿ ਹੁਣ ਬਜ਼ੁਰਗ ਕਲਾਕਾਰਾਂ ਨੇ ਇਸ ਰਵਾਇਤੀ ਨਾਚ ਨੂੰ ਅੱਗੇ ਵਧਾਉਣ ਦੀ ਜ਼ਿੰਮੇਵਾਰੀ ਨੌਜਵਾਨਾਂ ਦੇ ਮੋਢਿਆਂ 'ਤੇ ਪਾ ਦਿੱਤੀ ਹੈ।






























