''ਕਦੇ ਪਟਨਾ ਵਿਖੇ ਤਿਲੰਗੀ (ਪਤੰਗ) ਦੀ ਹਫ਼ਤਾ-ਲੰਬੀ ਮੁਕਾਬਲੇਬਾਜ਼ੀ ਹੋਇਆ ਕਰਦੀ। ਲਖਨਊ, ਦਿੱਲੀ ਤੇ ਹੈਦਰਾਬਾਦ ਤੋਂ ਪਤੰਗ-ਬਾਜ਼ ਬੁਲਾਏ ਜਾਂਦੇ। ਇਹ ਇੱਕ ਤਿਓਹਾਰ ਹੁੰਦਾ ਸੀ,'' ਚੇਤੇ ਕਰਦਿਆਂ ਸਈਦ ਫੈਜ਼ਾਨ ਰਜ਼ਾ ਕਹਿੰਦੇ ਹਨ। ਰਜ਼ਾ ਨੇ ਇਹ ਗੱਲ ਉਦੋਂ ਦੱਸੀ ਜਦੋਂ ਅਸੀਂ ਗੰਗਾ ਕਿਨਾਰੇ ਤੁਰਦੇ ਜਾ ਰਹੇ ਹੁੰਦੇ ਹਾਂ ਤੇ ਖੁੱਲ੍ਹੇ ਅਸਮਾਨ ਦਾ ਪਰਤੋਅ ਪਾਣੀ ਵਿੱਚ ਦੇਖ ਕੇ ਉਹ ਕਹਿੰਦੇ ਹਨ ਇਹੀ ਉਹ ਅਸਮਾਨ ਹੁੰਦਾ ਸੀ ਜਿੱਥੇ ਕਦੇ ਹਜ਼ਾਰਾਂ ਪਤੰਗਾਂ ਉੱਡਿਆ ਕਰਦੀਆਂ ਸਨ।
ਪਟਨਾ ਵਿਖੇ ਨਦੀ ਦੇ ਤਟ 'ਤੇ ਵੱਸੇ ਦੂਲੀਘਾਟ ਦੇ ਪੁਰਾਣੇ ਵੇਲ਼ਿਆਂ ਨੂੰ ਯਾਦ ਕਰਦਿਆਂ ਰਜ਼ਾ ਕਹਿੰਦੇ ਹਨ ਕਿ ਉਹ ਵੀ ਇੱਕ ਦੌਰ ਸੀ ਜਦੋਂ ਇੱਥੋਂ ਦੇ ਧਨਾਢ ਕੀ ਤਵਾਇਫ਼ਾਂ ਕੀ... ਕਹਿਣ ਦਾ ਭਾਵ ਸਮਾਜ ਦਾ ਹਰ ਤਬਕਾ ਇਸ ਖੇਡ ਦਾ ਸਰਪ੍ਰਸਤ ਹੁੰਦਾ। ਉਹ ਕਈ ਨਾਮ ਲੈਂਦੇ ਹਨ- ''ਬਿਸਮਿੱਲ੍ਹਾ ਜਨ (ਤਵਾਇਫ਼) ਦੀ ਸਰਪ੍ਰਸਤੀ ਹੇਠ ਮੀਰ ਅਲੀ ਜ਼ਮੀਨ ਤੇ ਮੀਰ ਕੇਫ਼ਾਇਤ ਅਲੀ ਪਤੰਗ-ਸਾਜ਼ੀ ਦੇ ਪਤੰਗ-ਬਾਜ਼ੀ ਦੇ ਮੰਨੇ-ਪ੍ਰਮੰਨੇ ਉਸਤਾਦ ਹੋਇਆ ਕਰਦੇ ਸਨ।''
ਪਟਨਾ ਦੇ ਗੁਧਾਟਾ ਇਲਾਕੇ ਅਤੇ ਅਸ਼ੋਕ ਰਾਜਪਥ (ਲਗਭਗ 700-800 ਮੀਟਰ ਦੂਰ) ਨੇੜਲਾ ਖਵਾਜਾਕਲਾ ਦੇ ਵਿਚਕਾਰ ਪੈਂਦਾ ਖੇਤਰ ਖੇਡ ਲਈ ਲੋੜੀਂਦੇ ਸਾਮਾਨ ਦੀ ਸਪਲਾਈ ਕਰਨ ਵਾਲ਼ੀਆਂ ਦੁਕਾਨਾਂ ਨਾਲ਼ ਕਦੇ ਭਰਿਆ ਰਹਿੰਦਾ। ਉਨ੍ਹਾਂ ਦੀਆਂ ਦੁਕਾਨਾਂ ਦੇ ਬਾਹਰ ਲਟਕ ਰਹੀਆਂ ਰੰਗੀਨ ਪਤੰਗਾਂ ਗਾਹਕਾਂ ਨੂੰ ਲੁਭਾਉਣ ਦਾ ਕੰਮ ਕਰਦੀਆਂ। "ਪਟਨਾ ਵਿਖੇ ਪਤੰਗਾਂ ਲਈ ਮਿਲ਼ਣ ਵਾਲ਼ਾ ਧਾਗਾ ਕਿਸੇ ਹੋਰ ਥਾਂ ਨਾਲ਼ੋਂ ਥੋੜ੍ਹਾ ਮੋਟਾ ਹੁੰਦਾ ਸੀ। ਨਖ ਦੇ ਨਾਂ ਨਾਲ਼ ਮਸ਼ਹੂਰ, ਇਹ ਡੋਰ ਸੂਤ ਅਤੇ ਰੇਸ਼ਮ ਰਲ਼ਾ ਕੇ ਬਣਾਈ ਜਾਂਦੀ," ਉਹ ਕਹਿੰਦੇ ਹਨ।
ਮਾਸਿਕ ਮੈਗਜ਼ੀਨ ਬੱਲਾਊ ਨੇ ਆਪਣੇ 1868 ਦੇ ਐਡੀਸ਼ਨ ਵਿੱਚ ਕਿਹਾ ਹੈ ਕਿ ਪਟਨਾ ਆਪਣੀਆਂ ਪਤੰਗਾਂ ਲਈ ਜਾਣਿਆ ਜਾਂਦਾ ਹੈ। "ਜੇ ਕੋਈ ਕਾਰੋਬਾਰ ਵਿੱਚ ਆਪਣੀ ਕਿਸਮਤ ਅਜ਼ਮਾਉਣਾ ਚਾਹੁੰਦਾ ਹੈ, ਤਾਂ ਉਸਨੂੰ ਇਸ ਕਸਬੇ ਵਿੱਚ ਪਤੰਗ ਦੀ ਦੁਕਾਨ ਖੋਲ੍ਹਣੀ ਚਾਹੀਦੀ ਹੈ। ਇੱਥੇ ਹਰ 10ਵੀਂ ਦੁਕਾਨ ਪਤੰਗ ਦੀ ਹੈ। ਦੇਖ ਕੇ ਇਓਂ ਲੱਗਦਾ ਹੈ ਜਿਵੇਂ ਪੂਰਾ ਸ਼ਹਿਰ ਪਤੰਗ ਉਡਾ ਰਿਹਾ ਹੋਵੇ। ਪਤੰਗ ਹੀਰੇ ਦੇ ਆਕਾਰ ਦੀ ਹੋਇਆ ਕਰਦੀ, ਖੰਭ ਵਾਂਗਰ ਹਲ਼ਕੀ ਇਹ ਪਤੰਗ ਬਗ਼ੈਰ ਪੂਛ ਦੇ ਰੇਸ਼ਮ ਦੀ ਡੋਰ ਨਾਲ਼ ਅਸਮਾਨ ਨਾਲ਼ ਗੱਲ ਕਰਦੀ ਜਾਪਦੀ।''
ਪਰ ਹੁਣ, ਸੌ ਸਾਲ ਬਾਅਦ, ਇੱਥੇ ਚੀਜ਼ਾਂ ਬਦਲ ਗਈਆਂ ਹਨ। ਪਰ ਪਟਨਾ ਦੀਆਂ ਤਿਲੰਗੀਆਂ ਨੇ ਆਪਣੀ ਸ਼ਖਸੀਅਤ ਬਣਾਈ ਰੱਖੀ ਹੈ - ਇੱਕ ਪੂਛ ਰਹਿਤ ਪਤੰਗ। ਪਤੰਗ ਬਣਾਉਣ ਦਾ ਕੰਮ ਕਰਨ ਵਾਲ਼ੀ ਸ਼ਬੀਨਾ ਹੱਸਦੀ ਹੋਈ ਕਹਿੰਦੀ ਹਨ, "ਦੁਮ ਤੋ ਕੁੱਟੇ ਕੀ ਨਾ ਹੋਤਾ ਹੈ ਜੀ, ਤਿਲੰਗੀ ਕਾ ਥੋਡੇ।'' ਸੱਤਰਵੇਂ ਨੂੰ ਢੁਕ ਚੁੱਕੀ ਸਬੀਨਾ ਨੇ ਅੱਖਾਂ ਦੀ ਘੱਟਦੀ ਜਾਂਦੀ ਰੌਸ਼ਨੀ ਕਾਰਨ ਪਤੰਗ ਬਣਾਉਣ ਦਾ ਕੰਮ ਛੱਡ ਦਿੱਤਾ ਹੈ।




















