ਸਰੂ (ਬਦਲਿਆ ਹੋਇਆ ਨਾਮ) ਘਰ ਦੇ ਬਾਹਰ ਅੰਬ ਦੇ ਹੇਠਾਂ ਬੈਠੀਹੋਈ ਹਨ। ਉਨ੍ਹਾਂ ਦੀ ਗੋਦੀ ਵਿੱਚ ਬੱਚਾ ਹੈ ਤੇ ਚਿਹਰੇ 'ਤੇ ਕੁਝ ਉਦਾਸੀ ਹੈ। "ਮਾਹਵਾਰੀ ਦੇ ਦਿਨ ਨੇੜੇ ਆ ਰਹੇ ਨੇ, ਮੈਨੂੰ ਕੁਰਮਾ ਘਰ ਜਾਣਾ ਪੈਣਾ ਏ," ਉਹ ਕਹਿੰਦੀ ਹਨ। ਮਾਹਵਾਰੀ ਨੂੰ ਮਾੜਿਆ ਭਾਸ਼ਾ ਵਿੱਚ ' ਕੁਰਮਾ ' ਕਿਹਾ ਜਾਂਦਾ ਹੈ। ਸਰੂ ਨੂੰ ਆਪਣੀ ਮਾਹਵਾਰੀ ਦੇ 4-5 ਦਿਨ ਉਸੇ ਕੁਰਮਾ ਘਰ ਵਿੱਚ ਇਕੱਲੇ ਬਿਤਾਉਣੇ ਪੈਣੇ ਹਨ।
ਆਉਣ ਵਾਲ਼ੇ ਸਮੇਂ ਬਾਰੇ ਸੋਚਰ ਸੋਚ ਕੇਸਰੂ ਦੀ ਚਿੰਤਾ ਵੱਧਦੀ ਜਾਂਦੀ ਹੈ। " ਕੁਰਮਾ ਘਰ ਵਿੱਚ ਰਹਿੰਦਿਆਂ ਘੁਟਣ ਹੁੰਦੀ ਏ ਤੇ ਆਪਣੇ ਬੱਚਿਆਂ ਤੋਂ ਬਗ਼ੈਰ ਮੈਨੂੰ ਨੀਂਦ ਵੀ ਨਹੀਂ ਆਉਂਦੀ, ਆਪਣੇ ਨੌਂ ਮਹੀਨਿਆਂ ਦੇ ਬੱਚੇ ਨੂੰ ਦੁੱਧ ਪਿਆਉਂਦਿਆਂ ਉਹ ਸ਼ਾਂਤ ਬਣੀ ਰਹਿੰਦੀ ਹਨ। ਉਨ੍ਹਾਂ ਦੀ ਸਾਢੇ ਤਿੰਨ ਸਾਲਾ ਧੀ, ਕੋਮਲ (ਬਦਲਿਆ ਹੋਇਆ ਨਾਮ) ਨਰਸਰੀ ਸਕੂਲ ਪੜ੍ਹਦੀ ਹੈ। "ਉਹਨੂੰ ਵੀ ਕਿਸੇ ਦਿਨ ਪਾਲੀ (ਮਾਹਵਾਰੀ) ਆਉਣੀ ਹੀ ਆ; ਇਹ ਸੋਚ ਹੀ ਮੈਨੂੰ ਡਰਾ ਦਿੰਦੀ ਏ,'' ਸਰੂ (30 ਸਾਲਾ) ਕਹਿੰਦੀ ਹਨ। ਉਹ ਘਬਰਾਹਟ ਵਿੱਚ ਇਸਲਈ ਹਨ ਕਿਉਂਕਿ ਹਰ ਔਰਤ ਨੂੰ ਆਪਣੇ ਮਾੜਿਆ ਕਬਾਇਲੀ ਸਮਾਜ ਦੀ ਇਸ ਪਰੰਪਰਾ ਦਾ ਪਾਲਣ ਕਰਨਾ ਪੈਂਦਾ ਹੈ।
ਸਰੂ ਦੇ ਪਿੰਡ ਵਿੱਚ ਚਾਰ ਕੁਰਮਾ ਘਰ ਹਨ। ਉਨ੍ਹਾਂ ਵਿੱਚੋਂ ਇੱਕ ਤਾਂ ਉਨ੍ਹਾਂ ਦੀ ਝੌਂਪੜੀ ਤੋਂ100 ਮੀਟਰ ਤੋਂ ਵੀ ਘੱਟ ਦੂਰ ਹੈ। ਪਿੰਡ ਦੀਆਂ 27 ਔਰਤਾਂ ਅਤੇ ਕਿਸ਼ੋਰ ਕੁੜੀਆਂ ਆਪੋ-ਆਪਣੀ ਮਾਹਵਾਰੀ ਦੌਰਾਨ ਇਨ੍ਹਾਂ ਝੌਂਪੜੀਆਂ ਵਿੱਚ ਹੀ ਰਹਿੰਦੀਆਂ ਹਨ। "ਮੈਂ ਬਚਪਨ ਤੋਂ ਆਪਣੀ ਮਾਂ ਅਤੇ ਨਾਨੀ ਨੂੰ ਕੁਰਮਾ ਘਰ ਜਾਂਦੇ ਦੇਖਿਆ। ਹੁਣ ਮੈਂ ਜਾ ਰਹੀ ਹਾਂ। ਪਰ ਮੈਂ ਕੋਮਲ ਨੂੰ ਇਸ ਪਰੰਪਰਾ ਦਾ ਹਿੱਸਾ ਬਣਦਿਆਂ ਨਹੀਂ ਦੇਖਣਾ ਚਾਹੁੰਦੀ," ਉਹ ਕਹਿੰਦੀ ਹਨ।
ਮਾੜਿਆ ਭਾਈਚਾਰੇ ਵਿੱਚ, ਮਾਹਵਾਰੀ ਦੇ ਦਿਨੀਂ ਔਰਤਾਂ ਨੂੰ ਅਸ਼ੁੱਧ ਅਤੇ ਅਛੂਤ ਮੰਨਿਆ ਜਾਂਦਾ ਹੈ ਅਤੇ ਉਨ੍ਹਾਂ ਨੂੰ ਘਰ ਤੋਂ ਦੂਰ ਰਹਿਣ ਭੇਜ ਦਿੱਤਾ ਜਾਂਦਾ ਹੈ। "13 ਸਾਲ ਦੀ ਉਮਰ ਤੋਂ ਮੈਂ ਵੀ ਕੁਰਮਤ ਘਰ ਜਾਂਦੀ ਆਈ ਹਾਂ," ਸਰੂਦੱਸਦੀ ਹਨ। ਉਸ ਵੇਲ਼ੇ ਉਹ ਆਪਣੇ ਪੇਕਿਆਂ ਦੇ ਘਰ ਰਹਿੰਦੀ ਸਨ ਜੋ ਮਹਾਰਾਸ਼ਟਰ ਦੇ ਗੜ੍ਹਚਿਰੌਲੀ ਜ਼ਿਲ੍ਹੇ ਸਥਿਤ ਉਨ੍ਹਾਂ ਦੇ ਸਹੁਰੇ ਘਰ ਤੋਂ ਕੋਈ 50 ਕਿਲੋਮੀਟਰ ਦੂਰ ਸਥਿਤ ਹੈ।
ਉਦੋਂ ਤੋਂ ਲੈ ਕੇ ਹੁਣ ਤੱਕ ਦੇ ਦਿਨਾਂ ਦੀ ਗਿਣਤੀ 'ਤੇ ਨਜ਼ਰ ਮਾਰੀਏ ਤਾਂ ਇਨ੍ਹਾਂ 18 ਸਾਲਾਂ 'ਚ ਸਰੂ ਨੇ ਕੁਰਮਤ ਘਰ 'ਚ ਆਪਣੀ ਜ਼ਿੰਦਗੀ ਦੇ ਕਰੀਬ 1,000 ਬਿਤਾਏ ਹਨ, ਉਹ ਵੀ ਬਗ਼ੈਰ ਕਿਸੇ ਪਖਾਨੇ, ਬਗ਼ੈਰ ਸਾਫ਼ ਪਾਣੀ, ਬਗ਼ੈਰ ਬਿਜਲੀ ਦੇ। ਜਿੱਥੇ ਲੰਮੇ ਪੈਣ ਲਈ ਨਾ ਕੋਈ ਬੈੱਡ ਹੈ ਤੇ ਨਾ ਹੀ ਕੋਈ ਪੱਖਾ ਹੀ। "ਅੰਦਰ ਹਨ੍ਹੇਰਾ ਖੂਹ ਜਾਪਦਾ ਏ। ਰਾਤ ਵੇਲ਼ੇ ਮੈਨੂੰ ਡਰ ਲੱਗਦਾ ਏ। ਇਓਂ ਜਾਪਦਾ ਜਿਓਂ ਹਨ੍ਹੇਰੇ ਮੈਨੂੰ ਨਿਗਲ਼ ਰਿਹਾ ਹੋਵੇ,'' ਉਨ੍ਹਾਂ ਨੇ ਸਹਿਮਭਰੀ ਅਵਾਜ਼ ਵਿੱਚ ਕਿਹਾ। ''ਕਦੇ ਕਦੇ ਲੱਗਦਾ ਇੱਥੋਂ ਭੱਜ ਜਾਵਾਂ ਤੇ ਜਾ ਕੇ ਆਪਣੇ ਬੱਚਿਆਂ ਨੂੰ ਹਿੱਕ ਨਾਲ਼ ਲਵਾਂ... ਪਰ ਮੈਂ ਇੰਝ ਵੀ ਨਹੀਂ ਕਰ ਸਕਦੀ।''
ਕੁਰਮਾ ਘਰ ਦੀ ਵਰਤੋਂ ਪਿੰਡ ਦੀਆਂ ਹੋਰ ਔਰਤਾਂ ਦੁਆਰਾ ਵੀ ਕੀਤੀ ਜਾਂਦੀ ਹੈ। ਸਰੂ ਨੂੰ ਇੱਥੇ ਇੱਕ ਸਾਫ਼ ਕਮਰੇ ਤੇ ਪੀੜ੍ਹ ਨਾਲ਼ ਦੂਹਰੇ ਹੁੰਦੇ ਜਾਂਦੇ ਆਪਣੇ ਸਰੀਰ ਨੂੰ ਅਰਾਮ ਦੇਣ ਲਈ ਦਿਲਾਸਾ ਦੇਣ ਲਈ ਸਿਰਫ਼ ਇੱਕ ਨਰਮ ਬਿਸਤਰੇ ਤੇ ਇੱਕ ਕੰਬਲ ਦੀ ਲੋੜ ਹੈ। ਪਰ ਮਿੱਟੀ ਦੀਆਂ ਕੰਧਾਂ ਅਤੇ ਬਾਂਸ ਸਹਾਰੇ 'ਤੇ ਖੜ੍ਹੀ ਮਿੱਟੀ ਦੀ ਛੱਤ ਨਾਲ਼ ਬਣੀ ਇਹ ਟੁੱਟੀ ਝੌਂਪੜੀ ਤਾਂ ਬੱਸ ਨਿਰਾਸ਼ਾ ਹੀ ਪੈਦਾ ਕਰਦੀ ਹੈ। ਇੱਥੋਂ ਤੱਕ ਕਿ ਫ਼ਰਸ਼ ਵੀ ਖ਼ਰਾਬ ਹੈ, ਜਿਸ 'ਤੇ ਉਨ੍ਹਾਂ ਨੂੰ ਸੌਣਾ ਪੈਂਦਾ ਹੈ। "ਮੈਂ ਉਸ ਚਾਦਰ 'ਤੇ ਸੌਂਦੀ ਹਾਂ ਜੋ ਉਹ (ਪਤੀ ਜਾਂ ਸੱਸ) ਭੇਜਦੇ ਨੇ। ਮੇਰਾ ਲੱਕ ਟੁੱਟਦਾ ਏ, ਸਿਰ ਦੁਖਦਾ ਏ ਤੇ ਕੜਵੱਲ ਪੈਂਦੀ ਆ। ਪਤਲੀ ਚਾਦਰ 'ਤੇ ਸੌਣ ਨਾਲ਼ ਕੋਈ ਰਾਹਤ ਨਹੀਂ ਮਿਲ਼ਦੀ।''
ਸਰੂ ਦਾ ਇੰਨੀ ਅਸੁਵਿਧਾ ਤੇ ਬੱਚਿਆਂ ਤੋਂ ਦੂਰ ਰਹਿਣ ਕਾਰਨ ਦਰਦ ਹੋਰ ਵੱਧ ਜਾਂਦਾ ਹੈ। "ਇਹ ਵੱਧ ਤਕਲੀਫ਼ਦੇਹ ਹੈ ਕਿ ਮੇਰੇ ਆਪਣੇ ਹੀ ਮੇਰੀ ਪਰੇਸ਼ਾਨੀ ਨਹੀਂ ਸਮਝਦੇ," ਉਹ ਕਹਿੰਦੀ ਹਨ।
ਮੁੰਬਈ ਸਥਿਤ ਮਨੋਚਿਕਿਤਸਕ ਡਾਕਟਰ ਸਵਾਤੀ ਦੀਪਕ ਅਨੁਸਾਰ, ਚਿੰਤਾ, ਤਣਾਅ ਅਤੇ ਉਦਾਸੀਨਤਾ ਵਰਗੇ ਲੱਛਣਾਂ ਵਿੱਚ ਵਾਧਾ ਔਰਤਾਂ ਵਿੱਚ ਮਾਹਵਾਰੀ ਤੋਂ ਪਹਿਲਾਂ ਅਤੇ ਮਾਹਵਾਰੀ ਦੇ ਪੜਾਵਾਂ ਕਾਰਨ ਹੁੰਦਾ ਹੈ। ਉਹ ਅੱਗੇ ਕਹਿੰਦੀ ਹਨ, "ਇਸ ਦੀ ਗੰਭੀਰਤਾ ਹਰ ਔਰਤ ਵਿੱਚ ਵੱਖਰੀ ਹੁੰਦੀ ਹੈ। ਚੰਗੀ ਤਰ੍ਹਾਂ ਦੇਖਭਾਲ਼ ਨਾ ਕਰਨ ਨਾਲ਼ ਇਹ ਲੱਛਣ ਹੋਰ ਵੀ ਵਿਗੜ ਸਕਦੇ ਹੁੰਦੇ ਹਨ।'' ਦੀਪਕ ਦਾ ਕਹਿਣਾ ਹੈ ਕਿ ਔਰਤਾਂ ਨੂੰ ਓਦੋਂ ਪਰਿਵਾਰ ਤੋਂ ਪਿਆਰ ਅਤੇ ਦੇਖਭਾਲ਼ ਦੀ ਜ਼ਰੂਰਤ ਹੁੰਦੀ ਹੈ, ਕਿਉਂਕਿ ਭੇਦਭਾਵ ਅਤੇ ਇਕਲਾਪਾ ਮੁਸ਼ਕਲਾਂ ਨੂੰ ਹੋਰ ਵਧਾ ਸਕਦਾ ਹੈ।
ਮਾੜਿਆ ਔਰਤਾਂ ਮਾਹਵਾਰੀ ਦੌਰਾਨ ਆਪਣੇ ਕੱਪੜੇ ਦੇ ਪੈਡ ਘਰ ਵਿੱਚ ਨਹੀਂ ਰੱਖ ਸਕਦੀਆਂ। "ਅਸੀਂ ਉਨ੍ਹਾਂ ਨੂੰ ਝੌਂਪੜੀ ਵਿੱਚ ਹੀ ਛੱਡ ਦਿੰਦੀਆਂ ਹਾਂ," ਸਰੂ ਕਹਿੰਦੀ ਹਨ। ਇਹ ਪੁਰਾਣੇ ਪੇਟੀਕੋਟਾਂ ਤੋਂ ਬਣੇ ਕੱਪੜਿਆਂ ਦੇ ਟੁਕੜਿਆਂ ਨਾਲ਼ ਭਰੇ ਪਲਾਸਟਿਕ ਦੇ ਥੈਲੇ ਕੁਰਮਾ ਘਰ ਵਿੱਚ ਹੀ ਛੱਡ ਦਿੱਤੇ ਜਾਂਦੇ ਹਨ, ਜਾਂ ਤਾਂ ਕੰਧ ਦੀਆਂ ਤਰੇੜਾਂ ਵਿੱਚ ਵਾੜ ਦਿੱਤੇ ਜਾਂਦੇ ਹਨ ਜਾਂ ਬਾਂਸ ਦੀਆਂ ਬੀਮਾਂ ਨਾਲ਼ ਲਟਕਾ ਦਿੱਤੇ ਜਾਂਦੇ ਹਨ। "ਉੱਥੇ ਘੁੰਮਦੀਆਂ ਛਿਪਕਲੀਆਂ ਅਤੇ ਚੂਹੇ ਪੈਡਾਂ 'ਤੇ ਬੈਠੇ ਰਹਿੰਦੇ ਹਨ।'' ਇਹੀ ਗੰਦੇ ਪੈਡ ਫਿਰ ਸਾੜ ਪਾਉਂਦੇ ਹਨ ਤੇ ਲਾਗ ਦਾ ਕਾਰਨ ਬਣਦੇ ਹਨ।
ਝੌਂਪੜੀ ਵਿੱਚ ਖਿੜਕੀਆਂ ਨਹੀਂ ਹਨ ਅਤੇ ਹਵਾ ਦੀ ਆਵਾਜਾਈ ਨਾ ਹੋਣ ਕਾਰਨ ਕੱਪੜੇ ਦੇ ਪੈਡ ਤੋਂ ਬਦਬੂ ਆਉਣੀ ਸ਼ੁਰੂ ਹੋ ਜਾਂਦੀ ਹੈ। "ਮੀਂਹ ਵਿੱਚ ਸਥਿਤੀ ਹੋਰ ਵੀ ਬਦਤਰ ਹੋ ਜਾਂਦੀ ਹੈ। ਮੈਂ ਮਾਨਸੂਨ ਦੌਰਾਨ [ਸੈਨੇਟਰੀ] ਪੈਡ ਦੀ ਵਰਤੋਂ ਕਰਦੀ ਹਾਂ ਕਿਉਂਕਿ ਕੱਪੜਾ ਠੀਕ ਤਰ੍ਹਾਂ ਨਹੀਂ ਸੁੱਕਦਾ," ਸਰੂ ਕਹਿੰਦੀ ਹਨ, ਜੋ 20 ਪੈਡਾਂ ਦੇ ਇੱਕ ਪੈਕਟ ਲਈ 90 ਰੁਪਏ ਖਰਚਦੀ ਹਨ, ਜੋ ਦੋ ਮਹੀਨਿਆਂ ਤੱਕ ਚੱਲ ਜਾਂਦਾ ਹੈ।
ਜਿਸ ਕੁਰਮਾ ਘਰ ਵਿੱਚ ਸਰੂ ਜਾਂਦੀ ਹਨ, ਉਹ ਘੱਟੋ ਘੱਟ 20 ਸਾਲ ਪੁਰਾਣਾ ਹੈ। ਪਰ ਕੋਈ ਵੀ ਉਸ ਦੀ ਦੇਖਭਾਲ਼ ਨਹੀਂ ਕਰਦਾ। ਬਾਂਸ ਦੀ ਛੱਤ ਦਾ ਢਾਂਚਾ ਟੁੱਟ ਰਿਹਾ ਹੈ ਅਤੇ ਮਿੱਟੀ ਦੀਆਂ ਕੰਧਾਂ ਭੁਰ ਰਹੀਆਂ ਹਨ। ਸਰੂ ਕਹਿੰਦੀ ਹੈ, "ਤੁਸੀਂ ਸੋਚੋ ਕਿ ਇਹ ਝੌਂਪੜੀ ਕਿੰਨੀ ਪੁਰਾਣੀ ਹੋਵੇਗੀ। ਕੋਈ ਵੀ ਮਰਦ ਇਸ ਦੀ ਮੁਰੰਮਤ ਕਰਨ ਲਈ ਤਿਆਰ ਨਹੀਂ ਹੈ ਕਿਉਂਕਿ ਔਰਤਾਂ ਦੇ ਮਾਹਵਾਰੀ ਕਾਰਨ ਇਹ ਥਾਂ ਦੂਸ਼ਿਤ ਹੈ।'' ਜੇ ਕੋਈ ਮੁਰੰਮਤ ਕਰਨੀ ਵੀ ਹੋਈ ਤਾਂ ਔਰਤਾਂ ਖ਼ੁਦ ਹੀ ਕਰਨਗੀਆਂ।
*****
ਚਾਰ ਸਾਲਾਂ ਤੋਂ ਜਨਤਕ ਸਿਹਤ ਵਰਕਰ ਅਤੇ ਮਾਨਤਾ ਪ੍ਰਾਪਤ ਸਮਾਜਿਕ ਸਿਹਤ ਕਾਰਕੁਨ ਹੋਣ ਦੇ ਬਾਵਜੂਦ ਵੀ ਸਰੂ ਮਾਹਵਾਰੀ ਦੇ ਇਸ ਇਕਾਂਤਵਾਸ ਤੋਂ ਸੱਖਣੀ ਨਹੀਂ ਹਨ। "ਮੈਂ ਇੱਕ ਆਸ਼ਾ ਵਰਕਰ ਹਾਂ, ਪਰ ਇੰਨੇ ਸਾਲਾਂ ਬਾਅਦ ਵੀ, ਮੈਂ ਇੱਥੇ ਮਰਦਾਂ ਅਤੇ ਔਰਤਾਂ ਦੀ ਮਾਨਸਿਕਤਾ ਨੂੰ ਨਹੀਂ ਬਦਲ ਸਕੀ," ਉਹ ਕਹਿੰਦੀ ਹਨ,"ਬਜ਼ੁਰਗ ਕਹਿੰਦੇ ਹਨ ਕਿ ਇਸ ਨਾਲ਼ [ਘਰ ਵਿੱਚ ਮਾਹਵਾਰੀ ਆਉਣ ਦੇਣ ਨਾਲ਼] ਪਿੰਡ ਦੀ ਦੇਵੀ ਗੁੱਸੇ ਹੋ ਜਾਵੇਗੀ ਅਤੇ ਪੂਰੇ ਪਿੰਡ ਨੂੰ ਰੱਬੀ ਕਹਿਰ ਦਾ ਸਾਹਮਣਾ ਕਰਨਾ ਪਵੇਗਾ।"
ਕੁਰਮਾ ਨੂੰ ਨਾ ਮੰਨਣ ਦੀ ਸਜ਼ਾ ਵਜੋਂ ਪਿੰਡ ਦੇ ਦੇਵਤੇ ਨੂੰ ਮੁਰਗੇ ਜਾਂ ਬੱਕਰੇ ਦੀ ਬਲ਼ੀ ਦਿੱਤੀ ਜਾਂਦੀ ਹੈ। ਸਰੂ ਦੇ ਅਨੁਸਾਰ, ਅਕਾਰ ਦੇ ਹਿਸਾਬ ਨਾਲ਼ ਇੱਕ ਬੱਕਰੇ ਦੀ ਕੀਮਤ ਚਾਰ ਤੋਂ ਪੰਜ ਹਜ਼ਾਰ ਰੁਪਏ ਦੇ ਵਿਚਕਾਰ ਵੀ ਹੋ ਸਕਦੀ ਹੈ।
ਵਿਡੰਬਨਾ ਦੇਖੋ, ਆਪਣੀ ਮਾਹਵਾਰੀ ਦੌਰਾਨ ਸਰੂ ਘਰ ਤਾਂ ਨਹੀਂ ਰਹਿ ਸਕਦੀ, ਪਰ ਉਸ ਕੋਲ਼ੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਪਰਿਵਾਰ ਦੇ ਖੇਤ ਵਿੱਚ ਕੰਮ ਕਰੇ ਅਤੇ ਪਸ਼ੂਆਂ ਨੂੰ ਚਰਾਵੇ। ਪਰਿਵਾਰ ਕੋਲ਼ ਦੋ ਏਕੜ ਜ਼ਮੀਨ ਹੈ ਤੇ ਖੇਤੀ ਮੀਂਹ 'ਤੇ ਨਿਰਭਰ ਕਰਦੀ ਹੈ। ਇਸ ਵਿੱਚ ਉਹ ਝੋਨਾ ਉਗਾਉਂਦੇ ਹਨ, ਜੋ ਕਿ ਜ਼ਿਲ੍ਹੇ ਦੀ ਮੁੱਖ ਫ਼ਸਲ ਹੈ। "ਇੰਝ ਨਹੀਂ ਹੈ ਕਿ ਇਸ ਇਕਾਂਤਵਾਸ ਦੌਰਾਨ ਮੈਨੂੰ ਆਰਾਮ ਮਿਲ਼ਦਾ ਹੈ। ਮੈਂ ਘਰ ਤੋਂ ਬਾਹਰ ਕੰਮ ਕਰਦੀ ਹਾਂ ਤਾਂ ਪੀੜ੍ਹ ਹੋਰ ਵੱਧ ਜਾਂਦੀ ਹੈ।" ਉਹ ਇਸ ਪਰੰਪਰਾ ਨੂੰ ਪਾਖੰਡ ਮੰਨਦੀ ਹਨ, "ਪਰ ਅਸੀਂ ਇਸ ਨੂੰ ਰੋਕਣ ਲਈ ਕੀ ਕਰ ਸਕਦੇ ਹਾਂ? ਮੈਨੂੰ ਨਹੀਂ ਪਤਾ।''
ਸਰੂ ਆਸ਼ਾ ਵਰਕਰ ਵਜੋਂ ਆਪਣੇ ਕੰਮ ਤੋਂ ਹਰ ਮਹੀਨੇ 2,000-2,500 ਰੁਪਏ ਕਮਾਉਂਦੀ ਹਨ। ਪਰ ਦੇਸ਼ ਦੀਆਂ ਕਈ ਹੋਰ ਆਸ਼ਾ ਵਰਕਰਾਂ ਵਾਂਗ, ਉਨ੍ਹਾਂ ਨੂੰ ਵੀ ਸਮੇਂ ਸਿਰ ਪੈਸੇ ਨਹੀਂ ਮਿਲ਼ਦੇ। ਪੜ੍ਹੋ: Caring for villages, in sickness and in health . "3-4 ਮਹੀਨਿਆਂ ਬਾਅਦ ਮੇਰੇ ਬੈਂਕ ਖਾਤੇ ਵਿੱਚ ਪੈਸੇ ਆਉਂਦੇ ਨੇ," ਉਹ ਕਹਿੰਦੀ ਹਨ।
ਇਹ ਪ੍ਰਥਾ ਸਰੂ ਅਤੇ ਹੋਰਾਂ 'ਤੇ ਤਬਾਹੀ ਵਰ੍ਹਾ ਰਹੀ ਹੈ। ਦੇਸ਼ ਦੇ ਸਭ ਤੋਂ ਘੱਟ ਵਿਕਸਤ ਜ਼ਿਲ੍ਹਿਆਂ ਵਿੱਚੋਂ ਇੱਕ, ਗੜ੍ਹਚਿਰੌਲੀ ਦੇ ਜ਼ਿਆਦਾਤਰ ਪਿੰਡਾਂ ਵਿੱਚ ਸਦੀਆਂ ਪੁਰਾਣੀ ਕੁਰਮਾ ਪ੍ਰਥਾ ਜਾਰੀ ਹੈ। ਮਾੜਿਆ ਸਮੇਤ ਹੋਰ ਕਬਾਇਲੀ ਭਾਈਚਾਰੇ ਆਬਾਦੀ ਦਾ 39 ਪ੍ਰਤੀਸ਼ਤ ਬਣਦੇ ਹਨ। ਜ਼ਿਲ੍ਹੇ ਦੀ ਲਗਭਗ 76 ਪ੍ਰਤੀਸ਼ਤ ਜ਼ਮੀਨ ਜੰਗਲ ਨਾਲ਼ ਘਿਰੀ ਹੋਈ ਹੈ ਅਤੇ ਪ੍ਰਸ਼ਾਸਨਿਕ ਤੌਰ 'ਤੇ ਜ਼ਿਲ੍ਹੇ ਨੂੰ 'ਪਿਛੜੇ' ਵਜੋਂ ਸ਼੍ਰੇਣੀਬੱਧ ਕੀਤਾ ਗਿਆ ਹੈ। ਸੁਰੱਖਿਆ ਬਲ ਪਹਾੜੀ ਇਲਾਕਿਆਂ ਵਿੱਚ ਗਸ਼ਤ ਕਰਦੇ ਰਹਿੰਦੇ ਹਨ ਕਿਉਂਕਿ ਪਾਬੰਦੀਸ਼ੁਦਾ ਮਾਓਵਾਦੀ ਸਮੂਹਾਂ ਦੇ ਕੈਡਰ ਇੱਥੇ ਸਰਗਰਮ ਰਹਿੰਦੇ ਹਨ।
ਗੜ੍ਹਚਿਰੌਲੀ ਦੇ ਕਿਸੇ ਵੀ ਮੌਜੂਦਾ ਅਧਿਐਨ ਵਿੱਚ ਜ਼ਿਲ੍ਹੇ ਵਿੱਚ ਕੁਰਮਾ ਪ੍ਰਥਾ ਚਲਾਉਣ ਵਾਲ਼ੇ ਪਿੰਡਾਂ ਦੀ ਗਿਣਤੀ ਦਾ ਜ਼ਿਕਰ ਨਹੀਂ ਹੈ। "ਅਸੀਂ 20 ਪਿੰਡਾਂ ਨੂੰ ਕਵਰ ਕਰਨ ਦੇ ਯੋਗ ਹੋਏ ਹਾਂ ਜਿੱਥੇ ਇਹ ਪ੍ਰਥਾ ਚੱਲ ਰਹੀ ਹੈ," ਪੁਣੇ ਸਥਿਤ ਇੱਕ ਗੈਰ-ਮੁਨਾਫ਼ਾ ਸੰਸਥਾ ਸਮਾਜਬੰਧ ਦੇ ਸੰਸਥਾਪਕ, ਸਚਿਨ ਆਸ਼ਾ ਸੁਭਾਸ਼ ਕਹਿੰਦੇ ਹਨ, ਜੋ (ਸੰਸਥਾ) 2016 ਤੋਂ ਗੜ੍ਹਚਿਰੌਲੀ ਦੇ ਭਮਰਾਗੜ੍ਹ ਤਾਲੁਕਾ ਵਿੱਚ ਕੰਮ ਕਰ ਰਹੀ ਹੈ। ਸਮਾਜਵਾਦੀ ਕਾਰਕੁਨ ਕਬਾਇਲੀ ਔਰਤਾਂ ਵਿੱਚ ਮਾਹਵਾਰੀ ਦੇ ਵਿਗਿਆਨ, ਸਫਾਈ ਸੰਭਾਲ਼ ਬਾਰੇ ਜਾਗਰੂਕਤਾ ਪੈਦਾ ਕਰਨ ਦੀ ਕੋਸ਼ਿਸ਼ ਕਰਦੇ ਹਨ ਅਤੇ ਕੁਰਮਾ ਝੌਂਪੜੀਆਂ ਤੋਂ ਔਰਤਾਂ ਦੀ ਸਿਹਤ ਲਈ ਸੰਭਾਵਿਤ ਖਤਰਿਆਂ ਬਾਰੇ ਮਰਦਾਂ ਅਤੇ ਔਰਤਾਂ ਨੂੰ ਜਾਗਰੂਕ ਕਰਦੇ ਹਨ।
ਸਚਿਨ ਦਾ ਮੰਨਣਾ ਹੈ ਕਿ ਇਹ ਇੱਕ ਚੁਣੌਤੀਪੂਰਨ ਕੰਮ ਹੈ। ਉਨ੍ਹਾਂ ਨੂੰ ਜਾਗਰੂਕਤਾ ਮੁਹਿੰਮਾਂ ਅਤੇ ਵਰਕਸ਼ਾਪਾਂ ਦੇ ਸਖ਼ਤ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਅਚਾਨਕ ਕੁਰਮਾ ਪ੍ਰਥਾ ਬੰਦ ਕਰਨ ਲਈ ਕਹਿਣਾ ਸੌਖਾ ਨਹੀਂ ਹੈ। ਉਹ ਕਹਿੰਦੇ ਹਨ ਕਿ ਇਹ ਉਨ੍ਹਾਂ ਦੇ ਸੱਭਿਆਚਾਰ ਦਾ ਹਿੱਸਾ ਹੈ ਅਤੇ ਬਾਹਰੀ ਲੋਕਾਂ ਨੂੰ ਇਸ ਵਿੱਚ ਦਖਲ ਨਹੀਂ ਦੇਣਾ ਚਾਹੀਦਾ। ਸਚਿਨ ਕਹਿੰਦੇ ਹਨ, "ਅਸੀਂ ਉਨ੍ਹਾਂ ਨੂੰ ਇਸ ਬਾਰੇ ਸੰਵੇਦਨਸ਼ੀਲ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿਉਂਕਿ ਔਰਤਾਂ ਨੂੰ ਕੋਈ ਫ਼ੈਸਲਾ ਲੈਣ ਦਾ ਅਧਿਕਾਰ ਨਹੀਂ ਹੈ।''
ਸਮੇਂ ਦੇ ਨਾਲ਼, ਸਚਿਨ ਅਤੇ ਉਨ੍ਹਾਂ ਦੇ ਸਾਥੀ ਵਲੰਟੀਅਰਾਂ ਨੇ ਕੁਝ ਭੂਮੀਆ ਨੂੰ ਕੁਰਮਾ ਝੌਂਪੜੀਆਂ ਵਿੱਚ ਬਿਜਲੀ, ਪਾਣੀ, ਟੇਬਲ ਪੱਖੇ ਅਤੇ ਬਿਸਤਰੇ ਰੱਖਣ ਲਈ ਰਾਜ਼ੀ ਕਰ ਲਿਆ ਹੈ। ਉਨ੍ਹਾਂ ਨੇ ਉਨ੍ਹਾਂ ਕੋਲ਼ੋਂ ਔਰਤਾਂ ਨੂੰ ਆਪਣੇ ਕੱਪੜੇ ਦੇ ਪੈਡਾਂ ਨੂੰ ਘਰ ਵਿੱਚ ਸੀਲਬੰਦ ਟੰਕ ਵਿੱਚ ਰੱਖਣ ਦੀ ਸਹਿਮਤੀ ਵੀ ਲੈ ਲਈ। ਉਨ੍ਹਾਂ ਕਿਹਾ ਕਿ ਕੁਝ ਭੂਮੀਆ ਲਿਖਤੀ ਰੂਪ 'ਚ ਇਸ 'ਤੇ ਸਹਿਮਤ ਹੋ ਗਏ ਹਨ। ਪਰ ਉਨ੍ਹਾਂ ਨੂੰ ਉਨ੍ਹਾਂ ਔਰਤਾਂ ਨੂੰ ਅਲੱਗ-ਥਲੱਗ ਨਾ ਕਰਨ ਲਈ ਮਨਾਉਣ ਵਿੱਚ ਬਹੁਤ ਸਮਾਂ ਲੱਗੇਗਾ ਜੋ ਕੁਰਮਾ ਘਰ ਨਹੀਂ ਜਾਣਾ ਚਾਹੁੰਦੀਆਂ।''
*****
ਬੇਜੂਰ ਪਿੰਡ ਵਿੱਚ, ਪਾਰਵਤੀ 10x10 ਫੁੱਟ ਦੀ ਕੁਰਮਾ ਝੌਂਪੜੀ ਵਿੱਚ ਆਪਣਾ ਬਿਸਤਰਾ ਤਿਆਰ ਕਰ ਰਹੀ ਹੈ। "ਮੈਨੂੰ ਇੱਥੇ ਰਹਿਣਾ ਪਸੰਦ ਨਹੀਂ ਹੈ," 17 ਸਾਲਾ ਪਾਰਵਤੀ ਘਬਰਾਹਟ ਨਾਲ਼ ਕਹਿੰਦੀ ਹੈ। ਭਾਮਰਾਗੜ੍ਹ ਤਾਲੁਕਾ ਦਾ ਬੇਜੂਰ ਪਿੰਡ 35 ਘਰਾਂ ਤੇ 200 ਤੋਂ ਕੁਝ ਕੁ ਘੱਟ ਲੋਕਾਂ ਦਾ ਛੋਟਾ ਜਿਹਾ ਪਿੰਡਹੈ। ਹਾਲਾਂਕਿ, ਪਿੰਡ ਵਿੱਚ ਔਰਤਾਂ ਲਈ ਮਾਹਵਾਰੀ ਵਾਲ਼ੀਆਂ ਨੌਂ ਝੌਂਪੜੀਆਂ ਹਨ।
ਰਾਤ ਨੂੰ ਕੁਰਮਾ ਘਰ ਵਿੱਚ ਰਹਿਣ ਦੌਰਾਨ ਕੰਧ ਦੀਆਂ ਤ੍ਰੇੜਾਂ ਵਿੱਚੋਂ ਦੀ ਰਿਸ-ਰਿਸ ਕੇ ਆਉਂਦੀਆਂ ਚੰਨ ਦੀਆਂ ਮੱਧਮ ਜਿਹੀਆਂ ਕਿਰਨਾਂ ਹੀ ਪਾਰਵਤੀ ਲਈ ਇੱਕੋ ਇੱਕ ਸਹਾਰਾ ਹੁੰਦੀਆਂ ਹਨ। "ਮੈਂ ਅੱਧੀ ਰਾਤ ਨੂੰ ਤ੍ਰਭਕ ਉੱਠਦੀ ਹਾਂ ਤੇ ਜੰਗਲ ਤੋਂ ਆਉਂਦੀਆਂ ਜਾਨਵਰਾਂ ਦੀਆਂ ਆਵਾਜ਼ਾਂ ਤੋਂ ਸਹਿਮ ਜਾਂਦੀ ਹਾਂ।''
ਬਿਜਲੀ ਦੀ ਮੌਜੂਦਗੀ ਨਾਲ਼ ਉਨ੍ਹਾਂ ਦਾ ਚੰਗੀ ਤਰ੍ਹਾਂ ਬਣਾਇਆ ਇੱਕ ਮੰਜ਼ਲਾ ਘਰ ਝੌਂਪੜੀ ਤੋਂ 200 ਮੀਟਰ ਤੋਂ ਵੀ ਘੱਟ ਦੂਰੀ 'ਤੇ ਹੈ। ਪਾਰਵਤੀ ਇੱਕ ਡੂੰਘਾ ਸਾਹ ਲੈਂਦੀ ਹੋਈ ਕਹਿੰਦੀ ਹੈ, "ਮੈਂ ਇੱਥੇ ਨਹੀਂ, ਬਲਕਿ ਆਪਣੇ ਘਰ ਵਿੱਚ ਸੁਰੱਖਿਅਤ ਮਹਿਸੂਸ ਕਰਦੀ ਹਾਂ, ਪਰ ਮੇਰੇ ਮਾਪੇ ਨਿਯਮ ਤੋੜਨ ਤੋਂ ਡਰਦੇ ਹਨ। ਕੋਈ ਵਿਕਲਪ ਨਹੀਂ ਹੈ। ਪਿੰਡ ਦੇ ਲੋਕ ਇਨ੍ਹਾਂ ਨਿਯਮਾਂ ਨੂੰ ਲੈ ਕੇ ਸਖਤ ਹਨ।''
ਪਾਰਵਤੀ, ਬੇਜੂਰ ਤੋਂ 50 ਕਿਲੋਮੀਟਰ ਦੂਰ ਗੜ੍ਹਚਿਰੌਲੀ ਦੇ ਏਟਾਪੱਲੀ ਤਾਲੁਕਾ ਦੇ ਭਗਵੰਤਰਾਓ ਕਾਲਜ ਆਫ ਆਰਟਸ ਐਂਡ ਸਾਇੰਸਜ਼ ਵਿੱਚ 11ਵੀਂ ਜਮਾਤ ਦੀ ਵਿਦਿਆਰਥਣ ਹੈ। ਉਹ ਉੱਥੇ ਇੱਕ ਹੋਸਟਲ ਵਿੱਚ ਰਹਿੰਦੀ ਹੈ ਅਤੇ ਛੁੱਟੀਆਂ 'ਤੇ ਘਰ ਆਉਂਦੀ ਹੈ। "ਮੇਰਾ ਘਰ ਪਰਤਣ ਦਾ ਮਨ ਨਹੀਂ ਕਰਦਾ। ਗਰਮੀਆਂ ਵਿੱਚ ਬਹੁਤ ਗਰਮੀ ਹੁੰਦੀ ਹੈ ਅਤੇ ਮੈਨੂੰ ਇਸ ਛੋਟੀ ਜਿਹੀ ਝੌਂਪੜੀ ਵਿੱਚ ਸਾਰੀ ਰਾਤ ਪਸੀਨਾ ਆਉਂਦਾ ਹੈ।''
ਕੁਰਮਾ ਘਰਾਂ ਵਿੱਚ ਔਰਤਾਂ ਲਈ ਪਖਾਨੇ ਅਤੇ ਪਾਣੀ ਦੀ ਘਾਟ ਸਭ ਤੋਂ ਵੱਡੀ ਸਮੱਸਿਆ ਹੈ। ਪਾਰਵਤੀ ਨੂੰ ਪੇਸ਼ਾਬ ਵਗੈਰਾ ਕਰਨ ਲਈ ਝੌਂਪੜੀ ਦੀਆਂ ਮਗਰਲੀਆਂ ਝਾੜੀਆਂ ਵਿੱਚ ਜਾਣਾ ਪੈਂਦਾ ਹੈ। "ਰਾਤੀਂ ਘੁੱਪ ਹਨ੍ਹੇਰਾ ਹੁੰਦਾ ਹੈ ਅਤੇ ਇਕੱਲੇ ਜਾਣਾ ਸੁਰੱਖਿਅਤ ਨਹੀਂ ਹੁੰਦਾ। ਦਿਨ ਵੇਲੇ, ਸਾਨੂੰ ਰਾਹਗੀਰਾਂ 'ਤੇ ਨਜ਼ਰ ਰੱਖਣੀ ਪੈਂਦੀ ਹੈ," ਉਹ ਕਹਿੰਦੀ ਹੈ। ਪਾਰਵਤੀ ਦੇ ਘਰੋਂ ਕੋਈ ਵਿਅਕਤੀ ਸਫ਼ਾਈ ਅਤੇ ਧੁਆਈ ਲਈ ਪਾਣੀ ਦੀ ਬਾਲਟੀ ਛੱਡ ਜਾਂਦਾ ਹੈ। ਪੀਣ ਵਾਲ਼ਾ ਪਾਣੀ ਸਟੀਲ ਦੇ ਕਲਸ਼ ਜਾਂ ਸੁਰਾਹੀ ਵਿੱਚ ਰੱਖਿਆ ਜਾਂਦਾ ਹੈ। "ਪਰ ਮੈਂ ਨਹਾ ਨਹੀਂ ਸਕਦੀ," ਉਹ ਕਹਿੰਦੀ ਹੈ।
ਉਹ ਝੌਂਪੜੀ ਦੇ ਬਾਹਰ ਮਿੱਟੀ ਦੇ ਚੁੱਲ੍ਹੇ 'ਤੇ ਆਪਣਾ ਖਾਣਾ ਪਕਾਉਂਦੀ ਹੈ। ਉਹ ਕਹਿੰਦੀ ਹੈ ਕਿ ਹਨ੍ਹੇਰੇ ਵਿੱਚ ਖਾਣਾ ਪਕਾਉਣਾ ਸੌਖਾ ਨਹੀਂ ਹੈ। "ਘਰ ਵਿੱਚ, ਅਸੀਂ ਜ਼ਿਆਦਾਤਰ ਲਾਲ ਮਿਰਚ ਪਾਊਡਰ ਅਤੇ ਲੂਣ ਵਾਲ਼ੇ ਚਾਵਲ ਖਾਂਦੇ ਹਾਂ। ਜਾਂ ਬੱਕਰੀ ਦਾ ਮਾਸ, ਚਿਕਨ, ਨਦੀ ਦੀ ਮੱਛੀ..." ਪਾਰਵਤੀ ਭੋਜਨ ਦੀ ਸੂਚੀ ਦਿੰਦੀ ਹੈ ਜੋ ਉਹਦੀ ਮਾਹਵਾਰੀ ਦੌਰਾਨ ਇੱਕੋ ਜਿਹਾ ਰਹਿੰਦਾ ਹੈ, ਪਰ ਇਸ ਸਮੇਂ ਦੌਰਾਨ ਉਸਨੂੰ ਖੁਦ ਖਾਣਾ ਪਕਾਉਣਾ ਪੈਂਦਾ ਹੈ। "ਉਨ੍ਹਾਂ ਦਿਨਾਂ ਵਿੱਚ, ਘਰੋਂ ਭੇਜੇ ਗਏ ਵੱਖ-ਵੱਖ ਭਾਂਡੇ ਵਰਤੇ ਜਾਂਦੇ ਹਨ," ਪਾਰਵਤੀ ਕਹਿੰਦੀ ਹੈ।
ਘਰ ਵਿੱਚ ਰਹਿਣ ਦੌਰਾਨ ਦੋਸਤਾਂ, ਗੁਆਂਢੀਆਂ ਜਾਂ ਪਰਿਵਾਰਕ ਮੈਂਬਰਾਂ ਨਾਲ਼ ਗੱਲਬਾਤ ਕਰਨ ਦੀ ਆਗਿਆ ਨਹੀਂ ਹੈ। ਪਾਬੰਦੀਆਂ ਦੀ ਸੂਚੀ ਦਾ ਹਵਾਲ਼ਾ ਦਿੰਦੇ ਹੋਏ, ਪਾਰਵਤੀ ਕਹਿੰਦੀ ਹੈ, "ਮੈਂ ਦਿਨ ਵਿੱਚ ਝੌਂਪੜੀ ਤੋਂ ਬਾਹਰ ਨਹੀਂ ਨਿਕਲ਼ ਸਕਦੀ, ਨਾ ਹੀ ਪਿੰਡ ਵਿੱਚ ਘੁੰਮ ਸਕਦੀ ਹਾਂ, ਨਾ ਹੀ ਕਿਸੇ ਨਾਲ਼ ਗੱਲ ਕਰ ਸਕਦੀ ਹਾਂ।''
*****
ਭਾਮਰਾਗੜ੍ਹ ਵਿੱਚ, ਮਾਹਵਾਰੀ ਵਾਲ਼ੀਆਂ ਔਰਤਾਂ ਨੂੰ ਅਪਵਿੱਤਰ ਮੰਨਣ ਅਤੇ ਉਨ੍ਹਾਂ ਨੂੰ ਅਲੱਗ-ਥਲੱਗ ਛੱਡਣ ਦੀ ਪ੍ਰਥਾ ਕਾਰਨ ਬਹੁਤ ਸਾਰੇ ਹਾਦਸੇ ਅਤੇ ਮੌਤਾਂ ਹੋਈਆਂ ਹਨ। ਭਾਮਰਾਗੜ੍ਹ ਬਾਲ ਵਿਕਾਸ ਪ੍ਰੋਜੈਕਟ ਅਫਸਰ ਆਰ.ਐੱਸ. ਰਾਜ ਦੇ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦੇ ਮੁਖੀ ਚਵਾਨ ਕਹਿੰਦੇ ਹਨ, "ਪਿਛਲੇ ਪੰਜ ਸਾਲਾਂ ਵਿੱਚ, ਕੁਰਮਾ ਘਰ ਵਿੱਚ ਰਹਿਣ ਦੌਰਾਨ ਸੱਪ ਅਤੇ ਬਿੱਛੂ ਦੇ ਕੱਟਣ ਕਾਰਨ ਚਾਰ ਔਰਤਾਂ ਦੀ ਮੌਤ ਹੋ ਗਈ।''
ਚਵਾਨ ਕਹਿੰਦੇ ਹਨ ਕਿ 2019 ਵਿੱਚ, ਜ਼ਿਲ੍ਹਾ ਪ੍ਰਸ਼ਾਸਨ ਨੇ ਢਹਿ-ਢੇਰੀ ਹੋ ਰਹੇ ਕੁਰਮਾ ਘਰਾਂ ਦੇ ਬਦਲ ਵਜੋਂ ਅਜਿਹੇ ਸੱਤ 'ਮਕਾਨ' ਬਣਾਏ। ਹਰੇਕ ਝੌਂਪੜੀ ਵਿੱਚ ਇੱਕ ਸਮੇਂ ਵਿੱਚ ਮਾਹਵਾਰੀ ਤੋਂ ਪੀੜਤ 10 ਔਰਤਾਂ ਰਹਿ ਸਕਦੀਆਂ ਹਨ। ਇਨ੍ਹਾਂ ਗੋਲਾਕਾਰ ਇਮਾਰਤਾਂ ਵਿੱਚ ਹਵਾ ਦੀ ਆਵਾਜਾਈ ਲਈ ਖਿੜਕੀਆਂ ਹੁੰਦੀਆਂ ਹਨ। ਉਨ੍ਹਾਂ ਕੋਲ ਪਖਾਨੇ ਅਤੇ ਬਿਸਤਰੇ, ਪਾਣੀ ਅਤੇ ਬਿਜਲੀ ਲਈ ਟੂਟੀਆਂ ਵੀ ਹਨ।
ਜੂਨ 2022 ਵਿੱਚ, ਇੱਕ ਸਰਕਾਰੀ ਪ੍ਰੈਸ ਬਿਆਨ ਵਿੱਚ ਕਿਹਾ ਗਿਆ ਸੀ ਕਿ ਕੁਰਮਾ ਘਰਾਂ ਦੀ ਬਜਾਏ ਗੜ੍ਹਚਿਰੌਲੀ ਵਿੱਚ 23 'ਮਹਿਲਾ ਆਰਾਮ ਕੇਂਦਰ' ਜਾਂ ਮਹਿਲਾ ਵਿਸਾਵਾ ਕੇਂਦਰ ਸਥਾਪਤ ਕੀਤੇ ਗਏ ਸਨ। ਯੂਨੀਸੇਫ ਮਹਾਰਾਸ਼ਟਰ ਦੀ ਮਦਦ ਅਤੇ ਤਕਨੀਕੀ ਸਹਾਇਤਾ ਨਾਲ਼ ਜ਼ਿਲ੍ਹਾ ਪ੍ਰਸ਼ਾਸਨ ਅਗਲੇ ਦੋ ਸਾਲਾਂ ਵਿੱਚ ਅਜਿਹੇ 400 ਕੇਂਦਰਾਂ ਦੀ ਯੋਜਨਾ ਬਣਾ ਰਿਹਾ ਹੈ।
ਜਦੋਂ ਪਾਰੀ ਨੇ ਮਈ 2023 ਵਿੱਚ ਭਾਮਰਾਗੜ੍ਹ ਦੇ ਕ੍ਰਿਸ਼ਨਾਰ, ਕਿਆਰ ਅਤੇ ਕੁਮਾਰਗੁਡਾ ਪਿੰਡਾਂ ਵਿੱਚ ਸਰਕਾਰ ਦੁਆਰਾ ਬਣਾਏ ਗਏ ਤਿੰਨ ਕੁਰਮਾ ਘਰਾਂ ਦਾ ਦੌਰਾ ਕੀਤਾ, ਤਾਂ ਉਹ ਅੱਧ-ਅਧੂਰੇ ਮਿਲ਼ੇ ਅਤੇ ਰਹਿਣ ਯੋਗ ਨਹੀਂ ਪਾਏ ਗਏ। ਸੀਡੀਪੀਓ ਚਵਾਨ ਇਸ ਗੱਲ ਦੀ ਪੁਸ਼ਟੀ ਨਹੀਂ ਕਰ ਸਕੇ ਕਿ ਇਨ੍ਹਾਂ ਸੱਤ ਕੁਰਮਾ ਘਰਾਂ ਵਿੱਚੋਂ ਕੋਈ ਵੀ ਚਾਲੂ ਸੀ ਜਾਂ ਨਹੀਂ। ਉਨ੍ਹਾਂ ਕਿਹਾ, "ਠੀਕ-ਠੀਕ ਕੁਝ ਵੀ ਕਹਿਣਾ ਮੁਸ਼ਕਲ ਹੈ। ਹਾਂ, ਰੱਖ-ਰਖਾਅ ਪ੍ਰਣਾਲੀ ਮਾੜੀ ਹੈ। ਮੈਂ ਉਨ੍ਹਾਂ ਵਿੱਚੋਂ ਕੁਝ ਨੂੰ ਬੁਰੀ ਹਾਲਤ ਵਿੱਚ ਦੇਖਿਆ ਹੈ। ਕੁਝ ਥਾਵਾਂ 'ਤੇ ਫੰਡਾਂ ਦੀ ਘਾਟ ਕਾਰਨ ਇਨ੍ਹਾਂ ਨੂੰ ਅਧੂਰਾ ਛੱਡ ਦਿੱਤਾ ਗਿਆ ਹੈ।''
ਸਵਾਲ ਇਹ ਹੈ ਕਿ ਇਹ ਵਿਕਲਪ ਕੁਰਮਾ ਪ੍ਰਥਾ ਨੂੰ ਖਤਮ ਕਰਨ ਵਿੱਚ ਕਿਵੇਂ ਮਦਦ ਕਰੇਗਾ? ਸਮਾਜਬੰਧ ਦੇ ਸਚਿਨ ਆਸ਼ਾ ਸੁਭਾਸ਼ ਕਹਿੰਦੇ ਹਨ, "ਇਸ ਨੂੰ ਜੜ੍ਹੋਂ ਖ਼ਤਮ ਕਰਨਾ ਹੋਵੇਗਾ। ਸਰਕਾਰੀ ਕੁਰਮਾ ਮਕਾਨ ਕੋਈ ਹੱਲ ਨਹੀਂ ਹਨ। ਇਹ ਇੱਕ ਤਰ੍ਹਾਂ ਨਾਲ਼ ਉਤਸ਼ਾਹਤ ਕਰਨਾ ਹੋਇਆ।''
ਮਾਹਵਾਰੀ ਕਾਰਨ ਔਰਤਾਂ ਨੂੰ ਅਲੱਗ-ਥਲੱਗ ਕਰਨਾ ਭਾਰਤੀ ਸੰਵਿਧਾਨ ਦੀ ਧਾਰਾ 17 ਦਾ ਉਲੰਘਣਾ ਹੈ, ਜੋ ਕਿਸੇ ਵੀ ਰੂਪ ਵਿੱਚ ਛੂਤ-ਛਾਤ 'ਤੇ ਪਾਬੰਦੀ ਲਗਾਉਂਦੀ ਹੈ। ਸਾਲ 2018 'ਚ ਸੁਪਰੀਮ ਕੋਰਟ ਨੇ ਇੰਡੀਅਨ ਯੰਗ ਲਾਇਰਜ਼ ਐਸੋਸੀਏਸ਼ਨ ਬਨਾਮ ਕੇਰਲ ਸਰਕਾਰ ਮਾਮਲੇ 'ਚ ਆਪਣੇ ਫੈਸਲੇ 'ਚ ਕਿਹਾ ਸੀ ਕਿ ਮਾਹਵਾਰੀ ਦੇ ਆਧਾਰ 'ਤੇ ਔਰਤਾਂ ਨੂੰ ਸਮਾਜਿਕ ਤੌਰ 'ਤੇ ਬਾਹਰ ਰੱਖਣਾ ਛੂਤ-ਛਾਤ ਦਾ ਹੀ ਇੱਕ ਰੂਪ ਹੈ, ਜੋ ਸੰਵਿਧਾਨਕ ਕਦਰਾਂ-ਕੀਮਤਾਂ ਦੇ ਵਿਰੁੱਧ ਹੈ। 'ਸ਼ੁੱਧਤਾ ਅਤੇ ਅਪਵਿੱਤਰਤਾ' ਦੀਆਂ ਧਾਰਨਾਵਾਂ ਨੇ ਲੋਕਾਂ 'ਤੇ ਕਲੰਕ ਲਾਏ ਹਨ। ਸੰਵਿਧਾਨਕ ਪ੍ਰਣਾਲੀ ਵਿੱਚ ਉਨ੍ਹਾਂ ਦੀ ਕੋਈ ਜਗ੍ਹਾ ਨਹੀਂ ਹੈ।''
ਹਾਲਾਂਕਿ, ਇਹ ਭੇਦਭਾਵਪੂਰਨ ਅਭਿਆਸ ਮਰਦਪ੍ਰਧਾਨ ਸਮਾਜ ਦੇ ਪਰਛਾਵੇਂ ਹੇਠ ਹੀ ਧੜਕ ਰਿਹਾ ਹੈ।
"ਇਹ ਰੱਬ ਨਾਲ਼ ਜੁੜੀ ਕੋਈ ਚੀਜ਼ ਹੈ," ਭਾਮਰਾਗੜ੍ਹ ਤਾਲੁਕਾ ਦੇ ਗੋਲਾਗੁਡਾ ਪਿੰਡ ਦੇ ਪਰਮਾ (ਵੰਸ਼ਵਾਦੀ ਮੁੱਖ ਪੁਜਾਰੀ) ਲਕਸ਼ਮਣ ਹੋਯਾਮੀ ਕਹਿੰਦੇ ਹਨ। ਸਾਡਾ ਪਰਮੇਸ਼ੁਰ ਚਾਹੁੰਦਾ ਹੈ ਕਿ ਅਸੀਂ ਇਸ (ਅਭਿਆਸ) ਦੀ ਪਾਲਣਾ ਕਰਦੇ ਰਹੀਏ ਅਤੇ ਜੇ ਅਸੀਂ ਇੰਝ ਨਹੀਂ ਕਰਦੇ, ਤਾਂ ਸਾਨੂੰ ਨਤੀਜੇ ਭੁਗਤਣੇ ਪੈਣਗੇ। ਸਾਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਵੇਗਾ ਅਤੇ ਲੋਕਾਂ ਨੂੰ ਨੁਕਸਾਨ ਹੋਵੇਗਾ। ਬਿਮਾਰੀਆਂ ਵਧਣਗੀਆਂ। ਸਾਡੀਆਂ ਭੇਡਾਂ ਅਤੇ ਮੁਰਗੀਆਂ ਮਰ ਜਾਣਗੀਆਂ... ਇਹ ਸਾਡੀ ਪਰੰਪਰਾ ਹੈ। ਅਸੀਂ ਇਸ 'ਤੇ ਵਿਸ਼ਵਾਸ ਕਰਨਾ ਬੰਦ ਨਹੀਂ ਕਰ ਸਕਦੇ ਅਤੇ ਸੋਕੇ, ਹੜ੍ਹ ਜਾਂ ਕਿਸੇ ਹੋਰ ਕੁਦਰਤੀ ਆਫ਼ਤ ਦੁਆਰਾ ਸਜ਼ਾ ਮਿਲ਼ਣ ਦਾ ਜੋਖਮ ਨਹੀਂ ਲੈ ਸਕਦੇ। ਇਹ ਪਰੰਪਰਾ ਸਦਾ ਜਾਰੀ ਰਹੇਗੀ...'' ਉਹ ਦ੍ਰਿੜਤਾ ਨਾਲ਼ ਕਹਿੰਦੇ ਹਨ।
ਜਿੱਥੇ ਹੋਯਾਮੀ ਵਰਗੇ ਬਹੁਤ ਸਾਰੇ ਲੋਕ ਕੁਰਮਾ ਪ੍ਰਥਾ ਨੂੰ ਜਾਰੀ ਰੱਖਣ 'ਤੇ ਅੜੇ ਹੋਏ ਹਨ, ਓਧਰ ਹੀ ਕੁਝ ਨੌਜਵਾਨ ਔਰਤਾਂ ਇਸ ਜਾਲ਼ ਵਿੱਚ ਨਾ ਫਸਣ ਲਈ ਦ੍ਰਿੜ ਵੀ ਹਨ – ਜਿਵੇਂ ਕਿ ਕ੍ਰਿਸ਼ਨਾਰ ਪਿੰਡ ਦੀ 20 ਸਾਲਾ ਅਸ਼ਵਨੀ ਵੇਲੰਜੇ। "ਮੈਂ ਇਸ ਸ਼ਰਤ 'ਤੇ ਵਿਆਹ ਕੀਤਾ ਕਿ ਮੈਂ ਕੁਰਮਾ ਦਾ ਪਾਲਣ ਨਹੀਂ ਕਰਾਂਗੀ। ਸਾਲ 2021 'ਚ 12ਵੀਂ ਜਮਾਤ ਦੀ ਪੜ੍ਹਾਈ ਪੂਰੀ ਕਰਨ ਵਾਲ਼ੀ ਅਸ਼ਵਨੀ ਨੇ ਇਸੇ ਸਾਲ 22 ਸਾਲਾ ਅਸ਼ੋਕ ਵੱਲੋਂ ਸ਼ਰਤ ਮੰਨਣ ਤੋਂ ਬਾਅਦ ਮਾਰਚ 'ਚ ਵਿਆਹ ਕਰਵਾ ਲਿਆ ਸੀ।
ਅਸ਼ਵਨੀ 14 ਸਾਲ ਦੀ ਉਮਰ ਤੋਂ ਕੁਰਮਾ ਪ੍ਰਥਾ ਦੀ ਪਾਲਣਾ ਕਰਦੀ ਰਹੀ ਹਨ। "ਮੈਂ ਆਪਣੇ ਮਾਪਿਆਂ ਨਾਲ਼ ਬਹਿਸ ਕਰਦੀ ਸੀ, ਪਰ ਉਹ ਸਮਾਜਿਕ ਦਬਾਅ ਕਾਰਨ ਬੇਵੱਸ ਸਨ," ਉਹ ਕਹਿੰਦੀ ਹਨ। ਆਪਣੇ ਪਰਿਵਾਰ 'ਤੇ ਲੱਗਣ ਵਾਲ਼ੇ ਸਾਰੇ ਦੋਸ਼ਾਂ ਨੂੰ ਨਜ਼ਰਅੰਦਾਜ਼ ਕਰਦੇ ਹੋਏ ਉਨ੍ਹਾਂ ਨੇ ਸਿਸਟਮ ਨਾਲ਼ ਲੜਨਾ ਜਾਰੀ ਰੱਖਿਆ ਹੈ। "ਮੈਂ ਕੁਰਮਾ ਘਰ ਤੋਂ ਵਰਾਂਡੇ ਤੱਕ ਦੀ ਦੂਰੀ ਤੈਅ ਕਰ ਲਈ ਹੈ। ਜਲਦੀ ਹੀ ਮੈਂ ਮਾਹਵਾਰੀ ਦੌਰਾਨ ਘਰ ਦੇ ਅੰਦਰ ਰਹਾਂਗੀ। ਮੈਂ ਯਕੀਨਨ ਆਪਣੇ ਘਰ ਵਿੱਚ ਤਬਦੀਲੀ ਲਿਆਵਾਂਗੀ।''
ਤਰਜਮਾ: ਕਮਲਜੀਤ ਕੌਰ