1990ਵਿਆਂ ਤੱਕ, ਇਸ ਇਲਾਕੇ ਵਿੱਚ ਸ਼ਾਇਦ ਹੀ ਕੋਈ ਸੀ ਜੋ ਦਸਵੀਂ ਜਮਾਤ ਤੋਂ ਵੱਧ ਪੜ੍ਹਿਆ ਹੋਵੇ। ਨਵੀਂ ਪੀੜ੍ਹੀ ਹੌਲੀ-ਹੌਲੀ ਰਸਮੀ ਸਿੱਖਿਆ ਹਾਸਲ ਕਰਨ ਲੱਗੀ ਹੈ। ਜੇ ਪਹਿਲੀ ਜਮਾਤ ਵਿੱਚ 25 ਵਾਰਲੀ ਵਿਦਿਆਰਥੀਆਂ ਨੇ ਦਾਖਲਾ ਲਿਆ ਹੈ ਤਾਂ ਮਸਾਂ ਛੇ ਵਿਦਿਆਰਥੀ ਦਸਵੀਂ ਜਮਾਤ ਤੱਕ ਪਹੁੰਚਦੇ ਹਨ। ਸਕੂਲ ਛੱਡਣ ਦੀ ਦਰ ਬਹੁਤ ਜ਼ਿਆਦਾ ਹੈ। ਉਹਨਾਂ ਅੱਠ ਵਿੱਚੋਂ, ਸਿਰਫ਼ 5-6 ਹੀ ਇਮਤਿਹਾਨ ਪਾਸ ਕਰਦੇ ਹਨ। ਬਾਰ੍ਹਵੀਂ ਜਮਾਤ ਤੱਕ ਪਹੁੰਚਦਿਆਂ ਹੋਰ ਵਿਦਿਆਰਥੀ ਸਕੂਲ ਛੱਡ ਦਿੰਦੇ ਹਨ ਤੇ ਅਖੀਰ ਨੂੰ ਸਿਰਫ਼ 3-4 ਵਿਦਿਆਰਥੀ ਹੀ ਸਕੂਲੀ ਪੜ੍ਹਾਈ ਪੂਰੀ ਕਰਦੇ ਹਨ।
ਤਾਲੁਕਾ ਪੱਧਰ ’ਤੇ ਬੀਏ ਦੀ ਪੜ੍ਹਾਈ ਕਰਨਾ ਸੰਭਵ ਹੈ – ਜਿਸਦੇ ਲਈ ਤਕਰੀਬਨ 10 ਕਿਲੋਮੀਟਰ ਦਾ ਸਫ਼ਰ ਤੈਅ ਕਰਨਾ ਪੈਂਦਾ ਹੈ। ਪਰ ਇਲਾਕੇ ਵਿੱਚ ਹੋਰ ਕੁਝ ਨਹੀਂ ਹੈ ਤੇ ਵਿਦਿਆਰਥੀ ਅਗਲੇਰੀ ਪੜ੍ਹਾਈ ਲਈ ਥਾਨੇ, ਨਾਸ਼ਿਕ ਜਾਂ ਪਾਲਘਰ ਸ਼ਹਿਰ ਜਾਂਦੇ ਹਨ। ਨਤੀਜੇ ਵਜੋਂ, ਇਸ ਤਾਲੁਕਾ ਦੇ ਮਹਿਜ਼ ਤਿੰਨ ਕੁ ਫ਼ੀਸਦ ਲੋਕਾਂ ਕੋਲ ਹੀ ਬੀਏ ਦੀ ਡਿਗਰੀ ਹੈ।
ਵਾਰਲੀ ਭਾਈਚਾਰੇ ਵਿੱਚ ਸਿੱਖਿਆ ਦੀ ਦਰ ਖ਼ਾਸ ਕਰਕੇ ਘੱਟ ਹੈ, ਤੇ ਇਸਨੂੰ ਬਿਹਤਰ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਅਸੀਂ ਵੀ ਪਿੰਡਾਂ ਵਿੱਚ ਜਾ ਕੇ ਤੇ ਲੋਕਾਂ ਨਾਲ ਉਹਨਾਂ ਦੀ ਭਾਸ਼ਾ ਵਿੱਚ ਗੱਲ ਕਰਕੇ, ਸਬੰਧ ਬਣਾ ਕੇ ਤੇ ਭਰੋਸਾ ਪੈਦਾ ਕਰਕੇ, ਇਸਦੀਆਂ ਕੋਸ਼ਿਸ਼ਾਂ ਕਰ ਰਹੇ ਹਾਂ।
ਪਾਰੀ ਇਸ ਦਸਤਾਵੇਜ਼ ਵਿੱਚ ਮਦਦ ਦੇਣ ਲਈ AROEHAN ਦੇ ਹੇਮੰਤ ਸ਼ਿੰਗਾੜੇ ਦਾ ਸ਼ੁਕਰੀਆ ਅਦਾ ਕਰਨਾ ਚਾਹੁੰਦੀ ਹੈ।
ਇੰਟਰਵਿਊ: ਮੇਧਾ ਕਾਲੇ
ਇਹ ਰਿਪੋਰਟ PARI ਦੇ ਅਲੋਪ ਹੋ ਰਹੀਆਂ ਭਾਸ਼ਾਵਾਂ ਦੇ ਪ੍ਰਾਜੈਕਟ ਦਾ ਹਿੱਸਾ ਹੈ ਜਿਸਦਾ ਮੰਤਵ ਦੇਸ਼ ਦੀਆਂ ਅਲੋਪ ਹੋ ਰਹੀਆਂ ਤੇ ਅਲੋਪ ਹੋਣ ਦੇ ਖ਼ਤਰੇ ਹੇਠਲੀਆਂ ਭਾਸ਼ਾਵਾਂ ਦਾ ਦਸਤਾਵੇਜ਼ੀਕਰਨ ਕਰਨਾ ਹੈ।
ਵਾਰਲੀ ਇੰਡੋ-ਆਰੀਅਨ ਭਾਸ਼ਾ ਹੈ ਜੋ ਗੁਜਰਾਤ, ਦਮਨ ਤੇ ਦਿਓ, ਦਾਦਰਾ ਤੇ ਨਗਰ ਹਵੇਲੀ, ਮਹਾਰਾਸ਼ਟਰ, ਕਰਨਾਟਕ ਤੇ ਗੋਆ ਵਿੱਚ ਰਹਿੰਦੇ ਭਾਰਤ ਦੇ ਵਾਰਲੀ ਆਦਿਵਾਸੀਆਂ ਦੁਆਰਾ ਬੋਲੀ ਜਾਂਦੀ ਹੈ। UNESCO ਦੇ ਭਾਸ਼ਾਵਾਂ ਦੇ ਐਟਲਸ ਵਿੱਚ ਵਾਰਲੀ ਨੂੰ ਭਾਰਤ ਦੀਆਂ ਸੰਭਾਵੀ ਖ਼ਤਰੇ ਹੇਠਲੀਆਂ ਭਾਸ਼ਾਵਾਂ ਵਿੱਚ ਦਰਜ ਕੀਤਾ ਗਿਆ ਹੈ।
ਸਾਡਾ ਮੰਤਵ ਮਹਾਰਾਸ਼ਟਰ ਵਿੱਚ ਬੋਲੀ ਜਾਂਦੀ ਵਾਰਲੀ ਭਾਸ਼ਾ ਦਾ ਦਸਤਾਵੇਜ਼ੀਕਰਨ ਕਰਨਾ ਹੈ।
ਤਰਜਮਾ: ਅਰਸ਼ਦੀਪ ਅਰਸ਼ੀ