ਜਿਓਂ ਹੀ ਅਸਮਾਨ ਵਿੱਚ ਹਨ੍ਹੇਰਾ ਘਿਰਨ ਲੱਗਦਾ ਹੈ, ਓਮ ਸ਼ਕਤੀ ਦੇਵੀ ਦਾ ਰੰਗੀਨ ਲਾਈਟਾਂ ਨਾਲ ਸਜਾਇਆ ਗਿਆ ਵੱਡਾ ਕੱਟ-ਆਊਟ ਜੀਵੰਤ ਹੋ ਉੱਠਦਾ ਹੈ। ਬੰਗਲਾਮੇਡੂ ਦੇ ਇਰੂਲਰ ਲੋਕ, ਓਮ ਸ਼ਕਤੀ ਦੇਵੀ ਨੂੰ ਸਮਰਪਤ ਸਾਲਾਨਾ ਤੀਮਿਤੀ ਤਿਰੂਵਿਲਾ ਜਾਂ ਫਾਇਰ-ਵਾਕ (ਅੰਗਾਰਿਆਂ 'ਤੇ ਤੁਰਨਾ) ਤਿਉਹਾਰ ਮਨਾ ਰਹੇ ਹਨ।
ਲੱਕੜ ਦੇ ਟੁਕੜੇ ਜੋ ਪੂਰੀ ਦੁਪਹਿਰ ਸੜਦੇ ਰਹੇ ਸਨ, ਅੰਗਿਆਰੇ ਬਣਨ ਲੱਗੇ ਹਨ ਅਤੇ ਸਵੈ-ਸੇਵਕ ਉਨ੍ਹਾਂ ਨੂੰ ਚਮਕਦਾਰ ਫੁੱਲਾਂ ਦੇ ਬਿਸਤਰੇ ਵਾਂਗਰ ਪਤਲੀ ਜਿਹੀ ਪਰਤ ਵਿੱਚ ਖਿਲਾਰ ਦਿੰਦੇ ਹਨ, ਤਾਂ ਜੋ ਇਰੂਲਰ ਤੀਮਿਤੀ ਨੂੰ 'ਪੂ-ਮਿਤੀ' ਜਾਂ ਫੁੱਲਾਂ 'ਤੇ ਤੁਰਨ ਵਾਂਗ ਹੀ ਦੇਖਣ।
ਮਾਹੌਲ ਵਿੱਚ ਇੱਕ ਸਪੱਸ਼ਟ ਜਿਹੀ ਉਤਸੁਕਤਾ ਸੀ। ਉਸ ਦਿਨ ਹੋਣ ਵਾਲ਼ੇ ਇਰੂਲਾ ਸਾੜਨ ਦੇ ਸਮਾਰੋਹ ਨੂੰ ਦੇਖਣ ਲਈ ਸੈਂਕੜੇ ਲੋਕ ਆਏ ਸਨ। ਉਨ੍ਹਾਂ ਵਿੱਚ ਗੁਆਂਢੀ ਪਿੰਡਾਂ ਦੇ ਲੋਕ ਵੀ ਸ਼ਾਮਲ ਸਨ। ਇਹ ਓਮ ਸ਼ਕਤੀ ਦੀ ਪੂਜਾ ਹੈ, ਇੱਕ ਦੇਵੀ, ਜੋ ਸ਼ਕਤੀ ਅਤੇ ਸ਼ਕਤੀ ਦੇ ਪ੍ਰਗਟਾਵੇ ਪ੍ਰਤੀਕ ਹੈ, ਪੂਰੇ ਤਾਮਿਲਨਾਡੂ ਵਿੱਚ ਪੂਜੀ ਜਾਂਦੀ ਹੈ।
ਤਾਮਿਲਨਾਡੂ ਵਿੱਚ, ਇਰੂਲਰ (ਜਿਸਨੂੰ ਇਰੂਲਾ ਵੀ ਕਿਹਾ ਜਾਂਦਾ ਹੈ) ਭਾਈਚਾਰਾ ਅਨੁਸੂਚਿਤ ਕਬੀਲੇ ਸ਼੍ਰੇਣੀ ਵਜੋਂ ਸੂਚੀਬੱਧ ਹੈ। ਉਹ ਰਵਾਇਤੀ ਤੌਰ 'ਤੇ ਕੰਨਯੰਮਾ ਨਾਂ ਦੀ ਦੇਵੀ ਦੀ ਪੂਜਾ ਕਰਦੇ ਹਨ। ਉਹ ਉਸਨੂੰ ਸੱਤ ਕੁਆਰੀ ਦੇਵੀਆਂ ਵਿੱਚੋਂ ਇੱਕ ਮੰਨਦੇ ਹਨ। ਹਰ ਇਰੂਲਾ ਘਰ ਵਿੱਚ ਇਸ ਦੇਵੀ ਦਾ ਪ੍ਰਤੀਕ, ਮਿੱਟੀ ਦਾ ਕਲਸ਼ ਹੁੰਦਾ ਹੈ। ਇਸ ਦੇ ਅੰਦਰ ਨਿੰਮ ਦੇ ਪੱਤੇ ਰੱਖੇ ਜਾਂਦੇ ਹਨ।
ਤਾਂ ਫਿਰ ਬੰਗਲਾਮੇਡੂ ਵਿਖੇ ਓਮ ਸ਼ਕਤੀ ਪੂਜਾ ਦੇ ਮਗਰਲੀ ਕਹਾਣੀ ਕੀ ਹੈ?
ਇਹ ਦੱਸਣ ਲਈ 36 ਸਾਲਾ ਜੀ. ਮਨੀਗੰਦਨ 1990 ਦੇ ਦਹਾਕੇ ਦੀ ਇੱਕ ਘਟਨਾ ਬਾਰੇ ਦੱਸਦੇ ਹਨ, ਜਦੋਂ ਉਨ੍ਹਾਂ ਦੇ ਪਰਿਵਾਰ ਨੂੰ ਚੇਰੂਕਨੂਰ ਪਿੰਡ ਛੱਡਣ ਲਈ ਮਜਬੂਰ ਕੀਤਾ ਗਿਆ। ਇਹ ਇਸ ਲਈ ਸੀ ਕਿਉਂਕਿ ਉਨ੍ਹਾਂ ਦੀ ਭੈਣ ਨੂੰ ਇੱਕ ਮੁੰਡੇ ਨਾਲ਼ ਪਿਆਰ ਹੋ ਗਿਆ ਸੀ ਜੋ ਇਰੂਲਾ (ਜਾਤੀ ਦਾ) ਨਹੀਂ ਸੀ। ਇਸ ਨਾਲ਼ ਪਿੰਡ ਵਿੱਚ ਜਾਤੀ ਟਕਰਾਅ ਦਾ ਡਰ ਪੈਦਾ ਹੋ ਗਿਆ ਸੀ। ਉਨ੍ਹਾਂ ਦੇ ਪਰਿਵਾਰ ਨੇ ਚੇਰੂਕਨੂਰ ਝੀਲ਼ ਦੇ ਨੇੜੇ ਇੱਕ ਛੋਟੀ ਜਿਹੀ ਝੌਂਪੜੀ ਬਣਾਈ ਅਤੇ ਪਨਾਹ ਲਈ।
"ਸਾਰੀ ਰਾਤ ਇੱਕ ਗੋਵਲੀ (ਕਿਰਲੀ) ਅਵਾਜ਼ਾਂ ਕੱਢਦੀ ਰਹੀ ਸਾਡੇ ਲਈ ਇਹ ਅਵਾਜ਼ ਉਮੀਦ ਵਾਂਗ ਜਾਪਦੀ ਰਹੀ। ਅਸੀਂ ਸੋਚਿਆ ਕਿ ਇਹ ਅੰਮਨ [ਦੇਵੀ] ਵੱਲੋਂ ਸਾਨੂੰ ਦਿੱਤਾ ਗਿਆ ਕੋਈ ਸ਼ੁਭ ਸੰਕੇਤ ਸੀ। ਉਨ੍ਹਾਂ ਦਾ ਮੰਨਣਾ ਹੈ ਕਿ ਇਹ ਓਮ ਸ਼ਕਤੀ ਸੀ ਜਿਸ ਨੇ ਉਸ ਰਾਤ ਉਨ੍ਹਾਂ ਨੂੰ ਬਚਾਇਆ ਸੀ।
*****
"ਜਦੋਂ ਅਸੀਂ ਨਿਕਲ਼ੇ ਸਾਂ, ਉਦੋਂ ਭੋਜਨ ਅਤੇ ਕੰਮ ਦਾ ਪ੍ਰਬੰਧ ਕਰਨਾ ਸੌਖ਼ਾ ਨਹੀਂ ਸੀ। ਸਾਡੀ ਮਾਂ ਖੇਤਾਂ ਤੋਂ ਮੂੰਗਫਲੀ ਤੋੜ ਕੇ ਅਤੇ ਛੋਟੇ ਜਾਨਵਰਾਂ ਦਾ ਸ਼ਿਕਾਰ ਕਰਕੇ ਸਾਡੇ ਢਿੱਡ ਭਰਿਆ ਕਰਦੀ। ਉਸ ਸਮੇਂ ਸਾਡੇ ਪਿੱਛੇ ਅੰਮਨ ਦਾ ਹੱਥ ਸੀ," ਉਹ ਯਾਦ ਕਰਦੇ ਹਨ। (ਪੜ੍ਹੋ: On a different route with rats in Bangalamedu )
ਮਨੀਗੰਦਨ ਪਰਿਵਾਰ ਅਤੇ ਕੁਝ ਹੋਰ ਪਰਿਵਾਰ ਜੋ ਉਸ ਦਿਨ ਉਨ੍ਹਾਂ ਦੇ ਨਾਲ਼ ਗਏ ਸਨ, ਬੰਗਲਾਮੇਡੂ ਵਿੱਚ ਵੱਸ ਗਏ। ਇਹ ਥਾਂ ਚੇਰੂਕਨੂਰ ਝੀਲ਼ ਤੋਂ ਲਗਭਗ ਇੱਕ ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ। ਉਨ੍ਹਾਂ ਨੂੰ ਝੀਲ਼ ਦੇ ਨਾਲ਼ ਲੱਗਦੇ ਖੇਤਾਂ ਵਿੱਚ ਕੰਮ ਵੀ ਮਿਲ਼ ਗਿਆ।
ਬੰਗਲਾਮੇਡੂ, ਜਿੱਥੇ ਕਦੇ ਸਿਰਫ਼ 10 ਪਰਿਵਾਰ ਸਨ, ਹੁਣ 55 ਇਰੂਲਾ ਪਰਿਵਾਰ ਹਨ। ਇਸ ਨੂੰ ਅਧਿਕਾਰਤ ਤੌਰ 'ਤੇ ਚੇਰੂਕਨੂਰ ਇਰੂਲਾ ਕਲੋਨੀ ਵਜੋਂ ਜਾਣਿਆ ਜਾਂਦਾ ਹੈ। ਇਹ ਇੱਕੋ ਗਲੀ ਵਾਲ਼ਾ ਇਲਾਕਾ ਹੈ ਜਿਸ ਦੇ ਦੋਵੇਂ ਪਾਸੇ ਘਰ ਹਨ ਜੋ ਚੁਫ਼ੇਰਿਓਂ ਝਾੜੀਆਂ ਨਾਲ਼ ਘਿਰੇ ਹੋਏ ਹਨ। ਇੱਕ ਲੰਬੀ ਲੜਾਈ ਤੋਂ ਬਾਅਦ ਅਖ਼ੀਰ 2018 ਵਿੱਚ ਇਸ ਥਾਵੇਂ ਬੱਤੀ ਪਹੁੰਚੀ। ਹੁਣ ਇੱਥੇ ਕੁਝ ਪੱਕੇ ਮਕਾਨ ਵੀ ਜੁੜ ਗਏ ਹਨ। ਇਰੂਲਰ ਪਰਿਵਾਰ ਆਪਣੀ ਰੋਜ਼ੀ-ਰੋਟੀ ਲਈ ਦਿਹਾੜੀ-ਧੱਪੇ 'ਤੇ ਨਿਰਭਰ ਕਰਦੇ ਹਨ ਅਤੇ ਮਨਰੇਗਾ ਸਕੀਮ ਤਹਿਤ ਕੰਮ ਕਰਦੇ ਹਨ, ਮਨੀਗੰਦਨ ਇੱਥੋਂ ਦੇ ਕੁਝ ਮੁੱਠੀ ਭਰ ਲੋਕਾਂ ਵਿੱਚੋਂ ਹਨ ਜਿਨ੍ਹਾਂ ਨੇ ਮਿਡਿਲ ਸਕੂਲ ਦੀ ਪੜ੍ਹਾਈ ਪੂਰੀ ਕੀਤੀ ਹੈ।
ਇੱਥੇ ਵਸਣ ਦੇ ਕੁਝ ਸਾਲਾਂ ਬਾਅਦ, ਮਨੀਗੰਦਨ ਦੇ ਪਿਤਾ - ਬਜ਼ੁਰਗ ਇਰੂਲਰ ਪੀ. ਗੋਪਾਲ ਨੇ ਅੰਮਨ ਦਾ ਧੰਨਵਾਦ ਕਰਨ ਲਈ ਝੀਲ਼ ਦੇ ਨੇੜੇ ਇੱਕ ਜਨਤਕ ਸਥਾਨ 'ਤੇ ਓਮ ਸ਼ਕਤੀ ਅੰਮਨ ਮੰਦਰ ਬਣਾਇਆ ਜਿਸ ਨੇ ਮੁਸ਼ਕਲ ਸਮੇਂ ਵਿੱਚ ਉਨ੍ਹਾਂ ਨੂੰ ਪਨਾਹ ਦਿੱਤੀ। ਉਹ 2018 ਵਿੱਚ ਆਪਣੀ ਮੌਤ ਤੱਕ ਮੰਦਰ ਦੇ ਪੁਜਾਰੀ ਰਹੇ। "ਮੰਦਰ ਇੱਕ ਛੋਟੀ ਜਿਹੀ ਝੌਂਪੜੀ ਸੀ। ਅਸੀਂ ਝੀਲ਼ ਤੋਂ ਮਿੱਟੀ ਲਿਆਂਦੀ ਸੀ ਅਤੇ ਮੂਰਤੀ ਵੀ ਖੁਦ ਬਣਾਈ। ਇਹ ਮੇਰੇ ਪਿਤਾ ਸਨ ਜਿਨ੍ਹਾਂ ਨੇ ਆਦਿ ਤੀਮਿਤੀ ਤਿਰੂਵਿਲਾ ਦੀ ਸ਼ੁਰੂਆਤ ਕੀਤੀ," ਮਨੀਗੰਦਨ ਕਹਿੰਦੇ ਹਨ।
ਗੋਪਾਲ ਦੀ ਮੌਤ ਤੋਂ ਬਾਅਦ, ਮਨੀਗੰਦਨ ਦੇ ਵੱਡੇ ਭਰਾ ਜੀ. ਸੁਬਰਾਮਨੀ ਨੇ ਆਪਣੇ ਪਿਤਾ ਦੀ ਪੁਜਾਰੀ ਵਾਲ਼ੀ ਭੂਮਿਕਾ ਸੰਭਾਲ਼ੀ। ਸੁਬਰਾਮਨੀ ਹਫ਼ਤੇ ਦਾ ਇੱਕ ਦਿਨ ਮੰਦਰ ਦੇ ਕੰਮਕਾਜ ਲਈ ਰੱਖਦੇ ਹਨ। ਬਾਕੀ ਦੇ ਛੇ ਦਿਨ ਉਹ ਦਿਹਾੜੀ ਲੱਗਣ ਦੀ ਤਲਾਸ਼ ਕਰਦੇ ਹਨ।
15 ਸਾਲਾਂ ਤੋਂ ਵੱਧ ਸਮੇਂ ਤੋਂ, ਬੰਗਲਾਮੇਡੂ ਦਾ ਇਰੂਲਰ ਭਾਈਚਾਰਾ ਦਿਨ ਭਰ ਚੱਲਣ ਵਾਲ਼ੇ ਸਮਾਗਮ ਵਿੱਚ ਓਮ ਸ਼ਕਤੀ ਪ੍ਰਤੀ ਆਪਣਾ ਵਰਤ ਰੱਖ ਰਿਹਾ ਹੈ, ਜਿਸ ਦੀ ਸਮਾਪਤੀ ਅੰਗਾਰੇ 'ਤੇ ਤੁਰਨ ਨਾਲ਼ ਹੁੰਦੀ ਹੈ। ਇਹ ਤਿਉਹਾਰ ਤਾਮਿਲ ਮਹੀਨੇ 'ਆਦਿ' ਵਿੱਚ ਮਨਾਇਆ ਜਾਂਦਾ ਹੈ ਜੋ ਜੁਲਾਈ-ਅਗਸਤ ਦੇ ਆਸ ਪਾਸ ਆਉਂਦਾ ਹੈ। ਮਾਨਸੂਨ ਦੀ ਸ਼ੁਰੂਆਤ ਦੇ ਨਾਲ਼ ਹੀ ਇਹ ਗਰਮੀ ਤੋਂ ਛੁਟਕਾਰਾ ਪਾਉਣ ਦਾ ਵੀ ਸਮਾਂ ਹੁੰਦਾ ਹੈ। ਹਾਲਾਂਕਿ ਇਹ ਇਰੂਲਰਾਂ ਵਿੱਚ ਇੱਕ ਤਾਜ਼ਾ ਪ੍ਰਥਾ ਹੈ, ਤਿਮਿਤੀ ਆਮ ਤੌਰ 'ਤੇ ਆਦਿ ਦੇ ਮਹੀਨੇ ਦੌਰਾਨ ਤਿਰੂਵਲੂਰ ਜ਼ਿਲ੍ਹੇ ਦੇ ਤਿਰੂਤਨੀ ਤਾਲੁਕ ਵਿੱਚ ਮਨਾਇਆ ਜਾਂਦਾ ਹੈ, ਜਿਸ ਵਿੱਚ ਸ਼ਰਧਾਲੂ ਮਹਾਂਕਾਵਿ ਮਹਾਭਾਰਤ ਦੇ ਦ੍ਰੌਪਦੀ ਅੰਮਨ, ਮਰੀਅੰਮਨ, ਰੋਜ਼ਾ ਅੰਮਨ , ਰੇਵਤੀ ਅੰਮਨ ਆਦਿ ਦੇਵੀ-ਦੇਵਤਿਆਂ ਦੀ ਪੂਜਾ ਕਰਦੇ ਹਨ।
"ਕਈ ਵਾਰ ਲੋਕਾਂ ਨੂੰ ਗਰਮੀਆਂ ਵਿੱਚ ਅੰਮਨ (ਖਸਰਾ) ਹੋ ਜਾਂਦਾ ਹੈ। ਅਸੀਂ ਅੰਮਨ (ਦੇਵੀ) ਨੂੰ ਪ੍ਰਾਰਥਨਾ ਕਰਦੇ ਹਾਂ ਕਿ ਉਹ ਇਨ੍ਹਾਂ ਮਹੀਨਿਆਂ ਦੌਰਾਨ ਸਾਡੀ ਰੱਖਿਆ ਕਰੇ," ਮਨੀਗੰਦਨ ਆਪਣੀ ਗੱਲਬਾਤ ਵਿੱਚ ਦੇਵੀ ਅਤੇ ਬੀਮਾਰੀ ਦੋਵਾਂ ਲਈ ਅੰਮਨ ਸ਼ਬਦ ਦਾ ਇਸਤੇਮਾਲ ਕਰਦੇ ਜਾਂਦੇ ਹਨ ਅਤੇ ਇੱਥੇ ਉਸ ਆਮ ਧਾਰਣਾ ਨੂੰ ਬਲ ਮਿਲ਼ਦਾ ਹੈ ਕਿ ਦੇਵੀ ਹੀ ਹੈ ਜੋ ਬੀਮਾਰੀ ਦਿੰਦੀ ਹੈ ਤੇ ਉਹੀ ਆਪਣੇ ਭਗਤਾਂ ਨੂੰ ਰਾਜ਼ੀ ਵੀ ਕਰਦੀ ਹੈ।
ਜਦੋਂ ਤੋਂ ਗੋਪਾਲ ਨੇ ਬੰਗਲਾਮੇਡੂ ਵਿੱਚ ਤਿਮਿਤੀ ਤਿਉਹਾਰ ਸ਼ੁਰੂ ਕੀਤਾ ਹੈ, ਉਦੋਂ ਤੋਂ ਨੇੜਲੇ ਗੁਡੀਗੁੰਟਾ ਦਾ ਇੱਕ ਗੈਰ-ਇਰੂਲਾ ਪਰਿਵਾਰ ਇਸ ਤਿਉਹਾਰ ਦੀਆਂ ਤਿਆਰੀਆਂ ਵਿੱਚ ਹਿੱਸਾ ਲੈ ਰਿਹਾ ਹੈ। ਇਸ ਪਰਿਵਾਰ ਦੀ ਖੇਤ ਵਿੱਚ ਬਣੀ ਝੌਂਪੜੀ ਵਿੱਚ ਹੀ ਉਨ੍ਹਾਂ ਦੇ ਪਰਿਵਾਰ ਨੂੰ ਪਨਾਹ ਮਿਲ਼ੀ ਸੀ, ਜਦੋਂ ਉਹ ਆਪਣਾ ਪਿੰਡ ਛੱਡ ਕੇ ਇੱਥੇ ਆਏ ਸਨ।
ਖੇਤ ਮਾਲਕਾਂ ਵਿੱਚੋਂ ਇੱਕ ਹਨ 57 ਸਾਲਾ ਟੀ.ਐੱਨ.ਕ੍ਰਿਸ਼ਨਨ, ਜਿਨ੍ਹਾਂ ਨੂੰ ਉਨ੍ਹਾਂ ਦੇ ਦੋਸਤ ਪਲਨੀ ਦੇ ਨਾਮ ਨਾਲ਼ ਜਾਣਦੇ ਹਨ। ਉਹ ਦੱਸਦੇ ਹਨ,''ਇਰੂਲਰਾਂ ਤੋਂ ਇਲਾਵਾ ਸਾਡੇ ਪਰਿਵਾਰ ਦੇ ਦਸ ਮੈਂਬਰ ਅਤੇ ਦੋਸਤ ਸ਼ੁਰੂ ਤੋਂ ਹੀ ਅੱਗ 'ਤੇ ਤੁਰਦੇ ਰਹੇ ਹਨ।'' ਪਲਨੀ ਦੇ ਪਰਿਵਾਰ ਦਾ ਮੰਨਣਾ ਹੈ ਕਿ ਓਮ ਸ਼ਕਤੀ ਦੀ ਪ੍ਰਾਰਥਨਾ ਸ਼ੁਰੂ ਕਰਨ ਤੋਂ ਬਾਅਦ ਤੋਂ ਹੀ ਉਨ੍ਹਾਂ ਦੇ ਘਰ ਬੱਚੇ ਦਾ ਜਨਮ ਹੋ ਸਕਿਆ।
ਉਨ੍ਹਾਂ ਨੇ ਇਰੂਲਰਾਂ ਦੀ ਮਾਮੂਲੀ ਮੰਦਰ ਦੀ ਝੌਂਪੜੀ ਨੂੰ ਪੱਕੀ ਇਮਾਰਤ ਵਿੱਚ ਬਦਲ ਕੇ ਦੇਵੀ ਪ੍ਰਤੀ ਆਪਣਾ ਧੰਨਵਾਦ ਜਤਾਇਆ। ਉਨ੍ਹਾਂ ਨੇ ਹੀ ਇਰੂਲਰਾਂ ਦੀ ਲਾਈ ਅੰਮਨ ਦੀ ਕੱਚੀ ਮੂਰਤੀ ਦੀ ਥਾਵੇਂ ਪੱਥਰ ਦੀ ਮੂਰਤ ਸਥਾਪਤ ਕੀਤੀ।
*****
ਬੰਗਲਾਮੇਡੂ ਦੇ ਇਰੂਲਾ ਲਈ ਆਦਿ ਤਿਮਿਤੀ ਦੀ ਬਹੁਤ ਉਡੀਕ ਰਹਿੰਦੀ ਹੈ। ਉਹਦੀ ਤਿਆਰੀ ਉਹ ਤੈਅ ਦਿਨ ਤੋਂ ਪਹਿਲਾਂ ਹੀ ਸ਼ੁਰੂ ਕਰ ਦਿੰਦੇ ਹਨ। ਜਿਨ੍ਹਾਂ ਲੋਕਾਂ ਨੇ ਤਿਉਹਾਰ ਦੇ ਦਿਨ ਅੱਗ 'ਤੇ ਤੁਰਨਾ ਹੁੰਦਾ ਹੈ, ਉਹ ਆਪਣੇ ਹੱਥਾਂ 'ਤੇ ਕੱਪੂ ਨਾਂ ਦਾ ਤਵੀਤ ਬੰਨ੍ਹਦੇ ਹਨ ਅਤੇ ਤਿਉਹਾਰ ਦੇ ਦਿਨ ਤੱਕ ਰੋਜ਼ਾਨਾ ਸਖ਼ਤ ਨਿੱਜੀ ਨਿਯਮਾਂ ਦੀ ਪਾਲਣਾ ਸ਼ੁਰੂ ਕਰ ਦਿੰਦੇ ਹਨ।
"ਇੱਕ ਵਾਰ ਜਦੋਂ ਸਾਡੇ ਹੱਥਾਂ 'ਤੇ ਕੱਪੂ ਪੱਟੀ ਬੰਨ੍ਹ ਦਿੱਤੀ ਜਾਂਦੀ ਹੈ, ਤਾਂ ਅਸੀਂ ਹਰ ਰੋਜ਼ ਆਪਣੇ ਸਿਰ ਦੇ ਉੱਤੋਂ ਦੀ ਪਾਣੀ ਪਾਉਂਦੇ ਹੋਏ ਨਹਾਉਂਦੇ ਹਾਂ ਅਤੇ ਦਿਨ ਵਿੱਚ ਦੋ ਵਾਰ ਮੰਦਰ ਜਾਂਦੇ ਹਾਂ। ਅਸੀਂ ਇਨ੍ਹੀਂ ਦਿਨੀਂ ਪੀਲ਼ੇ ਕੱਪੜੇ ਪਹਿਨਦੇ ਹਾਂ ਅਤੇ ਮਾਸ ਖਾਣ ਅਤੇ ਸ਼ਹਿਰ ਤੋਂ ਬਾਹਰ ਜਾਣ ਤੋਂ ਪਰਹੇਜ਼ ਕਰਦੇ ਹਾਂ," ਸੁਮਤੀ ਕਹਿੰਦੀ ਹਨ। ਉਹ ਬੰਗਲਾਮੇਡੂ ਵਿੱਚ ਇੱਕ ਛੋਟੀ ਜਿਹੀ ਦੁਕਾਨ ਦੇ ਮਾਲਕ ਹਨ। ਕੁਝ ਲੋਕ ਇਸ ਵਰਤ ਨੂੰ ਇੱਕ ਹਫ਼ਤੇ ਲਈ ਰੱਖਦੇ ਹਨ, ਜਦੋਂ ਕਿ ਕੁਝ ਇਸ ਤੋਂ ਵੱਧ ਸਮੇਂ ਲਈ ਇਸ ਦਾ ਪਾਲਣ ਕਰਦੇ ਹਨ। "ਉਹ ਜਿੰਨਾ ਚਿਰ ਚਾਹੁਣ ਕਰ ਸਕਦੇ ਹਨ। ਕੱਪੂ ਬੰਨ੍ਹਣ ਤੋਂ ਬਾਅਦ ਅਸੀਂ ਪਿੰਡ ਨਹੀਂ ਛੱਡ ਸਕਦੇ," ਮਨੀਗੰਦਨ ਕਹਿੰਦੇ ਹਨ।
ਇੱਕ ਗੈਰ-ਸਰਕਾਰੀ ਸੰਗਠਨ ਏਡ ਇੰਡੀਆ ਦੇ ਸਹਿਯੋਗ ਨਾਲ਼ ਕਈ ਸਾਲਾਂ ਤੋਂ ਭਾਈਚਾਰੇ ਨਾਲ਼ ਕੰਮ ਕਰਨ ਵਾਲ਼ੇ ਡਾ. ਐੱਮ. ਧਮੋਦਰਨ ਦੱਸਦੇ ਹਨ ਕਿ ਇਹ ਰਸਮਾਂ ਸਭਿਆਚਾਰਾਂ ਵਿਚਕਾਰ ਵਿਚਾਰਾਂ ਜਾਂ ਅਭਿਆਸਾਂ ਦੇ ਪ੍ਰਸਾਰ ਨੂੰ ਦਰਸਾਉਂਦੀਆਂ ਹਨ। "ਕੁਝ ਰਵਾਇਤਾਂ ਨੇ ਜਿਵੇਂ ਕਿ ਸਹੁੰ ਚੁੱਕਣਾ, ਵਰਤ ਰੱਖਣਾ, ਕਿਸੇ ਖਾਸ ਰੰਗ ਦੇ ਕੱਪੜੇ ਪਹਿਨਣਾ ਅਤੇ ਭਾਈਚਾਰਕ ਸਮਾਗਮ ਆਯੋਜਿਤ ਕਰਨਾ ਬਹੁਤ ਸਾਰੇ [ਗੈਰ-ਇਰੂਲਰ] ਭਾਈਚਾਰਿਆਂ ਵਿੱਚ ਜਨਤਕ ਸਵੀਕਾਰਤਾ ਪ੍ਰਾਪਤ ਕੀਤੀ ਹੈ। ਇਹ ਸਭਿਆਚਾਰ ਇਰੂਲਾ ਭਾਈਚਾਰੇ ਦੇ ਕੁਝ ਹਿੱਸਿਆਂ ਵਿੱਚ ਵੀ ਫੈਲ ਗਿਆ ਹੈ," ਉਹ ਕਹਿੰਦੇ ਹਨ। "ਸਾਰੀਆਂ ਇਰੂਲਾ ਬਸਤੀਆਂ ਇਨ੍ਹਾਂ ਅਭਿਆਸਾਂ ਦੀ ਪਾਲਣਾ ਨਹੀਂ ਕਰਦੀਆਂ।''
ਬੰਗਲਾਮੇਡੂ ਵਿੱਚ, ਤਿਉਹਾਰ ਦੀ ਸਜਾਵਟ ਦਾ ਖਰਚਾ ਸਮੂਹਿਕ ਤੌਰ 'ਤੇ ਥੋੜ੍ਹੀ ਜਿਹੀ ਰਕਮ ਦੇ ਕੇ ਪੂਰਾ ਕੀਤਾ ਜਾਂਦਾ ਹੈ। ਤਿਉਹਾਰ ਦੀ ਸਵੇਰ ਨੂੰ, ਮੰਦਰ ਦੇ ਰਸਤੇ ਵਿੱਚ ਲੱਗੇ ਰੁੱਖਾਂ 'ਤੇ ਨਿੰਮ ਦੇ ਪੱਤਿਆਂ ਦਾ ਤੋਰਨ ਬੰਨ੍ਹਿਆ ਜਾਂਦਾ ਹੈ। ਸਪੀਕਰ ਰਾਹੀਂ ਭਗਤੀ ਸੰਗੀਤ ਉੱਚੀ ਆਵਾਜ਼ ਵਿੱਚ ਵਜਾਇਆ ਜਾਂਦਾ ਹੈ। ਨਾਰੀਅਲ ਤੇ ਤਾਜ਼ੇ ਪੱਤਿਆਂ ਦੀ ਚਟਾਈ ਅਤੇ ਕੇਲੇ ਦੇ ਲੰਬੇ ਪੱਤੇ ਮੰਦਰ ਦੇ ਪ੍ਰਵੇਸ਼ ਦੁਆਰ ਨੂੰ ਸਜਾਉਂਦੇ ਹਨ।
ਕੱਪੂ ਪਹਿਨਣ ਵਾਲ਼ੇ ਲੋਕ ਹਲਦੀ ਵਰਗੇ ਪੀਲ਼ੇ ਕੱਪੜਿਆਂ ਵਿੱਚ ਰਸਮਾਂ ਲਈ ਮੰਦਰ ਵਿੱਚ ਆਉਂਦੇ ਹਨ। ਦਿਨ ਦੇ ਪ੍ਰੋਗਰਾਮਾਂ ਦੀ ਸ਼ੁਰੂਆਤ ਅੰਮਨ ਦੇ ਅਰੁਵਾਕੂ ਜਾਂ ਬ੍ਰਹਮ ਪ੍ਰਵਚਨ ਨਾਲ਼ ਹੁੰਦੀ ਹੈ। ਲੋਕਾਂ ਦਾ ਮੰਨਣਾ ਹੈ ਕਿ ਦੇਵੀ ਕਿਸੇ ਇੱਕ ਨੂੰ ਮਾਧਿਅਮ ਬਣਾਉਂਦੀ ਹੈ। ਮਨੀਗੰਦਨ ਕਹਿੰਦੇ ਹਨ, "ਜਦੋਂ ਅੰਮਨ ਕਿਸੇ 'ਤੇ ਆਉਂਦੀ ਹੈ, ਤਾਂ ਉਹ ਉਸ ਰਾਹੀਂ ਗੱਲ ਕਰਦੀ ਹੈ। ਜਿਹੜੇ ਨਹੀਂ ਮੰਨਦੇ ਉਨ੍ਹਾਂ ਨੂੰ ਮੰਦਰ ਵਿੱਚ ਸਿਰਫ਼ ਇੱਕ ਪੱਥਰ ਵਿਖਾਈ ਦਿੰਦਾ ਹੈ। ਸਾਡੇ ਲਈ, ਮੂਰਤੀ ਅਸਲ ਚੀਜ਼ ਹੈ, ਜਿਸ ਵਿਚ ਜੀਵਨ ਧੜਕਦਾ ਹੈ। ਉਹ ਸਾਡੀ ਮਾਂ ਵਰਗੀ ਹੈ। ਅਸੀਂ ਉਸ ਨਾਲ਼ ਆਪਣੇ ਵਾਂਗ ਗੱਲ ਕਰਦੇ ਹਾਂ। ਮਾਂ ਸਾਡੀਆਂ ਸਮੱਸਿਆਵਾਂ ਨੂੰ ਸਮਝਦੀ ਹੈ ਅਤੇ ਸਾਨੂੰ ਸਲਾਹ ਦਿੰਦੀ ਹੈ।''
ਮਨੀਗੰਦਨ ਦੀ ਭੈਣ ਕੰਨਿਆਮਾ ਹਰ ਸਾਲ ਅਰੁਲਵਾਕੂ ਦਿੰਦੀ ਹੈ। ਉਹ ਮੰਦਰ ਦੇ ਆਲ਼ੇ-ਦੁਆਲ਼ੇ ਜਾਂਦੀ ਹੈ ਅਤੇ ਪਿੰਡ ਦੀ ਸਰਹੱਦ 'ਤੇ ਬਲ਼ੀ ਦੇਣ ਤੋਂ ਬਾਅਦ ਮੁਰਗੀਆਂ ਅਤੇ ਬੱਕਰੀਆਂ ਦੇ ਖੂਨ ਰਲ਼ੇ ਚੌਲ਼ਾਂ ਦਾ ਛਿੜਕਾਅ ਕਰਦੀ ਹੈ। ਸਵੈ-ਸੇਵਕ ਪੂਰੇ ਭਾਈਚਾਰੇ ਲਈ ਚਾਵਲ ਅਤੇ ਰਾਗੀ ਤੋਂ ਬਣੇ ਗਰਮ ਕੁਲੂ ਜਾਂ ਦਲੀਆ ਪਕਾਉਂਦੇ ਅਤੇ ਵੰਡਦੇ ਹਨ। ਸ਼ਾਮ ਦੇ ਜਲੂਸ ਵਿੱਚ ਦੇਵੀ ਨੂੰ ਤਿਆਰ ਕਰਨ ਲਈ, ਪੂਰੀ ਦੁਪਹਿਰ ਇੱਕ ਵੱਡਾ ਤੋਰਾ, ਕੇਲੇ ਦਾ ਤਣਾ ਅਤੇ ਫੁੱਲਾਂ ਦਾ ਹਾਰ ਬਣਾਉਣ ਵਿੱਚ ਬਿਤਾਇਆ ਜਾਂਦਾ ਹੈ।
ਪਿਛਲੇ ਕੁਝ ਸਾਲਾਂ 'ਚ ਮਿੱਟੀ ਦੀ ਝੌਂਪੜੀ ਦੀ ਥਾਂ ਕੰਕਰੀਟ ਮੰਦਰ ਬਣਨ ਨਾਲ਼ ਤਿਉਹਾਰ ਦਾ ਪੈਮਾਨਾ ਵੀ ਵਧਿਆ ਹੈ। ਪਲਨੀ ਦੇ ਗੁਡੀਗੁੰਟਾ ਪਿੰਡ ਸਮੇਤ ਗੁਆਂਢੀ ਪਿੰਡਾਂ ਦੇ ਦਰਸ਼ਕਾਂ ਦੀ ਭਾਰੀ ਭੀੜ ਬੰਗਲਾਮੇਡੂ ਵਿੱਚ ਅੱਗ 'ਤੇ ਤੁਰਨ ਦੇ ਕਰਤਬ ਦੇਖਣ ਲਈ ਇਕੱਠੀ ਹੁੰਦੀ ਹੈ। "ਤਿਉਹਾਰ ਕਦੇ ਨਹੀਂ ਰੁਕਿਆ। ਇੱਥੋਂ ਤੱਕ ਕਿ ਕੋਵਿਡ ਦੌਰਾਨ ਵੀ ਨਹੀਂ। ਹਾਲਾਂਕਿ, ਉਨ੍ਹਾਂ ਦੋ ਸਾਲਾਂ ਦੌਰਾਨ ਭੜੀ ਜ਼ਰੂਰ ਘੱਟ ਰਹੀ," ਮਨੀਗੰਦਨ ਕਹਿੰਦੇ ਹਨ। ਸਾਲ 2019 ਵਿੱਚ, ਕੋਵਿਡ ਆਉਣ ਤੋਂ ਇੱਕ ਸਾਲ ਪਹਿਲਾਂ, ਲਗਭਗ 800 ਲੋਕ ਤਿਉਹਾਰ ਦੇਖਣ ਆਏ ਸਨ।
ਹਾਲ ਹੀ ਦੇ ਸਾਲਾਂ ਵਿੱਚ, ਪਲਨੀ ਦਾ ਪਰਿਵਾਰ ਸਾਰੇ ਸੈਲਾਨੀਆਂ ਲਈ ਮੁਫਤ ਭੋਜਨ ਜਾਂ ਅੰਨਦਾਨਮ ਪ੍ਰਯੋਜਿਤ ਕਰ ਰਿਹਾ ਹੈ। ਪਲਨੀ ਕਹਿੰਦੇ ਹਨ, "2019 ਵਿੱਚ, ਅਸੀਂ ਬਿਰਯਾਨੀ ਲਈ ਸਿਰਫ਼ 140 ਕਿਲੋ ਚਿਕਨ 'ਤੇ 1 ਲੱਖ ਰੁਪਏ ਤੋਂ ਵੱਧ ਖਰਚ ਕੀਤੇ," ਪਲਨੀ ਕਹਿੰਦੇ ਹਨ। "ਹਰ ਕੋਈ ਸਮੱਗਰੀ ਛੱਡ ਦਿੰਦਾ ਹੈ," ਉਨ੍ਹਾਂ ਅੱਗੇ ਕਿਹਾ, ਪਲਨੀ ਵਧੇ ਹੋਏ ਖਰਚਿਆਂ ਨੂੰ ਪੂਰਾ ਕਰਨ ਲਈ ਆਪਣੇ ਦੋਸਤਾਂ ਤੋਂ ਪੈਸੇ ਇਕੱਠੇ ਕਰਦੇ ਹਨ।
"ਜਦੋਂ ਤੋਂ ਅਸੀਂ ਮੰਦਰ ਦੀ ਇਮਾਰਤ ਬਣਾਈ ਹੈ, ਭੀੜ ਹੋਰ ਵੱਧ ਗਈ ਹੈ। ਇਰੂਲਰ ਇਸ ਨੂੰ ਨਹੀਂ ਚਲਾ ਸਕਦੇ, ਕਿ ਨਹੀਂ?" ਉਹ ਆਪਣੇ ਪਿੰਡ, ਗੁਡੀਗੁੰਟਾ ਓਮ ਸ਼ਕਤੀ ਮੰਦਰ ਦਾ ਹਵਾਲਾ ਦਿੰਦੇ ਹੋਏ ਪੁੱਛਦੇ ਹਨ।
*****
"ਜਦੋਂ ਨਵਾਂ ਮੰਦਰ ਬਣਾਇਆ ਗਿਆ ਸੀ, ਤਾਂ ਸਾਡੀ ਕੱਚੀ ਮੂਰਤੀ ਨੂੰ ਪੱਥਰ ਦੀ ਮੂਰਤੀ ਨਾਲ਼ ਬਦਲ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਸੀ ਕਿ ਇਸੇ ਤਰ੍ਹਾਂ ਮੰਦਰਾਂ ਨੂੰ ਪਵਿੱਤਰ ਕੀਤਾ ਜਾਂਦਾ ਹੈ। ਅਸੀਂ ਇਸ ਦੇ ਨਾਲ਼ ਆਪਣੀ ਕੱਚੀ ਮੂਰਤੀ ਵੀ ਰੱਖੀ ਹੈ। ਇਹ ਧਰਤੀ ਹੀ ਹੈ ਜੋ ਸਾਡੀ ਰੱਖਿਆ ਕਰਦੀ ਹੈ।''
"ਉਨ੍ਹਾਂ ਨੇ ਇੱਕ ਅਈਅਰ (ਬ੍ਰਾਹਮਣ ਪੁਜਾਰੀ) ਨੂੰ ਬੁਲਾਇਆ ਸੀ, ਜਿਸ ਨੇ ਚੌਲ਼ ਅਤੇ ਕੌੜੇ ਨਿੰਮ ਦੇ ਸਾਡੇ ਪ੍ਰਸਾਦ ਨੂੰ ਹਟਾ ਦਿੱਤਾ।'' ਉਨ੍ਹਾਂ ਨੇ ਨਾਰਾਜ਼ ਸੁਰ ਵਿੱਚ ਅੱਗੇ ਕਿਹਾ,''ਜਿਸ ਤਰੀਕੇ ਨਾਲ਼ ਅਸੀਂ ਪੂਜਾ ਕਰਦੇ ਹਾਂ ਉਸ ਨਾਲ਼ੋਂ ਇਹ ਅੱਡ ਹੈ।''
ਡਾ. ਦਾਮੋਦਰਨ, ਜਿਨ੍ਹਾਂ ਨੇ ਮਾਨਵ ਵਿਗਿਆਨ ਵਿੱਚ ਉੱਚ ਸਿੱਖਿਆ ਪ੍ਰਾਪਤ ਕੀਤੀ ਹੈ, ਕਹਿੰਦੇ ਹਨ, "ਕੰਨਿਆਮਾ ਵਰਗੀਆਂ ਦੇਵੀਆਂ ਦੀ ਪੂਜਾ ਵਿੱਚ ਆਮ ਤੌਰ 'ਤੇ ਲੰਬੇ ਅਤੇ ਯੋਜਨਾਬੱਧ ਰੀਤੀ-ਰਿਵਾਜ ਸ਼ਾਮਲ ਨਹੀਂ ਹੁੰਦੇ। ਇੱਥੋਂ ਤੱਕ ਕਿ ਪੂਰਾ ਭਾਈਚਾਰਾ ਵੀ ਇਸ ਵਿੱਚ ਸ਼ਾਮਲ ਨਹੀਂ ਹੁੰਦਾ। ਰੀਤੀ-ਰਿਵਾਜਾਂ ਅਤੇ ਉਨ੍ਹਾਂ ਨੂੰ ਨਿਭਾਉਣ ਦੇ ਕਿਸੇ ਖਾਸ ਤਰੀਕੇ 'ਤੇ ਜ਼ੋਰ ਦੇਣਾ, ਅਤੇ ਫਿਰ [ਅਕਸਰ ਬ੍ਰਾਹਮਣ] ਪੁਜਾਰੀ ਨੂੰ ਸ਼ਾਮਲ ਕਰਕੇ ਇਸ ਨੂੰ ਮਾਨਤਾ ਦਵਾਉਣਾ, ਹੁਣ ਆਮ ਗੱਲ ਬਣ ਗਈ ਹੈ। ਇਹ ਰਵਾਇਤ ਵੱਖ-ਵੱਖ ਸਭਿਆਚਾਰਾਂ ਦੀ ਪੂਜਾ ਦੇ ਵਿਲੱਖਣ ਤਰੀਕਿਆਂ ਨੂੰ ਮਿਟਾ ਦਿੰਦੀ ਹੈ ਅਤੇ ਉਨ੍ਹਾਂ ਦਾ ਮਿਆਰੀਕਰਣ ਹੋ ਜਾਂਦਾ ਹੈ।''
ਬੰਗਲਾਮੇਡੂ ਤਿਮਿਤੀ ਦੇ ਸਾਲ-ਦਰ-ਸਾਲ ਸ਼ਾਨਦਾਰ ਹੁੰਦੇ ਜਾਣ ਨਾਲ਼ ਹੀ ਮਨੀਗੰਦਨ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਲੱਗਣ ਲੱਗਾ ਹੈ ਕਿ ਇਹ ਤਿਉਹਾਰ ਹੌਲ਼ੀ-ਹੌਲ਼ੀ ਉਨ੍ਹਾਂ ਦੇ ਹੱਥੋਂ ਫ਼ਿਸਲਦਾ ਜਾ ਰਿਹਾ ਹੈ।
"ਪਹਿਲਾਂ, ਮੇਰੇ ਪਿਤਾ ਖਾਣੇ ਦਾ ਸਾਰਾ ਖਰਚਾ ਮੋਈ ਤੋਂ ਚਲਾਉਂਦੇ ਸਨ (ਤਿਉਹਾਰ ਦੇ ਖਾਣੇ ਦਾ ਅਨੰਦ ਲੈਣ ਤੋਂ ਬਾਅਦ ਮਹਿਮਾਨਾਂ ਤੋਂ ਮਿਲਣ ਵਾਲ਼ੇ ਤੋਹਫ਼ਿਆਂ ਤੋਂ ਉਨ੍ਹਾਂ ਨੂੰ ਮਿਲਣ ਵਾਲ਼ੇ ਪੈਸੇ)। ਹੁਣ ਉਹ (ਪਲਨੀ ਦਾ ਪਰਿਵਾਰ) ਸਾਰਾ ਖਰਚਾ ਦੇਖਦੇ ਹਨ ਅਤੇ ਕਹਿੰਦੇ ਹਨ, 'ਮਨੀ, ਤੂੰ ਕੱਪੂ ਰੀਤੀ-ਰਿਵਾਜਾਂ ਵੱਲ ਧਿਆਨ ਦੇ।'' ਮਨੀਗੰਦਨ ਦਾ ਪਰਿਵਾਰ ਕਦੇ-ਕਦੇ ਪਲਨੀ ਦੇ ਖੇਤਾਂ ਵਿੱਚ ਕੰਮ ਕਰਦਾ ਹੈ।
ਅਯੋਜਨ ਦੇ ਲਈ ਛਾਪੇ ਪਰਚਿਆਂ ਵਿੱਚ ਮਰਹੂਮ ਗੋਪਾਲ ਦੀ ਵਲੀਮੁਰਾਈ (ਵਿਰਾਸਤ) ਨੂੰ ਸਵੀਕਾਰ ਕਰਨ ਵਾਲ਼ੇ ਇੱਕ ਵਾਕ ਨੂੰ ਛੱਡ ਕੇ ਇਰੂਲਰ ਭਾਈਚਾਰੇ ਦਾ ਜ਼ਿਕਰ ਤੱਕ ਨਹੀਂ ਮਿਲ਼ਦਾ। ਮਨੀਗੰਦਨ ਕਹਿੰਦੇ ਹਨ,"ਸਾਨੂੰ ਆਪਣੇ ਪਿਤਾ ਦਾ ਨਾਮ ਜੋੜਨ ਲਈ ਜ਼ੋਰ ਦੇਣਾ ਪਿਆ। ਉਹ ਨਹੀਂ ਚਾਹੁੰਦੇ ਸਨ ਕਿ ਇਸ ਵਿੱਚ ਕਿਸੇ ਦਾ ਨਾਮ ਲਿਖਿਆ ਜਾਵੇ।''
ਤਿਮਿਤੀ ਦੇ ਦਿਨ, ਜੋ ਲੋਕ ਅੱਗ 'ਤੇ ਚੱਲਦੇ ਹਨ, ਉਹ ਸਾਰੇ ਡਰ ਅਤੇ ਤੌਖ਼ਲਿਆਂ ਨੂੰ ਲਾਂਭੇ ਰੱਖ ਦਿੰਦੇ ਹਨ, ਕਿਉਂਕਿ ਉਹ ਆਪਣੀ ਭਗਤੀ ਦੀ ਪ੍ਰੀਖਿਆ ਦੇਣ ਲਈ ਤਿਆਰ ਹੁੰਦੇ ਹਨ। ਨਹਾਉਣ ਤੋਂ ਬਾਅਦ, ਪੀਲ਼ੇ ਕੱਪੜੇ ਪਾ ਕੇ, ਗਲ਼ੇ ਵਿੱਚ ਫੁੱਲਾਂ ਦੀ ਮਾਲ਼ਾ ਪਾ ਕੇ, ਵਾਲਾਂ ਵਿੱਚ ਫੁੱਲਾਂ ਨੂੰ ਸਜਾਉਣ ਤੋਂ ਬਾਅਦ, ਉਹ ਪੂਰੇ ਸਰੀਰ ਵਿੱਚ ਚੰਦਨ ਦਾ ਲੇਪ ਲਗਾਉਂਦੇ ਹਨ ਅਤੇ ਆਪਣੇ ਹੱਥਾਂ ਵਿੱਚ ਨਿੰਮ ਦੇ ਪਵਿੱਤਰ ਗੁੱਛੇ ਫੜ੍ਹਦੇ ਹਨ। ਕਨਿਆਮਾ ਕਹਿੰਦੀ ਹਨ,"ਉਸ ਦਿਨ ਇਓਂ ਪ੍ਰਤੀਤ ਹੁੰਦਾ ਹੈ ਜਿਵੇਂ ਅੰਮਨ ਸਾਡੇ ਅੰਦਰ ਹੀ ਹੋਵੇ। ਇਸ ਲਈ ਮਰਦ ਵੀ ਫੁੱਲ ਪਹਿਨਦੇ ਹਨ।''
ਜਿਓਂ ਹੀ ਅੱਗ 'ਤੇ ਤੁਰਨ ਵਾਲ਼ੇ ਅੰਗਾਰਿਆਂ ਨਾਲ਼ ਭਰੇ ਖੱਡੇ ਨੂੰ ਪਾਰ ਕਰਨ ਲਈ ਵਾਰੋ-ਵਾਰੀ ਅੱਗੇ ਜਾਣ ਲੱਗਦੇ ਹਨ, ਉਨ੍ਹਾਂ ਦੀਆਂ ਭਾਵਨਾਵਾਂ ਕਦੇ ਸ਼ਾਂਤ ਤੇ ਕਦੇ ਭਾਵੁਕ ਹੋ ਜਾਂਦੀਆਂ ਹਨ। ਕੁਝ ਦਰਸ਼ਕ ਜੈ-ਜੈ ਕਾਰ ਕਰਦੇ ਹਨ, ਕੁਝ ਪ੍ਰਾਰਥਨਾ ਕਰਦੇ ਹਨ। ਬਹੁਤ ਸਾਰੇ ਲੋਕ ਇਸ ਦ੍ਰਿਸ਼ ਨੂੰ ਕੈਪਚਰ ਕਰਨ ਲਈ ਆਪਣੇ ਮੋਬਾਈਲ ਫੋਨ ਕੱਢ ਲੈਂਦੇ ਹਨ।
ਇਰੂਲਰ ਮੰਦਰ ਦਾ ਨਵਾਂ ਨਾਮ, ਨਵੀਂ ਮੂਰਤੀ ਅਤੇ ਮੰਦਰ ਦੇ ਪ੍ਰਬੰਧਨ ਅਤੇ ਤਿਉਹਾਰ ਨਾਲ਼ ਜੁੜੇ ਬਦਲਦੇ ਸਮੀਕਰਨ ਦੇ ਬਾਵਜੂਦ, ਮਨੀਗੰਦਨ ਅਤੇ ਉਨ੍ਹਾਂ ਦਾ ਪਰਿਵਾਰ ਆਪਣੇ ਮਰਹੂਮ ਪਿਤਾ ਦਾ ਅੰਮਨ ਨਾਲ਼ ਕੀਤਾ ਵਾਅਦਾ ਨਿਭਾ ਰਹੇ ਹਨ ਅਤੇ ਆਪਣੇ ਜੀਵਨ ਦੀ ਰੱਖਿਆ ਲਈ ਦੇਵੀ ਦੇ ਸ਼ੁਕਰਗੁਜ਼ਾਰ ਹਨ। ਤੀਮਿਤੀ ਦੌਰਾਨ ਭਵਿੱਖ ਲਈ ਉਨ੍ਹਾਂ ਦੀਆਂ ਸਾਰੀਆਂ ਚਿੰਤਾਵਾਂ ਟਲ ਜਾਂਦੀਆਂ ਹਨ।
ਨੋਟ: ਇਸ ਸਟੋਰੀ ਵਿੱਚ ਸ਼ਾਮਲ ਤਸਵੀਰਾਂ 2019 ਵਿੱਚ ਲਈਆਂ ਗਈਆਂ ਸਨ, ਜਦੋਂ ਰਿਪੋਰਟਰ ਤੀਮਿਤੀ ਤਿਉਹਾਰ ਦੇਖਣ ਲਈ ਬੰਗਲਾਮੇਡੂ ਦੌਰੇ 'ਤੇ ਗਈ ਸਨ।
ਤਰਜਮਾ: ਕਮਲਜੀਤ ਕੌਰ