"ਪੀੜ੍ਹੀਆਂ ਤੋਂ ਅਸੀਂ ਸਿਰਫ਼ ਦੋ ਹੀ ਕੰਮ ਕਰਦੇ ਆਏ ਹਾਂ- ਕਿਸ਼ਤੀ ਚਲਾਉਣਾ ਅਤੇ ਮੱਛੀ ਫੜ੍ਹਨਾ। ਬੇਰੁਜ਼ਗਾਰੀ ਦੀ ਮੌਜੂਦਾ ਹਾਲਤ ਦੇਖਦਿਆਂ ਮੈਨੂੰ ਤਾਂ ਇਓਂ ਜਾਪਣ ਲੱਗ ਪਿਆ ਏ ਕਿ ਮੇਰੇ ਬੱਚਿਆਂ ਨੂੰ ਵੀ ਇਹੀ ਕੰਮ ਕਰਨਾ ਪੈਣਾ," ਵਿਕਰਮਾਦਿੱਤਿਆ ਨਿਸ਼ਾਦ ਕਹਿੰਦੇ ਹਨ। ਉਹ ਪਿਛਲੇ 20 ਸਾਲਾਂ ਤੋਂ ਵਾਰਾਣਸੀ ਦੇ ਤੀਰਥ ਯਾਤਰੀਆਂ ਅਤੇ ਸੈਲਾਨੀਆਂ ਨੂੰ ਗੰਗਾ ਦੇ ਇੱਕ ਘਾਟ ਤੋਂ ਦੂਜੇ ਘਾਟ ਘੁਮਾਉਂਦੇ ਰਹੇ ਹਨ।
ਭਾਰਤ ਰੁਜ਼ਗਾਰ ਰਿਪੋਰਟ 2024 ਦੇ ਅਨੁਸਾਰ, ਉੱਤਰ ਪ੍ਰਦੇਸ਼ ਵਿੱਚ, ਜਿੱਥੇ ਗੰਗਾ 1,000 ਕਿਲੋਮੀਟਰ ਤੋਂ ਵੱਧ ਦੀ ਯਾਤਰਾ ਕਰਦੇ ਹੋਏ ਲੰਘਦੀ ਹੈ, ਬੇਰੁਜ਼ਗਾਰੀ ਦਰ ਪਿਛਲੇ ਪੰਜ ਸਾਲਾਂ ਤੋਂ ਲਗਭਗ 50 ਪ੍ਰਤੀਸ਼ਤ 'ਤੇ ਬਣੀ ਹੋਈ ਹੈ।
''ਮੋਦੀ ਜੀ 'ਵੋਕਲ ਫ਼ਾਰ ਲੋਕਲ' ਅਤੇ 'ਵਿਰਾਸਤ ਹੀ ਵਿਕਾਸ' ਦੀ ਗੱਲ ਕਰਦੇ ਰਹੇ ਹਨ। ਕਿਰਪਾ ਕਰਕੇ ਮੈਨੂੰ ਦੱਸੋ ਕਿ ਉਹ ਵਿਰਾਸਤ ਅਖ਼ੀਰ ਹੈ ਕਿਸ ਲਈ? ਕੀ ਇਹ ਸਾਡੇ ਲਈ, ਕਾਸ਼ੀ (ਵਾਰਾਣਸੀ) ਦੇ ਲੋਕਾਂ ਲਈ ਹੈ ਜਾਂ ਬਾਹਰੀ ਲੋਕਾਂ ਲਈ?" ਉਹ ਆਪਣੀ ਗੱਲ ਜੋੜਦੇ ਹਨ। ਮਲਾਹ ਵਿਕਰਮਾਦਿੱਤਿਆ ਕਹਿੰਦੇ ਹਨ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਾਰਾਣਸੀ ਤੋਂ ਤੀਜੀ ਵਾਰ ਸਾਂਸਦ ਚੁਣੇ ਗਏ ਹਨ ਅਤੇ ਉਨ੍ਹਾਂ ਦੀ ਚੋਣ-ਪ੍ਰਚਾਰ ਮੁਹਿੰਮ ਨੇ ਮਨ ਖੱਟਾ ਕਰ ਦਿੱਤਾ ਹੈ। ''ਸਾਨੂੰ ਵਿਕਾਸ ਦਿੱਸਣਾ ਵੀ ਤਾਂ ਚਾਹੀਦਾ ਏ।''






