''
ਕੈਮਰਾ ਇੱਕ ਧਾਤੂ ਦਾ ਟੁਕੜਾ ਹੈ ਜਿਸ ਵਿੱਚ ਛੇਕ ਹੁੰਦਾ ਹੈ। ਤਸਵੀਰ
ਸਿੱਧਿਆਂ ਤੁਹਾਡੇ ਦਿਲ ਵਿੱਚ ਉਤਰਦੀ ਹੈ। ਇਹ
ਤੁਹਾਡਾ ਇਰਾਦਾ ਹੀ ਹੈ ਜੋ ਸਮੱਗਰੀ ਨਿਰਧਾਰਤ ਕਰਦਾ ਹੈ।
''
ਪੀ. ਸਾਈਨਾਥ
ਝੁਕਣਾ, ਸੰਤੁਲਨ ਬਣਾਉਣਾ, ਨਿਰਮਾਣ ਕਰਨਾ, ਭਾਰ ਚੁੱਕਣਾ, ਝਾੜੂ ਫੇਰਨ, ਖਾਣਾ ਪਕਾਉਣਾ, ਪਰਿਵਾਰ ਦੀ ਦੇਖਭਾਲ਼ ਕਰਨਾ, ਪਸ਼ੂ ਚਰਾਉਣਾ, ਪੜ੍ਹਨਾ, ਲਿਖਣਾ, ਬੁਣਨਾ, ਸੰਗੀਤ ਵਜਾਉਣਾ, ਗਾਉਣਾ, ਨੱਚਣਾ ਅਤੇ ਜਸ਼ਨ ਮਨਾਉਣਾ ... ਇਸ ਤਰ੍ਹਾਂ, ਫ਼ੋਟੋਆਂ ਦਾ ਆਪਣਾ ਹੀ ਸਥਾਨ ਹੈ ਅਤੇ ਪੇਂਡੂ ਲੋਕਾਂ ਦੇ ਜੀਵਨ ਅਤੇ ਕੰਮਾਂ ਬਾਰੇ ਸਮਝਣ ਅਤੇ ਸਮਝਾਉਣ ਦੀਆਂ ਲਿਖਤਾਂ ਨਾਲ਼ ਜੁੜਿਆ ਹੋਇਆ ਹੈ।
ਪਾਰੀ ਦੀਆਂ ਫ਼ੋਟੋਆਂ ਸਮੂਹਿਕ ਯਾਦਦਾਸ਼ਤ ਦੇ ਵਿਜ਼ੂਅਲ ਦਸਤਾਵੇਜ ਤਿਆਰ ਕਰਨ ਯਤਨ ਕਰਦੀਆਂ ਹਨ। ਉਹ ਸਿਰਫ਼ ਉਨ੍ਹਾਂ ਥਾਵਾਂ ਦਾ ਉਦਾਸੀਨ ਦਸਤਾਵੇਜ਼ ਨਹੀਂ ਹਨ ਜਿੱਥੇ ਅਸੀਂ ਰਹਿੰਦੇ ਹਾਂ, ਸਗੋਂ ਇਹ ਤਾਂ ਸਾਡੇ ਆਲ਼ੇ-ਦੁਆਲ਼ੇ ਦੀ ਦੁਨੀਆ ਨਾਲ਼ ਜੁੜਨ ਦੀ ਇੱਕ ਡਿਓੜੀ ਹਨ। ਫ਼ੋਟੋਆਂ ਦਾ ਸਾਡਾ ਵਿਸ਼ਾਲ ਸੰਗ੍ਰਹਿ ਉਹ ਕਹਾਣੀਆਂ ਕਹਿੰਦਾ ਹੈ ਜੋ ਮੁੱਖ ਧਾਰਾ ਦੇ ਮੀਡੀਆ ਨੇ ਤੁਹਾਨੂੰ ਨਹੀਂ ਦੱਸੀਆਂ ਹਨ। ਇਹ ਤਸਵੀਰਾਂ ਹਾਸ਼ੀਏ 'ਤੇ ਪਏ ਲੋਕਾਂ, ਸਥਾਨਾਂ, ਜ਼ਮੀਨਾਂ, ਰੋਜ਼ੀ-ਰੋਟੀ ਅਤੇ ਮਜ਼ਦੂਰਾਂ ਦੀਆਂ ਕਹਾਣੀਆਂ ਦੱਸਦੀਆਂ ਹਨ।
ਇਹ ਤਸਵੀਰਾਂ ਉਨ੍ਹਾਂ ਲੋਕਾਂ ਦੀ ਸੰਵੇਦਨਸ਼ੀਲਤਾ ਅਤੇ ਕਮਜ਼ੋਰੀ ਦੇ ਨਾਲ਼-ਨਾਲ਼ ਉਨ੍ਹਾਂ ਦੇ ਜੀਵਨ ਦੀਆਂ ਖੁਸ਼ੀਆਂ, ਸੁੰਦਰਤਾ, ਖੇੜਿਆਂ, ਦੁੱਖ-ਦਰਦਾਂ, ਡਰ ਅਤੇ ਭਿਆਨਕ ਸੱਚਾਈਆਂ ਨੂੰ ਦਰਸਾਉਂਦੀਆਂ ਹਨ। ਕਹਾਣੀ ਦਾ ਕਿਰਦਾਰ ਸਿਰਫ਼ ਫ਼ੋਟੋ ਖਿੱਚਣ ਦਾ ਵਿਸ਼ਾ ਨਹੀਂ ਹੁੰਦਾ। ਤਸਵੀਰ ਵਿਚਲੇ ਵਿਅਕਤੀ ਦਾ ਨਾਮ ਜਾਣਨ ਨਾਲ਼ ਸੰਵੇਦਨਾ ਦਾ ਜਨਮ ਹੁੰਦਾ ਹੈ ਤੇ ਇੱਕ ਇਕੱਲੀ ਕਹਾਣੀ ਬਹੁਤ ਸਾਰੀਆਂ ਮਹਾਨ ਸੱਚਾਈਆਂ ਦੀ ਗੱਲ ਕਰਦੀ ਹੈ।
ਪਰ ਜੇ ਅਜਿਹੀ ਤਸਵੀਰ ਲੈਣੀ ਹੈ ਤਾਂ ਫ਼ੋਟੋਗ੍ਰਾਫਰ ਅਤੇ ਵਿਅਕਤੀ ਵਿਚਕਾਰ ਅਪਣਤ ਦਾ ਜੁੜਾਅ ਹੋਣਾ ਬਹੁਤ ਮਹੱਤਵਪੂਰਨ ਹੈ। ਇਹ ਬਹੁਤ ਮਹੱਤਵਪੂਰਨ ਹੈ ਕਿ ਕੀ ਅਸੀਂ ਉਸ ਵੇਲ਼ੇ ਉਸ ਦੀ ਫ਼ੋਟੋ ਖਿੱਚਣ ਦੀ ਸਹਿਮਤੀ ਲਈਏ ਜਦੋਂ ਉਹ ਦਰਦ ਅਕਹਿ ਤੇ ਅਸਹਿ ਦੁੱਖਾਂ ਵਿੱਚੋਂ ਲੰਘ ਰਿਹਾ ਹੋਵੇ। ਅਸੀਂ ਸਮਾਜ ਦੇ ਸਭ ਤੋਂ ਹਾਸ਼ੀਏ 'ਤੇ ਪਏ ਲੋਕਾਂ ਦੇ ਗੌਰਵ ਨੂੰ ਛੇੜੇ ਬਗੈਰ ਉਨ੍ਹਾਂ ਦੀ ਫ਼ੋਟੋ ਕਿਵੇਂ ਲੈ ਸਕਦੇ ਹਾਂ? ਅਸੀਂ ਕਿਹੜੇ ਸੰਦਰਭ ਨੂੰ ਮੁੱਖ ਰੱਖ ਕੇ ਵਿਅਕਤੀ ਜਾਂ ਲੋਕਾਂ ਦੀਆਂ ਫ਼ੋਟੋਆਂ ਲੈ ਰਹੇ ਹਾਂ? ਆਮ ਆਦਮੀ ਦੇ ਰੋਜ਼ਮੱਰਾ ਦੇ ਜੀਵਨ ਦੀਆਂ ਤਸਵੀਰਾਂ ਦੀ ਲੜੀ ਬਣਾਉਣ ਪਿੱਛੇ ਕੀ ਮਕਸਦ ਹੈ?
ਇਹ ਉਹ ਅਹਿਮ ਸਵਾਲ ਹਨ ਜਿਨ੍ਹਾਂ ਨਾਲ਼ ਸਾਡੇ ਫ਼ੋਟੋਗ੍ਰਾਫਰਾਂ ਨੂੰ ਜੂਝਣਾ ਪੈਂਦਾ ਹੈ। ਚਾਹੇ ਉਹ ਕੁਝ ਦਿਨਾਂ ਜਾਂ ਕੁਝ ਸਾਲਾਂ ਦੇ ਵਕਫੇ ਵਿੱਚ ਕਿਸੇ ਕਹਾਣੀ ਨੂੰ ਕਵਰ ਕਰ ਰਹੇ ਹੋਣ, ਮਸ਼ਹੂਰ ਕਲਾਕਾਰਾਂ ਨੂੰ ਫਿਲਮਾਉਣਾ ਹੋਵੇ, ਆਦਿਵਾਸੀ ਤਿਉਹਾਰਾਂ ਨੂੰ, ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਹੋਵੇ, ਜਾਂ ਕੋਈ ਵੀ ਵਿਰੋਧ ਪ੍ਰਦਰਸ਼ਨ ਹੋਵੇ।
ਵਿਸ਼ਵ ਫ਼ੋਟੋਗ੍ਰਾਫੀ ਦਿਵਸ 'ਤੇ, ਅਸੀਂ ਤੁਹਾਡੇ ਲਈ ਪਾਰੀ ਦੀਆਂ ਕਹਾਣੀਆਂ ਵਾਸਤੇ ਫ਼ੋਟੋਗ੍ਰਾਫਰਾਂ ਵੱਲੋਂ ਖਿੱਚੀਆਂ ਫ਼ੋਟੋਆਂ ਦਾ ਸੰਗ੍ਰਹਿ ਲਿਆਏ ਹਾਂ। ਇੱਥੇ ਉਨ੍ਹਾਂ ਨੇ ਆਪੋ-ਆਪਣੀ ਉਸ ਪ੍ਰਕਿਰਿਆ ਬਾਰੇ ਵੀ ਲਿਖਿਆ ਹੈ, ਜਿਸ ਰਾਹੀਂ ਉਨ੍ਹਾਂ ਨੇ ਫ਼ੋਟੋਆਂ ਖਿੱਚੀਆਂ ਹਨ। ਫ਼ੋਟੋਗ੍ਰਾਫਰਾਂ ਦੇ ਨਾਮ ਅੰਗਰੇਜ਼ੀ ਵਰਣਮਾਲਾ ਦੇ ਕ੍ਰਮ ਅਨੁਸਾਰ ਦਿੱਤੇ ਗਏ ਹਨ:
ਅਕਾਂਕਸ਼ਾ, ਮੁੰਬਈ, ਮਹਾਰਾਸ਼ਟਰ
ਮੈਂ ਇਹ ਫ਼ੋਟੋ ਉਸ ਕਹਾਣੀ ਲਈ ਖਿੱਚੀ ਸੀ ਜੋ ਮੈਂ ਖੁਦ ਲਿਖੀ ਸੀ, ਅੱਜਕੱਲ੍ਹ ਕਲਾਕਾਰੀ ਨਾਲ਼ ਢਿੱਡ ਨਹੀਂ ਭਰਦਾ। ਕਹਾਣੀ 'ਚ ਕਿਸ਼ਨ ਜੋਗੀ ਮੁੰਬਈ ਲੋਕਲ ਟਰੇਨਾਂ 'ਚ ਸਾਰੰਗੀ ਵਜਾਉਂਦੇ ਹਨ ਅਤੇ ਉਨ੍ਹਾਂ ਦੀ 6 ਸਾਲ ਦੀ ਬੇਟੀ ਭਾਰਤੀ ਆਪਣੇ ਪਿਤਾ ਦੀ ਮਦਦ ਕਰਦੀ ਹੈ ਅਤੇ ਉਨ੍ਹਾਂ ਦਾ ਸਾਥ ਦਿੰਦੀ ਹੈ।
ਉਨ੍ਹਾਂ ਦੀ ਕਹਾਣੀ ਵਿੱਚ ਅਜਿਹੇ ਕਲਾਕਾਰਾਂ ਦੀ ਕਹਾਣੀ ਝਲਕਦੀ ਹੈ ਜਿਨ੍ਹਾਂ ਨੂੰ ਮੈਂ ਬਚਪਨ ਤੋਂ ਦੇਖਦੀ ਆਈ ਹਾਂ। ਮੈਂ ਉਨ੍ਹਾਂ ਨੂੰ ਦੇਖਿਆ ਤੇ ਸੁਣਿਆ, ਪਰ ਉਨ੍ਹਾਂ ਨੂੰ ਕਦੇ ਵੀ ਬਤੌਰ ਕਲਾਕਾਰ ਸਵੀਕਾਰ ਨਹੀਂ ਕੀਤਾ। ਇਸ ਲਈ ਮੈਂ ਮਹਿਸੂਸ ਕੀਤਾ ਕਿ ਇਹ ਕਹਾਣੀ ਕਰਨਾ ਬਹੁਤ ਜ਼ਰੂਰੀ ਸੀ।
ਸਵਾਰੀਆਂ ਨਾਲ਼ ਭਰੀ ਚੱਲਦੀ ਰੇਲ ਗੱਡੀ ਵਿੱਚ ਇੱਕ ਡੱਬੇ ਤੋਂ ਦੂਜੇ ਡੱਬੇ ਜਾਂਦੇ ਇਸ ਕਲਾਕਾਰ ਦਾ ਫ਼ੋਟੋ ਸ਼ੂਟ ਕੀਤਾ ਗਿਆ ਸੀ।
ਤੇਜ਼ ਰਫ਼ਤਾਰ ਗੱਡੀ ਦੇ ਅਨੁਕੂਲ ਹੋਣ ਤੇ ਉੱਖੜਦੇ ਜਾਂਦੇ ਸਾਹਾਂ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਨਾਲ਼ ਮੈਨੂੰ ਖ਼ੁਦ ਨੂੰ ਇੱਕ ਥਾਏਂ ਖੜ੍ਹੇ ਰੱਖਣਾ ਸੀ, ਜਦੋਂਕਿ ਕਿਸ਼ਨ ਭਾਈ ਨੇ ਬਿਨਾਂ ਕਿਸੇ ਰੁਕਾਵਟ ਦੇ ਆਪਣਾ ਪ੍ਰਦਰਸ਼ਨ ਜਾਰੀ ਰੱਖਿਆ। ਉਹ ਇੱਕ ਡੱਬੇ ਤੋਂ ਦੂਜੇ ਡੱਬ ਜਾਂਦੇ, ਪਰ ਉਨ੍ਹਾਂ ਦਾ ਸੰਗੀਤ ਨਿਰਵਿਘਨ ਵੱਜਦਾ ਰਿਹਾ ਤੇ ਰੇਲ ਹੀ ਉਨ੍ਹਾਂ ਦਾ ਮੰਚ ਬਣ ਗਈ।
ਜਦੋਂ ਮੈਂ ਆਪਣੇ ਕੈਮਰੇ ਦੇ ਵਿਊਫਾਈਂਡਰ ਰਾਹੀਂ ਝਾਕ ਰਹੀ ਸੀ ਤਾਂ ਮੈਂ ਸੋਚਿਆ ਸੀ ਕਿ ਸ਼ਾਇਦ ਉਹ ਝਿਜਕਣਗੇ ਜਾਂ ਸੁਚੇਤ ਹੋ ਜਾਣਗੇ। ਪਰ ਮੈਂ ਗ਼ਲਤ ਸਾਂ ਇਹ ਕਲਾਕਾਰ ਤਾਂ ਸੰਗੀਤ ਦੀ ਆਪਣੀ ਹੀ ਦੁਨੀਆ ਵਿੱਚ ਡੁੱਬ ਗਿਆ।
ਉਨ੍ਹਾਂ ਦੀ ਕਲਾ ਤੋਂ ਉਪਜੀ ਊਰਜਾ ਬੇਮਿਸਾਲ ਸੀ ਤੇ ਉਹ ਜਿਨ੍ਹਾਂ ਥੱਕੇ ਹਾਰੇ ਯਾਤਰੀਆਂ ਕੋਲ਼ ਖੜ੍ਹੇ ਸਨ ਉਸ ਥਾਂ ਪਸਰੀ ਸੁੰਨ ਤੋਂ ਐਨ ਉਲਟ ਸੀ। ਮੈਂ ਉਸ ਦਵੰਦ ਨੂੰ ਫ਼ੋਟੋ ਵਿੱਚ ਲਿਆਉਣ ਦੀ ਦੀ ਕੋਸ਼ਿਸ਼ ਕੀਤੀ ਸੀ।
*****
ਬਿਨਾਇਫਰ ਭਰੂਚਾ, ਵੈਸਟ ਕਮੇਂਗ, ਅਰੁਣਾਚਲ ਪ੍ਰਦੇਸ਼
ਮੈਂ ਇਹ ਫ਼ੋਟੋ ਸੰਕਟ ਦੀ ਘੜੀ ਮਨੁੱਖ ਦੀ ਰਹਿਨੁਮਾਈ ਕਰਦੇ ਪੰਛੀ ਕਹਾਣੀ ਲਈ ਖਿੱਚੀ ਸੀ।ਮੈਂ ਇਹ ਫ਼ੋਟੋ ਸੰਕਟ ਦੀ ਘੜੀ ਮਨੁੱਖ ਦੀ ਰਹਿਨੁਮਾਈ ਕਰਦੇ ਪੰਛੀ ਕਹਾਣੀ ਲਈ ਖਿੱਚੀ ਸੀ।
ਆਇਤੀ ਥਾਪਾ (ਤਸਵੀਰ ਵਿੱਚ) ਦੇ ਮਗਰ ਉੱਪਰ ਤੋਂ ਹੇਠਾਂ ਤੀਕਰ ਹਰੇ ਭਰੇ ਬਨਸਪਤੀਆਂ ਵਾਲ਼ੇ ਸੱਪ ਵਾਂਗਰ ਵਲ਼ੇਵੇਂ ਖਾਂਦੇ ਰਸਤੇ, ਤਿਲਕਣ ਭਰੀ ਮਿੱਟੀ ਵਾਲ਼ੀ ਸੜਕ ਜਿੱਥੇ ਪੈਰ ਸੰਭਾਲ਼ਦਿਆਂ ਇਹੀ ਡਰ ਮਨ ਅੰਦਰ ਰਹਿੰਦਾ ਕਿ ਕਿਤੇ ਜੋਕ ਨਾ ਚੰਬੜ ਜਾਵੇ। ਪੰਛੀਆਂ ਦੀ ਅਵਾਜ਼ ਸੰਨਾਟੇ ਨੂੰ ਤੋੜਦੀ ਜਾਪਦੀ ਸੀ। ਅਸੀਂ ਜਲਵਾਯੂ ਤਬਦੀਲੀ ਨੂੰ ਲੈ ਕੇ ਇੱਕ ਕਹਾਣੀ ਦਰਜ ਕਰਨ ਲਈ ਅਰੁਣਾਚਲ ਪ੍ਰਦੇਸ਼ ਦੇ ਈਗਲਨੈਸਟ ਸੈਂਚੁਰੀ ਵਿਖੇ ਮੌਜੂਦ ਸਾਂ।
ਸਾਲ 2021 ਤੋਂ ਆਇਤੀ ਇੱਥੇ ਪੰਛੀਆਂ ਦੀਆਂ ਪ੍ਰਜਾਤੀਆਂ ਦਾ ਅਧਿਐਨ ਕਰਨ ਵਾਲ਼ੀ ਇੱਕ ਖੋਜ ਟੀਮ ਦੀ ਮੈਂਬਰ ਹਨ। ਜੰਗਲ ਵਿੱਚ ਟੀਮ ਵੱਲੋਂ ਲਾਏ ਗਏ ਜਾਲ਼ ਵਿੱਚ ਪੰਛੀ ਫਸਦੇ ਹਨ। ਉਨ੍ਹਾਂ ਨੂੰ ਬੜੇ ਮਲ੍ਹਕੜੇ-ਮਲ੍ਹਕੜੇ ਜਾਲ਼ ਨਾਲ਼ੋਂ ਅੱਡ ਕਰਨ ਕਾਫੀ ਮੁਸ਼ਕਲ ਕੰਮ ਹੁੰਦਾ ਹੈ, ਪਰ ਉਹ ਇਹਨੂੰ ਫੁਰਤੀ ਨਾਲ਼, ਪਰ ਬੜੀ ਸਾਵਧਾਨੀ ਨਾਲ਼ ਨੇਪੜੇ ਚਾੜ੍ਹਦੀ ਹਨ।
ਮੇਰਾ ਦਿਲ ਤੇਜੀ ਨਾਲ਼ ਧੜਕ ਰਿਹਾ ਹੈ ਕਿ ਮੈਂ ਰੂਫ਼ਸ-ਕੈਪਡ ਬੈਬਲਰ ਦੀ ਮਲ਼ੂਕ ਜਿਹੀ ਦੇਹ ਨੂੰ ਕੋਮਲਤਾ ਨਾਲ਼ ਨਿਹਾਰ ਰਹੀ ਆਇਤੀ ਨੂੰ ਕੈਮਰੇ ਵਿੱਚ ਕੈਦ ਕਰ ਲਿਆ ਹੈ। ਇਹ ਕੁਦਰਤ ਦੀ ਗੋਦ ਵਿੱਚ ਮਨੁੱਖ ਤੇ ਪੰਛੀਆਂ ਦੇ ਰਿਸ਼ਤੇ ਤੇ ਆਪਸੀ ਭਰੋਸੇ ਦਾ ਜਾਦੂਈ ਪਲ ਹੈ। ਸੰਰਖਣ ਵਾਸਤੇ ਕੰਮ ਕਰ ਰਹੀ ਟੀਮ ਵਿੱਚ ਜਿਆਦਾਤਰ ਪੁਰਸ਼ ਹਨ, ਉਹ ਸਿਰਫ਼ ਦੋ ਹੀ ਮਹਿਲਾਵਾਂ ਹਨ।
ਮਜ਼ਬੂਤ ਤੇ ਨਰਮ ਦਿਲ ਆਇਤੀ ਖਾਮੋਸ਼ੀ ਨਾਲ਼ ਜੈਂਡਰ ਦੇ ਇਨ੍ਹਾਂ ਅੜਿਕਿਆਂ ਨੂੰ ਤੋੜਦੇ ਹੋਏ ਇਸ ਕਹਾਣੀ ਦੀ ਇੱਕ ਬੇਹੱਦ ਅਹਿਮ ਕਿਰਦਾਰ ਬਣ ਗਈ ਹਨ।
*****
ਦੀਪਤੀ ਅਸਥਾਨਾ , ਰਾਮਨਾਥਪੁਰਮ, ਤਮਿਲਨਾਡੂ
ਧਨੁਖਕੋੜੀ, ਤਮਿਲਨਾਡੂ ਦੀ ਤੀਰਥਨਗਰੀ ਰਾਮੇਸ਼ਵਰਮ ਤੋਂ ਬੱਸ 20 ਕਿਲੋਮੀਟਰ ਦੂਰ ਹੈ। ਇੱਕ ਪਾਸੇ ਬੰਗਾਲ ਦੀ ਖਾੜੀ ਅਤੇ ਦੂਸਰੇ ਪਾਸੇ ਹਿੰਦ ਮਹਾਸਾਗਰ ਨਾਲ਼ ਲੱਗਿਆ ਜ਼ਮੀਨ ਦਾ ਇਹ ਛੋਟਾ ਜਿਹਾ ਸ਼ਾਨਦਾਰ ਟੁਕੜਾ ਹੈ ਜੋ ਸਮੁੰਦਰ ਤੋਂ ਬਾਹਰ ਵੱਲ ਨਿਕਲਿਆ ਹੈ! ਲੋਕ ਗਰਮੀਆਂ ਦੇ ਛੇ ਮਹੀਨਿਆਂ ਦੌਰਾਨ ਬੰਗਾਲ ਵੱਲ ਨਿਕਲਿਆ ਹੈ! ਲੋਕ ਗਰਮੀਆਂ ਦੇ ਛੇ ਮਹੀਨਿਆਂ ਦੌਰਾਨ ਬੰਗਾਲ ਦੀ ਖਾੜੀ ਵਿੱਚ ਮੱਛੀਆਂ ਫੜ੍ਹਦੇ ਹਨ ਤੇ ਜਦੋਂ ਹਵਾ ਬਦਲਦੀ ਹੈ, ਤਾਂ ਹਿੰਦ ਮਹਾਸਾਗਰ ਵੱਲ ਚਲੇ ਜਾਂਦੇ ਹਨ।
Broken bow: Dhanushkodi's forgotten people ਕਹਾਣੀ ਲਿਖਣ ਵਾਸਤੇ ਆਉਣ ਵਾਲ਼ੇ ਕੁਝ ਦਿਨਾਂ ਬਾਅਦ ਹੀ ਮੈਨੂੰ ਲੱਗਿਆ ਕਿ ਇਸ ਇਲਾਕੇ ਵਿੱਚ ਤਾਂ ਗੰਭੀਰ ਜਲ ਸੰਕਟ ਪਸਰਿਆ ਹੈ।
ਦੋਵੇਂ ਪਾਸੇ ਮਹਾਨਗਰਾਂ ਨਾਲ਼ ਘਿਰਿਆ ਹੋਣ ਕਾਰਨ ਹਰ ਦਿਨ ਤਾਜ਼ਾ ਪਾਣੀ ਹਾਸਲ ਕਰਨਾ ਇੱਕ ਚੁਣੌਤੀ ਹੈ। ਔਰਤਾਂ ਅਕਸਰ ਰੋਜ਼ ਦੇ ਇਸਤੇਮਾਲ ਲਈ ਪਾਣੀ ਦਾ ਭਾਂਡਾ ਭਰਨ ਆਪਣੇ ਹੱਥੀਂ ਜ਼ਮੀਨ ਪੁਟਦੀਆਂ ਹਨ।
ਅਤੇ ਇਹ ਚੱਕਰ ਨਿਰੰਤਰ ਜਾਰੀ ਰਹਿੰਦਾ ਹੈ, ਕਿਉਂਕਿ ਖੋਦਿਆ ਪਾਣੀ ਛੇਤੀ ਹੀ ਖਾਰਾ ਹੋ ਜਾਂਦਾ ਹੈ।
ਇਸ ਤਸਵੀਰ ਵਿੱਚ ਵਿਸ਼ਾਲ ਕੁਦਰਤੀ ਦ੍ਰਿਸ਼ ਦੇ ਸਾਹਮਣੇ ਮੌਜੂਦ ਔਰਤਾਂ ਦਾ ਸਮੂਹ ਇਹਨੂੰ ਦਿਲਚਸਪ ਬਣਾਉਂਦਾ ਹੈ। ਨਾਲ਼ ਹੀ ਇਹ ਜ਼ਿੰਦਗੀ ਦੀਆਂ ਬੁਨਿਆਦੀ ਲੋੜਾਂ ਦੀ ਘਾਟ ਨੂੰ ਵੀ ਦਿਖਾਉਂਦਾ ਹੈ ਜੋ ਹਰ ਇਨਸਾਨ ਦਾ ਹੱਕ ਹੈ।
*****
ਇੰਦਰਜੀਤ ਖਾਂਬੇ, ਸਿੰਧੂਦੁਰਗ, ਮਹਾਰਾਸ਼ਟਰ
ਓਮਪ੍ਰਕਾਸ਼ ਚੱਵਾਨ ਪਿਛਲੇ 35 ਸਾਲ ਤੋਂ ਦਸ਼ਾਵਤਾਰ ਥੀਏਟਰ ਵਿਖੇ ਮਹਿਲਾ ਕਿਰਦਾਰ ਨਿਭਾ ਰਹੇ ਹਨ। ਕਰੀਬ 8000 ਤੋਂ ਵੱਧ ਨਾਟਕਾਂ ਵਿੱਚ ਹਿੱਸਾ ਲੈਣ ਨਾਲ਼ ਉਹ ਇਸ ਕਲਾ ਦੇ ਸਭ ਤੋਂ ਪ੍ਰਸਿੱਧ ਅਭਿਨੇਤਾਵਾਂ ਵਿੱਚੋਂ ਇੱਕ ਹਨ। ਉਹ ਆਪਣੇ ਦਰਸ਼ਕਾਂ ਵਾਸਤੇ ਦਸ਼ਾਵਤਾਰ ਦੀ ਚਮਕ ਜਿਊਂਦੀ ਰੱਖੀ ਹੋਈ ਹੈ, ਜਿਵੇਂ ਕਿ ਤੁਸੀਂ ਮੇਰੀ ਇਸ ਕਹਾਣੀ ਵਿੱਚ ਦੇਖ ਸਕਦੇ ਹੋ: A rich night of Dashavatar improvisations
ਮੈਂ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਉਨ੍ਹਾਂ ਦੀ ਕਲਾ ਦਾ ਦਸਤਾਵੇਜੀਕਰਨ ਕਰ ਰਿਹਾ ਹਾਂ ਤੇ ਉਨ੍ਹਾਂ ਦੀ ਕਹਾਣੀ ਕਹਿਣ ਲਈ ਇੱਕ ਪ੍ਰਤੀਕਾਤਮਕ ਛਵੀ ਲੈਣਾ ਚਾਹੁੰਦਾ ਸੀ। ਇਹ ਮੌਕਾ ਮੈਨੂੰ ਉਦੋਂ ਮਿਲ਼ਿਆ, ਜਦੋਂ ਉਹ ਕੁਝ ਸਾਲ ਪਹਿਲਾਂ ਸਤਾਰਦਾ ਵਿਖੇ ਪੇਸ਼ਕਾਰੀ ਕਰ ਰਹੇ ਸਨ। ਇੱਥੇ (ਉੱਪਰ) ਉਹ ਇੱਕ ਨਾਟਕ ਵਾਸਤੇ ਮਹਿਲਾ ਕਿਰਦਾਰ ਦੇ ਰੂਪ ਵਿੱਚ ਤਿਆਰ ਹੁੰਦੇ ਦਿਖ ਰਹੇ ਹਨ।
ਇਸ ਫ਼ੋਟੋ ਵਿੱਚ ਤੁਸੀਂ ਉਨ੍ਹਾਂ ਨੂੰ ਦੋਵਾਂ ਅਵਤਾਰਾਂ ਵਿੱਚ ਦੇਖ ਸਕਦੇ ਹੋ। ਇਹ ਇਕੱਲੀ ਤਸਵੀਰ ਤੋਂ ਮਹਿਲਾ ਦੇ ਕਿਰਦਾਰ ਨਿਭਾਉਣ ਵਾਲ਼ੇ ਪੁਰਸ਼ ਦੇ ਬਤੌਰ ਵਿਰਾਸਤ ਪਤਾ ਚੱਲਦੀ ਹੈ।
*****
ਜਓਦੀਪ ਮਿਤਰਾ, ਰਾਇਗੜ੍ਹ, ਛੱਤੀਸਗੜ੍ਹ
ਮੈਂ ਰਾਮਦਾਸ ਲੈਂਬ ਦੀ ਕਿਤਾਬ 'ਰੈਪਟ ਇਨ ਦਿ ਨੇਮ' ਬਿਲਕੁਲ ਓਦੋਂ ਪੜ੍ਹੀ ਸੀ, ਜਦੋਂ ਦਹਾਕਿਆਂ ਤੋਂ ਹਿੰਦੂ ਸੱਜੇਪੱਖੀਆਂ ਦੀ ਬਣਾਈ ਰਾਮ ਦੀ ਖੜ੍ਹੀ ਕੀਤੀ ਉਲਟੀ ਵਿਆਖਿਆ ਭਾਰਤ ਵਿੱਚ ਪ੍ਰਸਿੱਧੀ ਪ੍ਰਾਪਤ ਕਰ ਰਹੀ ਸੀ।
ਇਸਲਈ ਮੈਂ ਫੌਰਨ ਬਹੁ-ਗਿਣਤੀਆਂ ਦੇ ਬਣਾਏ ਇਸ ਬਿਰਤਾਂਤ ਦਾ ਵਿਕਲਪ ਲੱਭਣ ਨਿਕਲ਼ ਪਿਆ, ਜੋ ਮੈਨੂੰ ਰਾਮਨਾਮੀਆਂ ਤੱਕ ਲੈ ਗਿਆ। ਫਿਰ ਵਰ੍ਹਿਆਂ-ਬੱਧੀ ਮੈਂ ਉਨ੍ਹਾਂ ਨੂੰ ਨੇੜਿਓਂ ਜਾਣਦੇ ਹੋਏ ਉਨ੍ਹਾਂ ਦਾ ਹਿੱਸਾ ਬਣਨ ਦੀ ਕੋਸ਼ਿਸ਼ ਕੀਤੀ।
In the name of Ram ਕਹਾਣੀ ਦੀ ਇਹ ਤਸਵੀਰ ਉਨ੍ਹਾਂ ਦੱਬੇ-ਕੁਚਲਿਆਂ ਦੀ ਨੁਮਾਇੰਦਗੀ ਕਰਦੀ ਹੈ ਜੋ ਜੇ ਸ਼ਸਕਤ ਹੁੰਦੇ ਤਾਂ ਭਾਰਤ ਨੂੰ ਉਹਦੇ ਮੌਜੂਦਾ ਸਰੂਪ ਤੱਕ ਆਉਣ ਤੋਂ ਬਚਾ ਸਕਦੇ ਸਨ।
*****
ਮੁਜ਼ਮਿਲ ਭੱਟ, ਸ਼੍ਰੀਨਗਰ, ਜੰਮੂ ਤੇ ਕਸ਼ਮੀਰ
ਜਿਗਰ ਦੇਦ ਦੀ ਇਹ ਤਸਵੀਰ ਮੇਰੀ ਕਹਾਣੀ ਜਿਗਰ ਦੇਦ ਦੇ ਦੁੱਖੜੇ ਲਈ ਵਿਸ਼ੇਸ਼ ਮਹੱਤਵ ਰੱਖਦੀ ਹੈ, ਕਿਉਂਕਿ ਇਹ ਸਾਨੂੰ ਉਨ੍ਹਾਂ ਦੀ ਜ਼ਿੰਦਗੀ ਬਾਰੇ ਬਹੁਤ ਕੁਝ ਦੱਸਦੀ ਹੈ।
ਮੈਨੂੰ ਜਿਗਰ ਦਾਦ ਬਾਰੇ ਇੱਕ ਸਥਾਨਕ ਅਖ਼ਬਾਰ ਤੋਂ ਪਤਾ ਲੱਗਾ ਜਿਸ ਨੇ ਕੋਵਿਡ -19 ਮਹਾਂਮਾਰੀ ਦੌਰਾਨ ਉਨ੍ਹਾਂ ਦੇ ਸੰਘਰਸ਼ ਦੀ ਕਹਾਣੀ ਪ੍ਰਕਾਸ਼ਤ ਕੀਤੀ ਸੀ। ਮੈਂ ਉਸ ਨੂੰ ਮਿਲ਼ਣ ਅਤੇ ਉਸ ਦੀ ਕਹਾਣੀ ਜਾਣਨ ਲਈ ਉਤਸੁਕ ਸੀ।
ਜਦੋਂ ਮੈਂ ਡਲ ਝੀਲ 'ਤੇ ਉਸ ਦੀ ਹਾਊਸਬੋਟ 'ਤੇ ਪਹੁੰਚਿਆ, ਤਾਂ ਉਹ ਡੂੰਘੀ ਸੋਚ ਵਿੱਚ ਡੁੱਬੀ ਇੱਕ ਕੋਨੇ ਵਿੱਚ ਬੈਠੀ ਸੀ। ਅਗਲੇ 8-10 ਦਿਨਾਂ ਤੱਕ ਮੈਂ ਉਨ੍ਹਾਂ ਨੂੰ ਮਿਲਣ ਜਾਂਦਾ ਰਿਹਾ। ਉਨ੍ਹਾਂ ਨੇ ਮੈਨੂੰ ਪਿਛਲੇ 30 ਸਾਲਾਂ ਦੇ ਆਪਣੇ ਸੰਘਰਸ਼ ਬਾਰੇ ਦੱਸਿਆ।
ਉਨ੍ਹਾਂ ਦੀ ਕਹਾਣੀ ਲਿਖਣ ਵੇਲ਼ੇ ਮੈਨੂੰ ਸਭ ਤੋਂ ਵੱਡੀ ਚੁਣੌਤੀ ਦਾ ਸਾਹਮਣਾ ਕਰਨਾ ਪਿਆ ਕਿ ਮੈਨੂੰ ਲਗਾਤਾਰ ਚੀਜ਼ਾਂ ਨੂੰ ਦੁਹਰਾਉਣਾ ਪਿਆ ਕਿਉਂਕਿ ਉਹ ਡਿਮੇਨਸ਼ੀਆ ਦੀ ਮਰੀਜ਼ ਸਨ। ਉਨ੍ਹਾਂ ਲਈ ਚੀਜ਼ਾਂ ਨੂੰ ਯਾਦ ਰੱਖਣਾ ਅਤੇ ਕਈ ਵਾਰ ਮੈਨੂੰ ਪਛਾਣਨਾ ਵੀ ਮੁਸ਼ਕਲ ਸੀ।
ਇਹ ਮੇਰੀ ਮਨਪਸੰਦ ਤਸਵੀਰ ਹੈ, ਕਿਉਂਕਿ ਇਸ ਅੰਦਰ ਉਨ੍ਹਾਂ ਦੇ ਚਿਹਰੇ ਦੀਆਂ ਝੁਰੜੀਆਂ ਕੈਦ ਹੋ ਗਈਆਂ। ਮੈਨੂੰ ਲੱਗਦਾ ਹੈ ਕਿ ਹਰ ਝੁਰੜੀ ਆਪਣੀ ਕਹਾਣੀ ਦੱਸਦੀ ਹੈ।
*****
ਪਲਾਨੀ ਕੁਮਾਰ, ਤਿਰੂਵੱਲੂਰ, ਤਮਿਲਨਾਡੂ
ਗੋਵਿੰਦਮਾ 'ਤੇ ਰਿਪੋਰਟਿੰਗ ਇੱਕ ਲੰਬੇ ਸਮੇਂ ਤੱਕ ਚੱਲਣ ਵਾਲ਼ਾ ਪ੍ਰੋਜੈਕਟ ਸੀ। ਮੈਂ ਉਨ੍ਹਾਂ ਨਾਲ਼ 2-3 ਸਾਲ ਤੱਕ ਗੱਲ ਕੀਤੀ, ਤਾਲਾਬੰਦੀ ਤੋਂ ਪਹਿਲਾਂ ਅਤੇ ਉਹਦੇ ਬਾਅਦ। ਮੈਂ ਉਨ੍ਹਾਂ ਦੇ ਪਰਿਵਾਰ ਦੀਆਂ ਤਿੰਨ ਪੀੜ੍ਹੀਆਂ-ਗੋਵਿੰਦਮਾ, ਉਨ੍ਹਾਂ ਦੀ ਮਾਂ, ਉਨ੍ਹਾਂ ਦੇ ਬੇਟੇ ਤੇ ਉਨ੍ਹਾਂ ਦੀ ਪੋਤੀ ਦੀਆਂ ਤਸਵੀਰਾਂ ਖਿੱਚੀਆਂ।
ਜਦੋਂ ਮੇਰੀ ਕਹਾਣੀ ਗੋਵਿੰਦੱਮਾ: ‘ਮੈਂ ਤਾਉਮਰ ਪਾਣੀ ਅੰਦਰ ਹੀ ਗੁਜ਼ਾਰ ਦਿੱਤੀ’ ਪ੍ਰਕਾਸ਼ਤ ਹੋਈ ਸੀ, ਤਾਂ ਲੋਕਾਂ ਨੇ ਇਸ ਨੂੰ ਚੰਗੀ ਤਰ੍ਹਾਂ ਸਾਂਝਾ ਕੀਤਾ ਸੀ ਕਿਉਂਕਿ ਇਹ ਉੱਤਰੀ ਚੇਨਈ ਵਿੱਚ ਵਾਤਾਵਰਣ ਦੇ ਮੁੱਦਿਆਂ ਬਾਰੇ ਲਿਖੀ ਗਈ ਸੀ।
ਤਿਰੂਵੱਲੂਵਰ ਕੁਲੈਕਟਰ ਨੇ ਲੀਜ਼ (ਜ਼ਮੀਨ ਦੀ ਮਾਲਕੀ ਦੇ ਦਸਤਾਵੇਜ਼) ਸੌਂਪੇ ਅਤੇ ਲੋਕਾਂ ਨੂੰ ਪੈਨਸ਼ਨਾਂ ਦਿੱਤੀਆਂ ਗਈਆਂ। ਨਾਲ਼ ਹੀ ਉਨ੍ਹਾਂ ਲਈ ਨਵੇਂ ਮਕਾਨ ਵੀ ਬਣਾਏ ਗਏ। ਇਸ ਲਈ ਕਹਾਣੀ ਦੀ ਇਹ ਫ਼ੋਟੋ ਮੇਰੇ ਲਈ ਖ਼ਾਸ ਹੈ। ਇਸ ਤੋਂ ਬਾਅਦ ਮਾਮਲਾ ਆਪਣੇ ਸਿੱਟੇ 'ਤੇ ਪਹੁੰਚ ਗਿਆ।
ਤੁਸੀਂ ਕਹਿ ਸਕਦੇ ਹੋ ਕਿ ਇਹ ਮੇਰੇ ਲਈ ਜ਼ਿੰਦਗੀ ਬਦਲਣ ਵਾਲੀ ਤਸਵੀਰ ਹੈ।
*****
ਪੁਰਸ਼ੋਤਮ ਠਾਕੁਰ , ਰਾਇਗੜਾ, ਓੜੀਸਾ
ਮੈਂ ਇਸ ਛੋਟੀ ਕੁੜੀ ਟੀਨਾ ਨੂੰ ਮਿਲਿਆ ਜਦੋਂ ਮੈਂ A wedding in Niyamgiri ਦੀ ਆਪਣੀ ਕਹਾਣੀ ਦੀ ਰਿਪੋਰਟ ਕਰ ਰਿਹਾ ਸਾਂ। ਉਹ ਵਿਆਹ ਵਿੱਚ ਸ਼ਾਮਲ ਹੋਣ ਲਈ ਆਈ ਸੀ। ਜਦੋਂ ਮੈਂ ਇਹ ਫ਼ੋਟੋ ਖਿੱਚੀ ਤਾਂ ਉਹ ਆਪਣੇ ਪਿਤਾ ਨਾਲ਼ ਕੱਚੇ ਘਰ ਦੇ ਬਰਾਂਡੇ ਦੇ ਸਾਹਮਣੇ ਖੜ੍ਹੀ ਸੀ।
ਲੜਕੀ ਗੁੜਾਖੂ (ਤੰਬਾਕੂ ਅਤੇ ਗੁੜ ਤੋਂ ਬਣਿਆ ਪੇਸਟ) ਨਾਲ਼ ਆਪਣੇ ਦੰਦਾਂ ਨੂੰ ਸਾਫ਼ ਕਰ ਰਹੀ ਸੀ। ਮੈਨੂੰ ਚੰਗਾ ਲੱਗਿਆ ਕਿ ਉਹ ਫ਼ੋਟੋਆਂ ਖਿਚਵਾਉਣ ਲਈ ਸਹਿਜ ਸੀ।
ਇਹ ਤਸਵੀਰ ਮੈਨੂੰ ਆਦਿਵਾਸੀਆਂ ਦੇ ਦਰਸ਼ਨ ਦੀ ਵੀ ਯਾਦ ਦਿਵਾਉਂਦੀ ਹੈ। ਇਹ ਆਪਣੀ ਜ਼ਮੀਨ ਅਤੇ ਨਿਆਮਗਿਰੀ ਪਹਾੜੀ ਦੇ ਨਾਲ਼-ਨਾਲ਼ ਉਨ੍ਹਾਂ ਦੇ ਆਲ਼ੇ-ਦੁਆਲ਼ੇ ਦੀ ਜੈਵ ਵਿਭਿੰਨਤਾ ਨੂੰ ਬਚਾਉਣ ਲਈ ਉਨ੍ਹਾਂ ਦੇ ਸੰਘਰਸ਼ ਨੂੰ ਦਰਸਾਉਂਦਾ ਹੈ, ਜਿਸ 'ਤੇ ਉਹ ਆਪਣੇ ਸਮਾਜਿਕ-ਸੱਭਿਆਚਾਰਕ ਅਤੇ ਆਰਥਿਕ ਜੀਵਨ ਲਈ ਨਿਰਭਰ ਕਰਦੇ ਹਨ।
ਉਨ੍ਹਾਂ ਦਾ ਦਰਸ਼ਨ ਦੁਨੀਆ ਨੂੰ ਸੰਦੇਸ਼ ਹੈ ਕਿ ਮਨੁੱਖੀ ਸਭਿਅਤਾ ਲਈ ਕੁਦਰਤੀ ਸਰੋਤਾਂ ਦੀ ਸੰਭਾਲ਼ ਕਿੰਨੀ ਮਹੱਤਵਪੂਰਨ ਹੈ।
*****
ਰਾਹੁਲ ਐੱਮ, ਪੂਰਬੀ ਗੋਦਾਵਰੀ, ਆਂਧਰਾ ਪ੍ਰਦੇਸ਼
ਮੈਂ ਇਹ ਤਸਵੀਰ 2019 ਵਿੱਚ ਆਪਣੀ ਕਹਾਣੀ 'ਹਾਏ, ਉਹ ਘਰ? ਉਹ ਤਾਂ ਹੁਣ ਸਮੁੰਦਰ ਦੇ ਅੰਦਰ ਹੈ-ਕਿਤੇ!' ਲਈ ਖਿੱਚੀ ਸੀ'। ਮੈਂ ਯਾਦ ਕਰਨਾ ਚਾਹੁੰਦਾ ਸੀ ਕਿ ਉੱਪੜਾ ਵਿੱਚ ਮਛੇਰਿਆਂ ਦੀ ਕਲੋਨੀ ਕਦੇ ਕਿਹੋ ਜਿਹੀ ਦਿਖਾਈ ਦਿੰਦੀ ਸੀ।
ਜਲਵਾਯੂ ਪਰਿਵਰਤਨ ਬਾਰੇ ਕਹਾਣੀਆਂ ਦੀ ਭਾਲ਼ ਕਰਦਿਆਂ, ਮੈਨੂੰ ਅਹਿਸਾਸ ਹੋਇਆ ਕਿ ਬਹੁਤ ਸਾਰੇ ਪਿੰਡ ਪਹਿਲਾਂ ਹੀ ਸਮੁੰਦਰ ਦੇ ਵਧਦੇ ਪੱਧਰ ਨਾਲ਼ ਪ੍ਰਭਾਵਿਤ ਹੋਏ ਹਨ। ਫ਼ੋਟੋ ਦੇ ਖੱਬੇ ਪਾਸੇ ਢਾਹੀ ਗਈ ਇਮਾਰਤ ਮੈਨੂੰ ਅੰਦਰ ਖਿੱਚਦੀ ਸੀ ਅਤੇ ਹੌਲ਼ੀ-ਹੌਲ਼ੀ ਇਹ ਮੇਰੀ ਫ਼ੋਟੋ ਅਤੇ ਕਹਾਣੀ ਦਾ ਵਿਸ਼ਾ ਬਣ ਗਈ।
ਇੱਕ ਸਮੇਂ ਇਸ ਇਮਾਰਤ ਵਿੱਚ ਬਹੁਤ ਸ਼ੋਰਗੁਲ ਰਹਿੰਦਾ ਸੀ। ਪਰਿਵਾਰ ਜੋ 50 ਸਾਲ ਪਹਿਲਾਂ ਇਮਾਰਤ ਵਿੱਚ ਆਇਆ ਸੀ, ਹੁਣ ਇਸ ਦੇ ਨਾਲ਼ ਵਾਲੀ ਸੜਕ 'ਤੇ ਪਹੁੰਚ ਗਿਆ ਹੈ। ਉੱਪੜਾ ਵਿੱਚ ਲਗਭਗ ਹਰ ਚੀਜ਼ ਜੋ ਪੁਰਾਣੀ ਸੀ, ਸਮੁੰਦਰ ਅੰਦਰ ਰੁੜ੍ਹ ਗਈ ਸੀ।
ਮੈਂ ਸੋਚਿਆ ਕਿ ਅਗਲੀ ਵਾਰੀ ਇਸੇ ਇਮਾਰਤ ਦੀ ਹੋਵੇਗੀ ਤੇ ਕਈ ਲੋਕਾਂ ਨੇ ਮੈਨੂੰ ਇਹੀ ਕਿਹਾ ਸੀ। ਇਸ ਲਈ ਮੈਂ ਇਮਾਰਤ ਨੂੰ ਦੇਖਣ ਜਾਂਦਾ ਰਿਹਾ, ਇਸ ਦੀਆਂ ਤਸਵੀਰਾਂ ਖਿੱਚਦਾ ਰਿਹਾ ਅਤੇ ਲੋਕਾਂ ਨਾਲ਼ ਇਸ ਬਾਰੇ ਗੱਲ ਕਰਦਾ ਰਿਹਾ। ਅਤੇ ਆਖਰਕਾਰ 2020 ਵਿੱਚ, ਸਮੁੰਦਰ ਇਮਾਰਤ ਤੱਕ ਪਹੁੰਚ ਹੀ ਗਿਆ। ਇਹ ਮੇਰੀ ਕਲਪਨਾ ਨਾਲ਼ੋਂ ਵੀ ਕਿਤੇ ਤੇਜ਼ੀ ਨਾਲ਼ ਵਾਪਰਿਆ।
*****
ਰਿਤਾਇਨ ਮੁਖਰਜੀ, ਦੱਖਣ 24 ਪਰਗਨਾ, ਪੱਛਮੀ ਬੰਗਾਲ
ਮੇਰੀ ਕਹਾਣੀ ਸੁੰਦਰਬਨ ਵਿੱਚ ਬਾਘ ਦੇ ਸਾਏ ਵਿੱਚ ਵਿਆਹ ਸਮਾਗਮ ਵਿੱਚ ਵਿਆਹ ਵਿੱਚ ਨਿਤਿਆਨੰਦ ਸਰਕਾਰ ਦੇ ਹੁਨਰ ਨੇ ਵਿਆਹ ਵਿੱਚ ਮਹਿਮਾਨਾਂ ਨੂੰ ਖੁਸ਼ ਕੀਤਾ ਅਤੇ ਮੈਂ ਚਾਹੁੰਦਾ ਸੀ ਕਿ ਮੇਰੀਆਂ ਤਸਵੀਰਾਂ ਇਸ ਨੂੰ ਰਿਕਾਰਡ ਕਰਨ।
ਰਜਤ ਜੁਬਲੀ ਪਿੰਡ ਦਾ ਪਰਿਵਾਰ ਦੁਲਹਨ ਦੇ ਪਿਤਾ ਅਰਜੁਨ ਮੰਡਲ ਦੀਆਂ ਯਾਦਾਂ ਦੇ ਨਾਲ਼, ਵਿਆਹ ਦਾ ਜਸ਼ਨ ਮਨਾ ਰਿਹਾ ਹੈ, ਜਿਨ੍ਹਾਂ ਦੀ 2019 ਵਿੱਚ ਗੰਗਾ ਡੈਲਟਾ ਵਿੱਚ ਸ਼ੇਰ ਦੇ ਹਮਲੇ ਵਿੱਚ ਮੌਤ ਹੋ ਗਈ ਸੀ ਅਤੇ ਇਸ ਘਟਨਾ ਨੇ ਪਰਿਵਾਰ ਨੂੰ ਸੋਗ ਵਿੱਚ ਪਾ ਦਿੱਤਾ ਸੀ।
ਕਿਸਾਨ ਅਤੇ ਕਲਾਕਾਰ ਨਿਤਿਆਨੰਦ ਇੱਥੇ ਝੁਮੂਰ ਗੀਤ, ਮਾਂ ਬਨਬੀਬੀ ਨਾਟਕ ਅਤੇ ਪਾਲ ਗਾਨ ਵਰਗੀਆਂ ਲੋਕ ਕਲਾਵਾਂ ਪੇਸ਼ ਕਰ ਰਹੇ ਹਨ। 53 ਸਾਲਾ ਕਿਸਾਨ ਅਤੇ ਪਾਲ ਗਾਨ ਕਲਾਕਾਰ ਪਿਛਲੇ 25 ਸਾਲਾਂ ਤੋਂ ਇਸ ਕਲਾ ਦਾ ਅਭਿਆਸ ਕਰ ਰਹੇ ਹਨ। ਉਹ ਵੱਖ-ਵੱਖ ਸ਼ੋਅ ਲਈ ਇੱਕ ਤੋਂ ਵੱਧ ਟੀਮਾਂ ਨਾਲ਼ ਕੰਮ ਕਰਦੇ ਹਨ।
*****
ਰੀਆ ਬਹਿਲ, ਮੁੰਬਈ, ਮਹਾਰਾਸ਼ਟਰ
2021 ਵਿੱਚ, ਮਹਾਰਾਸ਼ਟਰ ਭਰ ਦੇ ਹਜ਼ਾਰਾਂ ਕਿਸਾਨ 24 ਜਨਵਰੀ 2021 ਨੂੰ ਸੰਯੁਕਤ ਸ਼ੇਤਕਾਰੀ ਕਾਮਗਾਰ ਮੋਰਚਾ ਦੁਆਰਾ ਸੱਦੇ ਗਏ ਦੋ ਰੋਜਾ ਧਰਨੇ ਲਈ ਦੱਖਣੀ ਮੁੰਬਈ ਦੇ ਆਜ਼ਾਦ ਮੈਦਾਨ ਵਿੱਚ ਇਕੱਠੇ ਹੋਏ। ਮੈਂ ਇਸ ਬਾਰੇ ਆਪਣੀ ਕਹਾਣੀ Mumbai farm sit-in: 'Take back the dark laws' ਵਿੱਚ ਲਿਖਿਆ ਹੈ।
ਮੈਂ ਉਸ ਸਵੇਰ ਤੋਂ ਪਹਿਲਾਂ ਇਸ ਇਲਾਕੇ ਵਿੱਚ ਪਹੁੰਚ ਗਈ ਸੀ। ਕਿਸਾਨਾਂ ਦੀਆਂ ਟੁਕੜੀਆਂ ਆਉਣੀਆਂ ਸ਼ੁਰੂ ਹੋ ਗਈਆਂ ਸਨ। ਹਾਲਾਂਕਿ, ਅਸੀਂ ਸਾਰੇ ਪੱਤਰਕਾਰ, ਜੋ ਸਭ ਤੋਂ ਵਧੀਆ ਸ਼ੌਟ ਲੈਣ ਲਈ ਤਿਆਰ ਸੀ, ਇਸ ਬਾਰੇ ਜਾਣਕਾਰੀ ਦੀ ਉਡੀਕ ਕਰ ਰਹੇ ਸੀ ਕਿ ਸ਼ਾਮ ਨੂੰ ਕਿਸਾਨਾਂ ਦਾ ਇੱਕ ਵੱਡਾ ਸਮੂਹ ਕਦੋਂ ਪਹੁੰਚੇਗਾ। ਕੁਝ ਫ਼ੋਟੋਗ੍ਰਾਫਰ ਡਿਵਾਈਡਰ, ਹੋਰ ਵਾਹਨਾਂ ਅਤੇ ਸਾਰੇ ਸੰਭਵ ਬਿੰਦੂਆਂ 'ਤੇ ਖੜ੍ਹੇ ਸਨ, ਜੋ ਉਨ੍ਹਾਂ ਦੇ ਲੈਂਜ਼ ਦੀ ਪਹੁੰਚ 'ਤੇ ਨਿਰਭਰ ਕਰਦਾ ਸੀ। ਹਰ ਕੋਈ ਦੇਖ ਰਿਹਾ ਸੀ ਕਿ ਕਿਸਾਨਾਂ ਦਾ ਸਮੁੰਦਰ ਉਸ ਛੋਟੇ ਜਿਹੇ ਰਸਤੇ 'ਤੇ ਹੜ੍ਹ ਵਾਂਗ ਉੱਠ ਕੇ ਉਸ ਖੇਤ ਵਿੱਚ ਕਦੋਂ ਦਾਖਲ ਹੋਵੇਗਾ।
ਮੈਂ ਪਹਿਲੀ ਵਾਰ ਪਾਰੀ ਲਈ ਇੱਕ ਕਹਾਣੀ ਲਿਖ ਰਿਹਾ ਸੀ। ਮੈਂ ਚੰਗੀ ਤਰ੍ਹਾਂ ਜਾਣਦਾ ਸੀ ਕਿ ਤਸਵੀਰ ਪ੍ਰਾਪਤ ਕਰਨ ਵਿੱਚ 5 ਮਿੰਟ ਤੋਂ ਵੀ ਘੱਟ ਸਮਾਂ ਲੱਗਿਆ ਜੋ ਛਾਪਣ ਯੋਗ ਹੁੰਦੀ। ਆਪਣੇ ਆਪ ਨੂੰ ਸਹੀ ਜਗ੍ਹਾ 'ਤੇ ਰੱਖਣਾ ਮਹੱਤਵਪੂਰਨ ਸੀ। ਪਰ ਇਹ ਬਹੁਤ ਮੁਸ਼ਕਲ ਨਹੀਂ ਸੀ, ਕਿਉਂਕਿ ਸਾਡੇ ਸਾਹਮਣੇ, ਛਤਰਪਤੀ ਸ਼ਿਵਾਜੀ ਟਰਮੀਨਸ, ਇਤਿਹਾਸਕ ਰੇਲਵੇ ਟਰਮੀਨਸ, ਚਮਕਦਾਰ ਪੀਲ਼ੇ, ਨੀਲੇ ਅਤੇ ਹਰੇ ਰੰਗ ਵਿੱਚ ਲਿਸ਼ਕਾਂ ਮਾਰ ਰਿਹਾ ਸੀ। ਮੈਨੂੰ ਪਤਾ ਸੀ ਕਿ ਇਹੀ ਮੇਰਾ ਪਿੱਠਭੂਮੀ ਰਹੇਗੀ।
ਅਚਾਨਕ ਸੜਕ ਕਿਸਾਨਾਂ ਨਾਲ਼ ਭਰ ਗਈ, ਜੋ ਤੇਜ਼ੀ ਨਾਲ਼ ਮੇਰੇ ਕੋਲੋਂ ਲੰਘ ਰਹੇ ਸਨ। ਉਨ੍ਹਾਂ ਵਿੱਚੋਂ ਕਈਆਂ ਨੇ ਏਆਈਕੇਐੱਸਐੱਸ ਦੀਆਂ ਲਾਲ ਟੋਪੀਆਂ ਪਹਿਨੀਆਂ ਹੋਈਆਂ ਸਨ। ਇਹ ਮੇਰੀ ਮਨਪਸੰਦ ਤਸਵੀਰ ਹੈ, ਕਿਉਂਕਿ ਇਹ ਦੋ ਜਵਾਨ ਔਰਤਾਂ ਵਿੱਚਕਾਰ ਇੱਕ ਪਲ ਦੇ ਰੁਕਣ ਨੂੰ ਸਾਹਮਣੇ ਲਿਆਉਂਦੀ ਹੈ ਜੋ ਸ਼ਾਇਦ ਪਹਿਲੀ ਵਾਰ ਇਸ ਸ਼ਹਿਰ ਵਿੱਚ ਆਈਆਂ ਸਨ ਅਤੇ ਕਿਸੇ ਚੀਜ਼ ਨੂੰ ਨਹਾਰਣ ਦੇ ਇਰਾਦੇ ਨਾਲ਼ ਰੁਕੀਆਂ ਸਨ। ਭਾਰੀ ਬੈਗਾਂ ਅਤੇ ਭੋਜਨ ਨਾਲ਼ ਉਨ੍ਹਾਂ ਨੇ ਸਾਰਾ ਦਿਨ ਯਾਤਰਾ ਕਰਦਿਆਂ ਬਿਤਾਇਆ ਸੀ; ਉਨ੍ਹਾਂ ਦਾ ਰੁਕਣਾ ਕਿਸਾਨਾਂ ਦੇ ਇੱਕ ਵੱਡੇ ਸਮੂਹ ਦੀ ਗਤੀ ਨੂੰ ਹੌਲ਼ੀ ਕਰ ਰਿਹਾ ਸੀ, ਜੋ ਸ਼ਾਇਦ ਯਾਤਰਾ ਤੋਂ ਥੱਕ ਗਏ ਸਨ ਅਤੇ ਜਲਦੀ ਹੀ ਖੇਤ ਵਿੱਚ ਕਿਤੇ ਜਗ੍ਹਾ ਲੈਣਾ ਚਾਹੁੰਦੇ ਸਨ। ਇਨ੍ਹਾਂ ਔਰਤਾਂ ਨੇ ਆਪਣੇ ਲਈ ਇੱਕ ਪਲ ਚੋਰੀ ਕੀਤਾ ਸੀ, ਅਤੇ ਖੁਸ਼ਕਿਸਮਤੀ ਨਾਲ਼ ਮੈਂ ਇਸ ਦਾ ਗਵਾਹ ਬਣ ਗਈ ਸਾਂ।
*****
ਪੀ. ਸਾਈਨਾਥ, ਰਾਇਗੜਾ, ਓੜੀਸਾ
ਤਸਵੀਰ ਭਾਰਤ ਦੀ
ਜ਼ਮੀਨ ਦੇ ਮਾਲਕ ਨੂੰ ਫ਼ੋਟੋ ਖਿਚਵਾਉਣ 'ਤੇ ਮਾਣ ਮਹਿਸੂਸ ਹੋ ਰਿਹਾ ਸੀ। ਉਹ ਆਕੜ ਕੇ ਖੜ੍ਹਾ ਸੀ ਜਦੋਂ ਕਿ ਨੌਂ ਖੇਤ ਮਜ਼ਦੂਰ ਔਰਤਾਂ ਦੀ ਕਤਾਰ ਝੁਕੀ ਹੋਈ ਉਸਦੇ ਖੇਤ ਵਿੱਚ ਪਨੀਰੀ ਲਾਉਣ ਦਾ ਕੰਮ ਕਰ ਰਹੀ ਸੀ। ਉਹ ਉਨ੍ਹਾਂ ਨੂੰ ਇੱਕ ਦਿਨ ਦੇ ਕੰਮ ਲਈ ਘੱਟੋ ਘੱਟ ਤਨਖਾਹ ਤੋਂ 60 ਪ੍ਰਤੀਸ਼ਤ ਘੱਟ ਤਨਖਾਹ ਦੇ ਰਿਹਾ ਸੀ।
2001 ਦੀ ਮਰਦਮਸ਼ੁਮਾਰੀ ਹੁਣੇ-ਹੁਣੇ ਖ਼ਤਮ ਹੋਈ ਸੀ ਅਤੇ ਭਾਰਤ ਦੀ ਆਬਾਦੀ ਪਹਿਲੀ ਵਾਰ ਨੌਂ ਅੰਕਾਂ ਵਿੱਚ ਦਰਜ ਕੀਤੀ ਗਈ ਸੀ ਅਤੇ ਇੱਥੇ ਅਸੀਂ ਭਾਰਤ ਦੀਆਂ ਬਹੁਤ ਸਾਰੀਆਂ ਹਕੀਕਤਾਂ ‘ਤੇ ਇੱਕ ਨਜ਼ਰ ਮਾਰ ਰਹੇ ਸੀ।
ਮਰਦ ਜ਼ਿਮੀਂਦਾਰ ਆਕੜ ਕੇ ਖੜ੍ਹਾ ਸੀ। ਔਰਤਾਂ ਖੇਤਾਂ ਵਿੱਚ ਝੁਕੀਆਂ ਹੋਈਆਂ ਸਨ। 10 ਫੀਸਦੀ ਦੀ ਅਬਾਦੀ ਵਾਲ਼ਾ ਆਕੜ ਅਤੇ ਆਤਮ-ਵਿਸ਼ਵਾਸ ਨਾਲ਼ ਖੜ੍ਹਾ ਸੀ, ਜਦੋਂ ਕਿ 90 ਫੀਸਦੀ ਆਬਾਦੀ ਵਾਲ਼ੇ ਲੋਕ ਝੁਕੇ ਹੋਏ ਸਨ।
ਲੈਂਜ਼ ਦੇ ਨਜ਼ਰੀਏ ਤੋਂ ਦੇਖੀਏ ਤਾਂ ਲੱਗਦਾ ਸੀ ਕਿ '1' ਤੋਂ ਬਾਅਦ 9 ਜ਼ੀਰੋ ਲੱਗੇ ਹੋਏ ਸਨ। ਜੋ 1 ਅਰਬ ਦੇ ਬਰਾਬਰ ਹੋਇਆ, ਭਾਵ ਕਿ ਭਾਰਤ ਹੋਇਆ।
*****
ਸੰਕੇਤ ਜੈਨ, ਕੋਲ੍ਹਾਪੁਰ, ਮਹਾਰਾਸ਼ਟਰ
ਇਹ ਤਸਵੀਰ ਮੇਰੀ ਕਹਾਣੀ ਕੋਲ੍ਹਾਪੁਰ ਦੇ ਭਲਵਾਨਾਂ ਲਈ ਘੱਟਦਾ ਭਾਰ ਬਣਿਆ ਸਮੱਸਿਆ ਦੀ ਹੈ।
ਕਿਸੇ ਵੀ ਮੈਚ ਜਾਂ ਟ੍ਰੇਨਿੰਗ ਸੈਸ਼ਨ ਦੌਰਾਨ ਭਲਵਾਨ ਬਹੁਤ ਧਿਆਨ ਨਾਲ਼ ਖੇਡਦੇ ਹਨ। ਉਹ ਆਪਣੇ ਵਿਰੋਧੀ ਦੀਆਂ ਚਾਲਾਂ 'ਤੇ ਨਜ਼ਰ ਰੱਖਦੇ ਹਨ ਅਤੇ ਇੱਕ ਸਕਿੰਟ ਦੇ ਅੰਦਰ ਫ਼ੈਸਲਾ ਕਰਦੇ ਹਨ ਕਿ ਬਚਾਅ ਜਾਂ ਹਮਲਾ ਕਿਵੇਂ ਕਰਨਾ ਹੈ।
ਹਾਲਾਂਕਿ ਇਸ ਫ਼ੋਟੋ 'ਚ ਭਲਵਾਨ ਸਚਿਨ ਸਾਲੂੰਕੇ ਗੁਆਚਿਆ ਅਤੇ ਪਰੇਸ਼ਾਨ ਨਜ਼ਰ ਆ ਰਿਹਾ ਹੈ। ਵਾਰ-ਵਾਰ ਆਏ ਹੜ੍ਹਾਂ ਅਤੇ ਕੋਵਿਡ ਨੇ ਪੇਂਡੂ ਭਲਵਾਨਾਂ ਦੀ ਜ਼ਿੰਦਗੀ ਤਬਾਹ ਕਰ ਦਿੱਤੀ, ਜਿਸ ਕਾਰਨ ਉਨ੍ਹਾਂ ਨੂੰ ਛੋਟੀਆਂ-ਮੋਟੀਆਂ ਨੌਕਰੀਆਂ ਲੱਭਣ ਜਾਂ ਖੇਤ ਮਜ਼ਦੂਰੀ ਕਰਨ ਲਈ ਮਜਬੂਰ ਹੋਣਾ ਪਿਆ। ਇਸ ਦਾ ਅਸਰ ਇੰਨਾ ਜ਼ਬਰਦਸਤ ਸੀ ਕਿ ਕੁਸ਼ਤੀ 'ਚ ਵਾਪਸੀ ਦੀ ਕੋਸ਼ਿਸ਼ ਕਰਨ ਦੇ ਬਾਵਜੂਦ ਸਚਿਨ ਦਾ ਧਿਆਨ ਉੱਥੇ ਨਹੀਂ ਗਿਆ।
ਇਸ ਤਰ੍ਹਾਂ ਫ਼ੋਟੋ ਖਿੱਚੀ ਗਈ ਸੀ, ਜਿਸ ਵਿੱਚ ਭਲਵਾਨਾਂ ਨੂੰ ਉਨ੍ਹਾਂ ਦੀ ਚਿੰਤਾ ਦੀ ਸਥਿਤੀ ਵਿੱਚ ਦਿਖਾਇਆ ਗਿਆ ਸੀ ਅਤੇ ਵੱਧਦੀਆਂ ਜਲਵਾਯੂ ਆਫ਼ਤਾਂ ਕਾਰਨ ਸਥਿਤੀ ਹੋਰ ਚੁਣੌਤੀਪੂਰਨ ਹੁੰਦੀ ਜਾ ਰਹੀ ਹੈ।
*****
ਐੱਸ. ਸੈਂਥਾਲੀਰ , ਹਾਵੇਰੀ, ਕਰਨਾਟਕ
ਪਹਿਲੀ ਵਾਰ ਮੈਂ ਹਾਵੇਰੀ ਜ਼ਿਲ੍ਹੇ ਦੇ ਕੋਨਤਾਲੇ ਪਿੰਡ ਵਿੱਚ ਰਤਨਾਵ ਦੇ ਘਰ ਗਈ ਉਦੋਂ ਫ਼ਸਲ ਵਾਢੀ ਨੂੰ ਤਿਆਰ ਸੀ। ਰਤਨਾਵਵ ਟਮਾਟਰ ਚੁੱਗ ਰਹੀ ਸਨ, ਜਿਨ੍ਹਾਂ ਨੂੰ ਬੀਜ ਕੱਢਣ ਲਈ ਕੁਚਲਿਆ ਜਾਂਦਾ ਸੀ। ਇਨ੍ਹਾਂ ਬੀਜਾਂ ਨੂੰ ਸੁਕਾ ਕੇ ਜ਼ਿਲ੍ਹਾ ਹੈੱਡਕੁਆਰਟਰ ਦੀਆਂ ਵੱਡੀਆਂ ਬੀਜ ਉਤਪਾਦਕ ਕੰਪਨੀਆਂ ਨੂੰ ਭੇਜਿਆ ਜਾਂਦਾ ਸੀ।
ਮੈਨੂੰ ਉਸ ਮੌਸਮ ਲਈ ਤਿੰਨ ਮਹੀਨੇ ਹੋਰ ਉਡੀਕ ਕਰਨੀ ਪਈ ਜਦੋਂ ਅਸਲ ਵਿੱਚ ਹੱਥੀਂ ਪਰਾਗਣ ਸ਼ੁਰੂ ਹੁੰਦਾ ਹੈ। ਔਰਤਾਂ ਫੁੱਲਾਂ ਨੂੰ ਪਰਾਗਣ ਕਰਨ ਲਈ ਸਵੇਰੇ ਜਲਦੀ ਕੰਮ ਕਰਨਾ ਸ਼ੁਰੂ ਕਰ ਦਿੰਦੀਆਂ ਸਨ।
ਮੈਂ ਉਨ੍ਹਾਂ ਦੇ ਨਾਲ਼ ਖੇਤਾਂ ਵਿੱਚ ਜਾਂਦੀ ਸਾਂ ਅਤੇ ਉਨ੍ਹਾਂ ਦੇ ਕੰਮ ਨੂੰ ਕੈਮਰੇ ਵਿੱਚ ਕੈਦ ਕਰਨ ਲਈ ਪੌਦਿਆਂ ਦੀਆਂ ਕਤਾਰਾਂ ਵਿੱਚ ਉਨ੍ਹਾਂ ਦੇ ਨਾਲ਼ ਘੰਟੇ ਬਿਤਾਉਂਦੀ ਸੀ। ਮੈਂ ਇਸ ਨੂੰ ਆਪਣੀ ਕਹਾਣੀ ਜ਼ਿੰਦਗੀ ਦੀਆਂ ਉਮੀਦਾਂ ਅਤੇ ਉਮੀਦਾਂ ਦੇ ਬੀਜ਼ਾਂ ਨਾਲ਼ ਭਰਿਆ ਰਤਨੱਵਾ ਦਾ ਜੀਵਨ ਵਿੱਚ ਦਰਜ ਕੀਤਾ ਹੈ।
ਮੈਂ ਕਹਾਣੀ ਨੂੰ ਲੈ ਕੇ ਉਨ੍ਹਾਂ ਦਾ ਵਿਸ਼ਵਾਸ ਜਿੱਤਣ ਲਈ ਛੇ ਮਹੀਨਿਆਂ ਤੋਂ ਲਗਭਗ ਹਰ ਰੋਜ਼ ਰਤਨਾਵ ਦੇ ਘਰ ਜਾਂਦੀ ਰਹੀ ਸੀ।
ਇਹ ਮੇਰੀ ਮਨਪਸੰਦ ਫ਼ੋਟੋਆਂ ਵਿੱਚੋਂ ਇੱਕ ਹੈ, ਕਿਉਂਕਿ ਇਹ ਕੰਮ ਦੌਰਾਨ ਉਨ੍ਹਾਂ ਦੀ ਸਥਿਤੀ ਨੂੰ ਦਰਸਾਉਂਦੀ ਹੈ। ਇਹ ਮੁਦਰਾ ਦੱਸਦੀ ਹੈ ਕਿ ਹਾਈਬ੍ਰਿਡ ਬੀਜ ਬਣਾਉਣ ਵਿੱਚ ਕਿੰਨੀ ਮਿਹਨਤ ਕਰਨੀ ਪੈਂਦੀ ਹੈ ਅਤੇ ਔਰਤਾਂ ਇਨ੍ਹਾਂ ਸਖ਼ਤ ਮਿਹਨਤ ਦੇ ਕੰਮਾਂ ਨੂੰ ਕਿਵੇਂ ਪੂਰਾ ਕਰਦੀਆਂ ਹਨ। ਉਹ ਲਗਾਤਾਰ ਤਿੰਨ ਤੋਂ ਚਾਰ ਘੰਟੇ ਤੋਂ ਵੱਧ ਸਮਾਂ ਬਿਤਾਉਂਦੀਆਂ ਹਨ ਅਤੇ ਹੱਥੀਂ ਫੁੱਲਾਂ ਦਾ ਪਰਾਗਣ ਕਰਨ ਲਈ ਝੁੱਕ ਕੇ ਕੰਮ ਕਰਦੀਆਂ ਹਨ, ਜੋ ਬੀਜ ਉਤਪਾਦਨ ਦਾ ਸਭ ਤੋਂ ਮਹੱਤਵਪੂਰਨ ਹਿੱਸਾ ਹੈ।
*****
ਸ਼੍ਰੀਰੰਗ ਸਵਰਗੇ, ਮੁੰਬਈ, ਮਹਾਰਾਸ਼ਟਰ
' Long March: Blistered feet, unbroken spirit ' ਦੀ ਇਹ ਤਸਵੀਰ ਮੇਰੀ ਪਸੰਦੀਦਾ ਹੈ ਕਿਉਂਕਿ ਇਹ ਵਿਰੋਧ ਮਾਰਚ ਦੇ ਜਨੂੰਨ ਅਤੇ ਕਹਾਣੀ ਨੂੰ ਕੈਪਚਰ ਕਰਦੀ ਹੈ।
ਜਦੋਂ ਨੇਤਾ ਕਿਸਾਨਾਂ ਨੂੰ ਸੰਬੋਧਿਤ ਕਰ ਰਹੇ ਸਨ ਤਾਂ ਮੇਰੀ ਨਜ਼ਰ ਝੰਡਾ ਲਹਿਰਾ ਰਹੇ ਟਰੱਕ 'ਤੇ ਬੈਠੇ ਇਸ ਕਿਸਾਨ 'ਤੇ ਟਿਕੀ ਹੋਈ ਸੀ। ਮੈਂ ਤੁਰੰਤ ਟਰੱਕ ਦੇ ਪਾਰ ਅਤੇ ਮੁੱਖ ਸੜਕ 'ਤੇ ਗਿਆ ਤਾਂ ਜੋ ਫਰੇਮ ਵਿੱਚ ਪਿੱਛੇ ਬੈਠੇ ਕਿਸਾਨਾਂ ਦੇ ਹਜੂਮ ਨੂੰ ਸਮੇਟਿਆ ਜਾ ਸਕੇ, ਕਿਉਂਕਿ ਮੈਂ ਜਾਣਦਾ ਸੀ ਕਿ ਜੇ ਮੈਂ ਲੰਬਾ ਇੰਤਜ਼ਾਰ ਕੀਤਾ, ਤਾਂ ਮੈਨੂੰ ਇਹ ਫਰੇਮ ਨਹੀਂ ਮਿਲੇਗਾ।
ਇਹ ਤਸਵੀਰ ਇਸ ਮਾਰਚ ਦੀ ਭਾਵਨਾ ਨੂੰ ਦਰਸਾਉਂਦੀ ਹੈ। ਇਹ ਪਾਰਥ ਦੀ ਕਹਾਣੀ ਨੂੰ ਚੰਗੀ ਤਰ੍ਹਾਂ ਪੇਸ਼ ਕਰਦੀ ਹੈ ਅਤੇ ਪ੍ਰਦਰਸ਼ਨਕਾਰੀ ਕਿਸਾਨਾਂ ਦੀ ਅਟੁੱਟ ਭਾਵਨਾ ਨੂੰ ਵੀ ਦਰਸਾਉਂਦੀ ਹੈ। ਇਹ ਤਸਵੀਰ ਮਾਰਚ ਦਾ ਇੱਕ ਪ੍ਰਸਿੱਧ ਦ੍ਰਿਸ਼ ਬਣ ਗਈ, ਜਿਸ ਨੂੰ ਬਹੁਤ ਸਾਰੇ ਲੋਕਾਂ ਨੇ ਸਾਂਝਾ ਅਤੇ ਪ੍ਰਕਾਸ਼ਤ ਕੀਤਾ।
*****
ਸ਼ੁਭਰਾ ਦੀਕਸ਼ਿਤ , ਕਾਰਗਿਲ, ਜੰਮੂ ਅਤੇ ਕਸ਼ਮੀਰ
ਤਾਈ ਸੁਰੂ ਵਿੱਚ ਬੋਲੀ ਜਾਣ ਵਾਲ਼ੀ ਭਾਸ਼ਾ ਪੁਰਗੀ ਇੱਥੋਂ ਦੇ ਸਕੂਲ ਵਿੱਚ ਪੜ੍ਹਾਈ-ਲਿਖਾਈ ਦਾ ਮਾਧਿਅਮ ਨਹੀਂ ਹੈ। ਸਕੂਲ ਵਿੱਚ ਪੜ੍ਹਾਈ ਜਾਣ ਵਾਲ਼ੀਆਂ ਭਾਸ਼ਾਵਾਂ ਅੰਗਰੇਜੀ ਤੇ ਉਰਦੂ ਹਨ। ਇਹ ਦੋਵੇਂ ਭਾਸ਼ਾਵਾਂ ਬੱਚਿਆਂ ਲਈ ਦੂਸਰੀ ਦੁਨੀਆ ਦੀ ਚੀਜ਼ ਹਨ ਤੇ ਉਨ੍ਹਾਂ ਨੂੰ ਮੁਸ਼ਕਲ ਆਉਂਦੀ ਹੈ। ਅੰਗਰੇਜੀ ਦੀਆਂ ਪਾਠ-ਪੁਸਤਕਾਂ ਤਾਂ ਹੋਰ ਵੀ ਵੱਧ ਔਖੀਆਂ ਹਨ। ਸਿਰਫ਼ ਇਹ ਭਾਸ਼ਾ ਹੀ ਨਹੀਂ, ਸਗੋਂ ਸਟੋਰੀਜ਼ ਵੀ ਰੋਜ਼ਮੱਰਾ ਦੀਆਂ ਚੀਜਾਂ ਦੀਆਂ ਮਿਸਾਲਾਂ ਵੀ ਇਸ ਖੇਤਰ ਦੇ ਲੋਕਾਂ ਦੇ ਜਵੀਨ ਅਨੁਭਵ ਤੋਂ ਕਾਫੀ ਦੂਰ ਦੀਆਂ ਹੁੰਦੀਆਂ ਹਨ।
ਮੇਰੀ ਕਹਾਣੀ ਸੁਰੂ ਘਾਟੀ ਵਿਖੇ ਮੁਰੱਹਮ ਦਾ ਮਹੀਨਾ ਵਿੱਚ ਹਾਜਿਰਾ ਅਤੇ ਬਤੂਲ, ਜੋ ਆਮ ਤੌਰ 'ਤੇ ਆਪਣੀ ਸਕੂਲੀ ਕਿਤਾਬਾਂ ਵਿੱਚ ਬੜੀ ਦਿਲਚਸਪੀ ਨਹੀਂ ਰੱਖਦੀਆਂ, ਸੌਰ-ਮੰਡਲ ਬਾਰੇ ਪੜ੍ਹ ਰਹੀ ਹਨ ਤੇ ਆਪਣੀਆਂ ਕਿਤਾਬਾਂ ਜ਼ਰੀਏ ਗ੍ਰਹਿਆਂ, ਚੰਦ ਤੇ ਸੂਰਜ ਬਾਰ ਜਾਣਨ ਨੂੰ ਉਤਸੁਕ ਹਨ ਤੇ ਉਨ੍ਹਾਂ ਵਿੱਚ ਦਿਲਚਸਪੀ ਰੱਖਦੀਆਂ ਹਨ।
ਇਹ ਤਸਵੀਰ ਮੁਰਹਮ ਦੇ ਮਹੀਨੇ ਦੌਰਾਨ ਲਈ ਗਈ ਸੀ। ਇਸਲਈ ਕੁੜੀਆਂ ਕਾਲ਼ੇ ਕੱਪੜਿਆਂ ਵਿੱਚ ਸਨ ਤੇ ਆਪਣੀ ਪੜ੍ਹਾਈ ਤੋਂ ਬਾਅਦ ਇਕੱਠਿਆਂ ਇਮਾਮਬਾੜੇ ਜਾਣ ਵਾਲ਼ੀਆਂ ਸਨ।
*****
ਸਮਿਤਾ ਤੁਮੁਲੁਰੂ
, ਥਿਰੁਵਲੁਰ, ਤਾਮਿਲਨਾਡੂ
ਕ੍ਰਿਸ਼ਨਨ ਨੇ ਇੱਕ ਰਸਦਾਰ ਫਲ ਖਾਧਾ ਅਤੇ ਮੁਸਕਰਾਇਆ। ਉਸ ਦਾ ਮੂੰਹ ਚਮਕਦਾਰ ਲਾਲ-ਗੁਲਾਬੀ ਹੋ ਗਿਆ ਸੀ। ਇਹ ਦੇਖ ਕੇ ਸਾਰੇ ਬੱਚੇ ਉਤਸ਼ਾਹਿਤ ਹੋ ਗਏ ਅਤੇ ਇਸ ਫਲ ਨੂੰ ਲੱਭਣ ਲਈ ਭੱਜ ਗਏ। ਉਨ੍ਹਾਂ ਨੇ ਮੁੱਠੀ ਭਰ ਨਡੇਲੀ ਪਦਮ ਇਕੱਠੇ ਕੀਤੇ। ਇਹ ਇੱਕ ਅਜਿਹਾ ਫਲ ਹੈ ਜੋ ਬਾਜ਼ਾਰਾਂ ਵਿੱਚ ਨਹੀਂ ਵੇਖਿਆ ਜਾਂਦਾ। ਉਹ ਇਸ ਨੂੰ "ਲਿਪਸਟਿਕ ਫਲ" ਕਹਿ ਰਹੇ ਸਨ। ਅਸੀਂ ਸਾਰਿਆਂ ਨੇ ਕੁਝ ਫਲ ਖਾਧਾ ਅਤੇ ਫਿਰ ਆਪਣੇ ਗੁਲਾਬੀ ਬੁੱਲ੍ਹਾਂ ਨਾਲ਼ ਸੈਲਫੀ ਲਈ।
ਇਹ ਤਸਵੀਰ ਮੇਰੀ ਕਹਾਣੀ Digging up buried treasures in Bangalamedu ਤੋਂ ਲਈ ਗਈ ਹੈ। ਇਹ ਖੁਸ਼ੀ ਦੇ ਪਲ ਨੂੰ ਕੈਪਚਰ ਕਰਦਾ ਹੈ ਜਦੋਂ ਕੁਝ ਇਰੂਲਾ ਆਦਮੀ ਅਤੇ ਬੱਚੇ ਫਲ ਲੱਭਣ ਲਈ ਆਪਣੇ ਪਿੰਡ ਦੇ ਨੇੜੇ ਝਾੜੀਦਾਰ ਜੰਗਲ ਵਿੱਚ ਗਏ ਸਨ।
ਮੇਰੇ ਵਿਚਾਰ ਵਿੱਚ ਪਿੱਛੇ ਕੈਕਟਸ ਅਤੇ ਲੰਬੇ ਘਾਹ ਵਿਚਕਾਰੋਂ ਫਲ ਲੱਭ ਰਹੀ ਬੱਚੀ ਦੇ ਬਗੈਰ ਇਹ ਤਸਵੀਰ ਅਧੂਰੀ ਹੁੰਦੀ। ਇਰੂਲਰ ਭਾਈਚਾਰੇ ਦੇ ਬੱਚੇ ਛੋਟੀ ਉਮਰ ਤੋਂ ਹੀ ਆਪਣੇ ਆਲ਼ੇ-ਦੁਆਲ਼ੇ ਦੇ ਜੰਗਲਾਂ ਦੀ ਡੂੰਘੀ ਸਮਝ ਵਿਕਸਿਤ ਕਰਦੇ ਹਨ। ਇਹ ਕਹਾਣੀ ਵੀ ਇਸੇ ਬਾਰੇ ਹੈ।
"ਲਿਪਸਟਿਕ ਫਲ" ਖਾਣ ਦਾ ਇਹ ਪਲ ਇਰੂਲਾ ਲੋਕਾਂ ਨਾਲ਼ ਜੁੜੇ ਮੇਰੇ ਤਜ਼ਰਬਿਆਂ ਦਾ ਇੱਕ ਯਾਦਗਾਰੀ ਹਿੱਸਾ ਰਹੇਗਾ।
*****
ਸ਼ਵੇਤਾ ਡਾਗਾ, ਉਦੈਪੁਰ, ਰਾਜਸਥਾਨ
ਮੈਂ ਸਿਰਫ਼ ਚੰਗੀਆਂ ਤਸਵੀਰਾਂ ਲੈਣਾ ਸਿੱਖ ਹੀ ਰਹੀ ਸਾਂ ਜਦੋਂ ਮੈਂ ਆਪਣੀ ਕਹਾਣੀ The Keepers of the Seeds ਲਈ ਕਈ ਤਸਵੀਰਾਂ ਲਈਆਂ।
ਜਦੋਂ ਮੈਂ ਪਿੱਛੇ ਮੁੜ ਕੇ ਵੇਖਦੀ ਹਾਂ, ਤਾਂ ਮੈਨੂੰ ਲੱਗਦਾ ਹੈ ਕਿ ਮੈਂ ਬਹੁਤ ਸਾਰੀਆਂ ਚੀਜ਼ਾਂ ਨੂੰ ਹੋਰ ਵੱਖਰੇ ਤਰੀਕੇ ਨਾਲ਼ ਕਰ ਸਕਦੀ ਸਾਂ, ਪਰ ਇਹ ਯਾਤਰਾ ਹੈ। ਤੁਸੀਂ ਗਲਤੀਆਂ ਤੋਂ ਬਿਨਾਂ ਸਿੱਖ ਹੀ ਨਹੀਂ ਸਕਦੇ।
ਚਮਨੀ ਮੀਨਾ ਦੀ ਮੁਸਕਰਾਉਂਦੀ ਤਸਵੀਰ ਬਹੁਤ ਆਕਰਸ਼ਕ ਹੈ। ਮੈਂ ਖੁਸ਼ਕਿਸਮਤ ਹਾਂ ਕਿ ਮੈਂ ਉਨ੍ਹਾਂ ਦੇ ਮੁਸਕਰਾਉਂਦੇ ਚਿਹਰੇ ਦੀ ਤਸਵੀਰ ਖਿੱਚ ਪਾਈ!
*****
ਉਮੇਸ਼ ਸੋਲਾਂਕੀ , ਦਹੇਜ, ਗੁਜਰਾਤ
ਇਹ ਅਪ੍ਰੈਲ 2023 ਦੀ ਸ਼ੁਰੂਆਤ ਸੀ। ਮੈਂ ਗੁਜਰਾਤ ਦੇ ਦਾਹੋਦ ਜ਼ਿਲ੍ਹੇ ਦੇ ਖਰਸਾਨਾ ਪਿੰਡ ਵਿੱਚ ਸੀ। ਇੱਕ ਹਫ਼ਤਾ ਪਹਿਲਾਂ ਇੱਥੇ ਸੀਵਰੇਜ ਚੈਂਬਰ ਦੀ ਸਫਾਈ ਕਰਦੇ ਸਮੇਂ ਜ਼ਹਿਰੀਲੀ ਗੈਸ ਦੀ ਲਪੇਟ 'ਚ ਆਉਣ ਨਾਲ਼ ਪੰਜ ਕਬਾਇਲੀ ਲੜਕਿਆਂ 'ਚੋਂ ਤਿੰਨ ਦੀ ਦਮ ਘੁੱਟਣ ਨਾਲ਼ ਮੌਤ ਹੋ ਗਈ ਸੀ। ਮੈਨੂੰ ਆਪਣੀ ਕਹਾਣੀ ਗੁਜਰਾਤ: ਸੀਵਰ ਸਾਫ਼ ਕਰਨਾ ਬਣਿਆ ਮੌਤ ਦਾ ਦੂਜਾ ਨਾਮ 'ਤੇ ਕੰਮ ਕਰਨ ਲਈ ਪਰਿਵਾਰਾਂ ਅਤੇ ਬਚੇ ਹੋਏ ਲੋਕਾਂ ਨੂੰ ਮਿਲਣਾ ਸੀ।
ਮੈਨੂੰ ਭਾਵੇਸ਼ (20) ਦੇ ਪਰਿਵਾਰ ਨਾਲ਼ ਰਹਿਣਾ ਪਿਆ, ਜੋ 'ਖੁਸ਼ਕਿਸਮਤ' ਸਨ ਕਿ ਉਨ੍ਹਾਂ ਦੀ ਜਾਨ ਬਚ ਗਈ। ਉਨ੍ਹਾਂ ਨੇ ਆਪਣੀਆਂ ਅੱਖਾਂ ਦੇ ਸਾਹਮਣੇ ਤਿੰਨ ਲੋਕਾਂ ਨੂੰ ਮਰਦੇ ਦੇਖਿਆ ਸੀ, ਜਿਨ੍ਹਾਂ ਵਿੱਚ ਉਨ੍ਹਾਂ ਦਾ 24 ਸਾਲਾ ਵੱਡਾ ਭਰਾ ਪਰੇਸ਼ ਵੀ ਸ਼ਾਮਲ ਸੀ। ਕੁਝ ਦੇਰ ਗੱਲ ਕਰਨ ਤੋਂ ਬਾਅਦ ਜਦੋਂ ਮੈਂ ਪਰਿਵਾਰ ਦੇ ਮਰਦਾਂ ਨਾਲ਼ ਘਰ ਵੱਲ ਗਿਆ ਤਾਂ ਮੈਂ ਦੇਖਿਆ ਕਿ ਪਰੇਸ਼ ਕਟਾਰਾ ਦੀ ਮਾਂ ਸਪਨਾ ਬੇਨ ਕੱਚੇ ਘਰ ਦੇ ਬਾਹਰ ਪਈ ਸੀ। ਮੈਨੂੰ ਦੇਖ ਕੇ ਉਹ ਉੱਠੀ ਅਤੇ ਕੰਧ ਨਾਲ਼ ਢੋਅ ਲਾ ਕੇ ਬੈਠ ਗਈ। ਮੈਂ ਪੁੱਛਿਆ ਕਿ ਕੀ ਮੈਂ ਇੱਕ ਤਸਵੀਰ ਲੈ ਸਕਦਾ ਹਾਂ। ਉਨ੍ਹਾਂ ਨੇ ਹੌਲੀ ਜਿਹੇ ਸਿਰ ਹਿਲਾਇਆ।
ਕੈਮਰੇ ਵੱਲ ਸਿੱਧਾ ਤੱਕਦੀਆਂ ਉਨ੍ਹਾਂ ਦੀਆਂ ਅੱਖਾਂ ਵਿੱਚ ਅੰਤਾਂ ਦੀ ਉਦਾਸੀ, ਅਸੁਰੱਖਿਆ ਅਤੇ ਗੁੱਸੇ ਦੀ ਭਾਵਨਾ ਸੀ। ਉਨ੍ਹਾਂ ਦੇ ਪਿੱਛੇ ਫੈਲਿਆ ਪੀਲਾ ਰੰਗ ਉਨ੍ਹਾਂ ਦੇ ਮਨ ਦੀ ਨਾਜ਼ੁਕ ਅਵਸਥਾ ਦਾ ਵਰਣਨ ਕਰਦਾ ਜਾਪਦਾ ਸੀ। ਇਹ ਮੇਰੇ ਵੱਲੋਂ ਲਈਆਂ ਗਈਆਂ ਸੋਚਾਂ ਵਿੱਚ ਪਾਉਣ ਵਾਲ਼ੀਆਂ ਸਭ ਤੋਂ ਸੋਹਣੀਆਂ ਤਸਵੀਰਾਂ ਵਿੱਚੋਂ ਇੱਕ ਸੀ। ਮੈਂ ਸੋਚਿਆ ਕਿ ਮੈਂ ਸਭ ਕੁਝ ਕਹਿ ਦਿੱਤਾ ਹੈ। ਇਸ ਤਸਵੀਰ ਅੰਦਰ ਚਾਰੋ ਪਰਿਵਾਰਾਂ ਦੀ ਪੂਰੀ ਕਹਾਣੀ ਸਿਮਟ ਗਈ।
*****
ਜ਼ੀਸ਼ਾਨ ਏ ਲਤੀਫ਼, ਨੰਦੁਰਬਾਰ, ਮਹਾਰਾਸ਼ਟਰ
ਪੱਲਵੀ (ਬਦਲਿਆ ਹੋਇਆ ਨਾਮ) ਆਪਣੀ ਬੱਚੇਦਾਨੀ ਦੇ ਬਾਹਰ ਤਿਲਕ ਆਉਣ ਕਾਰਨ ਬਹੁਤ ਪ੍ਰੇਸ਼ਾਨ ਸਨ, ਅਤੇ ਇਲਾਜ ਵੀ ਨਹੀਂ ਕਰਵਾ ਸਕੀ। ਉਨ੍ਹਾਂ ਨੂੰ ਇੰਨਾ ਦਰਦ ਸਹਿਣਾ ਪਿਆ ਕਿ ਆਦਮੀ ਕਦੇ ਕਲਪਨਾ ਵੀ ਨਹੀਂ ਕਰ ਸਕਦੇ। ਜਦੋਂ ਮੈਂ ਉਨ੍ਹਾਂ ਦੀ ਛੋਟੀ ਜਿਹੀ ਝੌਂਪੜੀ ਦੇ ਅੰਦਰੋਂ ਤਸਵੀਰ ਖਿੱਚੀ, ਤਾਂ ਵੀ ਉਨ੍ਹਾਂ ਦੀ ਅਥਾਹ ਸਹਿਣਸ਼ੀਲਤਾ ਨੂੰ ਮਹਿਸੂਸ ਕਰ ਸਕਿਆ ਸੀ। ਆਮ ਤੌਰ 'ਤੇ, ਨੇੜਲੇ ਸਰਕਾਰੀ ਕਲੀਨਿਕ ਤੱਕ ਪਹੁੰਚਣ ਵਿੱਚ ਦੋ ਘੰਟੇ ਲੱਗਦੇ ਹਨ, ਜਿੱਥੇ ਉਨ੍ਹਾਂ ਦੀਆਂ ਮੁਸ਼ਕਲਾਂ ਦਾ ਇਲਾਜ ਕੀਤਾ ਜਾ ਸਕਦਾ ਹੈ। ਪਰ ਇਹ ਵੀ ਇੱਕ ਅਸਥਾਈ ਹੱਲ ਸੀ, ਸਥਾਈ ਨਹੀਂ। ਇਹ ਤਸਵੀਰ 'ਮੇਰੀ ਬੱਚੇਦਾਨੀ ਬਾਹਰ ਵੱਲ ਤਿਲਕਦੀ ਹੀ ਰਹਿੰਦੀ ਹੈ' ਕਹਾਣੀ ਲਈ ਲਈ ਗਈ ਸੀ।
ਮੈਂ ਇਹ ਤਸਵੀਰ ਉਦੋਂ ਖਿੱਚੀ ਜਦੋਂ ਉਹ ਖੜ੍ਹੀ ਸਨ ਅਤੇ ਹੱਦੋਂ-ਵੱਧ ਕਮਜ਼ੋਰ ਹੋਣ ਦੇ ਬਾਵਜੂਦ, ਉਹ ਇੱਕ ਆਦਿਵਾਸੀ ਭੀਲ ਔਰਤ ਦਾ ਪ੍ਰਤੀਕ ਜਾਪ ਰਹੀ ਸਨ ਜੋ ਬਿਮਾਰ ਪੈਣ 'ਤੇ ਵੀ ਆਪਣੇ ਪਰਿਵਾਰ ਅਤੇ ਭਾਈਚਾਰੇ ਦੀ ਦੇਖਭਾਲ਼ ਕਰਦੀ ਹੈ।
ਕਵਰ ਡਿਜਾਇਨ: ਸੰਵਿਤੀ ਅਈਅਰ
ਤਰਜਮਾ: ਕਮਲਜੀਤ ਕੌਰ